ਪਾਸ਼

ਖ਼ੂਬਸੂਰਤ ਪੈਡ ਕੰਧਾਂ ਜੇਲ੍ਹ ਦੀਆਂ – ਪਾਸ਼

ਸ਼ਬਦਾਂ ਦੀ ਆੜ ਲੈ ਕੇ
ਮੈਂ ਜਦ ਵੀ ਅਰਥਾਂ ਦਾ ਦੁਖਾਂਤ ਪਰੋਖਾ ਕੀਤਾ ਹੈ ,
ਬੜਾ ਪਛਤਾਇਆ ਹਾਂ ,
ਮੈਂ ਜਿਸ ਧਰਤੀ ‘ਤੇ ਖੜ ਕੇ
ਧਰਤੀ ਦੇ ਸੰਗੀਤ ਦੀ ਸਹੁੰ ਖਾਧੀ ਸੀ
ਉਸ ‘ਤੇ ਕਿੰਨੀ ਵਾਰ ਤਿਲਕ ਕੇ ਡਿਗਿਆ ਹਾਂ ,
ਮੈਨੂੰ ਰੁੰਡ ਮਰੁੰਡੇ ਰੁੱਖਾਂ ਦਾ ਸਰਾਪ ਲੱਗਿਆ ਹੈ ।
ਅਤੇ
ਮੈਂ ਵਾਰ ਵਾਰ ਸੂਲੀ ਤੇ ਬਹਿਸ਼ਤ ਨੂੰ
ਦੋ ਸੌਂਕਣਾਂ ਸਵੀਕਾਰ ਕੀਤਾ ਹੈ ,
ਜਿਨ੍ਹਾਂ ਨੂੰ ਇੱਕੋ ਪਲੰਘ ਤੇ ਹਾਮਲਾ ਕਰਦੇ ਹੋਏ
ਮੇਰੀ ਦੇਹ ਨਿੱਘਰਦੀ ਜਾਂਦੀ ਹੈ ।
ਪਰ ਮੇਰਾ ਆਕਾਰ ਹੋਰ ਨਿੱਖਰਦਾ ਹੈ ,
ਠੀਕ ,
ਮੇਰੀ ਕਲਮ ਕੋਈ ਕੁੰਨ ਨਹੀਂ ਹੈ ,
ਮੈਂ ਤਾਂ ਸੜਕਾਂ ‘ਤੇ ਤੁਰਿਆ ਹੋਇਆ ,
ਏਨਾਂ ਭੁਰ ਗਿਆ ਹਾਂ
ਕਿ ਮੇਰੇ ਅਪਾਹਜ ਜਿਸਮ ਨੂੰ
ਚੇਤਾ ਵੀ ਨਹੀਂ ਆਉਂਦਾ
ਕਿ ਮੇਰਾ ਕਿਹੜਾ ਅੰਗ ਵੀਤਨਾਮ ਵਿੱਚ
ਤੇ ਕਿਹੜਾ ਅਫਰੀਕਾ ਦੇ ਕਿਸੇ ਮਾਰੂਥਲ ਵਿੱਚ
ਰਹਿ ਗਿਆ ਹੈ ?
ਮੈਂ ਦਿੱਲੀ ਦੇ ਕਿਸੇ ਕਾਹਵਾ ਘਰ
ਵਿੱਚ ਬੈਠਾ ਹਾਂ ਕਿ ਆਂਧਰਾ ਦੇ ਜੰਗਲਾਂ ਵਿੱਚ ?
ਵਾਰ ਵਾਰ ਬੀਤਦੇ ਹੋਏ ਪਲਾਂ ਸੰਗ
ਮੈਂ ਆਪਣੀ ਹੋਂਦ ਨੂੰ ਟੋਂਹਦਾ ਹਾਂ ।
ਮੇਰੀਆਂ ਛੇ ਨਜ਼ਮਾਂ ਦੀ ਮਾਂ ,
ਪਿਛਲੇ ਅੇਤਵਾਰ ਮੇਰੇ ਹੀ ਪਰਛਾਵੇਂ ਨਾਲ
ਉੱਧਲ ਗਈ ਹੈ ,
ਤੇ ਮੈਂ ਆਵਾਜ਼ਾਂ ਫੜਨ ਦੀ ਕੋਸ਼ਿਸ਼ ਵਿਚ
ਕਿੰਨਾਂ ਦੂਰ ਨਿਕਲ ਆਇਆ ਹਾਂ ,
ਮੇਰੇ ਨਕਸ਼ ਤਿੱਥ ਪੱਤਰ-ਦੀਆਂ ,
ਲੰਘੀਆਂ ਤਰੀਕਾਂ ਹੋ ਕੇ ਰਹਿ ਗਏ ਹਨ ,
ਵਾਰੀ ਵਾਰੀ ਨੈਪੋਲੀਅਨ , ਚੰਗੇਜ਼ ਖਾਂ ਤੇ ਸਿਕੰਦਰ
ਮੇਰੇ ਵਿੱਚੋਂ ਦੀ ਲੰਘ ਗਏ ਹਨ ,
ਅਸ਼ੋਕ ਤੇ ਗੌਤਮ ਬੇਬਾਕ ਤੱਕ ਰਹੇ ਹਨ
ਬੇਪਰਦ ਪੱਥਰ ਦਾ ਸੋਮਨਾਥ
ਜੇ ਮੈਂ ਅੇਵਰੈਸਟ ਉਤੇ ਖਲੋ ਕੇ ਦੇਖਦਾ ਹਾਂ ,
ਤਿੜਕਦਾ ਪਿਆ ਤਾਜਮਹਲ
ਪਿੱਤਲ ਦਾ ਹਰਿਮੰਦਰ
ਤੇ ਅਜੰਤਾ ਖੰਡਰ ਖੰਡਰ
ਤਾਂ ਮੈਂ ਸੋਚਦਾ ਹਾਂ ਕੁਤਬ ਦੀਆਂ ਪੰਜ ਮੰਜ਼ਲਾਂ ਜੋ ਬਾਕੀ ਹਨ ,
ਕੀ ਖੁਦਕੁਸ਼ੀ ਲਈ ਕਾਫੀ ਹਨ ?
ਪਰ ਆਖ਼ਰ ,
ਮੈਨੂੰ ਮੰਨਣਾ ਪੈਂਦਾ ਹੈ ,
ਕਿ ਜਿਸ ਵੇਲੇ ਮੈਂ ਜੂਪੀਟਰ ਦੇ ਪੁੱਤਰ
ਅਤੇ ਅਰਸਤੂ ਦੇ ਚੇਲੇ ਨੂੰ
ਧੁੱਪ ਛੱਡ ਕੇ ਖਲੋਣ ਨੂੰ ਕਿਹਾ ਸੀ
ਤਾਂ ਮੇਰੇ ਤੇੜ ਕੇਵਲ ਜਾਂਘੀਆ ਸੀ ।
ਤਾਂ ਹੀ ਮੈਂ
ਹੁਣ ਖ਼ੂਬਸੂਰਤ ਪੈਡ ਲੂਹ ਦਿੱਤੇ ਹਨ
ਤੇ ਕਲਮ ਨੂੰ ਸੰਗੀਨ ਲਾ ਕੇ
ਜੇਲ੍ਹ ਦੀਆਂ ਕੰਧਾਂ ‘ਤੇ ਲਿਖਣਾ ਲੋਚਦਾ ਹਾਂ
ਤੇ ਇਹ ਸਿੱਧ ਕਰਨ ਵਿਚ ਰੁਝਿਆ ਹਾਂ
ਕਿ ਦਿਸ-ਹੱਦੇ ਤੋਂ ਪਰੇ ਵੀ
ਪਹਾੜ ਹੁੰਦੇ ਹਨ
ਖੇਤ ਹੁੰਦੇ ਹਨ
ਜਿਨ੍ਹਾਂ ਦੀਆਂ ਢਲਾਣਾਂ ਉੱਤੇ
ਕਿਰਨਾਂ ਵੀ , ਕਲਮਾਂ ਵੀ ,
ਉੱਗ ਸਕਦੀਆਂ ਹਨ ।

ਜਦ ਬਗ਼ਾਵਤ ਖੌਲਦੀ ਹੈ – ਪਾਸ਼

ਨੇਰ੍ਹੀਆਂ ਸ਼ਾਹ ਨੇਰ੍ਹੀਆਂ ਰਾਤਾਂ ਦੇ ਵਿਚ ,
ਜਦ ਪਲ ਪਲਾਂ ਤੋਂ ਸਹਿਮਦੇ ਹਨ , ਤ੍ਰਭਕਦੇ ਹਨ |
ਚੌਬਾਰਿਆਂ ਦੀ ਰੌਸ਼ਨੀ ਤਦ ,
ਬਾਰੀਆਂ ‘ਚੋਂ ਕੁੱਦ ਕੇ ਖੁਦਕੁਸ਼ੀ ਕਰ ਲੈਂਦੀ ਹੈ |
ਇਹਨਾ ਸ਼ਾਂਤ ਰਾਤਾਂ ਦੇ ਗਰਭ ‘ਚ
ਜਦ ਬਗ਼ਾਵਤ ਖੌਲਦੀ ਹੈ ,
ਚਾਨਣੇ , ਬੇਚਾਨਣੇ ਵੀ ਕਤਲ ਹੋ ਸਕਦਾ ਹਾਂ ਮੈਂ |

ਗਲੇ ਸੜੇ ਫੁੱਲਾਂ ਦੇ ਨਾਂ – ਪਾਸ਼

ਅਸੀਂ ਤਾਂ ਪਿੰਡਾਂ ਦੇ ਵਾਸੀ ਹਾਂ ,
ਤੁਸੀਂ ਸ਼ਹਿਰ ਦੇ ਵਾਸੀ ਤਾਂ ਸੜਕਾਂ ਵਾਲੇ ਹੋ |
ਤੁਸੀਂ ਕਾਸ ਨੂੰ ਰੀਂਗ ਰੀਂਗ ਕੇ ਚਲਦੇ ਹੋ ?
ਸਾਡਾ ਮਨ ਪਰਚਾਵਾ ਤਾਂ ਹੱਟੀ ਭੱਠੀ ਹੈ |
ਤੁਸੀਂ ਕਲੱਬਾਂ ਸਿਨਮੇ ਵਾਲੇ ,
ਸਾਥੋਂ ਪਹਿਲਾਂ ਬੁੱਢੇ ਕੀਕਣ ਹੋ ਜਾਂਦੇ ਹੋ ?
ਸਾਡੀ ਦੌੜ ਤਾਂ ਕਾਲੇ ਮਹਿਰ ਦੀ ਮਟੀ ਤੀਕ
ਜਾਂ ਤੁਲਸੀ ਸੂਦ ਦੇ ਟੂਣੇ ਤੱਕ ਹੈ ,
ਤੁਸੀਂ ਤੇ ਕਹਿੰਦੇ ਚੰਨ ਦੀਆਂ ਗੱਲਾਂ ਕਰਦੇ ਹੋ ?
ਤੁਸੀਂ ਅਸਾਥੋਂ ਪਹਿਲਾਂ ਕਿਉਂ ਮਰ ਜਾਂਦੇ ਹੋ ?
ਅਸੀਂ ਕਾਲਜੇ ਕੱਟ ਕੱਟ ਕੇ ਵੀ ਸੀ ਨਹੀਂ ਕੀਤੀ |
ਤੁਸੀਂ ਜੋ ਰੰਗ-ਬਿਰੰਗੇ ਝੰਡੇ ਚੁੱਕੀ ਫਿਰਦੇ
ਖਾਂਦੇ ਪੀਂਦੇ ਮੌਤ ਤੇ ਛੜਾਂ ਚਲਾਉਂਦੇ ਹੋ |
ਇਹ ਬੌਹੜੀ ਧਾੜਿਆ ਕਿਹੜੀ ਗਲ ਦੀ ਕਰਦੇ ਹੋ ?
ਦੇਖਿਓ ਹੁਣ ,
ਇਹ ਸੁੱਕੀ ਰੋਟੀ ਗੰਢੇ ਨਾਲ ਚਬਾਵਣ ਵਾਲੇ |
ਤੁਹਾਡੇ ਸ਼ਹਿਰ ਦੇ ਸੜਕਾਂ ਕਮਰੇ ਨਿਗਲ ਜਾਣ ਲਈ ,
ਆ ਪਹੁੰਚੇ ਹਨ ,
ਇਹ ਤੁਹਾਡੀ ਡਾਈਨਿੰਗ ਟੇਬਲ ,
ਤੇ ਟਰੇਆਂ ਤਕ ਨਿਗਲ ਜਾਣਗੇ |
ਜਦ ਸਾਡੀ ਰੋਟੀ ‘ਤੇ ਡਾਕੇ ਪੈਂਦੇ ਸਨ ,
ਜਦ ਸਾਡੀ ਇੱਜਤ ਨੂੰ ਸੰਨਾਂ ਲੱਗਦੀਆਂ ਸਨ |
ਤਾਂ ਅਸੀਂ ਅਨਪੜ ਪੇਂਡੂ ਮੂੰਹ ਦੇ ਗੁੰਗੇ ਸਾਂ ,
ਤੁਹਾਡੀ ਲਕਚੋ ਕਾਫੀ ਹਾਉਸ ‘ਚ ਕੀ ਕਰਦੀ ਸੀ |
ਤੁਹਾਨੂੰ ਪੜ੍ਹਿਆਂ -ਲਿਖਿਆਂ ਨੁੰ ਕੀ ਹੋਈਆ ਸੀ ?
ਅਸੀਂ ਤੁਹਾਡੀ ਖਾਹਿਸ਼ ਦਾ ਅਪਮਾਨ ਨਹੀਂ ਕਰਦੇ ,
ਅਸੀਂ ਤੁਹਾਨੂੰ ਆਦਰ ਸਹਿਤ
ਸਣੇ ਤੁਹਾਡੇ ਹੋਂਦਵਾਦ ਦੇ ,
ਬਰਛੇ ਦੀ ਨੋਕ ‘ਤੇ ਟੰਗ ਕੇ ,
ਚੰਦ ਉਤੇ ਅਪੜਾ ਦੇਵਾਂਗੇ |
ਅਸੀਂ ਤਾਂ ਸਾਦ ਮੁਰਾਦੇ ਪੇਂਡੂ ਬੰਦੇ ਹਾਂ ,
ਸਾਡੇ ਕੋਲ ‘ਅਪੋਲੋ’ਹੈ ਨਾ ‘ਲੂਨਾ’ ਹੈ |

ਯੁੱਗ ਪਲਟਾਵਾ – ਪਾਸ਼

ਅੱਧੀ ਰਾਤੇ
ਮੇਰਾ ਕਾਂਬਾ ਸੱਤ ਰਜਾਈਆਂ ਨਾਲ ਵੀ ਨਾ ਰੁਕਿਆ
ਸਤਲੁਜ ਮੇਰੇ ਬਿਸਤਰੇ ‘ਤੇ ਲਹਿ ਗਿਆ
ਸੱਤ ਰਜਾਈਆਂ , ਗਿੱਲੀਆਂ ,
ਤਾਪ ਇਕ ਸੌ ਛੇ , ਇਕ ਸੌ ਸੱਤ
ਹਰ ਸਾਹ ਮੁੜ੍ਹਕੋ ਮੁੜ੍ਹਕੀ
ਯੁੱਗ ਨੂੰ ਪਲਟਾਉਣ ਵਿਚ ਮਸ਼ਰੂਫ ਲੋਕ
ਬੁਖਾਰ ਨਾਲ ਨਹੀਂ ਮਰਦੇ |
ਮੌਤ ਦੇ ਕੰਧੇ ‘ਤੇ ਜਾਣ ਵਾਲਿਆਂ ਲਈ
ਮੌਤ ਤੋਂ ਪਿਛੋਂ ਜ਼ਿੰਦਗੀ ਦਾ ਸਫਰ ਸ਼ੁਰੂ ਹੁੰਦਾ ਹੈ
ਮੈਨੂੰ ਜਿਸ ਸੂਰਜ ਦੀ ਧੁੱਪ ਵਰਜਿਤ ਹੈ
ਮੈਂ ਉਸ ਦੀ ਛਾਂ ਤੋਂ ਵੀ ਇਨਕਾਰ ਕਰ ਦੇਵਾਂਗਾ
ਮੇਰਾ ਲਹੂ ਤੇ ਮੁੜਕਾ ਮਿੱਟੀ ਵਿਚ ਡੁੱਲ੍ਹ ਗਿਆ ਹੈ
ਮੈਂ ਮਿੱਟੀ ਵਿਚ ਦੱਬੇ ਜਾਣ ‘ਤੇ ਵੀ ਉੱਗ ਆਵਾਂਗਾ |

ਇਹ ਕੇਹੀ ਮੁਹੱਬਤ ਹੈ ਦੋਸਤੋ – ਪਾਸ਼

ਘਣੀ ਬਦਬੂ ਵਿਚ ਕੰਧਾਂ ਉਤਲੀ ਉੱਲੀ
ਅਤੇ ਛੱਤ ਨੂੰ ਲੱਗਾ ਮੱਕੜੀ ਦਾ ਜਾਲਾ ਵੇਖ ਕੇ
ਮਾਸ਼ੂਕ ਦਾ ਚਿਹਰਾ ਬਹੁਤ ਯਾਦ ਆਉਂਦਾ ਏ |
ਇਹ ਕੇਹੀ ਮੁਹੱਬਤ ਹੈ ਦੋਸਤੋ ?
ਕਵੀ ਕਾਤਲ ਹਨ , ਕਿਸਾਨ ਡਾਕੂ ਹਨ
ਤਾਜ਼ੀਰਾਤੇ ਹਿੰਦ ਦਾ ਫ਼ਰਮਾਨ ਏ –
ਕਣਕਾਂ ਖੇਤਾਂ ਵਿਚ ਸੜਨ ਦਿਓ ,
ਨਜ਼ਮਾਂ ਇਤਿਹਾਸ ਨਾ ਬਣ ਜਾਣ ,
ਸ਼ਬਦਾਂ ਦੇ ਸੰਘ ਘੁੱਟ ਦਿਓ ,
ਕੱਲ੍ਹ ਤੱਕ ਇਹ ਦਲੀਲ ਬੜੀ ਦਿਲਚਸਪ ਸੀ ,
ਇਸ ਤਿੰਨ ਰੰਗੀ ਜਿਲਦ ਉੱਤੇ
ਨਵਾਂ ਕਾਗਜ਼ ਚੜ੍ਹਾ ਦਈਏ –
ਪਰ ਐਵਰੈਸਟ ‘ਤੇ ਚੜ੍ਹਨਾ ,
ਹੁਣ ਮੈਨੂੰ ਦਿਲਚਸਪ ਨਹੀਂ ਲਗਦਾ
ਮੈਂ ਹਾਲਾਤ ਨਾਲ ਸਮਝੌਤਾ ਕਰਕੇ ,
ਸਾਹ ਘਸੀਟਣੇ ਨਹੀਂ ਚਾਹੁੰਦਾ
ਮੇਰੇ ਯਾਰੋ !
ਮੈਨੂੰ ਇਸ ਕਤਲਾਮ ਵਿਚ ਸ਼ਰੀਕ ਹੋ ਜਾਵਣ ਦਿਓ |