ਪਿੰਡ ਦੀ ਸੱਥ ‘ਚੋਂ – 1
” ਓਹ ਬਾਬਾ ਕਿੱਦਰ ਚਲਿਆਂ ਐਸ ਵੇਲੇ ” – ਸੱਥ ਚ ਬੈਠੇ ਪੰਮੀ ਨੇ ਕਾਹਲੇ ਕਾਹਲੇ ਤੁਰੇ ਜਾਂਦੇ ਬਚਨੇ ਨੂੰ ਹਾਕ ਮਾਰੀ | ਬਚਨਾ ਸੱਥ ਵੱਲ ਨੂੰ ਮੁੜ ਪਿਆ |
” ਓਹ ਸ਼ੇਰਾ ਪੁਛ ਨਾ ਬਸ , ਆ ਨਿਆਣਿਆਂ ਨੇ ਜਾਨ ਖਾਧੀ ਹੋਈ ਆ ਕੇ ਆਹ ਛਤਰੀ ਜੀ ਲਵਾ ਕੇ ਦੇ , ਸਬ ਦੇ ਘਰ ਲੱਗੀ ਹੋਈ ਆ ” – ਬਚਨੇ ਨੇ ਮੋਢੇ ਟੰਗੇ ਪਰਨੇ ਨਾਲ ਥੜੀ ਝਾੜਦਿਆਂ ਕਿਹਾ |
“ਛਤਰੀ ਕਾਹਦੀ ਟੈਲੀਵੀਜਿਨ ਆਲੀ” – ਇੱਕ ਹੋਰ ਨੇ ਪੁਛਿਆ |
“ਆਹੋ ਏਹੀ ਕਹਿੰਦੇ ਆਪਣੇ ਘਰੇ ਪ੍ਰੋਗਰਾਮ ਘੱਟ ਚਲਦੇ ਆ | ਹਾਲੇ ਤਿੰਨ ਮਹੀਨੇ ਪਹਿਲਾਂ ਕਹਿੰਦੇ ਟੈਲੀਵੀਜਿਨ ਲਿਆ ਦੇ | ਮਸਾਂ ਆੜਤੀਏ ਤੋਂ ਪੈਸੇ ਚਾਕੇ ਓਹ ਲਿਆ ਕੇ ਦਿੱਤਾ ਹੁਣ ਆਹ ਨਵਾਂ ਯੱਬ ਖੜਾ ਕਰਤਾ ” – ਬਚਨੇ ਨੇ ਕੰਧ ਨਾਲ ਢੂੰ ਲਾਉਂਦਿਆਂ ਜਵਾਬ ਦਿੱਤਾ |
” ਏਵੇਂ ਹੀ ਆ ਬਾਬਾ ਨਵੇਂ ਜ਼ਮਾਨੇ ਦਾ ਤਾਂ , ਨਿੱਤ ਨਵੀਆਂ ਚੀਜ਼ਾ ਭਾਲਦੇ ਆ | ਆਹ ਸਾਡੇ ਆਲੇ ਛੋਹਰ ਜੇ ਦੇਖਲਾ, ਸਾਰਾ ਦਿਨ ਡੱਬੇ ਮੂਹਰੇ ਬੈਠੇ ਰਹਿੰਦੇ ਆ ਜਿਵੇਂ ਖਾਣ ਨੂੰ ਨਿਕਲਣਾ ਹੁੰਦਾ ਕੁਛ ਏਹਦੇ ਚੋਂ ” – ਇੱਕ ਹੋਰ ਨੇ ਆਪਣੇ ਘਰ ਦਾ ਹਾਲ ਬਿਆਨ ਕੀਤਾ |
“ਹੋਰ ਗਾ ਭੜਿਆ ਮੇਰਾ ਤਾ ਚਿੱਤ ਟੈਲੀਵੀਜਿਨ ਲੈਣ ਨੂੰ ਵੀ ਨੀ ਕਰਦਾ ਸੀ | ਸੁਣਿਆ ਗੰਦੇ ਮੰਦੇ ਜੇ ਪ੍ਰੋਗਰਾਮ ਆਉਂਦੇ ਆ ”
“ਬਾਬਾ ਤੂੰ ਵੀ ਦੇਖ ਲਿਆ ਕਰ ਵਿੰਦ ਝੱਟ | ਤੇਰਾ ਵੀ ਚਿੱਤ ਖੁਸ਼ ਹੋਜੂ” – ਇੱਕ ਨੌਜਵਾਨ ਜੇ ਮੁੰਡੇ ਨੇ ਟਿੱਚਰ ਕੀਤੀ |
“ਲਗਦਾ ਬਾਬਾ ਤਾਹੀ ਭੱਜਿਆ ਜਾਂਦਾ ਸੀ ਮੰਡੀ ਨੂੰ ” – ਇੱਕ ਹੋਰ ਨੇ ਕਿਹਾ |
“ਨਾ ਓਹ ਮੁੰਡਿਓ ਆਹ ਹੁਣ ਦੇ ਗਾਣੇ ਤਾਂ ਸ਼ੋਰ ਸ਼ਰਾਬਾ ਹੀ ਆ | ਗਾਣੇ ਤਾ ਸਾਡੇ ਵੇਲੇ ਹੁੰਦੇ ਸੀ ਮਾਣਕ ਵਰਗਿਆਂ ਦੇ |
“ਮਾਂ ਹੁੰਦੀ ਏ ਮਾਂ ਵੇ ਦੁਨਿਆ ਵਾਲਿਓ …….”- ਬਾਬਾ ਗਾਣਾ ਗਾਉਣ ਲਗਿਆ |
“ਹੀਰ ਆਖਦੀ ਜੋਗਿਆ ਝੂਠ ਬੋਲੇ, ਕੌਣ ਰੁਠਰੇ ਯਾਰ ਮਨਾਂਵਦਾ ਈ …….”
ਇੱਕ ਹੋਰ ਨੇ ਰੇਡੀਓ ਜਲੰਧਰ ਤੇ ਚੱਲ ਰਹੀ ਹੀਰ ਦੀ ਆਵਾਜ਼ ਉੱਚੀ ਕਰਦਿਆ ਕਿਹਾ – “ਲੈ ਬਾਬਾ ਆਗੀ ਤੇਰੀ ਹੀਰ ਹੁਣ ਤਾਂ ਸੁਣ ਕੇ ਹੀ ਜਾਈ “|
“ਵਾਹ ਵੀ ਸ਼ੇਰਾ ਹੁਣ ਤਾਂ ਸੁਣ ਕੇ ਹੀ ਜਾਊਂ | ਆਵਾਜ਼ ਚੱਕ ਦੇ ਕੇਰਾਂ”
ਬਚਨਾ ਚੱਲ ਰਹੀ ਹੀਰ ਦੇ ਨਾਲ ਨਾਲ ਗਾਉਂਦਾ ਆਪਣੀਆਂ ਲੱਤਾਂ ਸਿਧੀਆਂ ਕਰਨ ਲਗਿਆ |
ਜਿਉਂ ਜਿਉਂ ਹੀਰ ਅੱਗੇ ਵਧ ਰਹੀ ਸੀ, ਬਾਬੇ ਦੀ ਹੇਕ ਉੱਚੀ ਹੁੰਦੀ ਜਾ ਰਹੀ ਸੀ |
“ਇੱਕ ਗੱਲ ਤਾਂ ਹੈ ਬਾਬਾ ਪੁਰਾਣੇ ਗਾਣੇ ਸੁਣ ਕੇ ਆ ਤਾ ਸਵਾਦ ਜਾਂਦਾ ” – ਟਿੱਚਰ ਕਰਨ ਆਲੇ ਮੁੰਡਿਆ ਚੋਂ ਇੱਕ ਨੇ ਕਿਹਾ |
“ਚਲੋ ਵੀ ਮੁੰਡਿਓ ਮੈਂ ਚਲਦਾ ਫਿਰ , ਪਹਿਲਾਂ ਹੀ ਆਥਣ ਹੋ ਚਲਿਆ ” – ਬਾਬਾ ਪਰਨੇ ਨੂੰ ਮੋਢੇ ਤੇ ਟੰਗਦਿਆਂ ਬੱਸ ਅੱਡੇ ਦੇ ਰਾਹ ਪੈ ਗਿਆ |