ਸ੍ਰੀ ਗੁਰੂ ਗ੍ਰੰਥ ਸਾਹਿਬ ਜੀ – ਹਰੀ ਸਿੰਘ ਜਾਚਕ

ਗੁਰੂਆਂ, ਭਗਤਾਂ ਤੇ ਗੁਰਸਿੱਖ ਪਿਆਰਿਆਂ ਦੇ, ਸ਼ੁੱਭ ਬਚਨਾਂ, ਵਿਚਾਰਾਂ ਦਾ ਤੱਤ ਬਾਣੀ।
ਜੁਗੋ ਜੁੱਗ ਅਟੱਲ ਇਹ ਜੋਤ ਸੱਚੀ, ਸਦਾ ਰਹੀ ਤੇ ਰਹੇਗੀ ਸਤਿ ਬਾਣੀ।
ਰਚੀ ਗਈ ਇਹ ਸਾਰੀ ਮਨੁੱਖਤਾ ਲਈ, ਭਲਾ ਮੰਗਦੀ ਸਦਾ ਸਰਬੱਤ ਬਾਣੀ।
ਪੜ੍ਹੇ ਸੁਣੇ ਵਿਚਾਰੇ ਤੇ ਮੰਨੇ ਜਿਹੜਾ, ਕੱਢੇ ਓਸਦੇ ਦਿਲੋਂ ਕੁਸੱਤ ਬਾਣੀ।

ਪੰਚਮ ਪਾਤਸ਼ਾਹ ਅਰਜਨ ਗੁਰੂ ਜੀ ਨੇ, ’ਕੱਠੀ ਕੀਤੀ ਸੀ ਨਾਲ ਸਤਿਕਾਰ ਬਾਣੀ।
ਚਾਨਣ ਬਖਸ਼ੇ ਜੋ ਸਾਰੇ ਸੰਸਾਰ ਤਾਂਈਂ, ਧੁਰੋਂ ਭੇਜੀ ਸੀ ਆਪ ਨਿਰੰਕਾਰ ਬਾਣੀ।
ਸੜਦੇ ਭੁਜਦੇ ਤੇ ਤੜਪਦੇ ਹਿਰਦਿਆਂ ਨੂੰ, ਪਲਾਂ ਵਿੱਚ ਕਰਦੀ ਠੰਢਾ ਠਾਰ ਬਾਣੀ।
ਤਨ ਮਨ ਦੇ ਰੋਗਾਂ ਨੂੰ ਦੂਰ ਕਰ ਕੇ, ਦਿੰਦੀ ਹਉਮੈ ਦੀ ਮੈਲ ਉਤਾਰ ਬਾਣੀ।

ਬਿਨਾਂ ਕਿਸੇ ਵੀ ਕਿਸਮ ਦੇ ਵਿਤਕਰੇ ਦੇ, ਚੌਹਾਂ ਵਰਨਾਂ ਨੂੰ ਦਏ ਪਿਆਰ ਬਾਣੀ।
ਹੱਕ ਪਰਾਇਆ ਤਾਂ ਗਊ ਤੇ ਸੂਰ ਹੁੰਦੈ, ਹੱਥੀਂ ਕਿਰਤ ਨੂੰ ਕਰੇ ਸਵੀਕਾਰ ਬਾਣੀ।
ਨਾਮ ਬਾਣੀ ਦਾ ਚੜ੍ਹੇ ਖ਼ੁਮਾਰ ਜਿਸ ਨੂੰ, ਝੂਮ ਝੂਮ ਆਖੇ ਵਾਹ ਬਲਿਹਾਰੀ ਬਾਣੀ।
ਓਹਨੂੰ ਵਿੱਚ ਦਰਗਾਹ ਦੇ ਮਾਣ ਮਿਲਦੈ, ਭਵ ਸਾਗਰੋਂ ਕਰਦੀ ਏ ਪਾਰ ਬਾਣੀ।

ਰਿਦਾ ਗੁਰੂ ਦਾ ਜਾਣੋ ਗਰੰਥ ਅੰਦਰ, ਮੁੱਖੋਂ ਆਪ ਫੁਰਮਾਇਆ ਸੀ ਗੁਰੂ ਅਰਜਨ।
ਹਰਿਮੰਦਰ ਦੇ ਪਾਵਨ ਅਸਥਾਨ ਉੱਤੇ, ਜਦ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ।
ਪੋਥੀ ਸਾਹਿਬ ਸਜਾ ਕੇ ਤਖ਼ਤ ਉੱਤੇ, ਥੱਲੇ ਆਸਨ ਲਗਾਇਆ ਸੀ ਗੁਰੂ ਅਰਜਨ।
ਬਾਬਾ ਬੁੱਢਾ ਜੀ ਤਾਂਈਂ ਸਨਮਾਨ ਦੇ ਕੇ, ਪਹਿਲੇ ਮੁਖੀ ਬਣਾਇਆ ਸੀ ਗੁਰੂ ਅਰਜਨ।

ਦਸਵੀਂ ਜੋਤ ਜਦ ਜੋਤ ਵਿੱਚ ਰਲਣ ਲੱਗੀ, ਕਿਹਾ, ਮੈਂ ਹੁਕਮ ਬਜਾ ਕੇ ਚੱਲਿਆ ਹਾਂ।
ਜਿਸਮ ਪੰਥ ’ਤੇ ਆਤਮਾ ਗ੍ਰੰਥ ਅੰਦਰ, ਇਹਦੇ ਵਿੱਚ ਸਮਾ ਕੇ ਚੱਲਿਆ ਹਾਂ।
ਦੇਹਧਾਰੀਆਂ ਗੁਰੂਆਂ ਦੀ ਰੀਤ ਹੁਣ ਤੋਂ, ਸਦਾ ਲਈ ਮੁਕਾ ਕੇ ਚੱਲਿਆ ਹਾਂ।
ਗੁਰੂ ਗ੍ਰੰਥ ਤੇ ਪੰਥ ਦੇ ਲੜ ਲਾ ਕੇ, ਮੈਂ ਹੁਣ ਫਤਹਿ ਗਜਾ ਕੇ ਚੱਲਿਆ ਹਾਂ।

ਸ਼ਬਦ ਗੁਰੂ ਦੀ ਸ਼ਕਤੀ ਜੇ ਵੇਖਣੀ ਜੇ, ਸਿੰਘ ਚਰਖੜੀਆਂ ਦੇ ਉੱਤੇ ਚੜ੍ਹੇ ਵੇਖੋ।
ਬੰਦਾ ਸਿੰਘ ਤੇ ਉਸਦੇ ਸਾਥੀਆਂ ਨੂੰ, ਲਾੜੀ ਮੌਤ ਪ੍ਰਨਾਉਣ ਲਈ ਖੜ੍ਹੇ ਵੇਖੋ।
ਬੰਦ ਬੰਦ ਭਾਂਵੇਂ ਕੱਟੇ ਜਾ ਰਹੇ ਨੇ, ਮੁੱਖੋਂ ਸ਼ਬਦ ਗੁਰਬਾਣੀ ਦੇ ਪੜ੍ਹੇ ਵੇਖੋ।
ਲਿਖੀਆਂ ਗੁਰੂ ਗਰੰਥ ਦੀਆਂ ਜਿਨ੍ਹਾਂ ਬੀੜਾਂ, ਸੀਸ ਤਲੀ ’ਤੇ ਰੱਖ ਕੇ ਲੜੇ ਵੇਖੋ।

ਗਲ ਮਾਵਾਂ ਦੇ ਹਾਰ ਜੋ ਤੱਕ ਰਹੇ ਹੋ, ਮੋਤੀ ਲਾਲਾਂ ਦੇ ਸਿਰਾਂ ਦੇ ਜੜ੍ਹੇ ਵੇਖੋ।
ਪੁੱਠੇ ਲਟਕਦੇ ਜੰਡਾਂ ਦੇ ਨਾਲ ਤੱਕੋ, ਜਾਂ ਫਿਰ ਭੱਠੀਆਂ ਦੇ ਵਿੱਚ ਸੜੇ ਵੇਖੋ।
ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਵਾਲੇ, ਚੱਲਦੇ ਇੰਜਣਾਂ ਦੇ ਅੱਗੇ ਅੜੇ ਵੇਖੋ।
ਵਾਰਨ ਆਪਣਾ ਆਪ ਜੋ ਏਸ ਉੱਤੋਂ, ਸਿੱਖੀ ਸਿਦਕ ਨਿਭਾਉਂਦੇ ਹੋਏ ਬੜੇ ਵੇਖੋ।

ਨਾਨਕ ਨਾਮ ਲੇਵਾ ਆਪਾਂ ਹੋ ਕੱਠੇ, ਰਲ ਮਿਲ ਬੈਠ ਕੇ ਸੋਚ ਵਿਚਾਰ ਕਰੀਏ।
ਬੱਝ ਕੇ ਏਕੇ ਪਿਆਰ ਦੀ ਡੋਰ ਅੰਦਰ, ਸਾਂਝੇ ਫੈਸਲੇ ਗੁਰੂ ਦਰਬਾਰ ਕਰੀਏ।
ਸਾਡੇ ਬੋਲਾਂ ਵਿਚਾਰਾਂ ’ਚੋਂ ਮਹਿਕ ਆਵੇ, ਐਸਾ ਆਪਣਾ ਉੱਚਾ ਕਿਰਦਾਰ ਕਰੀਏ।
ਇਹ ਗੁਰਬਾਣੀ ਜੋ ਸਾਂਝੀ ਏ ਸਾਰਿਆਂ ਲਈ, ‘ਜਾਚਕ’ ਜੱਗ ਦੇ ਵਿੱਚ ਪ੍ਰਚਾਰ ਕਰੀਏ।