ਗੁਰੂ ਗੋਬਿੰਦ ਸਿੰਘ ਜੀ – ਹਰੀ ਸਿੰਘ ਜਾਚਕ

ਪਟਨੇ ਵਿੱਚ ਅੱਜ ਰੌਣਕਾਂ ਲੱਗੀਆਂ ਨੇ, ਪੈਦਾ ਨੂਰ ਦੇ ਘਰ ਹੈ ਨੂਰ ਹੋਇਆ।
ਕਰਨ ਲਈ ਗੁਰੂ ਨਾਨਕ ਦਾ ਮਿਸ਼ਨ ਪੂਰਾ, ਆਪ ਜੱਗ ਵਿੱਚ ਹਾਜ਼ਰ ਹਜ਼ੂਰ ਹੋਇਆ।
ਲੜ ਲਾਉਣ ਲਈ ਇੱਕ ਪ੍ਰਮਾਤਮਾਂ ਦੇ, ਗੁਜਰੀ ਕੁੱਖ ਦਾ ਇਹ ਕੋਹਿਨੂਰ ਹੋਇਆ।
ਸੰਤ ਸਿਪਾਹੀ ਦਾ ਪੂਰਨ ਸਰੂਪ ਦੇ ਕੇ, ਰੱਬ ਭੇਜਣ ਲਈ ਆਪ ਮਜ਼ਬੂਰ ਹੋਇਆ।

ਭੀਖਣ ਸ਼ਾਹ ਨੇ ਕੁੱਜੇ ਜਦ ਦੋ ਰੱਖੇ, ਛੋਹ ਕੇ ਦੋਹਾਂ ਨੂੰ ਉਨ੍ਹਾਂ ਸਤਿਕਾਰਿਆ ਸੀ।
ਤੀਸਰ ਖਾਲਸਾ ਪੰਥ ਸਜਾਉਣ ਦੇ ਲਈ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਠੱਲ੍ਹ ਪਾਉਣ ਲਈ ਜ਼ੁਲਮ ਦੇ ਝੱਖੜਾਂ ਨੂੰ, ਕਤਲਗਾਹ ਵੱਲ ਪਿਤਾ ਨੂੰ ਘੱਲਿਆ ਸੀ।
ਦੁੱਖੀਆਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ, ਵਗਦੇ ਵਹਿਣਾਂ ਨੂੰ ਉਨ੍ਹਾਂ ਨੇ ਠੱਲ੍ਹਿਆ ਸੀ।
ਸੀਸ ਗੁਰਾਂ ਦਾ ਲੈ ਕੇ ਭਾਈ ਜੈਤਾ, ਦਿੱਲੀਉਂ ਪੁਰੀ ਅਨੰਦ ਨੂੰ ਚੱਲਿਆ ਸੀ।
ਪਾਵਨ ਸੀਸ ਨੂੰ ਚੁੱਕ ਕੇ ਮਲਕੜੇ ਜਿਹੇ, ਸਤਿਗੁਰ ਸੱਲ੍ਹ ਵਿਛੋੜੇ ਦਾ ਝੱਲਿਆ ਸੀ।

ਭਾਈ ਜੈਤੇ ਨੂੰ ਲਾਇਆ ਸੀ ਨਾਲ ਸੀਨੇ, ਮੱਥਾ ਚੁੰਮ ਕੇ,ਉਹਨੂੰ ਪਿਆਰਿਆ ਸੀ।
ਉਸ ‘ਰੰਘਰੇਟੇ’ ਨੂੰ ਬੇਟਾ ਬਣਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਗੁਰਾਂ ਨੀਂਹ ਰੱਖੀ ਪੰਥ ਖਾਲਸੇ ਦੀ, ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ।
ਫੇਰ ਉਨ੍ਹਾਂ ਤੋਂ ਛੱਕ ਕੇ ਆਪ ਅੰਮ੍ਰਿਤ, ਮਾਣ ਬਖਸ਼ਿਆ ਗੁਰੂ ਦੁਲਾਰਿਆਂ ਨੂੰ।
ਸਿਰਾਂ ਵੱਟੇ ਸਰਦਾਰੀਆਂ ਬਖਸ਼ ਦਿੱਤੀਆਂ, ਡਿੱਗਿਆਂ, ਢੱਠਿਆਂ, ਬੇਸਹਾਰਿਆਂ ਨੂੰ।
ਜ਼਼ਜਬੇ ਸੁੱਤੇ ਹੋਏ ਜਾਗੇ ਬਹਾਦਰੀ ਦੇ, ਪਾਇਆ ਹੱਥ ਜਦ ਖੰਡੇ ਦੁਧਾਰਿਆਂ ਨੂੰ।

ਮਸਤੀ ਲਾਹੁਣ ਲਈ ਮਸਤੇ ਹੋਏ ਹਾਥੀਆਂ ਦੀ, ਇਕ ਸਿੰਘ ਬਚਿੱਤਰ ਖਲ੍ਹਾਰਿਆ ਸੀ।
ਬਾਜ ਚਿੜੀਆਂ ਦੇ ਹੱਥੋਂ ਤੁੜਾਨ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।
ਗੁਰਾਂ ਪਾਸ ਜਾਂ ਸਿੰਘਾਂ ਸ਼ਕਾਇਤ ਕੀਤੀ, ਕਹਿਰ ਭਾਈ ਘਨੱਈਆ ਕਮਾ ਰਿਹਾ ਏ।
ਅਸੀਂ ਜਿਨ੍ਹਾਂ ਨੂੰ ਮਾਰ ਕੇ ਸੁੱਟਦੇ ਹਾਂ, ਪਾਣੀ ਪਾ ਪਾ ਫੇਰ ਜਿਵਾ ਰਿਹਾ ਏ।
ਸੱਦ ਕੇ ਗੁਰਾਂ ਘਨੱਈਏ ਨੂੰ ਪੁਛਿਆ ਜਾਂ, ਇਹ ਸਿੱਖ ਕੀ ਠੀਕ ਫੁਰਮਾ ਰਿਹਾ ਏ।
ਅੱਗੋਂ ਕਿਹਾ ਉਸ ਮੈਨੂੰ ਤਾਂ ਸਾਰਿਆਂ ’ਚ, ਰੂਪ ਆਪਦਾ ਨਜ਼ਰੀਂ ਹੀ ਆ ਰਿਹਾ ਏ।

ਡੱਬੀ ਮੱਲ੍ਹਮ ਦੀ ਹੱਥ ਫੜਾ ਕੇ ਤੇ, ਸਾਂਝਾ ਸਿੱਖੀ ਦਾ ਮਹਿਲ ਉਸਾਰਿਆ ਸੀ।
ਸਭੇ ਸਾਂਝੀਵਾਲ ਸਦਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਲਾੜੀ ਮੌਤ ਨੂੰ ਵਰਨ੍ਹ ਲਈ ਗੜ੍ਹੀ ਵਿੱਚੋਂ, ਸਿੰਘ ਸੂਰਮੇ ਕਈ ਸਰਦਾਰ ਤੋਰੇ।
ਸਵਾ ਲੱਖ ਨਾਲ ਇਕ ਲੜਾਉਣ ਖ਼ਾਤਰ, ਵਾਰੀ ਨਾਲ ਅਜੀਤ ਜੁਝਾਰ ਤੋਰੇ।
ਦਾਦੀ ਗੁਜਰੀ ਨੇ ਥਾਪੜੇ ਬਖਸ਼ ਕੇ ਤੇ, ਆਪਣੇ ਪੁੱਤਰ ਦੇ ਰਾਜ ਦੁਲਾਰ ਤੋਰੇ।
ਨੀਂਹ ਜ਼ੁਲਮ ਦੀ ਖੋਖਲੀ ਕਰਨ ਖਾਤਰ, ਨੰਨ੍ਹੇ ਲਾਲ ਦੋ ਨੀਹਾਂ ਵਿਚਕਾਰ ਤੋਰੇ।

ਟੋਟੇ ਜਿਗਰ ਦੇ ਸਾਰੇ ਸਨ ਹੋਏ ਟੋਟੇ, ਫਿਰ ਵੀ ਰੱਬ ਦਾ ਸ਼ੁਕਰ ਗੁਜ਼ਾਰਿਆ ਸੀ।
ਪੁੱਤਰ ਸਿੰਘਾਂ ਦੇ ਤਾਂਈਂ ਬਨਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਹੁਕਮ ਮੰਨ ਕੇ ਖਾਲਸਾ ਪੰਥ ਜੀ ਦਾ, ਤਾੜੀ ਮਾਰ ਕੇ ਜਾਂਦਾ ਦਾਤਾਰ ਤੱਕੋ।
ਨਾ ਬਾਜ ਨਾ ਤਾਜ ਨਾ ਲਾਉ ਲਸ਼ਕਰ, ਪੈਦਲ ਜਾ ਰਿਹਾ ਸ਼ਾਹਸਵਾਰ ਤੱਕੋ।
ਸੇਜ ਕੰਡਿਆਂ ਦੀ ਤਕੀਆ ਟਿੰਡ ਦਾ ਏ, ਗਗਨ ਰੂਪੀ ਰਜਾਈ ਵਿਚਕਾਰ ਤੱਕੋ।
ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤਾ, ਸਰਬੰਸਦਾਨੀ ਦਸਮੇਸ਼ ਦਾਤਾਰ ਤੱਕੋ।

’ਕੱਲੇ ਰਹੇ ਸਨ ਰੋਹੀ ਦੇ ਰੁੱਖ ਵਾਂਗ਼ੂੰ, ਫਿਰ ਵੀ ਹੌਂਸਲਾ ਓਸ ਨਾ ਹਾਰਿਆ ਸੀ।
ਹਾਲ ਮਿੱਤਰ ਪਿਆਰੇ ਨੂੰ ਕਹਿਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਜਿਹੜਾ ਇਕ ਵਾਰੀ ਉਸਦਾ ਹੋ ਗਿਆ ਸੀ, ਉਹ ਸਦਾ ਲਈ ਓਸ ਦੇ ਹੋ ਗਏ ਸੀ।
ਆਪਣੇ ਜੋਗੇ ਨੂੰ ਆਪ ਬਚਾਉਣ ਖਾਤਿਰ, ਬੂਹੇ ਵੇਸਵਾ ਅੱਗੇ ਖਲੋ ਗਏ ਸੀ।
ਜਦ ਬੇਦਾਵੀਏ ਜੂਝ ਕੇ ਜੰਗ ਅੰਦਰ, ਸਾਰੇ ਸਦਾ ਦੀ ਨੀਂਦ ਲਈ ਸੌਂ ਗਏ ਸੀ।
ਉਦੋਂ ਪਾਤਸ਼ਾਹ ਨੈਣਾਂ ’ਚੋਂ ਕੇਰ ਹੰਝੂ, ਬੇਦਾਵੀਆਂ ਦੇ ਧੋਣੇ ਧੋ ਗਏ ਸੀ।
ਮਹਾਂ ਸਿੰਘ ਦਾ ਗੋਦ ਵਿਚ ਸੀਸ ਰੱਖ ਕੇ, ਉਹਦੇ ਤਪਦੇ ਹੋਏ ਸੀਨੇ ਨੂੰ ਠਾਰਿਆ ਸੀ।
ਮੁੱਖੋਂ ਮੁਕਤੀਆਂ ਦੀ ਝੜੀ ਲਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਉਨ੍ਹਾਂ ਕਿਹਾ ਕਿ ਅੱਜ ਤੋਂ ਖਾਲਸਾ ਜੀ, ਥੋਡਾ ਧਰਮ ਇੱਕੋ ਥੋਡੀ ਜਾਤ ਇੱਕੋ।
ਸਿੰਘ ਸੂਰਮੇ ਤੁਸੀਂ ਬਲਵਾਨ ਯੋਧੇ, ਥੋਡਾ ਪਿਤਾ ਇੱਕੋ ਥੋਡੀ ਮਾਤ ਇੱਕੋ।
ਹੁੰਦਾ ਵੇਖੋ ਜਦ ਜ਼ੁਲਮ ਬੇਦੋਸ਼ਿਆਂ ’ਤੇ, ਜ਼ਾਲਮ ਲਈ ਫਿਰ ਬਣੋ ਅਫਾਤ ਇੱਕੋ।
ਚੜ੍ਹਦੀ ਕਲਾ ’ਚ ਰਹਿਣਾ ਏ ਖਾਲਸੇ ਨੇ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇੱਕੋ।

ਹਰ ਰੋਜ਼ ਗੁਰਬਾਣੀ ਦਾ ਪਾਠ ਕਰਨਾ, ਆਪਣੇ ਮੁੱਖ ਤੋਂ ਉਨ੍ਹਾਂ ਉਚਾਰਿਆ ਸੀ।
ਗੱਦੀ ਗੁਰੂ ਗ੍ਰੰਥ ਨੂੰ ਦੇਣ ਖ਼ਾਤਰ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।