ਲੂਣਾ – ਦੂਜਾ ਅੰਕ | ਭਾਗ – 5

ਲੂਣਾ – ਦੂਜਾ ਅੰਕ | ਭਾਗ – 4 ਪੜ੍ਹਨ ਲਈ ਕਲਿੱਕ ਕਰੋ

ਵਰਮਨ
ਲੂਣਾ…!
ਬਾਰੂ ਸ਼ੂਧਰ ਦੀ ਧੀ ?
ਸੋਹਣੀ,ਚੰਚਲ, ਕੋਮਲ ਅੰਗੀ
ਪਰ ਪਿਛਲੇ ਜਨਮਾਂ ਦਾ ਫਲ ਹੈ
ਜਿਵੇਂ ਅਪੱਛਰਾਂ, ਪਰ ਭਿੱਟ-ਅੰਗੀ
ਮਧਰਾ ਦੇ ਵਿੱਚ ਜਿਓਂ ਜਲ-ਗੰਗੀ
ਸੁੰਦਰ ਨਾਰ ਕਿਸੇ ਰਾਜੇ ਦੀ
ਸੰਭਵ ਨਾ
ਹੋਵੇ ਅਧਰੰਗੀ

ਸਲਵਾਨ
ਜੇ ਲੂਣਾ
ਸ਼ੂਧਰ ਦੀ ਧੀ ਹੈ
ਨਿਰਦੋਸ਼ੀ ਦਾ ਦੋਸ਼ ਵੀ ਕੀਹ ਹੈ ?

ਵਰਮਨ
ਦੋਸ਼ !
ਦੋਸ਼ ਤਾਂ ਉਸ ਦੇ ਕਰਮਾਂ ਦਾ ਹੈ
ਜਾਂ ਫਿਰ ਪਿਛਲੇ ਜਨਮਾਂ ਦਾ ਹੈ

ਸਲਵਾਨ
ਨਹੀਂ ਨਹੀਂ !
ਕੁਝ ਦੋਸ਼ ਨਾ ਉਸ ਦਾ
ਦੋਸ਼ ਤਾਂ ਸਾਡੇ ਭਰਮਾਂ ਦਾ ਹੈ
ਜਾਂ ਫਿਰ ਸਾਡੇ ਧਰਮਾਂ ਦਾ ਹੈ
ਧਰਮ
ਜੋ ਸਾਨੂੰ ਇਹ ਕਹਿੰਦੇ ਨੇ
ਮੰਦਰਾਂ ਦੇ ਵਿੱਚ ਸੰਖ ਵਜਾਵੋ
ਵੱਟਿਆਂ ਦੇ ਵਿੱਚ ਸ਼ਰਧਾ ਰੱਖੋ
ਪੱਥਰਾਂ ਅੱਗੇ ਧੂਫ਼ ਧੁਖਾਵੋ
ਪਰ ਜੇ ਮਾਨਵ, ਮਰਦਾ ਹੋਵੇ
ਮਰਦੇ ਮੂੰਹ ਵਿੱਚ ਬੂੰਦ ਨਾ ਪਾਵੋ
ਇੱਕ ਦੂਜੇ ਦੇ
ਲਹੂਆਂ ਦੇ ਵਿੱਚ
ਆਪਣੇ ਆਪਣੇ ਹੱਥ ਡੁਬਾਵੋ
ਆਉਂਦੇ ਮਾਨਵ ਜੋਗਾ ਰਲਕੇ
ਖੇਤੀਂ ਰੱਜ ਕੇ ਕੋਝ ਉਗਾਵੋ
ਤਵਾਰੀਖ਼ ਦੀ ਛਾਤੀ ਉੱਤੇ
ਰੰਗਾਂ ਵਾਲੇ ਨਾਗ ਲੜਾਵੋ
ਸਮਿਆਂ ਦੇ ਸ਼ਮਸ਼ਾਨਘਾਟ ‘ਤੇ
ਆਪਣੀ ਆਪਣੀ ਮੜ੍ਹੀ ਬਣਾਵੋ
ਕਿਹੜਾ ਧਰਮ
‘ਤੇ ਕਿਹੜਾ ਰੰਗ ਹੈ
ਸੰਗਮਰਮਰ ਦੇ ਖੁਤਵੇ ਲਾਵੋ
ਧਰਮ, ਤਾਂ ਮੇਰੇ ਮਿੱਤਰ ਉਹ ਹੈ
ਜੋ ਨਾ ਲਹੂ ਦਾ ਰੰਗ ਪਛਾਣੇ
ਜੋ ਸਭਨਾਂ ਨੂੰ ਇੱਕ ਕਰ ਜਾਣੇ
ਮਾਨਵ ਦੀ ਪੀੜਾ ਨੂੰ ਸਮਝੇ
ਮਾਨਵ ਦੀ ਪੀੜਾ ਨੂੰ ਜਾਣੇ

ਅਸੀਂ ਤਾਂ ਸੱਜਣ !
ਸਭ ਸ਼ੂਦਰ ਹਾਂ
ਭਿੱਟ-ਅੰਗੇ ਤੇ ਸੁਹਜ-ਵਿਹੂਣੇ
ਵੱਖ ਵੱਖ ਲਹੂਆਂ ਦੇ ਰੰਗ ਲੈ ਕੇ
ਧਰਮਾਂ ਵਿਹੜੇ ਕਰੀਏ ਟੂਣੇ
ਕਰਮ-ਵਿਛੁੰਨੇ ਜਨਮ-ਵਿਹੂਣੇ
ਉੱਤੋਂ ਮਿੱਠੇ
ਵਿਚੋਂ ਲੂਣੇ
ਕੱਲ੍ਹ ਜੋ ਮਿੱਤ੍ਰ
ਦਿਹੁੰ ਮਰਿਆ ਸੀ
ਕੀ ਉਹ ਮੁੜ ਕੇ ਅੱਜ ਮਰ ਸਕਦੈ ?
ਜਾਂ ਜੋ ਕੱਲ੍ਹ ਨੂੰ ਮਰਨਾ ਹਾਲੇ
ਕਿਸੇ ਵੀ ਹੀਲੇ ਅੱਜ ਮਰ ਸਕਦੈ ?
ਅੱਜ ਦਾ ਦਿਹੁੰ ਤਾਂ
ਸੱਜਣ ਮੇਰੇ
ਅੱਜ ਚੜ੍ਹ ਸਕਦੈ , ਅੱਜ ਮਰ ਸਕਦੈ
ਬੀਤੇ ਜਨਮਾਂ ਦੇ ਕਰਮਾਂ ਦਾ
ਦੋਸ਼ ਕਿਸੇ ਸਿਰ
ਕਿੰਜ ਚੜ੍ਹ ਸਕਦੈ ?
ਜੋ ਮਰਿਆ
ਸੋ ਮਰ ਚੁੱਕਾ ਹੈ
ਜੋ ਜਿਉਂਦਾ ਸੋ ਮਰ ਜਾਵੇਗਾ
ਜਾਂ ਜੋ ਜੰਮਣਾ ਵੀ ਹੈ ਹਾਲੇ
ਉਹ ਵੀ ਸੂਰਜ ਠਰ ਜਾਵੇਗਾ
ਭੂਤ, ਭਵਿੱਖ ਦਾ ਨਾਗ ਨਾ ਸੰਭਵ
ਅੱਜ ਦੀ ਧੁੱਪ ਨੂੰ ਲੜ ਜਾਵੇਗਾ

(ਚਲਦਾ….)