ਸਾਂਈਂ ਮੀਆਂ ਮੀਰ

ਸ਼ਹੀਦੀ ਗੁਰੂ ਅਰਜਨ ਦੇਵ ਜੀ – ਹਰੀ ਸਿੰਘ ਜਾਚਕ

ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ, ਸੋਹਣੇ ਫੁੱਲ ਤੇ ਫਲ ਸੀ ਆਉਣ ਲੱਗੇ।
ਪੰਚਮ ਪਾਤਸ਼ਾਹ ਏਸਦੀ ਮਹਿਕ ਤਾਂਈਂ, ਸਾਰੇ ਜਗਤ ਦੇ ਵਿੱਚ ਫੈਲਾਉਣ ਲੱਗੇ।
‘ਆਦਿ ਬੀੜ’ ਤੇ ਤਾਈਂ ਤਿਆਰ ਕਰਕੇ, ਜੀਵਨ ਜੀਉਣ ਦੀ ਜੁਗਤ ਸਿਖਾਉਣ ਲੱਗੇ।
ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਖਾਤਰ, ਕੋਨੇ ਕੋਨੇ ਤੋਂ ਸਿੱਖ ਸਨ ਆਉਣ ਲੱਗੇ।

ਓਧਰ ਸਿੱਖੀ ਦੀ ਲਹਿਰ ਦੇ ਖ਼ਾਤਮੇ ਲਈ, ਦੋਖੀ ਸੋਚਾਂ ਦੇ ਘੋੜੇ ਦੁੜਾਉਣ ਲੱਗੇ।
ਲਾਉਣ ਲਈ ਗ਼੍ਰਹਿਣ ਇਸ ਚੰਨ ਤਾਈਂ, ਘਟੀਆ ਢੰਗ ਤਰੀਕੇ ਅਪਨਾਉਣ ਲੱਗੇ।
ਤਰ੍ਹਾਂ ਤਰ੍ਹਾਂ ਦੇ ਝੂਠੇ ਇਲਜ਼ਾਮ ਲਾ ਕੇ, ਜਹਾਂਗੀਰ ਦੇ ਤਾਂਈਂ ਭੜਕਾਉਣ ਲੱਗੇ।
ਬਾਗੀ ਖੁਸਰੋ ਦੀ ਮਦਦ ਦੇ ਦੋਸ਼ ਥੱਲੇ, ਬਲਦੀ ਅੱਗ ਉਤੇ ਤੇਲ ਪਾਉਣ ਲੱਗੇ।

ਜਹਾਂਗੀਰ ਨੇ ਆਖਿਰ ਇਹ ਹੁਕਮ ਦਿੱਤਾ, ਬੰਦ ਝੂਠ ਦੀ ਇਹ ਦੁਕਾਨ ਹੋਵੇ।
ਅਰਜਨ ਦੇਵ ਨੂੰ ਦੇਈਏ ਸਜ਼ਾ ਐਸੀ, ਚਰਚਾ ਜਿਨ੍ਹਾਂ ਦੀ ਵਿੱਚ ਜਹਾਨ ਹੋਵੇ।
ਡਿੱਗੇ ਲਹੂ ਦੀ ਬੂੰਦ ਨਾ ਧਰਤ ਉੱਤੇ, ਜਦੋਂ ਤੱਕ ਸਰੀਰ ਵਿੱਚ ਜਾਨ ਹੋਵੇ।
ਆਖਰ ਦੇਣਾ ਦਰਿਆ ਵਿੱਚ ਰੋਹੜ ਇਹਨੂੰ, ਚੁੱਪ ਸਦਾ ਲਈ ਇਹ ਜ਼ੁਬਾਨ ਹੋਵੇ।

ਜੇਠ ਹਾੜ੍ਹ ਦੀ ਕੜਕਦੀ ਧੁੱਪ ਅੰਦਰ, ਪੈਰ ਧਰਤੀ ’ਤੇ ਧਰਿਆ ਨਾ ਜਾ ਰਿਹਾ ਸੀ।
ਸੜਦੀ ਤਪਦੀ ਜ਼ਮੀਨ ਦੀ ਹਿੱਕ ਵਿੱਚੋਂ, ਲਾਵਾ ਫੁੱਟ ਕੇ ਬਾਹਰ ਨੂੰ ਆ ਰਿਹਾ ਸੀ।
ਲਾਲੋ ਲਾਲ ਸੂਰਜ ਆਪਣੇ ਜੋਸ਼ ਅੰਦਰ, ਉੱਤੋਂ ਅੱਗ ਦੇ ਗੋਲੇ ਵਰਸਾ ਰਿਹਾ ਸੀ।
ਪੰਚਮ ਪਾਤਸ਼ਾਹ ਇਹੋ ਜਿਹੇ ਸਮੇਂ ਅੰਦਰ, ਤੱਤੀ ਤਵੀ ’ਤੇ ਚੌਂਕੜਾ ਲਾ ਰਿਹਾ ਸੀ।

ਲਾਲ ਤਵੀ ਵੱਲ ਵੇਖ ਕੇ ਕਹਿਣ ਲੱਗੇ, ਇਹਨੇ ਸਿੱਖੀ ਦੀਆਂ ਸ਼ਾਨਾਂ ਨੂੰ ਜਨਮ ਦੇਣੈ।
ਤੱਤੀ ਰੇਤਾ ਜੋ ਸੀਸ ਵਿੱਚ ਪੈ ਰਹੀ ਏ, ਇਹਨੇ ਅਣਖੀ ਜੁਆਨਾਂ ਨੂੰ ਜਨਮ ਦੇਣੈ।
ਉਬਲ ਰਿਹਾ ਜੋ ਪਾਣੀ ਇਹ ਦੇਗ ਅੰਦਰ, ਇਹਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਣੈ।
ਮੇਰੇ ਜਿਸਮ ’ਤੇ ਪਏ ਹੋਏ ਛਾਲਿਆਂ ਨੇ, ਮੀਰੀ ਪੀਰੀ ਕਿਰਪਾਨਾਂ ਨੂੰ ਜਨਮ ਦੇਣੈ।

ਕਸ਼ਟ ਸਹਿ ਕੇ ਕੋਮਲ ਸਰੀਰ ਉਤੇ, ਭਾਣਾ ਮਿੱਠਾ ਕਰ ਮੰਨਿਆ, ਗੁਰੂ ਅਰਜਨ।
ਸੀਸ ਵਿੱਚ ਪੁਆ ਕੇ ਰੇਤ ਤੱਤੀ, ਸਿਰ ਜ਼ੁਲਮ ਦਾ ਭੰਨਿਆ, ਗੁਰੂ ਅਰਜਨ।
ਪੈਦਾ ਲੱਖਾਂ ਸ਼ਹੀਦ ਸਨ ਹੋਏ ਉਸ ਤੋਂ, ਮੁੱਢ ਜੇਸਦਾ ਬੰਨ੍ਹਿਆ, ਗੁਰੂ ਅਰਜਨ।
ਤਾਹੀਂਉਂ ਸ਼ਹੀਦਾਂ ਦੇ ਸਿਰਤਾਜ ਲਿਖਿਐ, ਤਵਾਰੀਖ ਦੇ ਪੰਨਿਆਂ, ਗੁਰੂ ਅਰਜਨ।

ਕਿਵੇਂ ਸਬਰ ਨੇ ਜਬਰ ਨੂੰ ਮਾਤ ਦਿੱਤੀ, ਦੁਨੀਆਂ ਤਾਂਈਂ ਮੈਂ ਅੱਜ ਦਿਖਲਾ ਚੱਲਿਆਂ।
ਸਹਿ ਕੇ ਜ਼ੁਲਮ ਅਸਹਿ ਨਾ ਸੀਅ ਕੀਤੀ, ਛਾਪ ਸੱਚ ਦੀ ਦਿਲਾਂ ’ਤੇ ਲਾ ਚੱਲਿਆਂ।
ਮੇਰੇ ਸਿੱਖ ਨਾ ਸਿਦਕ ਤੋਂ ਡੋਲ ਜਾਵਣ, ਏਸੇ ਲਈ ਮੈਂ ਪੂਰਨੇ ਪਾ ਚੱਲਿਆਂ।
ਸਿਹਰਾ ਬੰਨ੍ਹ ਸ਼ਹੀਦੀ ਦਾ ਸਿਰ ਉਤੇ, ਜੂਝ ਮਰਣ ਦਾ ਵੱਲ ਸਿਖਾ ਚੱਲਿਆਂ।

ਕਹਿੰਦੇ ਖੂਨ ਨੂੰ ਬੜਾ ਵਿਆਜ ਲੱਗਦਾ, ਸਿੱਖ ਸ਼ੁਰੂ ਤੋਂ ਜੱਗ ਨੂੰ ਦੱਸਦੇ ਰਹੇ।
ਗੋਡੇ ਟੇਕੇ ਨਹੀਂ ਕਦੀ ਵੀ ਜ਼ੁਲਮ ਅੱਗੇ, ਬੰਦ ਬੰਦ ਕਟਵਾਉਂਦੇ ਵੀ ਹੱਸਦੇ ਰਹੇ।
ਲੜੇ ਜੰਗ ਅੰਦਰ ਤਲੀ ਸੀਸ ਧਰਕੇ, ਦੁਸ਼ਮਣ ਤੱਕਦੇ ਰਹੇ ਨਾਲੇ ਨੱਸਦੇ ਰਹੇ।
ਭਾਣਾ ਮੰਨਿਆ ਖਾਲਸੇ ਖਿੜੇ ਮੱਥੇ, ਜ਼ਹਿਰੀ ਨਾਗ ਭਾਂਵੇਂ ‘ਜਾਚਕ’ ਡੱਸਦੇ ਰਹੇ।

ਸਾਂਈਂ ਮੀਆਂ ਮੀਰ ਤੇ ਪੰਚਮ ਪਾਤਸ਼ਾਹ – ਹਰੀ ਸਿੰਘ ਜਾਚਕ

ਮੀਆਂ ਮੀਰ ਫਕੀਰ ਨੇ ਗੁਰੂ ਜੀ ਨੂੰ, ਆ ਕੇ ਸੀਸ ਝੁਕਾਇਆ ਸੀ ਓਸ ਵੇਲੇ।
ਸੜਦਾ ਤਵੀ ’ਤੇ ਫੁੱਲ ਗੁਲਾਬ ਤੱਕ ਕੇ, ਰੋਇਆ ਅਤੇ ਕੁਰਲਾਇਆ ਸੀ ਓਸ ਵੇਲੇ।
ਧੁਰ ਅੰਦਰੋਂ ਹਾਅ ਦਾ ਮਾਰ ਨਾਹਰਾ, ਭਾਰੀ ਰੋਸ ਪ੍ਰਗਟਾਇਆ ਸੀ ਓਸ ਵੇਲੇ।
ਪੰਚਮ ਪਿਤਾ ’ਤੇ ਹੁੰਦਾ ਇਹ ਜ਼ੁਲਮ ਤੱਕ ਕੇ, ਡਾਢੇ ਰੋਹ ’ਚ ਆਇਆ ਸੀ ਓਸ ਵੇਲੇ।

ਵਾਂਗ ਸ਼ੇਰ ਦੇ ਗਰਜ ਕੇ ਕਹਿਣ ਲੱਗਾ, ਇਨ੍ਹਾਂ ਦੁਸ਼ਟਾਂ ਨੂੰ ਸਬਕ ਸਿਖਾ ਦੇਵਾਂ।
ਹੁਕਮ ਕਰੋ ਜੇ ਜਗਤ ਦੇ ਪੀਰ ਮੈਨੂੰ, ਸਭ ਨੂੰ ਕੀਤੀ ਦਾ ਮਜਾ ਚਖਾ ਦੇਵਾਂ।
ਤੇਰੇ ਇਕੋ ਇਸ਼ਾਰੇ ਦੇ ਨਾਲ ਦਾਤਾ, ਤਖ਼ਤ ਮਿੱਟੀ ਦੇ ਵਿੱਚ ਮਿਲਾ ਦੇਵਾਂ।
ਹੁਕਮ ਕਰੋ ਤਾਂ ਦਿੱਲੀ ਲਾਹੌਰ ਵਾਲੀ, ਇੱਟ ਨਾਲ ਮੈਂ ਇੱਟ ਖੜਕਾ ਦੇਵਾਂ।

ਜਹਾਂਗੀਰ ਨੂੰ ਲਾਹਨਤਾਂ ਪਾਉਣ ਲੱਗਾ, ਬੜਾ ਘੋਰ ਤੂੰ ਕੀਤੈ ਗੁਨਾਹ ਸ਼ਾਹਾ।
ਦੁੱਖ ਦਿੱਤੈ ਤੂੰ ਅੱਲ੍ਹਾ ਦੀ ਰੂਹ ਤਾਂਈਂ, ਆ ਕੇ ਚੁੱਕ ਵਿੱਚ ਖਾਹਮਖਾਹ ਸ਼ਾਹਾ।
ਤੇਰੇ ਬਾਪ ਵੀ ਸਿੱਜਦੇ ਸੀ ਆਣ ਕੀਤੇ, ਸੱਚੀ ਸੁੱਚੀ ਹੈ ਇਹ ਦਰਗਾਹ ਸ਼ਾਹਾ।
ਸਿਰ ’ਤੇ ਚੁੱਕੀ ਏ ਪਾਪਾਂ ਦੀ ਪੰਡ ਤੂੰ ਤਾਂ, ਭੁੱਲ ਗਿਆ ਇਸਲਾਮ ਦਾ ਰਾਹ ਸ਼ਾਹਾ।

ਤੇਰੇ ਪਾਪ ਦਾ ਬੇੜਾ ਹੁਣ ਭਰ ਚੁੱਕੈ, ਤੇਰੇ ਰਾਜ ਨੇ ਹੋਣੈ ਤਬਾਹ ਸ਼ਾਹਾ।
ਜੀਹਨੂੰ ਝੂਠ ਦੀ ਤੂੰ ਦੁਕਾਨ ਕਹਿੰਦੈਂ, ਇਹ ਤਾਂ ਸੱਚ ਤੇ ਧਰਮ ਦਾ ਰਾਹ ਸ਼ਾਹਾ।
ਤੱਤੀ ਤਵੀ ’ਤੇ ਮਾਲਾ ਪਿਆ ਫੇਰਦਾ ਈ, ਬੈਠਾ ਹੋਇਆ ਉਹ ਬੇਪ੍ਰਵਾਹ ਸ਼ਾਹਾ।
ਕੀਤੈ ਜਿਹੜਾ ਗੁਨਾਹ ਤੂੰ ਜਾਣ ਬੁਝ ਕੇ, ਇਹਦਾ ਰਹੂ ਇਤਿਹਾਸ ਗਵਾਹ ਸ਼ਾਹਾ।

ਸਤਿਗੁਰ ਹੱਸੇ ਤੇ ਹੱਸ ਕੇ ਕਹਿਣ ਲੱਗੇ, ਬਹੁਤੇ ਗੁੱਸੇ ’ਚ ਆਓ ਨਾ ਪੀਰ ਜੀਓ।
ਸਭ ਕੁਝ ਅੱਲਾਹ ਦੇ ਭਾਣੇ ’ਚ ਹੋ ਰਿਹਾ ਏ, ਨੈਣਾਂ ਵਿੱਚੋਂ ਵਗਾਓ ਨਾ ਨੀਰ ਜੀਓ।
ਰੱਖਣੇ ਚਾਹੀਦੇ ਰੁੱਖਾਂ ਦੇ ਵਾਂਗ ਜੇਰੇ, ਔਖੇ ਸਮੇਂ ’ਚ ਰੱਬੀ ਫਕੀਰ ਜੀਓ।
ਨਵਾਂ ਰਾਹ ਇਬਾਦਤ ਦਾ ਦੱਸਣਾ ਏ, ਮਿੱਠਾ ਮੰਨ ਭਾਣਾ ਮੀਆਂ ਮੀਰ ਜੀਓ।

ਨਾਲ ਨਿਮਰਤਾ ਕਿਹਾ ਫਿਰ ਪਾਤਸ਼ਾਹ ਨੇ, ਗ਼ੁੱਸਾ ਨਿਰਾ ਹੁੰਦਾ ਭਾਂਬੜ ਅੱਗ ਦਾ ਏ।
ਨਾਲ ਸਬਰ ਦੇ ਜਬਰ ਨੂੰ ਮਾਤ ਦੇਣੀ, ਏਹੋ ਸਾਂਈਂ ਜੀ ਅਸਾਂ ਨੂੰ ਫੱਬਦਾ ਏ।
ਸਭ ਕੁਝ ਕਾਦਰ ਦੇ ਹੁਕਮ ’ਚ ਹੋ ਰਿਹਾ ਏ, ਇਹਦੇ ਵਿੱਚ ਹੀ ਭਲਾ ਸਭ ਜੱਗ ਦਾ ਏ।
ਤਪਦੀ ਤਵੀ ’ਤੇ ਬੈਠਿਆਂ ਕਿਹਾ ਸਤਿਗੁਰ, ਭਾਣਾ ਮਿੱਠਾ ਪਿਆਰੇ ਦਾ ਲੱਗਦਾ ਏ।

ਕਰਾਮਾਤ ਤਾਂ ਕਹਿਰ ਦਾ ਨਾਂ ਹੁੰਦੈ, ਜੋ ਕੁਝ ਕਰਨਾ ਏ, ਉਹੋ ਹੀ ਕਰ ਰਹੇ ਹਾਂ।
ਪੀਣੈ ਅਸਾਂ ਨੇ ਜਾਮ ਸ਼ਹਾਦਤਾਂ ਦਾ, ਏਸੇ ਲਈ ਇਹ ਦੁੱਖੜੇ ਜਰ ਰਹੇ ਹਾਂ।
ਪਰਦਾ ਝੂਠ ਦਾ ਲਾਹੁਣ ਲਈ ਸੱਚ ਉੱਤੋਂ, ਅਸੀਂ ਮੌਤ ਮਰਜਾਣੀ ਨੂੰ ਵਰ ਰਹੇ ਹਾਂ।
ਤੁਸਾਂ ਨੀਂਹ ਹਰਿਮੰਦਰ ਦੀ ਧਰੀ ਹੈਸੀ, ਅਸੀਂ ਨੀਂਹ ਕੁਰਬਾਨੀ ਦੀ ਧਰ ਰਹੇ ਹਾਂ।

ਮੀਆਂ ਮੀਰ, ਇਹ ਮੌਜ ਅਕਾਲ ਦੀ ਏ, ਦਖਲ ਦੇਣਾ ਨਹੀਂ ਏਸ ਵਿੱਚ ਠੀਕ ਸਾਂਈਆਂ।
ਰਾਜੀ ਰਹਿਣਾ ਏ ਉਸਦੀ ਰਜ਼ਾ ਅੰਦਰ, ਮੈਂ ਤਾਂ ਅੰਤਮ ਸਵਾਸ ਦੇ ਤੀਕ ਸਾਂਈਆਂ।
ਐਸੇ ਦੋਖੀ ਨੂੰ ਸਜਾ ਜ਼ਰੂਰ ਮਿਲਦੀ, ਸਮਝੀਂ ਏਸਨੂੰ ਪੱਥਰ ਤੇ ਲੀਕ ਸਾਈਆਂ।
ਚੱਕੀ ਵਾਹਿਗੁਰੂ ਦੀ ਚਲਦੀ ਬਹੁਤ ਹੌਲੀ, ਆਟਾ ਪੀਸਦੀ ਐਪਰ ਬਰੀਕ ਸਾਈਆਂ।

ਮੀਆਂ ਮੀਰ ਇਹ ਠੀਕ ਹੈ ਰੱਤ ਮੇਰੀ, ਤੱਤੀ ਤਵੀ ਦੇ ਉੱਤੇ ਹੈ ਸੁੱਕ ਸਕਦੀ।
ਜਿੰਨੇ ਮਰਜੀ ਇਹ ਦੇ ਲੈਣ ਦੁਖ ਮੈਨੂੰ, ਦੁੱਖਾਂ ਅੱਗੇ ਨਹੀਂ ਆਤਮਾ ਝੁਕ ਸਕਦੀ।
ਸਮਾਂ ਆਉਣ ਤੇ ਇੱਟ ਨਾਲ ਇੱਟ ਖੜਕੂ, ਅੱਗ ਅਣਖ ਦੀ ਬਲਣੋਂ ਨਹੀਂ ਰੁਕ ਸਕਦੀ।
ਰਹਿੰਦੀ ਸਦਾ ਸਚਾਈ ਸੰਸਾਰ ਅੰਦਰ, ਨਾ ਇਹ ਮਰ ਸਕਦੀ ਨਾ ਹੀ ਮੁੱਕ ਸਕਦੀ।

ਇਸ ਅੱਤ ਨੇ ‘ਜਾਚਕਾ’ ਜਨਮ ਦੇਣੈ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤਾਂਈਂ।
ਸਬਰ ਸ਼ਾਂਤੀ ਦੇ ਮੈਂ ਜੋ ਬੀਜ ਬੀਜੇ, ਖ਼ਤਮ ਕਰਨਗੇ ਜ਼ੁਲਮ ਦੀ ਰਾਤ ਤਾਂਈਂ।
ਕਰੂ ਸ਼ਬਦ ਹੁਣ ਸਫ਼ਰ ਸਮਸ਼ੀਰ ਤੀਕਰ, ਬਲ ਮਿਲੂ ਕ੍ਰਾਂਤੀ ਦੀ ਬਾਤ ਤਾਂਈਂ।
ਤੁਸੀਂ ਸ਼ਾਂਤ ਹੋ ਕੇ ਦੇਖੋ ਪੀਰ ਜੀਉ, ਆਉਂਦੀ ਕੌਮ ’ਤੇ ਨਵੀਂ ਪ੍ਰਭਾਤ ਤਾਂਈਂ।