bulleh shah

ਉਠ ਜਾਗ ਘੁਰਾੜੇ ਮਾਰ ਨਹੀਂ – ਬੁੱਲ੍ਹੇ ਸ਼ਾਹ

ਉਠ ਜਾਗ ਘੁਰਾੜੇ ਮਾਰ ਨਹੀਂ |
ਇਹ ਸੌਣ ਤੇਰੇ ਦਰਕਾਰ ਨਹੀਂ |

ਇਕ ਰੋਜ਼ ਜਹਾਨੋਂ ਜਾਣਾ ਏ , ਜਾ ਕਬਰ ਦੇ ਵਿਚ ਸਮਾਣਾਂ ਏ ,
ਤੇਰਾ ਗੋਸ਼ਤ ਕੀੜਿਆਂ ਖਾਣਾ ਏ , ਕਰ ਚੇਤਾ ਮਰਗ ਵਿਸਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਤੇਰਾ ਸਾਹਾ ਨੇੜੇ ਆਇਆ ਏ , ਕੁਝ ਚੋਲੀ ਦਾਜ ਰੰਗਾਇਆ ਏ ,
ਕਿਉਂ ਆਪਣਾਂ ਆਪ ਵੰਝਾਇਆ ਏ , ਐ ਗਾਫ਼ਲ ਤੈਨੂੰ ਸਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਤੂੰ ਸੁੱਤਿਆਂ ਉਮਰ ਵੰਝਾਈ ਏ , ਤੂੰ ਚਰਖੇ ਤੰਦ ਨਾ ਪਾਈ ਏ ,
ਕੀ ਕਰਸੇਂ ਦਾਜ ਤਿਆਰ ਨਹੀਂ ? ਉਠ ਜਾਗ ਘੁਰਾੜੇ ਮਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਤੁੰ ਜਿਸ ਦਿਨ ਜੋਬਨ ਮੱਤੀ ਸੈਂ, ਤੂੰ ਨਾਲ ਸਈਆਂ ਦੇ ਰੱਤੀ ਸੈਂ ,
ਹੈ ਗਾਫ਼ਲ ਗੱਲੀਂ ਵੱਤੀ ਸੈਂ, ਇਹ ਭੋਰਾ ਤੈਨੂੰ ਸਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਤੂੰ ਮੁਢੋਂ ਬਹੁਤ ਕੁਚੱਜੀ ਸੈਂ , ਨਿਰਲਜਿਆ ਦੀ ਨਿਰਲੱਜੀ ਸੈਂ ,
ਤੂੰ ਖਾ ਖਾ ਖਾਣੇ ਰੱਜੀ ਸੈਂ , ਹੁਣ ਤਾਈ ਤੇਰਾ ਬਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਅਜ ਕਲ ਤੇਰਾ ਮੁਕਲਾਵਾ ਏ,ਕਿਉਂ ਸੁੱਤੀ ਕਰ ਦਾਅਵਾ ਏ ,
ਅਣਡਿਠਿਆਂ ਨਾਲ ਮਿਲਾਵਾ ਏ , ਇਹ ਭਲਕੇ ਗਰਮ ਬਜ਼ਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਤੂੰ ਇਸ ਜਹਾਨੋਂ ਜਾਏਂਗੀ , ਫਿਰ ਕਦਮ ਨਾ ਏਥੇ ਪਾਏਂਗੀ ,
ਇਹ ਜੋਬਨ ਰੂਪ ਵੰਝਾਏਂਗੀ , ਤੈਂ ਰਹਿਣਾ ਵਿਚ ਸੰਸਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਮੰਜਿਲ ਤੇਰੀ ਦੂਰ-ਦੁਰਾਡੀ , ਤੂੰ ਪੌਣਾਂ ਵਿਚੋਂ ਜੰਗਲ ਵਾਦੀ ,
ਔਖਾ ਪਹੁੰਚਣ ਪੈਰ ਪਿਆਦੀ , ਦਿਸਦੀ ਤੂੰ ਅਸਵਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਇੱਕ ਇੱਕਲੀ ਤਨਹਾਂ ਚਲਸੇਂ , ਜੰਗਲ ਬਰਬਰ ਦੇ ਵਿਚ ਰੂਲਸੇਂ ,
ਲੈ ਲੈ ਤੋਸਾ ਇਥੋਂ ਘਲਸੇਂ , ਉਥੇ ਲੈਣ ਉਧਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਉਹ ਖ਼ਾਲੀ ਏ ਸੁੰਞ ਹਵੇਲੀ , ਤੂੰ ਵਿਚ ਰਹਿਸੇਂ ਇੱਕ ਇੱਕੇਲੀ ,
ਓਥੋਂ ਹੋਸੀਂ ਹੋਰ ਨਾ ਬੋਲੀ , ਸਾਥ ਕਿਸੇ ਦਾ ਬਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਜਿਹੜੇ ਸਨ ਦੇਸਾਂ ਦੇ ਰਾਜੇ , ਨਾਲ ਜਿਨਾ ਦੇ ਵਜਦੇ ਵਾਜੇ ,
ਹੋ ਕੇ ਗਏ ਬੇ-ਤਖ਼ਤੇ ਤਾਜੇ , ਕੋਈ ਦੁਨੀਆਂ ਦਾ ਇਤਬਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਕਿੱਥੇ ਹੈ ਸੁਲਤਾਨ ਸਿਕੰਦਰ , ਮੌਤ ਨਾ ਛੱਡੇ ਪੀਰ ਪੈਗ਼ੰਬਰ,
ਸਭੇ ਛੱਡ-ਛੱਡ ਗਏ ਅਡੰਬਰ , ਕੋਈ ਏਥੇ ਪਾਇਦਾਰ ਨਹੀਂ,
ਉਠ ਜਾਗ ਘੁਰਾੜੇ ਮਾਰ ਨਹੀਂ |

ਕਿੱਥੇ ਯੁਸਫ਼ ਮਾਹਿ-ਕਾਨਿਆਨੀ , ਲਈ ਜ਼ੁਲੇਖਾਂ ਫੇਰ ਜਵਾਨੀ ,
ਕੀਤੀ ਮੌਤ ਨੇ ਓੜਕ ਫ਼ਾਨੀ , ਫੇਰ ਓਹ ਹਾਰ ਸ਼ਿੰਗਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਕਿੱਥੇ ਤਖ਼ਤ ਸੁਲੇਮਾਨ ਵਾਲਾ , ਵਿੱਚ ਹਵਾ ਉਡਦਾ ਸੀ ਬਾਲਾ ,
ਉਹ ਵੀ ਕਾਦਰ ਆਪ ਸੰਭਾਲਾ , ਕੋਈ ਜ਼ਿੰਦਗੀ ਦਾ ਇਤਬਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਕਿੱਥੇ ਮੀਰ ਮਲਕ ਸੁਲਤਾਨਾਂ , ਸੱਭੇ ਛਡ ਗਏ ਟਿਕਾਣਾ ,
ਕੋਈ ਮਾਰ ਨਾ ਬੈਠੇ ਠਾਣਾ , ਲਸ਼ਕਰ ਦਾ ਜਿਨਾਂ ਸ਼ੁਮਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਫੁੱਲਾਂ ਫੁੱਲ ਚੰਬੇਲੀ ਲਾਲਾ, ਸੋਸਨ ਸਿੰਬਲ ਸਰੂ ਨਿਰਾਲਾ ,
ਬਾਦਿ-ਖਜ਼ਾਂ ਕੀਤਾ ਬੁਰ ਹਾਲਾ , ਨਰਗਸ ਨਿਤ ਖ਼ੁਮਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਜੋ ਕੁਝ ਕਰਸੇਂ ਸੋ ਕੁਝ ਪਾਸੇਂ , ਨਹੀਂ ਤੇ ਓੜਕ ਪਛਤਾਸੇਂ ,
ਸੰਞੀ ਕੁੰਜ ਵਾਂਗ ਕੁਰਲਾਸੈਂ , ਖੰਭਾਂ ਬਾਝ ਉਡਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ|

ਡੇਰਾ ਕਰਸੇਂ ਉਹਨੀਂ ਜਾਈਂ , ਜਿਥੇ ਸ਼ੇਰ ਪਲੰਗ ਬਲਾਈਂ ,
ਖਾ਼ਲੀ ਰਹਿਸਣ ਮਹਿਲ ਸਰਾਈਂ , ਫਿਰ ਤੂੰ ਵਿਰਸੇਦਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਅਸੀਂ ਆਜਜ਼ ਕੋਟ ਇਲਮ ਦੇ , ਓਸੇ ਆਂਦੇ ਵਿਚ ਕਲਮ ਦੇ ,
ਬਿਨ ਕਲਮੇ ਦੇ ਨਾਹੀਂ ਕੰਮ ਦੇ , ਬਾਝੋਂ ਕਲਮੇ ਪਾਰ ਨਹੀਂ,
ਉਠ ਜਾਗ ਘੁਰਾੜੇ ਮਾਰ ਨਹੀਂ |

ਬੁੱਲ੍ਹਾ ਸ਼ਹੁ ਬਿਨ ਕੋਈ ਨਾਹੀਂ , ਇਥੇ ਓਥੇ ਦੋਹੀ ਸਰਾਈਂ ,
ਸੰਭਲ ਸੰਭਲ ਕੇ ਕਦਮ ਟਿਕਾਈ , ਫੇਰ ਆਵਣ ਦੂਜੀ ਵਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਇਕ ਨੁਕਤਾ ਯਾਰ ਪੜ੍ਹਾਇਆ ਏ – ਬੁੱਲ੍ਹੇ ਸ਼ਾਹ

ਇਕ ਨੁਕਤਾ ਯਾਰ ਪੜ੍ਹਾਇਆ ਏ ।
ਇਕ ਨੁਕਤਾ ਯਾਰ ਪੜ੍ਹਾਇਆ ਏ ।

ਐਨ ਗ਼ੈਨ ਦੀ ਹਿੱਕਾ ਸੂਰਤ, ਇੱਕ ਨੁਕਤੇ ਸ਼ੋਰ ਮਚਾਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।

ਸੱਸੀ ਦਾ ਦਿਲ ਲੁੱਟਣ ਕਾਰਨ, ਹੋਤ ਪੁਨੂੰ ਬਣ ਆਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।

ਬੁੱਲ੍ਹਾ ਸ਼ਹੁ ਦੀ ਜ਼ਾਤ ਨਾ ਕਾਈ, ਮੈਂ ਸ਼ਹੁ ਅਨਾਇਤ ਪਾਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।

ਇਕ ਰਾਂਝਾ ਮੈਨੂੰ ਲੋੜੀਦਾ – ਬੁੱਲ੍ਹੇ ਸ਼ਾਹ

ਇਕ ਰਾਂਝਾ ਮੈਨੂੰ ਲੋੜੀਦਾ |
ਕੁਨ-ਫਅਕੂਨੋਂ ਅੱਗੇ ਦੀਆਂ ਲੱਗੀਆਂ,
ਨੇਹੁੰ ਨਾ ਲਗੜਾ ਚੋਰੀ ਦਾ |

ਆਪ ਛਿੜ ਜਾਂਦਾ ਨਾਲ ਮੱਝੀਂ ਦੇ,
ਸਾਨੂੰ ਕਿਉਂ ਬੇਲਿਉਂ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ,
ਮਿੰਨਤਾਂ ਕਰ ਕਰ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਮਾਨ ਵਾਲੀਆਂ ਦੇ ਨੈਣ ਸਲੋਨੇ,
ਸੂਹਾ ਦੁਪੱਟਾ ਗੋਰੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਅਹਿਦ ਅਹਿਮਦ ਵਿਚ ਫਰਕ ਨਾ ਬੁੱਲ੍ਹਿਆ,
ਇਕ ਰੱਤੀ ਭੇਤ ਮਰੋੜੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।