ਗੁਰੂ ਨਾਨਕ ਦੇਵ ਜੀ – ਹਰੀ ਸਿੰਘ ਜਾਚਕ

ਸਿੱਖ ਧਰਮ ਦੀ ਰੱਖੀ ਸੀ ਨੀਂਹ ਜੀਹਨਾਂ, ਗੁਰੂ ਨਾਨਕ ਮਹਾਰਾਜ ਦੀ ਗੱਲ ਕਰੀਏ।
ਨੂਰੋ ਨੂਰ ਸੀ ਜੇਸ ਨਾਲ ਜੱਗ ਹੋਇਆ, ਓਸ ਨੂਰੀ ਪਰਵਾਜ਼ ਦੀ ਗੱਲ ਕਰੀਏ।
ਨਾ ਕੋ ਹਿੰਦੂ ਨਾ ਮੁਸਲਮਾਨ ਕੋਈ, ਧੁਰੋਂ ਆਈ ਆਵਾਜ਼ ਦੀ ਗੱਲ ਕਰੀਏ।
ਜਿਸ ਤੇ ਚੜ੍ਹ ਕੇ ਭਵਜਲੋਂ ਪਾਰ ਹੋਈਏ, ਨਾਨਕ ਨਾਮ ਜਹਾਜ਼ ਦੀ ਗੱਲ ਕਰੀਏ।

ਤੇਰੇ ਦਰ ਤੇ ਆਣ ਕੇ ਪਾਤਸ਼ਾਹ ਜੀ, ਸਾਰੀ ਦੁਨੀਆਂ ਦਾ ਸੀਸ ਹੀ ਝੁਕ ਜਾਵੇ।
ਤੇਰੇ ਪੰਜੇ ਦੀ ਛੋਹ ਨੂੰ ਛੋਂਹਦਿਆਂ ਹੀ, ਪਰਬਤ ਡਿੱਗਦਾ ਡਿੱਗਦਾ ਰੁਕ ਜਾਵੇ।
ਤਿਖਾ ਮਾਰਿਆ ਬਾਣੀ ਦਾ ਬਾਣ ਤੇਰਾ, ਕੀ ਮਜ਼ਾਲ ਨਿਸ਼ਾਨਿਉਂ ਉਕ ਜਾਵੇ।
ਜੇਹੜਾ ਤੇਰੇ ਨਿਸ਼ਾਨੇ ਤੇ ਦਿਲ ਰੱਖੇ, ਓਹਦਾ ਗੇੜ ਚੁਰਾਸੀ ਦਾ ਮੁੱਕ ਜਾਵੇ।

ਪਰਗਟ ਹੋ ਕੇ ਏਸ ਸੰਸਾਰ ਅੰਦਰ, ਪਰਦਾ ਦੂਈ ਦਵੈਤ ਦਾ ਦੂਰ ਕੀਤਾ।
ਜਿਉਂਦੇ ਜੀਅ ਜੋ ਲੋਕਾਂ ਦੀ ਜਾਨ ਕੱਢਦੇ, ਵਹਿਮਾਂ ਭਰਮਾਂ ਨੂੰ ਚਕਨਾਚੂਰ ਕੀਤਾ।
ਭਾਈ ਲਾਲੋ ਦੀ ਰੋਟੀ ’ਚੋਂ ਦੁੱਧ ਕੱਢ ਕੇ, ਮਲਕ ਭਾਗੋ ਦਾ ਖ਼ਤਮ ਗ਼ਰੂਰ ਕੀਤਾ।
ਰੱਬੀ ਨਾਮ ਦੀ ਚੱਕੀ ਚਲਾ ਕੇ ਤੇ, ਸਿਜਦਾ ਕਰਨ ਲਈ ਬਾਬਰ ਮਜਬੂਰ ਕੀਤਾ।

ਨਾਨਕ ਰੂਪ ਦੇ ਵਿਚ ਨਿਰੰਕਾਰ ਆਇਆ – ਹਰੀ ਸਿੰਘ ਜਾਚਕ

ਭੀੜ ਬਣੀ ਸੀ ਜਦੋਂ ਮਨੁੱਖਤਾ ’ਤੇ, ’ਨੇਰੀ ਜ਼ੁਲਮ ਵਾਲੀ ਰਹੀ ਝੁੱਲ ਹੈਸੀ।
ਚਲਦੀ ਛੁਰੀ ਦਿਨ ਰਾਤ ਸੀ ਗਾਟਿਆਂ ’ਤੇ, ਐਪਰ ਕੁਸਕਣ ਦੀ ਰਤਾ ਨਾ ਖੁਲ੍ਹ ਹੈਸੀ।
ਲੁਕਿਆ ਧਰਮ ਤੇ ਬਦੀ ਦਾ ਹੋਇਆ ਪਹਿਰਾ, ਇੱਜਤ ਆਬਰੂ ਦਾ ਦੀਵਾ ਗੁੱਲ ਹੈਸੀ।
ਮਾਣਸ ਖਾਣੇ ਸਨ ਧਰਮ ਦੇ ਕੁਲ ਆਗੂ, ਸੱਚ ਧਰਮ ਦਾ ਕੋਈ ਨਾ ਮੁਲ ਹੈਸੀ।

ਪੂਜਾ ਪੁਰਖ ਅਕਾਲ ਦੀ ਛੱਡ ਕੇ ਤੇ, ਲੋਕ ਹਿੰਦ ਦੇ ਸਨ ਪੱਥਰ ਪੂਜ ਹੋ ਗਏ।
ਦੇਵੀ ਦੇਵਤੇ ਤੇਤੀ ਕਰੋੜ ਤੱਕ ਕੇ, ਪੂਜਨ ਵਾਲੇ ਵੀ ਪੂਰੇ ਕੰਨਫਿਊਜ਼ ਹੋ ਗਏ।
ਚੌਂਹ ਵਰਨਾਂ ’ਚ ਵੰਡੇ ਮਨੁੱਖ ਇਥੇ, ਫਾੜੀ ਫਾੜੀ ਸਨ ਵਾਂਗ ਤਰਬੂਜ਼ ਹੋ ਗਏ।
’ਨੇਰਾ ਕੂੜ ਅਗਿਆਨ ਦਾ ਫੈਲਿਆ ਸੀ, ਚਾਨਣ ਗਿਆਨ ਦੇ ਬਲਬ ਫਿਊਜ਼ ਹੋ ਗਏ।

ਧਰਤੀ ਦੱਬੀ ਸੀ ਪਾਪ ਦੇ ਭਾਰ ਹੇਠਾਂ, ਸੱਚ ਉਡਿਆ ਲਾ ਕੇ ਖੰਭ ਹੈਸੀ।
ਹਰ ਥਾਂ ਈਰਖਾ, ਝੂਠ ਤੇ ਖੁਦਗਰਜ਼ੀ, ਵਧਿਆ ਬੜਾ ਪਾਖੰਡ ਤੇ ਦੰਭ ਹੈਸੀ।
ਰਾਜੇ ਸ਼ੀਹ, ਮੁਕੱਦਮ ਸਨ ਬਣੇ ਕੁੱਤੇ, ਸੱਚ ਧਰਮ ਗਿਆ ਹਾਰ ਤੇ ਹੰਭ ਹੈਸੀ।
ਗੁਰੂ ਨਾਨਕ ਦੇ ਆਗਮਨ ਨਾਲ ਜੱਗ ਵਿੱਚ, ਨਵੇਂ ਯੁਗ ਦਾ ਹੋਇਆ ਅਰੰਭ ਹੈਸੀ।

ਗੁਰੂ ਨਾਨਕ ਦੇ ਪਾਵਨ ਪ੍ਰਕਾਸ਼ ਵੇਲੇ, ਆਪਾਂ ਮਾਰੀਏ ਜੇ ਪੰਛੀ ਝਾਤ ਕੋਈ।
ਘਟਾ ਜ਼ੁਲਮ ਦੀ ਚੜ੍ਹੀ ਸੀ ਚੌਹੀਂ ਪਾਸੀਂ, ਕਾਲੀ ਬੋਲੀ ਅੰਧੇਰੀ ਸੀ ਰਾਤ ਕੋਈ।
ਕਰਮਾਂ ਕਾਂਡਾਂ ਦੇ ਨਾਲ ਅਗਿਆਨਤਾ ਦੀ, ਹੋ ਰਹੀ ਸੀ ਹਰ ਥਾਂ ਬਾਤ ਕੋਈ।
ਪ੍ਰਗਟ ਹੋਏ ਗੁਰ ਨਾਨਕ ਜਦ ਵਾਂਗ ਸੂਰਜ, ਚੜ੍ਹੀ ਚਾਨਣੀ ਭਰੀ ਪ੍ਰਭਾਤ ਕੋਈ।

ਠੰਡ ਪਾਉਣ ਲਈ ਤਪਦੇ ਹਿਰਦਿਆਂ ’ਚ, ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ।
ਮੰਝਧਾਰ ਅੰਦਰ ਗੋਤੇ ਖਾਂਦਿਆਂ ਨੂੰ, ਤਾਰਨ ਲਈ ਹੈਸੀ ਤਾਰਨਹਾਰ ਆਇਆ।
ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈ ਕੇ ਤੇ, ਦਾਤਾਂ ਵੰਡਣ ਲਈ ਆਪ ਦਾਤਾਰ ਆਇਆ।
ਪੰਡਤ, ਮੁੱਲਾਂ ਤੇ ਪਾਂਧੇ ਸਭ ਕਹਿਣ ਲੱਗੇ, ਕਲਯੁੱਗ ਵਿੱਚ ਹੈ ਨਾਨਕ ਅਵਤਾਰ ਆਇਆ।

ਲੈ ਕੇ ਪੁਰਖ ਅਕਾਲ ਤੋਂ ਜੋਤ ਨੂਰੀ, ਦੁਨੀਆਂ ਵਿੱਚ ਹੈਸਨ ਰੱਬੀ ਨੂਰ ਆਏ।
ਸਾਰੀ ਉਮਰ ਹੀ ਕਰਨ ਲਈ ਖਰੇ ਸੌਦੇ, ਰੱਬੀ ਬਖਸ਼ਿਸ਼ਾਂ ਨਾਲ ਭਰਪੂਰ ਆਏ।
ਸਾਡੀ ਆਤਮਾਂ ਅੰਸ਼ ਪ੍ਰਮਾਤਮਾਂ ਦੀ, ਲੋਕਾਂ ਤਾਂਈਂ ਇਹ ਦੱਸਣ ਹਜ਼ੂਰ ਆਏ।
ਚੌਂਹ ਵਰਨਾਂ ’ਚ ਵੰਡੀ ਮਨੁੱਖਤਾ ’ਚੋਂ, ਕਰਨ ਦੂਈ ਦਵੈਤ ਨੂੰ ਦੂਰ ਆਏ।

ਭਾਂਵੇਂ ਹਿੰਦੂ ਤੇ ਭਾਂਵੇਂ ਸੀ ਕੋਈ ਮੁਸਲਮ, ਦਿੱਤਾ ਸਭ ਨੂੰ ਰੱਬੀ ਪੈਗਾਮ ਬਾਬੇ।
ਗਾਹੇ ਸਾਗਰ ਤੇ ਚੜ੍ਹੇ ਸੁਮੇਰ ਪਰਬਤ, ਘੜੀ ਪਲ ਨਾ ਕੀਤਾ ਅਰਾਮ ਬਾਬੇ।
ਕਰਨ ਲਈ ਸੁਧਾਰ ਮਨੁੱਖਤਾ ਦਾ, ਸੱਚੇ ਪ੍ਰਭੂ ਦਾ ਵੰਡਿਆ ਨਾਮ ਬਾਬੇ।
ਜਿਹੜੇ ਕਰਦੇ ਸਨ ਜ਼ੁਲਮ ਬੇਦੋਸ਼ਿਆਂ ’ਤੇ, ਪਾਈ ਉਨ੍ਹਾਂ ਦੇ ਤਾਂਈਂ ਲਗਾਮ ਬਾਬੇ।

ਮੋਨ ਧਾਰ ਕੇ ਕਦੇ ਨਾ ਬੈਠ ਸਕਿਆ, ਅੱਖੀਂ ਦੇਖ ਕੇ ਦੁਨੀਆਂ ਦੇ ਦੁੱਖ ਨਾਨਕ।
ਰੁਲ ਰਹੇ ਸਨ ਪੈਰਾਂ ਦੇ ਵਿੱਚ ਜਿਹੜੇ, ਸੀ ਬਣਾਏ ਉਹ ਪੂਰਨ ਮਨੁੱਖ ਨਾਨਕ।
ਭਰਮ ਭੇਖ ਤੇ ਭੈ ਦਾ ਨਾਸ਼ ਕਰਕੇ, ਬਦਲ ਦਿੱਤਾ ਸੀ ਸਮੇਂ ਦਾ ਰੁਖ ਨਾਨਕ।
ਕੀਤੇ ਦੁਨੀਆਂ ਦੇ ਦੁੱਖ ਸੀ ਦੂਰ ‘ਜਾਚਕ’, ਘਰ ਦੇ ਛੱਡ ਕੇ ਸਾਰੇ ਹੀ ਸੁੱਖ ਨਾਨਕ।

ਧੰਨ ਨਾਨਕ, ਤੇਰੀ ਵੱਡੀ ਕਮਾਈ – ਹਰੀ ਸਿੰਘ ਜਾਚਕ

ਸੱਚ ਉਡਿਆ ਖੰਬ ਸੀ ਲਾ ਕੇ, ਹਰ ਥਾਂ ਕੂੜ ਹਨੇਰੀ ਛਾਈ।
ਰਾਜੇ ਸ਼ੀਂਹ ਮੁਕੱਦਮ ਕੁੱਤੇ, ਦੋਹਾਂ ਨੇ ਸੀ ਅੱਤ ਮਚਾਈ।
ਵਹਿਮ, ਭਰਮ, ਪਖੰਡ ਨੇ ਹਰ ਥਾਂ, ਲੋਕਾਂ ਦੀ ਸੀ ਜਾਨ ਸੁਕਾਈ।
ਐਹੋ ਜਹੇ ਮਾਹੌਲ ਦੇ ਅੰਦਰ, ਰੱਬੀ ਜੋਤ ਜਗਤ ਵਿਚ ਆਈ।
ਤਲਵੰਡੀ ਵਿਚ ਚਾਨਣ ਹੋਇਆ, ਚੌਂਹ ਕੁੰਟੀਂ ਫੈਲੀ ਰੁਸ਼ਨਾਈ।
ਸੁਰ ਨਰ ਮੁਨ ਜਨ ਆਖਣ ਲੱਗੇ, ਧੰਨ ਨਾਨਕ ਤੇਰੀ ਵੱਡੀ ਕਮਾਈ।

ਦਾਈ ਦੋਲਤਾਂ ਤੱਕ ਕੇ ਕਹਿੰਦੀ, ਘਰ ਵਿੱਚ ਬਾਲ ਅਨੋਖਾ ਆਇਆ।
ਭੈਣ ਨਾਨਕੀ ਤੱਕਦੀ ਰਹਿ ਗਈ, ਚਿਹਰੇ ਉੱਤੇ ਨੂਰ ਸਵਾਇਆ।
ਪੰਡਤ ਨੇ ਜਦ ਦਰਸ਼ਨ ਕੀਤੇ, ਤੱਕ ਕੇ ਚਰਨੀਂ ਸੀ ਹੱਥ ਲਾਇਆ।
ਪਾਂਧਾ ਜਦੋਂ ਪੜ੍ਹਾਵਣ ਲੱਗਾ, ਉਸ ਨੂੰ ਉਲਟਾ ਗੁਰਾਂ ਪੜ੍ਹਾਇਆ।
ਮੁੱਲਾਂ ਕਹਿਣ ਇਹ ਮਉਲਾ ਆਇਆ, ਜਾਂਦੇ ਸਨ ਸਭ ਸੀਸ ਝੁਕਾਈ।
ਤੱਕ ਤੱਕ ਸਾਰੇ ਈ ਏਹੋ ਆਖਣ, ਧੰਨ ਨਾਨਕ ਤੇਰੀ ਵੱਡੀ ਕਮਾਈ।

ਪਿਤਾ ਦੇ ਹੁਕਮ ਨੂੰ ਮੰਨ ਕੇ ਸਤਿਗੁਰ, ਮੱਝਾਂ ਚਾਰਣ ਚੱਲ ਪਏ ਨੇ।
ਮੱਝਾਂ ਚਾਰਣ ਵਾਲੇ ਵਾਗੀ, ਰੱਬ ਨਾਲ ਕਰਦੇ ਗੱਲ ਪਏ ਨੇ।
ਓਧਰ ਮੱਝਾਂ ਖੇਤ ਸੀ ਚਰਿਆ, ਜੱਟ ਦੇ ਸੀਨੇ ਸੱਲ੍ਹ ਪਏ ਨੇ।
ਨਾਨਕ ਦੀ ਥਾਂ ਆਪ ਰੱਬ ਜੀ, ਮਸਲੇ ਕਰਦੇ ਹੱਲ ਪਏ ਨੇ।
ਜਿਹੜਾ ਖੇਤ ਉਜੜਿਆ ਦਿਸਿਆ, ਖੇਤੀ ਦਿਸ ਪਈ ਦੂਣ ਸਵਾਈ।
ਜੱਟ ਵੇਖ ਕੇ ਦੰਗ ਹੋ ਕਹਿੰਦਾ, ਧੰਨ ਨਾਨਕ ਤੇਰੀ ਵੱਡੀ ਕਮਾਈ।

ਇਕ ਦਿਨ ਮੱਝਾਂ ਚਾਰਦੇ ਸਤਿਗੁਰ, ਰੁੱਖ ਦੇ ਥੱਲੇ ਜਾ ਕੇ ਸੁੱਤੇ।
ਰੱਬ ਨਾਲ ਸੀ ਸੁਰਤੀ ਜੁੜ ਗਈ, ਧੁੱਪ ਆ ਗਈ ਮੁੱਖੜੇ ਉੱਤੇ।
ਫਨੀਅਰ ਨਾਗ ਨੂੰ ਮੌਕਾ ਮਿਲਿਆ, ਜਾਗੇ ਉਸ ਦੇ ਭਾਗ ਸੀ ਸੁੱਤੇ।
ਪੂਰਾ ਫੰਨ ਖਿਲਾਰ ਕੇ ਬਹਿ ਗਿਆ, ਕਰਤੀ ਛਾਂ ਸੀ ਮੁੱਖੜੇ ਉੱਤੇ।
ਰਾਏ ਬੁਲਾਰ ਦੇ ਹੋਸ਼ ਉਡ ਗਏ, ਚਿਹਰੇ ਤੋਂ ਉੱਡ ਗਈ ਹਵਾਈ।
ਐਪਰ ਜਿਉਂਦੇ ਤੱਕ ਕੇ ਕਹਿੰਦਾ, ਧੰਨ ਨਾਨਕ ਤੇਰੀ ਵੱਡੀ ਕਮਾਈ।

ਪਿਤਾ ਦੇ ਹੁਕਮ ਨੂੰ ਮੰਨ ਕੇ ਸਤਿਗੁਰ, ਸੱਚ ਦਾ ਕਰਨ ਵਪਾਰ ਨੇ ਚੱਲੇ।
ਸੌਦਾ ਲੈ ਕੇ ਚੂਹੜਕਾਣੇ ਤੋਂ, ਵੱਧ ਰਹੇ ਵਾਪਸ ਮੰਜ਼ਿਲ ਵੱਲੇ।
ਅੱਗੋਂ ਭੁੱਖੇ ਸਾਧੂ ਮਿਲ ਪਏ, ਜਾਗ ਪਏ ਸੀ ਭਾਗ ਸਵੱਲੇ।
ਬਾਬੇ ਨਾਨਕ ਲੰਗਰ ਲਾਇਆ, ਹੋ ਗਈ ਓਨ੍ਹਾਂ ਦੀ ਬੱਲੇ ਬੱਲੇ।
ਸੱਚਾ ਸੌਦਾ ਕਰਕੇ ਬਾਬੇ, ਭੁੱਖਿਆਂ ਦੀ ਸੀ ਭੁੱਖ ਮਿਟਾਈ।
ਲੰਗਰ ਛਕ ਕੇ ਸਾਰੇ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ।

ਦੋਲਤ ਖਾਂ ਦੇ ਬਣ ਕੇ ਮੋਦੀ, ਬਹਿ ਗਏ ਸੋਹਣਾ ਹੱਟ ਚਲਾ ਕੇ।
ਜਿਹੜਾ ਆਵੇ ਰਾਜੀ ਜਾਵੇ, ਲੈ ਜਾਏ ਸੌਦਾ ਸਾਰਾ ਆ ਕੇ।
ਤੇਰਾ ਤੇਰਾ ਕਹਿਣ ਲੱਗੇ ਸੀ, ਨਾਲ ਅਕਾਲ ਦੇ ਬਿਰਤੀ ਲਾ ਕੇ।
ਲੋਕਾਂ ਜਦੋਂ ਸ਼ਿਕਾਇਤ ਸੀ ਕੀਤੀ, ਵੇਖਿਆ ਸਭ ਕੁਝ ਤੋਲ ਤੁਲਾ ਕੇ।
ਸਭ ਕੁਝ ਪੂਰਾ ਸੂਰਾ ਮਿਲਿਆ, ਜਰਾ ਜਿੰਨੀ ਵੀ ਘਾਟ ਨਾ ਆਈ।
ਹੋ ਕੇ ਸਭ ਹੈਰਾਨ ਸੀ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ।

ਅੱਜ ਵੀ ਵਿਚ ਅਚੰਭੇ ਪਾਉਂਦੀ, ਵੇਈਂ ਨਦੀ ਵਿੱਚ ਚੁੱਭੀ ਲਾਈ।
ਤਿੰਨ ਦਿਨ ਜਲ ਸਮਾਧੀ ਲਾ ਕੇ, ਰੱਬੀ ਰੰਗ ਦੀ ਮੌਜ ਵਿਖਾਈ।
ਸਿਮਰਨ ਕਰਦਿਆਂ ਦਿਨ ਤੇ ਰਾਤੀਂ, ਬਿਰਤੀ ਨਾਲ ਅਕਾਲ ਦੇ ਲਾਈ।
ਤੀਜੇ ਦਿਨ ਜਦ ਪਰਗਟ ਹੋਏ, ਖੁਸ਼ੀ ਹੋਈ ਸੀ ਦੂਣ ਸਵਾਈ।
ਨਾ ਕੋ ਹਿੰਦੂ, ਮੁਸਲਮ ਕਹਿ ਕੇ, ਸ਼ੁਭ ਅਮਲਾਂ ਤੇ ਗੱਲ ਮੁਕਾਈ।
ਚਰਨੀਂ ਡਿੱਗ ਕੇ ਸਾਰੇ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ।

ਮਰਦਾਨੇ ਨੂੰ ਪਿਆਸ ਸੀ ਲੱਗੀ, ਵਲੀ ਵੱਲ ਗਿਆ ਲੈਣ ਸੀ ਪਾਣੀ।
ਅੱਗੋਂ ਉਸ ਹੰਕਾਰ ’ਚ ਆ ਕੇ, ਪਾਣੀ ਵਿੱਚ ਪਾ ਦਿੱਤੀ ਮਧਾਣੀ।
ਉਤੋਂ ਉਸ ਨੇ ਰੇੜ੍ਹ ਤਾ ਪੱਥਰ, ਚਾਹੁੰਦਾ ਸੀ ਓਹ ਗੱਲ ਮੁਕਾਣੀ।
ਬਾਬਾ ਜੀ ਨੇ ਪੰਜਾ ਲਾ ਕੇ, ਕੀਤੀ ਉਸ ਦੀ ਖ਼ਤਮ ਕਹਾਣੀ।
ਬਾਬੇ ਨੇ ਇਕ ਪੱਥਰ ਪੁੱਟ ਕੇ, ਪਾਣੀ ਦੀ ਸੀ ਧਾਰ ਵਗਾਈ।
ਸਾਰੇ ਤੱਕ ਕੇ ਆਖਣ ਲੱਗੇ, ਧੰਨ ਨਾਨਕ ਤੇਰੀ ਵੱਡੀ ਕਮਾਈ।

ਮਲਕ ਭਾਗੋ ਦੀ ਨਜ਼ਰ ਸੀ ਝੁਕ ਗਈ, ਖੂਨ ਵੇਖ ਕੇ ਲਾਲੋ ਲਾਲ।
ਸੱਜਣ ਠੱਗ ਬਣਾਇਆ ਸੱਜਣ, ਰੱਖ ਕੇ ਹਿਰਦਾ ਬੜਾ ਵਿਸ਼ਾਲ।
ਕੌਡਾ ਰਾਖਸ਼ ਬਣ ਗਿਆ ਬੰਦਾ, ਤੱਕਦੇ ਸਾਰ ਹੀ ਸਾਹਿਬੇ ਕਮਾਲ।
ਸਿੱਧਾਂ ਨੂੰ ਸਿੱਧੇ ਰਾਹ ਪਾਇਆ, ਕਰਕੇ ਬਹਿਸ ਸੀ ਬੇਮਿਸਾਲ।
ਜਾਦੂਗਰਾਂ ਦੇ ਉੱਡ ਗਏ ਜਾਦੂ, ਜਾਹਰੀ ਕਲਾ ਸੀ ਜਦੋਂ ਵਿਖਾਈ।
ਢਹਿ ਕੇ ਚਰਨਾਂ ਤੇ ਸੀ ਕਹਿ ਰਹੇ, ਧੰਨ ਨਾਨਕ ਤੇਰੀ ਵੱਡੀ ਕਮਾਈ।

ਦੁਨੀਆਂ ਤਾਰਣ ਦੇ ਲਈ ਆਏ, ਲੈ ਕੇ ਹੁਕਮ ਧੁਰੋਂ ਦਰਗਾਹੀ।
ਪਹੁੰਚ ਓਨ੍ਹਾਂ ਦੀ ਸੀ ਵਿਗਿਆਨਕ, ਦੇਂਦੇ ਸੀ ਓਹ ਠੋਸ ਗਵਾਹੀ।
ਨਵੀਆਂ ਲੀਹਾਂ ਪਾਉਣ ਜੋ ਆਏ, ਨਵੇਂ ਰਾਹਾਂ ਦੇ ਸੀ ਓਹ ਰਾਹੀ।
ਬਾਬਰ ਤਾਈਂ ਕਿਹਾ ਸੀ ਜਾਬਰ, ਸਚਮੁੱਚ ਸੀ ਓਹ ਸੰਤ ਸਿਪਾਹੀ।
ਅੱਜ ਵੀ ਦੁਨੀਆਂ ਯਾਦ ਹੈ ਕਰਦੀ, ਬਾਬਰ ਨੂੰ ਇਹ ਜੁਰਅੱਤ ਵਿਖਾਈ।
ਕਲਮ ‘ਜਾਚਕ’ ਦੀ ਹਰਦਮ ਲਿਖਦੀ, ਧੰਨ ਨਾਨਕ ਤੇਰੀ ਵੱਡੀ ਕਮਾਈ।

ਪੰਜ ਸੌ ਪੰਜਾਹ ਵਰ੍ਹੇ ਹੋਏ ਪੂਰੇ, ਦੁਨੀਆਂ ਵਿਚ ਜਦ ਦਰਸ ਦਿਖਾਇਆ।
ਪਾਵਨ ਪੁਰਬ ਮਨਾਵਣ ਦੇ ਲਈ, ਸੰਗਤਾਂ ਦਾ ਅੱਜ ਹੜ੍ਹ ਹੈ ਆਇਆ।
ਚਾਰੇ ਪਾਸੇ ਦਿਸਦੈ ‘ਜਾਚਕ’, ਗੁਰੂ ਨਾਨਕ ਦਾ ਹਰ ਇਕ ਜਾਇਆ।
ਕਵੀਆਂ ਨੇ ਕਵਿਤਾਵਾਂ ਰਾਹੀਂ, ਉਸਤਤਿ ਵਿੱਚ ਹਰ ਅੱਖਰ ਗਾਇਆ।
ਚਿਹਰਿਆਂ ਉੱਤੇ ਖੁਸ਼ੀਆਂ ਖੇੜੇ, ਸਭ ਨੇ ਆ ਕੇ ਰੌਣਕ ਲਾਈ।
ਸਾਰੇ ਸੰਗਤੀ ਰੂਪ ’ਚ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ।

ਜਗਤ ਜੇਤੂ, ਸੁਧਾਰਕ ਤੇ ਜਗਤ ਤਾਰਕ – ਹਰੀ ਸਿੰਘ ਜਾਚਕ

ਕੂੜ ਮੱਸਿਆ ਦੀ ਕਾਲੀ ਰਾਤ ਕਾਰਣ, ਛਾਇਆ ਨ੍ਹੇਰ ਸੀ ਸਾਰੇ ਜਹਾਨ ਅੰਦਰ।
ਲੋਭੀ ਲਾਲਚੀ ਧਰਮ ਦੇ ਆਗੂਆਂ ਨੇ, ਵੰਡੀ ਪਾਈ ਇਨਸਾਨ ਇਨਸਾਨ ਅੰਦਰ।
ਕਰਮ ਕਾਂਡ ਨੂੰ ਹੀ ਧਰਮ ਸਮਝ ਕੇ ਤੇ, ਭਟਕ ਰਹੇ ਸਨ ਲੋਕ ਅਗਿਆਨ ਅੰਦਰ।
ਇਜ਼ਤ ਗਜ਼ਨੀ ’ਚ ਰਹੀ ਨਿਲਾਮ ਹੁੰਦੀ, ਸੁੱਤੀ ਰਹੀ ਤਲਵਾਰ ਮਿਆਨ ਅੰਦਰ।

ਕੁੰਭਕਰਨ ਦੀ ਨੀਂਦ ਸਨ ਸਭ ਸੁੱਤੇ, ਉਧਰ ਦੇਸ਼ ਦਾ ਸਤਿਆਨਾਸ ਹੋਇਆ।
ਖਾਂਦੀ ਵਾੜ ਹੀ ਖੇਤ ਨੂੰ ਤੱਕ ਕੇ ਤੇ, ਹੁਕਮ ਵਾਹਿਗੁਰੂ ਵਲੋਂ ਇਹ ਖਾਸ ਹੋਇਆ।
ਮਾਤਾ ਤ੍ਰਿਪਤਾ ਦੀ ਗੋਦ ਨੂੰ ਭਾਗ ਲੱਗੇ, ਨਾਨਕ ਨੂਰ ਦਾ ਤਦੋਂ ਪ੍ਰਕਾਸ਼ ਹੋਇਆ।
ਹਿਰਦੇ ਤਪਦੇ ਇਕਦੱਮ ਸ਼ਾਂਤ ਹੋ ਗਏ, ਬਿਹਬਲ ਦਿਲਾਂ ਨੂੰ ਬੜਾ ਧਰਵਾਸ ਹੋਇਆ।

ਭੈਣ ਨਾਨਕੀ, ਨਾਨਕ ਨੂੰ ਤੱਕ ਅੰਦਰੋਂ, ਕਹਿੰਦੀ ਕਲਯੁਗ ’ਚ ਵੀਰ ਅਵਤਾਰ ਆਇਆ।
ਨੂਰੀ ਮੁੱਖ ’ਤੇ ਛਾਂ ਦੀ ਆੜ ਹੇਠਾਂ, ਫਨੀਅਰ ਸੱਪ ਵੀ ਕਰਨ ਦੀਦਾਰ ਆਇਆ।
ਵੀਹ ਰੁਪਈਆਂ ਦਾ ਭੋਜਨ ਛਕਾਉਣ ਵਾਲਾ, ਭੁੱਖੇ ਭਾਣਿਆਂ ਦਾ ਮੱਦਦਗਾਰ ਆਇਆ।
ਤੇਰਾਂ ਤੇਰਾਂ ਹੀ ਮੁੱਖੋਂ ਉਚਾਰ ਕੇ ਤੇ, ਉਹ ਤਾਂ ‘ਤੇਰਾ’ ਸੀ ਕਰਨ ਪ੍ਰਚਾਰ ਆਇਆ।

ਲਾ ਕੇ ਜਲ ਸਮਾਧੀ ਫਿਰ ਵਿੱਚ ਵੇਂਈ, ਨਾਨਕ ਪਹੁੰਚੇ ਸਨ ਸੱਚੇ ਦਰਬਾਰ ਅੰਦਰ।
ਜਗਤ ਜਲੰਦੇ ’ਚ ਠੰਢ ਵਰਤਾਉਣ ਖਾਤਰ, ‘ਧੁਰ ਦੀ ਬਾਣੀ’ ਲਿਆਏ ਸੰਸਾਰ ਅੰਦਰ।
ਨਾ ਕੋ ਹਿੰਦੂ ਨਾ ਮੁਸਲਮਾਨ ਏਥੇ, ਰੱਬੀ ਜੋਤ ਏ ਹਰ ਨਰ ਨਾਰ ਅੰਦਰ।
ਅੰਦਰੋਂ ਉੱਠੀ ਜੋ ਹੂਕ ਉਹ ਕੂਕ ਬਣਕੇ, ਗੂੰਜ ਉਠੀ ਫਿਰ ਸਾਰੇ ਸੰਸਾਰ ਅੰਦਰ।

ਕਿਰਤ ਕਰਨੀ ਤੇ ਵੰਡ ਕੇ ਛੱਕ ਲੈਣੀ, ਹੱਥੀਂ ਸੇਵਾ ਨੂੰ ਦਿੱਤੀ ਵਡਿਆਈ ਉਹਨਾਂ।
ਦੁਨੀਆਂ ਭਰ ਦੇ ਦੁਖੀਆਂ ਤੇ ਰੋਗੀਆਂ ਨੂੰ, ਸੱਚੇ ਨਾਮ ਦੀ ਦਿੱਤੀ ਦਵਾਈ ਉਹਨਾਂ।
ਊਚ ਨੀਚ ਦੇ ਵਿਤਕਰੇ ਖਤਮ ਕਰਕੇ, ਸ਼ੁਭ ਅਮਲਾਂ ’ਤੇ ਗੱਲ ਮੁਕਾਈ ਉਹਨਾਂ।
ਰੱਬੀ ਬਾਣੀ ਦਾ ਨੂਰੀ ਪ੍ਰਕਾਸ਼ ਦੇ ਕੇ, ਜੀਵਨ ਜਾਚ ਸੀ ਸਾਨੂੰ ਸਿਖਾਈ ਉਹਨਾਂ।

ਇੱਕੋ ਪਿਤਾ ਤੇ ਉਸਦੇ ਅਸੀਂ ਪੁੱਤਰ, ਸਾਂਝੇ ਗੁਰੂ ਨੇ ਸਾਂਝਾ ਉਪਦੇਸ਼ ਦਿੱਤਾ।
ਲਾ ਕੇ ਨਾਹਰਾ ਸਰਬੱਤ ਦੇ ਭਲੇ ਵਾਲਾ, ਦੁੱਖੀ ਦੁਨੀਆਂ ਦਾ ਕੱਟ ਕਲੇਸ਼ ਦਿੱਤਾ।
ਜਗਤ ਜਨਨੀ ਨੂੰ ਉਨ੍ਹਾਂ ਨੇ ਧੰਨ ਕਹਿ ਕੇ, ਔਰਤ ਜਾਤ ਨੂੰ ਦਰਜਾ ਵਿਸ਼ੇਸ਼ ਦਿੱਤਾ।
ਸਿੱਖੀ ਕਾਫਲੇ ਦੇ ਪਹਿਲੇ ਬਣੇ ਰਹਿਬਰ, ਦੁਨੀਆਂ ਤਾਂਈਂ ਸੀ ਰੱਬੀ ਸੰਦੇਸ਼ ਦਿੱਤਾ।

ਥਾਂ ਥਾਂ ਸੱਪਾਂ ਦੀਆਂ ਸਿਰੀਆਂ ਸਨ ਰਹੇ ਮਿੱਧਦੇ, ਰੇਤ, ਅੱਕ ਦਾ ਕੀਤਾ ਆਹਾਰ ਬਾਬੇ।
ਸੱਚੇ ਮਾਰਗ ਤੋਂ ਭਟਕੀ ਮਨੁੱਖਤਾ ਦਾ, ਥਾਂ ਥਾਂ ਜਾ ਕੇ ਕੀਤਾ ਸੁਧਾਰ ਬਾਬੇ।
ਸਿੱਧੇ ਰਾਹ ’ਤੇ ਸਿੱਧ ਸੀ ਲੈ ਆਂਦੇ, ਸਿੱਧਾ ਸਾਧਾ ਜਿਹਾ ਕਰ ਵਿਵਹਾਰ ਬਾਬੇ।
ਚੱਪੂ ਨਾਮ ਦੇ ਲਾ ਕੇ ਥਾਂ ਥਾਂ ’ਤੇ, ਬੇੜੇ ਡੁੱਬਦੇ ਲਾਏ ਸਨ ਪਾਰ ਬਾਬੇ।

ਛੱਲਣੀ ਛੱਲਣੀ ਹੋਈ ਮਨੁੱਖਤਾ ਦੀ, ਬਦਲਣ ਆਏ ਸਨ ਆਪ ਤਕਦੀਰ ਸਤਿਗੁਰ।
ਮਾਨਵ ਏਕਤਾ, ਪ੍ਰੇਮ ਪਿਆਰ ਵਾਲੀ, ਜਿਉਂਦੀ ਜਾਗਦੀ ਸਨ ਤਸਵੀਰ ਸਤਿਗੁਰ ।
ਸਹਿਜ ਸੁਭਾਇ ਹੀ ਪਤੇ ਦੀ ਗੱਲ ਕਰਦੇ, ‘ਜਾਚਕ’ ਰਹਿ ਕੇ ਗਹਿਰ ਗੰਭੀਰ ਸਤਿਗੁਰ।
ਜਗਤ ਜੇਤੂ, ਸੁਧਾਰਕ, ਤੇ ਜਗਤ ਤਾਰਕ, ਜਗਤ ਗੁਰੂ ਤੇ ਜਾਹਰਾ ਸਨ ਪੀਰ ਸਤਿਗੁਰ।

ਰੱਬ ਦੇ ਨੂਰ ਨਾਨਕ – ਹਰੀ ਸਿੰਘ ਜਾਚਕ

ਸੜਦੀ ਹੋਈ ਲੋਕਾਈ ਨੂੰ ਤੱਕ ਕੇ ਤੇ, ਧੁਰੋਂ ਆਏ ਸਨ ਰੱਬ ਦੇ ਨੂਰ ਨਾਨਕ।
ਮੈਲ ਮਨਾਂ ਦੇ ਸ਼ੀਸ਼ੇ ਤੋਂ ਲਾਹੁਣ ਖਾਤਰ, ਹਾਜ਼ਰ ਹੋਏ ਸਨ ਆਪ ਹਜ਼ੂਰ ਨਾਨਕ।
ਵਹਿਮਾਂ ਭਰਮਾਂ ਪਾਖੰਡਾਂ ਨੂੰ ਤੋੜ ਕੇ ਤੇ, ਆਏ ਕਰਨ ਹੈਸਨ ਚਕਨਾਚੂਰ ਨਾਨਕ।
ਸੂਰਜ ਸੱਚ ਦਾ ਚਮਕਿਆ ਅੰਬਰਾਂ ’ਤੇ, ਧੁੰਧ ਝੂਠ ਦੀ ਕੀਤੀ ਸੀ ਦੂਰ ਨਾਨਕ।

ਰੂਪ ਰੱਬ ਦਾ ਰਾਇ ਬੁਲਾਰ ਜਾਤਾ, ਭੈਣ ਨਾਨਕੀ ਦਾ ਸੋਹਣਾ ਵੀਰ ਨਾਨਕ।
ਲਾਲੋ ਵਰਗਿਆਂ ਲਾਲਾਂ ਨੂੰ ਗਲ ਲਾ ਕੇ, ਬਦਲ ਦਿੱਤੀ ਸੀ ਆਣ ਤਕਦੀਰ ਨਾਨਕ।
ਛੂਤ ਛਾਤ ਵਾਲੀ, ਊਚ ਨੀਚ ਵਾਲੀ, ਮੇਟ ਦਿੱਤੀ ਸੀ ਮੁੱਢੋਂ ਲਕੀਰ ਨਾਨਕ।
ਹਿੰਦੂ ਆਖਦੇ ਸਾਡਾ ਏ ‘ਗੁਰੂ’ ਇਹ ਤਾਂ, ਮੁਸਲਮਾਨਾਂ ਨੇ ਸਮਝਿਆ ‘ਪੀਰ’ ਨਾਨਕ।

ਧੁਰ ਦਰਗਾਹ ’ਚੋਂ ਦੁਨੀਆਂ ਨੂੰ ਤਾਰਨੇ ਲਈ, ਲੈ ਕੇ ਆਏ ਸਨ ਖਾਸ ਉਦੇਸ਼ ਸਤਿਗੁਰ।
ਜਾਤ ਜਨਮ ਤੇ ਵਰਨਾਂ ਨੂੰ ਛੱਡ ਕੇ ਤੇ, ਭਾਈਚਾਰੇ ਦਾ ਦਿੱਤਾ ਸੰਦੇਸ਼ ਸਤਿਗੁਰ।
ਇੱਕ ਪਿਤਾ ਤੇ ਓਸਦੇ ਅਸੀਂ ਬਾਰਕ, ਦਿੱਤਾ ਜਗਤ ਦੇ ਤਾਂਈਂ ਉਪਦੇਸ਼ ਸਤਿਗੁਰ।
ਲੜ ਲਾਉਣ ਲਈ ਇੱਕ ਪ੍ਰਮਾਤਮਾ ਦੇ, ਪਹੁੰਚੇ ਥਾਂ ਥਾਂ ਦੇਸ਼ ਵਿਦੇਸ਼ ਸਤਿਗੁਰ।

ਜਿੱਥੇ ਜਿੱਥੇ ਵੀ ਬਾਬਾ ਸੀ ਪੈਰ ਧਰਦਾ, ਸਾਏ ਵਾਂਗ ਮਰਦਾਨਾ ਸੀ ਨਾਲ ਹੁੰਦਾ।
ਲਾ ਕੇ ਹਿਕ ਦੇ ਨਾਲ ਰਬਾਬ ਰੱਖਦਾ, ਕੁੱਛੜ ਚੁੱਕਿਆ ਜਿਸ ਤਰ੍ਹਾਂ ਬਾਲ ਹੁੰਦਾ।
‘ਧੁਰ ਕੀ ਬਾਣੀ’ ਜਦ ਬਾਬੇ ਨੂੰ ਆਂਵਦੀ ਸੀ, ਤਾਰਾਂ ਛੇੜ ਮਰਦਾਨਾ ਨਿਹਾਲ ਹੁੰਦਾ।
ਸੁਰਤਿ ਸ਼ਬਦ ਦਾ ਜਦੋਂ ਮਿਲਾਪ ਹੋਵੇ, ਨੂਰੀ ਚਿਹਰੇ ’ਤੇ ਰੱਬੀ ਜਲਾਲ ਹੁੰਦਾ।

ਕਮਲ ਫੁੱਲ ਦੇ ਵਾਂਗ ਨਿਰਲੇਪ ਸੀ ਜੋ, ਹੈਸੀ ਵਿੱਚ ਗ਼੍ਰਹਿਸਤ ਦੇ ਸੰਤ ਨਾਨਕ।
ਉਹ ਤੇ ਰਹਿਬਰ ਸੀ ਸੱਚ ਦੇ ਪਾਂਧੀਆਂ ਦਾ, ਬਹੁ ਬਿਧਿ ਰੰਗਲਾ ਬੜਾ ਬਿਅੰਤ ਨਾਨਕ।
ਭਲਾ ਸਦਾ ਸਰਬੱਤ ਦਾ ਚਾਹੁਣ ਵਾਲਾ, ਆਇਆ ਜੱਗ ਵਿੱਚ ਪੁਰਖ ਭਗਵੰਤ ਨਾਨਕ।
ਫੁੱਲਾਂ ਵਾਂਗ ਮੁਰਝਾਈ ਮਨੁੱਖਤਾ ’ਤੇ, ਪਤਝੜ ਬਾਅਦ ਲਿਆਏ ਬਸੰਤ ਨਾਨਕ।

ਕਈਆਂ ਕਿਹਾ ਬੇਤਾਲਾ ਤੇ ਭੂਤਨਾ ਸੀ, ਨਹੀਂ ਕਿਸੇ ਦੀ ਕੀਤੀ ਪ੍ਰਵਾਹ ਬਾਬੇ।
ਤਪਦੇ ਹੋਏ ਕੜਾਹੇ ਵੀ ਸ਼ਾਂਤ ਹੋ ਗਏ, ਕੀਤੀ ਮਿਹਰ ਦੀ ਜਦੋਂ ਨਿਗਾਹ ਬਾਬੇ।
ਸੱਜਣ ਠੱਗ ਤੇ ਭੂਮੀਏ ਚੋਰ ਤਾਰੇ, ਡੁੱਬਦੇ ਬੇੜਿਆਂ ਦਾ ਬਣ ਮਲਾਹ ਬਾਬੇ।
ਜਿਹੜੇ ਜਿਹੜੇ ਵੀ ਰਸਤੇ ਨੂੰ ਭੁੱਲ ਗਏ ਸੀ, ਪਾਇਆ ਸੱਚ ਦੇ ਉਨ੍ਹਾਂ ਨੂੰ ਰਾਹ ਬਾਬੇ।

ਜਿਹੜੇ ਬਹਿਸਾਂ ’ਚ ਵਾਲ ਦੀ ਖੱਲ ਲਾਹੁੰਦੇ, ਦਿੱਤਾ ਉਨ੍ਹਾਂ ਦਾ ਤੋੜ ਹੰਕਾਰ ਬਾਬੇ।
ਸਿੱਧਾਂ ਜੋਗੀਆਂ ਪੰਡਤਾਂ ਨਾਲ ਬਹਿ ਕੇ, ਹਰ ਇਕ ਪਹਿਲੂ ’ਤੇ ਕੀਤੀ ਵਿਚਾਰ ਬਾਬੇ।
ਨਾਮ ਬਾਣੀ ਦੇ ਛੱਡ ਕੇ ਬਾਣ ਹਰ ਥਾਂ, ਦਿੱਤਾ ਦੂਈ ਦਵੈਤ ਨੂੰ ਮਾਰ ਬਾਬੇ।
ਲਾ ਕੇ ਚਾਰ ਉਦਾਸੀਆਂ ਦਿਸ਼ਾ ਚਾਰੇ, ਦਿੱਤਾ ਜਗਤ ਜਲੰਦੇ ਨੂੰ ਠਾਰ ਬਾਬੇ।

ਜੀਵਨ ਜਾਚ ਸਮਝਾਉਣ ਲਈ ਅਸਾਂ ਤਾਂਈਂ, ਗਿਆ ਬਾਣੀ ’ਚ ਥਾਂ ਥਾਂ ਲਿਖ ਬਾਬਾ।
ਜਿਹੜੇ ਜਿਹੜੇ ਵੀ ਕੰਮਾਂ ਤੋਂ ਰੋਕਿਆ ਸੀ, ਕਰਨ ਲੱਗ ਪਏ ਨੇ ਓਹੀ ਸਿੱਖ ਬਾਬਾ।
ਮਨਮੱਤ ਨੇ ਮਾਰੀ ਏ ਮੱਤ ਸਾਡੀ, ਮਿੱਠੀ ਸਮਝ ਕੇ ਪੀ ਰਹੇ ਬਿੱਖ ਬਾਬਾ।
ਅੱਜ ਸਾਡੇ ਹੰਕਾਰ ਤੇ ਚੌਧਰਾਂ ਨੇ, ਕੀਤਾ ਧੁੰਧਲਾ ਸਾਡਾ ਭਵਿੱਖ ਬਾਬਾ।

ਜਿਹੜਾ ਬੀਜ ਗੁਰੂ ਨਾਨਕ ਨੇ ਬੀਜਿਆ ਸੀ, ਵਧਿਆ ਫੁੱਲਿਆ ਵਿੱਚ ਸੰਸਾਰ ਹੈਸੀ।
ਕਿਤੇ ਬੂਟਾ ਨਾ ਸਿੱਖੀ ਦਾ ਸੁਕ ਜਾਵੇ, ਪਾਇਆ ਖ਼ੂਨ ਸ਼ਹੀਦਾਂ ਕਈ ਵਾਰ ਹੈਸੀ।
ਪਤਝੜਾਂ, ਤੂਫ਼ਾਨਾਂ ਤੇ ਸੋਕਿਆਂ ਦਾ, ‘ਜਾਚਕ’ ਸ਼੍ਵੁਰੂ ਤੋਂ ਰਿਹਾ ਸ਼ਿਕਾਰ ਹੈਸੀ।
ਕੋਈ ਤਾਕਤ ਨਹੀਂ ਇਹਨੂੰ ਉਖਾੜ ਸਕਦੀ, ਲਾਇਆ ਆਪ ਇਹ ਨਾਨਕ ਨਿਰੰਕਾਰ ਹੈਸੀ।