ਵੇਈਂ ਨਦੀ ’ਚ ਚੁੱਭੀ ਲਗਾਈ ਨਾਨਕ – ਹਰੀ ਸਿੰਘ ਜਾਚਕ

ਰਹਿੰਦੇ ਰਹਿੰਦਿਆਂ ਸ਼ਹਿਰ ਸੁਲਤਾਨਪੁਰ ਵਿੱਚ, ਲੀਲਾ ਬਾਬੇ ਨੇ ਅਜਬ ਵਰਤਾਈ ਹੈਸੀ।
ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈਣ ਖਾਤਰ, ਵੇਈਂ ਨਦੀ ’ਚ ਚੁੱਭੀ ਲਗਾਈ ਹੈਸੀ।
ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿ ਕੇ, ਬਿਰਤੀ ਨਾਲ ਅਕਾਲ ਦੇ ਲਾਈ ਹੈਸੀ।
ਕਰਤਾ ਪੁਰਖ ਦੀ ਕਿਰਪਾ ਦੇ ਨਾਲ ਉੇਨ੍ਹਾਂ, ਪਾਈ ਧੁਰ ਦਰਗਾਹੋਂ ਗੁਰਿਆਈ ਹੈਸੀ।

ਤਿੰਨ ਦਿਨ ਉਹ ਸੋਚਾਂ ’ਚ ਰਹੇ ਡੁੱਬੇ, ਕਿਵੇਂ ਡੁੱਬ ਰਹੇ ਜਗਤ ਨੂੰ ਤਾਰਨਾ ਏ।
ਲੈ ਕੇ ‘ਪਾਪ ਦੀ ਜੰਝ’ ਜੋ ਚੜ੍ਹ ਆਇਐ, ਉਸ ਬਾਬਰ ਨੂੰ ਕਿਵੇਂ ਵੰਗਾਰਨਾ ਏ।
ਸਿਖਰਾਂ ਉੱਤੇ ਜੋ ਮਜ਼ਬੀ ਜਨੂੰਨ ਪਹੁੰਚੈ, ਧੋਣੋਂ ਪਕੜ ਕੇ ਥੱਲੇ ਉਤਾਰਨਾ ਏ।
ਜੀਹਨੇ ਜੀਹਨੇ ਵੀ ਚੱਕੀ ਏ ਅੱਤ ਏਥੇ, ਉਹਦੇ ਘਰ ਜਾ ਉਹਨੂੰ ਲਲਕਾਰਨਾ ਏ।

ਚਾਰ ਰਹੇ ਜੋ ਦੁਨੀਆਂ ਨੂੰ ਭੇਖਧਾਰੀ, ਉਨ੍ਹਾਂ ਤਾਂਈਂ ਵੀ ਪੈਣਾ ਹੁਣ ਚਾਰਨਾ ਏ।
ਵਹਿਮਾਂ ਭਰਮਾਂ ਪਖੰਡਾਂ ਨੂੰ ਗਲੋਂ ਫੜ੍ਹ ਕੇ, ਸ਼ਰੇਆਮ ਹੀ ਪੈਣਾ ਲਲਕਾਰਨਾ ਏ।
ਪਾਪੀ ਰੂਹਾਂ ਨੂੰ ਪਾ ਕੇ ਰਾਹ ਸਿੱਧੇ, ਉਨ੍ਹਾਂ ਤਾਂਈਂ ਵੀ ਪਾਰ ਉਤਾਰਨਾ ਏ।
ਰੇਤ ਅੱਕ ਦਾ ਇਥੇ ਅਹਾਰ ਕਰਕੇ, ਕਿੱਦਾਂ, ਰੱਬ ਦਾ ਸ਼ੁਕਰ ਗੁਜ਼ਾਰਨਾ ਏ।

ਜ਼ਾਤ ਪਾਤ ਵਾਲਾ, ਛੂਤ ਛਾਤ ਵਾਲਾ, ਭੂਤ ਚੰਬੜਿਆ ਕਿੱਦਾਂ ਉਤਾਰਨਾ ਏ।
ਜੀਹਨੂੰ ਪੈਰ ਦੀ ਜੁੱਤੀ ਹੈ ਕਿਹਾ ਜਾਂਦਾ, ਉਹਦੇ ਤਾਂਈਂ ਫਿਰ ਕਿਵੇਂ ਸਤਿਕਾਰਨਾ ਏ।
ਆਦਮਖੋਰਾਂ ਨੇ ਜਿਹੜੇ ਤਪਾ ਰੱਖੇ, ਕਿਵੇਂ ਤਪਦੇ ਕੜਾਹਿਆਂ ਨੂੰ ਠਾਰਨਾ ਏ।
ਕਿਵੇਂ ਨਫਰਤ ਤੇ ਘਿਰਣਾ ਨੂੰ ਜੜੋਂ ਪੁੱਟ ਕੇ, ਸਰਬ ਸਾਂਝਾ ਸਮਾਜ ਉਸਾਰਨਾ ਏ।

ਸੇਵਾ ਸਿਮਰਨ, ਸਚਾਈ ਤਿਆਗ ਤਾਂਈਂ, ਸਮੇਂ ਸਮੇਂ ਤੇ ਕਿਵੇਂ ਪ੍ਰਚਾਰਨਾ ਏ।
ਕਿੱਦਾਂ ਬਹਿਣਾ ਏ, ਉਬਲਦੀ ਦੇਗ ਅੰਦਰ, ਇਹ ਵੀ ਪੈਣਾ ਅੱਜ ਮੈਨੂੰ ਵਿਚਾਰਨਾ ਏ।
ਕਿਵੇਂ ਦਿੱਲੀ ਦੇ ਚਾਂਦਨੀ ਚੌਂਕ ਅੰਦਰ, ਸਬਰ ਜਿਤਣਾ ਤੇ ਜਬਰ ਹਾਰਨਾ ਏ।
ਕਿਵੇਂ ਆਪਣੀਆਂ ਅੱਖਾਂ ਦੇ ਤਾਰਿਆਂ ਨੂੰ, ਅੱਖਾਂ ਸਾਹਮਣੇਂ ਜੰਗ ਵਿੱਚ ਵਾਰਨਾ ਏ।

ਗੁਰੂ ਪੰਥ ਤੇ ਗੁਰੂ ਗ੍ਰੰਥ ਵਾਲੇ, ਸਿੱਖ ਸਿਧਾਂਤ ਨੂੰ ਕਿਵੇਂ ਪ੍ਰਚਾਰਨਾ ਏ।
ਇਹ ਜਨਮ ਤਾਂ ਇਹਦੇ ਲਈ ਹੈ ਥੋੜ੍ਹਾ, ਲੰਮਾਂ ਸਮਾਂ ਹੁਣ ਪੈਣਾ ਗੁਜ਼ਾਰਨਾ ਏ।
ਦਸਾਂ ਜਾਂਮਿਆਂ ਵਿੱਚ ਇਸ ਧਰਤ ਉੱਤੇ, ਕਿਹੜਾ ਕਿਹੜਾ ਸਰੂਪ ਮੈਂ ਧਾਰਨਾਂ ਏ।
ਦਿੱਬ ਦ੍ਰਿਸ਼ਟ ਨਾਲ ਤਿੰਨੋਂ ਦਿਨ ਰਹੇ ਤੱਕਦੇ, ਕਿੱਦਾਂ ਜਗਤ ਜਲੰਦੇ ਨੂੰ ਠਾਰਨਾਂ ਏ।

ਓਧਰ ਨਾਨਕ ਜਦ ਪਰਤ ਨਾ ਆਏ ਵਾਪਸ, ਘਰ ਵਿੱਚ ਸੋਗ ਦੀ ਲਹਿਰ ਕੋਈ ਛਾਈ ਹੈਸੀ।
ਨਾਨਕ ਡੁੱਬ ਗਿਐ ਜਾਂ ਫਿਰ ਰੁੜ੍ਹ ਗਿਐ, ਗੱਲਾਂ ਕਰਦੀ ਪਈ ਸਾਰੀ ਲੁਕਾਈ ਹੈਸੀ।
ਉਹਨੂੰ ਲੱਭਣ ਲਈ ਪਿੰਡ ਦੇ ਵਾਸੀਆਂ ਨੇ, ਹਰ ਤਰ੍ਹਾਂ ਦੀ ਵਾਹ ਲਗਾਈ ਹੈਸੀ।
ਤਿੰਨ ਦਿਨ ਜਦ ਪਤਾ ਨਾ ਕੋਈ ਲੱਗਾ, ਚਾਰੇ ਪਾਸੇ ਹੀ ਮਚੀ ਦੁਹਾਈ ਹੈਸੀ।

ਉਡ ਗਈਆਂ ਸਨ ਰੌਣਕਾਂ ਚਿਹਰਿਆਂ ’ਤੋਂ, ਸਾਰੇ ਕਹਿਣ ਲੱਗੇ, ਕਿਧਰ ਗਿਆ ਨਾਨਕ।
ਖਬਰ ਫੈਲ ਗਈ ਜੰਗਲ ਦੀ ਅੱਗ ਵਾਂਗੂੰ, ਰੁੜ ਗਿਆ ਏ, ਹੁਣ ਨਹੀਂ ਰਿਹਾ ਨਾਨਕ।
ਇਕ ਦੂਜੇ ਨੂੰ ਆਖ ਰਹੇ ਸਨ ਸਾਰੇ, ਵੇਈਂ ਨਦੀ ਨੇ ਨਿਗਲ ਏ ਲਿਆ ਨਾਨਕ।
ਭੈਣ ਨਾਨਕੀ ਅਜੇ ਵੀ ਕਹਿ ਰਹੀ ਸੀ, ਚੋਜੀ ਚੋਜ ਕੋਈ ਕਰਦਾ ਏ ਪਿਆ ਨਾਨਕ।

ਤੀਜੇ ਦਿਨ ਜਦ ਨਾਨਕ ਜੀ ਹੋਏ ਪਰਗਟ, ਵਗਦੇ ਹੰਝੂਆਂ ਨੂੰ ਇਕ ਦੱਮ ਬੰਨ੍ਹ ਲੱਗੇ।
ਨਾਨਕ ਪਰਤ ਆਇਐ,ਨਾਨਕ ਪਰਤ ਆਇਐ, ਮੁੱਖੋਂ ਕਹਿਣ ਸਾਰੇ ਧੰਨ ਧੰਨ ਲੱਗੇ।
ਦਰਸ਼ਨ ਕਰਨ ਤੇ ਸੁਣਨ ਲਈ ਸਭ ਵਿਥਿਆ, ਮਾਨੋ ਕੁਦਰਤ ਨੂੰ ਅੱਖਾਂ ਤੇ ਕੰਨ ਲੱਗੇ।
ਬੇਬੇ ਨਾਨਕੀ ਖੁਸ਼ੀ ਨਾਲ ਹੋਈ ਖੀਵੀ, ਉਹਦੇ ਸਿਦਕ ਨੂੰ ਸੀ ਚਾਰ ਚੰਨ ਲੱਗੇ।

ਜੀਹਨੇ ਜੀਹਨੇ ਵੀ ਕੀਤੇ ਸੀ ਆਣ ਦਰਸ਼ਨ, ਉਹਨੂੰ ਨਾਨਕ ਨੂਰਾਨੀ ਦਾ ਨੂਰ ਦਿੱਸਿਆ।
ਭੈਣ ਨਾਨਕੀ ਨੂੰ ਨਾਨਕ ਵੀਰ ਉਦੋਂ, ਰੱਬੀ ਬਖ਼ਸ਼ਸ਼ਾਂ ਨਾਲ ਭਰਪੂਰ ਦਿੱਸਿਆ।
ਆ ਕੇ ਜਦੋਂ ਨਵਾਬ ਨੇ ਤੱਕਿਆ ਸੀ, ਖੁਦਾ ਓਸਨੂੰ ਹਾਜ਼ਰ ਹਜ਼ੂਰ ਦਿੱਸਿਆ।
‘ਨਾ ਕੋ ਹਿੰਦੂ ਨਾ ਮੁਸਲਮਾਨ’ ਕਹਿੰਦਾ, ਰੱਬੀ ਰੰਗ ’ਚ ਨਾਨਕ ਮਖਮੂਰ ਦਿੱਸਿਆ।

ਗੁਰੂ ਨਾਨਕ ਨੇ ਸੋਚ ਕੇ ਸੋਚ ਲੰਮੀ, ਬਖਸ਼ਿਸ਼ ਕਰਨ ਲਈ ਦੁਨੀਆਂ ਦੇ ਵਾਸੀਆਂ ’ਤੇ।
ਖਾਕਾ ਖਿੱਚ ਕੇ ਸਾਰਾ ਦਿਮਾਗ ਅੰਦਰ, ਤੇ ਕਰਕੇ ਮਿਹਰ ਸਭ ਨਗਰ ਨਿਵਾਸੀਆਂ ’ਤੇ।
ਅੰਮ੍ਰਿਤ ਨਾਮ ਪਿਲਾਉਣ ਲਈ ਪਏ ਕਾਹਲੇ, ਕਰਕੇ ਤਰਸ ਉਹ ਰੂਹਾਂ ਪਿਆਸੀਆਂ ’ਤੇ।
ਭੈਣ ਨਾਨਕੀ ਨੂੰ ‘ਜਾਚਕ’ ਦੱਸ ਵਿਥਿਆ, ਚਲ ਪਏ ਗੁਰੂ ਨਾਨਕ ਉਦਾਸੀਆਂ ’ਤੇ।