ਲੂਣਾ – ਦੂਜਾ ਅੰਕ | ਭਾਗ – 6

ਲੂਣਾ – ਦੂਜਾ ਅੰਕ | ਭਾਗ – 5 ਪੜ੍ਹਨ ਲਈ ਕਲਿੱਕ ਕਰੋ

ਵਰਮਨ
ਮੰਨਦਾਂ, ਧੁੱਪ ਨੂੰ ਨਾਗ ਨਾ ਲੜਸੀ
ਅੱਜ ਦਾ ਦਿਹੁੰ ਨਾ
ਉਸ ਤੋਂ ਮਰਸੀ
ਪਰ ਕਰਮਾਂ ਦੇ ਨਾਗਾਂ ਅੱਗੇ
ਕੋਈ ਮਾਂਦਰੀ ਕੀਕਣ ਖੜ੍ਹਸੀ ?
ਕਰਮ ਤਾਂ ਐਸੇ ਨਾਗ ਜ੍ਹਰੀਲੇ
ਜੋ ਸਮਿਆਂ ਤੋਂ ਜਾਣ ਨਾ ਕੀਲੇ
ਇਹ ਜਨਮਾਂ ਤੱਕ ਪਿੱਛਾ ਕਰਦੇ
ਕਿਸੇ ਵੀ ਹੀਲੇ,ਕਿਸੇ ਵਸੀਲੇ
ਅਸੀਂ ਜਾਂ ਕੁੱਖਾਂ ਦੀ
ਜੂਨ ਹੰਢਾਂਦੇ
ਇਹ ਤਾਂ ਉਥੇ ਵੀ ਆ ਜਾਂਦੇ
ਅਸੀਂ ਜਨਮੀਏਂ
ਇਹ ਜੰਮ ਪੈਂਦੇ
ਇਹ ਸਾਡੇ ਮੱਥੇ ਵਿੱਚ ਰਹਿੰਦੇ
ਨਿੱਤ, ਸਾਡੀ , ਕਿਸਮਤ ਨੂੰ ਡੰਗਦੇ
ਵਿਸ ਘੋਲਦੇ , ਮੌਜ ਮਨਾਂਦੇ

ਸਲਵਾਨ
ਇਹ ਤੂੰ ਨਹੀਂ
ਤੇਰਾ ਭਰਮ ਬੋਲਦੈ
ਤੇਰਾ ਸੀਮਤ ਧਰਮ ਬੋਲਦੈ

ਵਰਮਨ
ਜੇ ਇਹ ਮੇਰਾ
ਭਰਮ ਬੋਲਦੈ
ਜਾਂ ਕੋਈ ਸੀਮਤ ਧਰਮ ਬੋਲਦੈ
ਤਾਂ ਮੈਂ ਕਹਿੰਦਾਂ
ਤੇਰੇ ਅੰਦਰ
ਕਾਮ-ਸਮੁੰਦਰ ਪਿਆ ਬੋਲਦੈ
ਸੁਪਨੇ ਦੀ ਸਪਨੀ ਦਾ ਕਾਲਾ
ਤੇਰੇ ਅੰਦਰ
ਜ਼ਹਿਰ ਬੋਲਦੈ

ਸਲਵਾਨ
ਨਹੀਂ,ਨਹੀਂ
ਇਹ ਕਾਮ ਨਹੀਂ ਹੈ
ਮੇਰੇ ਅੰਦਰ ਤਾਂ ਮੇਰੇ ਸੱਜਣ
ਕੋਈ ਐਸਾ ਸ਼ੈਤਾਨ ਨਹੀਂ ਹੈ
ਮੇਰੇ ਅੰਦਰ ਤਾਂ ਮੇਰੇ ਮਿੱਤ੍ਰ
ਸਦਾ ਬਗ਼ਾਵਤ ਹੈ ਇੱਕ ਧੁਖਦੀ
ਕਿਓਂ ਧਰਮ ਦੇ ਨਾਂ ‘ਤੇ ਦੁਨੀਆ
ਇੱਕ ਦੂਜੇ ਦੇ ਮੂੰਹ ‘ਤੇ ਥੁੱਕਦੀ
ਕਿਓਂ ਮਾਨਵ ਨੂੰ ਨਫਰਤ ਕਰਦੀ
ਜੰਮੀ ਮਾਨਵ ਦੇ ਹੀ ਕੁੱਖ ਦੀ
ਭਰਮਾਂ ਵਾਲੇ ਵਿਊਹ-ਚਕਰ ਤੋਂ
ਕਿਓਂ ਕਰ ਇਸ ਦੀ ਜਾਨ ਨਾਂ ਛੁੱਟਦੀ
ਬਾਕੀ ਸੁਪਨ-ਸਰਪਨੀ ਬਾਰੇ
ਮੈਂ ਮੇਰੇ ਮਿੱਤ੍ਰ
ਤਰਲਾ ਪਾਂਦਾ
ਮੈਂ ਤਾਂ ਵਰ੍ਹਿਆਂ ਤੋਂ ਮੇਰੇ ਸੱਜਣ
ਧੁੱਪ ਛਾਵਾਂ ਦੀ ਜੂਨ ਹੰਢਾਂਦਾ
ਜੇ ਮੇਰੀ ਝੋਲੀ ਧੁੱਪ ਨਾਂ ਪਾਈ
ਆਪਣਾ ਸੂਰਜ ਆਪ ਬੁਝਾਂਦਾ

ਵਰਮਨ
ਮੇਰੇ ਸੱਜਣ
ਇਹ ਕੀਹ ਕਹਿੰਦੈ ?
ਭਿੱਟ-ਅੰਗੀ ਲਈ ਨੀਵਾਂ ਪਾਉਂਦੈ
ਤੂੰ ਉਸ ਨੂੰ ਅਰਧੰਗੀ ਨਾ ਚੁਣ
ਮਿਲ ਸਕਦੈ ਬਾਕੀ ਜੋ ਚਾਹੁੰਦੈ
ਭਿੱਟ-ਅੰਗੀ ਦਾ ਸੁੱਚਾ ਪਿੰਡਾ
ਆ ਜਾਂਦਾ ਹੈ
ਜੇ ਤੂੰ ਕਹਿੰਦੈ

ਸਲਵਾਨ
ਨਹੀਂ,ਨਹੀਂ
ਮੈਂ ਇਹ ਨਹੀਂ ਚਾਹੁੰਦਾ
ਨਾ ਐਸਾ ਮੈਂ ਪਾਪ ਕਮਾਇਐ
ਨਾ ਐਸਾ ਮੈਂ ਪਾਪ ਕਮਾਂਦਾ
ਮੈਂ ਤਾਂ ਸੁਪਨ-ਸਰਪਨੀ ਦਾ ਬਸ
ਜਨਮ-ਜਨਮ ਲਈ
ਸਾਥ ਹਾਂ ਮੰਗਦਾਂ
ਜਨਮ ਜਨਮ ਲਈ
ਸਾਥ ਚਾਹੁੰਦਾਂ

[ ਰਾਜੇ ਵਰਮਨ ਦੀ ਪਤਨੀ ਕੁੰਤ ਕਮਰੇ ‘ਚ ਪਰਵੇਸ਼ ਕਰਦੀ ਹੈ ਤੇ ਵਰਮਨ ਨੂੰ ਸੰਬੋਧਨ ਕਰਦੀ ਹੈ ]
ਨਮਸਕਾਰ , ਹੋਏ ਸਵਾਮੀ ਮੇਰਾ
ਬਾਰਾਂ ਓਹਲੇ ਖੜੀ-ਖੜੀ ਮੈਂ
ਸੁਣ ਚੁੱਕੀ
ਵਿਖਿਆਣ ਬਥੇਰਾ
ਮੇਰੇ ਸਵਾਮੀ
ਨੀਰ ਜੇ ਗੰਦਾ
ਗੰਗਾ ਤਾਈਂ
ਆ ਮਿਲ ਜਾਵੇ
ਉਹ ਸਾਰਾ ਗੰਗਾ ਕਹਿਲਾਵੇ
ਪੂਜਨ-ਹਾਰਾ ਹੀ ਹੋ ਜਾਵੇ
ਕਿਓਂ ਸੰਭਵ ਨਾ
ਜੇਕਰ ਲੂਣਾ
ਵੀਰ ਮੇਰੇ ਦੇ ਲੜ ਲੱਗ ਜਾਵੇ
ਕਿਓਂ ਕਰ ਮੁੜ੍ਹ ਸ਼ੂਦਰ ਕਹਿਲਾਵੇ ?

ਵਰਮਨ
ਚਾਤ੍ਰਿਕ ਸੁਆਂਤ ਬੂੰਦ ਹੀ ਪੀਵੇ
ਉਹ ਤਾਂ ਗੰਗਾ ਕਦੇ ਨਾ ਜਾਵੇ
ਲੱਖ ਪਵਿੱਤਰ ਹੋਵਣ ਪਾਣੀ
ਉਹ ਨਾਂ ਉਸ ਨੂੰ ਜੀਭ ਛੁਹਾਵੇ
ਬੇਸ਼ੱਕ ਕਾਗ ਨਾ ਕਾਲੇ ਹੁੰਦੇ
ਪਰ ਕੋਈ ਕੋਇਲ ਨਾ ਕਹਿਲਾਵੇ

ਕੁੰਤ
ਬੇ-ਸ਼ੱਕ
ਕੋਇਲਾਂ,ਕਾਗ ਨਾ ਕਾਲੇ
ਪਰ ਕੋਇਲਾਂ ਦੇ ਬੱਚਪਾਲੇ
ਸੰਭਵ ਹੈ
ਵੀਰੇ ਘਰ ਲੂਣਾ
ਮੁੜ ਕੇ ਬੁੱਝਿਆ
ਸੂਰਜ ਬਾਲੇ

ਵਰਮਨ
ਮੈਂ ਚਾਹੁੰਦਾਂ
ਸੂਰਜ ਬਲ ਜਾਵੇ
ਪਰ ਖੌਰੇ ਕਿਓਂ
ਲੱਜਿਆ ਆਵੇ
ਊਧੇ-ਪਰੀਏ
ਕੀਹ-ਆਖਣਗੇ ?
ਇੱਛਰਾਂ ਤਾਈਂ ਜੰਮਣ ਵਾਲੇ
ਡਰਦਾਂ
ਕੋਈ ਹਰਫ਼ ਨਾ ਆਵੇ

(ਚਲਦਾ….)

ਗੁਰੂ ਅਮਰਦਾਸ ਜੀ – ਹਰੀ ਸਿੰਘ ਜਾਚਕ

ਬਹਿ ਕੇ ਗੁਰਗੱਦੀ ਕਿਹਾ ਸੰਗਤਾਂ ਨੂੰ, ਕਰੋ ਸਿੱਖੀ ਦੀ ਪੱਕੀ ਬੁਨਿਆਦ ਪਹਿਲਾਂ।
ਊਚ ਨੀਚ ’ਚ ਜਿਹੜੇ ਵਿਸ਼ਵਾਸ ਕਰਦੇ, ਛੇੜੋ ਉਨ੍ਹਾਂ ਵਿਰੁੱਧ ਜਹਾਦ ਪਹਿਲਾਂ।
ਘੁਣ ਵਾਂਗ ਜੋ ਖਾਣ ਮਨੁੱਖਤਾ ਨੂੰ, ਜਾਤਾਂ-ਪਾਤਾਂ ਤੋਂ ਹੋਵੋ ਆਜ਼ਾਦ ਪਹਿਲਾਂ।
ਦਰਸ਼ਨ ਕਰਨੇ ਨੇ ਜੇਸ ਵੀ ਸਿੱਖ ਮੇਰੇ, ਬਹਿ ਕੇ ਪੰਗਤ ’ਚ ਛਕੇ ਪ੍ਰਸ਼ਾਦਿ ਪਹਿਲਾਂ।

ਵਹਿਮਾਂ ਭਰਮਾਂ ਦੇ ਵਿੱਚ ਜੋ ਹੈ ਫਸਿਆ, ਸਮਝੋ ਸਿੱਖ ਉਹ ਨਾਮ ਧਰੀਕ ਸਿੱਖੋ।
ਨਾਲ ਤੁਸਾਂ ਦੇ ਬੁਰਾ ਕੋਈ ਕਰੇ ਫਿਰ ਵੀ, ਗੁੱਸਾ ਆਵੇ ਨਾ ਥੋਡੇ ਨਜ਼ਦੀਕ ਸਿੱਖੋ।
ਐਸੇ ਦੋਖੀ ਨੂੰ ਸਜਾ ਜ਼ਰੂਰ ਮਿਲਦੀ, ਸਮਝੋ ਏਸ ਨੂੰ ਪੱਥਰ ’ਤੇ ਲੀਕ ਸਿੱਖੋ।
ਚੱਕੀ ਵਾਹਿਗੁਰੂ ਦੀ ਚਲਦੀ ਬਹੁਤ ਹੌਲੀ, ਆਟਾ ਪੀਸਦੀ ਐਪਰ ਬਰੀਕ ਸਿੱਖੋ।

ਨੱਕੋ ਨੱਕ ਜੋ ਹਊਮੈ ਦੇ ਨਾਲ ਭਰਿਆ, ਉਸ ਤਪੇ ਦੀ ਕੀਤੀ ਸੁਧਾਈ ਦਾਤੇ।
ਜਾਤਾਂ ਪਾਤਾਂ ਦਾ ਖਾਤਮਾ ਕਰਨ ਖਾਤਿਰ, ਗੋਇੰਦਵਾਲ ’ਚ ਬਾਉਲੀ ਬਣਵਾਈ ਦਾਤੇ।
ਰਸਮ ਸਤੀ ਦੀ ਸਦੀਆਂ ਤੋਂ ਚਲੀ ਆਉਂਦੀ, ਉਸ ਵਿਰੁੱਧ ਆਵਾਜ਼ ਉਠਾਈ ਦਾਤੇ।
ਘੁੰਡ ਪਰਦੇ ਤੋਂ ਵਰਜਿਆ ਬੀਬੀਆਂ ਨੂੰ, ਵਿਧਵਾ ਵਿਆਹ ਦੀ ਰੀਤ ਚਲਾਈ ਦਾਤੇ।

ਪ੍ਰੇਮਾ ਕੋਹੜੀ ਜਦ ਪ੍ਰੇਮ ’ਚ ਲੀਨ ਹੋਇਆ, ਓ੍ਹਦਾ ਰੋਗ ਮਿਟਾਇਆ ਸੀ ਪਾਤਸ਼ਾਹ ਨੇ।
ਭਾਈ ਪਾਰੋ ਦੀ ਸਿੱਖੀ ’ਤੇ ਰੀਝ ਕੇ ਤੇ, ਉਹਨੂੰ ਕੋਲ ਬੁਲਾਇਆ ਸੀ ਪਾਤਸ਼ਾਹ ਨੇ।
ਉਹਦੇ ਤਾਂਈਂ ਗੁਰਸਿੱਖੀ ਦਾ ਦਾਨ ਦੇ ਕੇ, ਸੀਨੇ ਨਾਲ ਲਗਾਇਆ ਸੀ ਪਾਤਸ਼ਾਹ ਨੇ।
ਭੁੱਲੇ ਭਟਕਿਆਂ ਨੂੰ ਜੀਵਨ ਦਾਨ ਦੇ ਕੇ, ਸੱਚੇ ਸੇਵਕ ਬਣਾਇਆ ਸੀ ਪਾਤਸ਼ਾਹ ਨੇ।

ਹੋਕਾ ਦੇਣ ਖਾਤਿਰ ਸਾਂਝੀਵਾਲਤਾ ਦਾ, ਪੰਗਤ ਸੰਗਤ ਤੇ ਕੀਤਾ ਇਸ਼ਨਾਨ ਸਾਂਝਾ।
ਆਇਆ ਅਕਬਰ ਵੀ ਜਦੋਂ ਸੀ ਦਰਸ਼ਨਾਂ ਨੂੰ, ਛੱਕਿਆ ਲੰਗਰ ਸੀ ਨਾਲ ਸਨਮਾਨ ਸਾਂਝਾ।
ਕਿਸੇ ਧਰਮ ਦਾ ਵਿਤਕਰਾ ਨਹੀਂ ਏਥੇ, ਹਰ ਇਕ ਸਿੱਖ ਹਿੰਦੂ ਮੁਸਲਮਾਨ ਸਾਂਝਾ।
ਬਿਨਾਂ ਕਿਸੇ ਵੀ ਵੰਡ ਤੇ ਵਿਤਕਰੇ ਦੇ, ਵੰਡਿਆ ਗੁਰਾਂ ਨੇ ਰੱਬੀ ਗਿਆਨ ਸਾਂਝਾ।

ਬਾਈ ਮੰਜੀਆਂ ਥਾਪ ਕੇ ਪਾਤਸ਼ਾਹ ਨੇ, ਥਾਂ ਥਾਂ ਸਿੱਖੀ ਦਾ ਸ਼ੁਰੂ ਪ੍ਰਚਾਰ ਕੀਤਾ।
ਪੱਕੇ ਪੈਰਾਂ ’ਤੇ ਖੜ੍ਹੀ ਹੋ ਜਾਏ ਸਿੱਖੀ, ਏਸ ਜਜ਼ਬੇ ਨੂੰ ਦਿਲ ਵਿੱਚ ਧਾਰ ਕੀਤਾ।
’ਕੱਠਾ ਕਰਨ ਲਈ ਇਕ ਥਾਂ ਸੰਗਤਾਂ ਨੂੰ, ਸੀ ਵਿਸਾਖੀ ਦਾ ਸ਼ੁਰੂ ਤਿਉਹਾਰ ਕੀਤਾ।
ਇਕੋ ਤੰਦ ਨਾਲ ਬੰਨ੍ਹ ਕੇ ਸਾਰਿਆਂ ਨੂੰ, ਸਾਂਝਾ ਸਿੱਖੀ ਦਾ ਸਾਰਾ ਪ੍ਰਵਾਰ ਕੀਤਾ।

ਰਚੀ ਪਹਿਲੇ ਤੇ ਦੂਸਰੇ ਪਾਤਸ਼ਾਹ ਜੋ, ਰੱਬੀ ਬਾਣੀ ਦੀ ਕੀਤੀ ਸੰਭਾਲ ਸਾਹਿਬਾਂ।
ਆਪ ਰਾਗਾਂ ਸਤਾਰਾਂ ਵਿਚ ਰਚੀ ਬਾਣੀ, ਬੜੇ ਪ੍ਰੇਮ ਪਿਆਰ ਦੇ ਨਾਲ ਸਾਹਿਬਾਂ।
ਪਾਵਨ ਬਾਣੀ ਦੀ ਪੋਥੀ ਲਿਖਵਾਈ ਹੈਸੀ, ਆਪਣੇ ਪੋਤੇ ਨੂੰ ਕੋਲ ਬਿਠਾਲ ਸਾਹਿਬਾਂ।
ਗੱਦੀ ਸੌਂਪ ਦਿੱਤੀ ‘ਰਾਮਦਾਸ’ ਜੀ ਨੂੰ, ‘ਜਾਚਕ’ ਸੇਵਾ ਤੋਂ ਹੋ ਨਿਹਾਲ ਸਾਹਿਬਾਂ।

ਗੁਰੂ ਅੰਗਦ ਦੇਵ ਜੀ ਵਲੋਂ ਸੇਵਾ ਤੇ ਗੁਰਗੱਦੀ – ਹਰੀ ਸਿੰਘ ਜਾਚਕ

ਗੁਰੂ ਨਾਨਕ ਮਹਾਰਾਜ ਦੀ ਹੋਈ ਬਖਸ਼ਿਸ਼, ਭਵਸਾਗਰ ਤੋਂ ਤਰ ਗਿਆ ਭਾਈ ਲਹਿਣਾ।
ਹਰ ਹੁਕਮ ਨੂੰ ਮੰਨ ਕੇ ਖਿੜੇ ਮੱਥੇ, ਨਾਲ ਰਹਿਮਤਾਂ ਭਰ ਗਿਆ ਭਾਈ ਲਹਿਣਾ।
ਏਸੇ ਦਰ ਦੇ ਹੋ ਕੇ ਰਹਿ ਗਿਆ ਓਹ, ਨਾ ਫਿਰ ਹੋਰ ਕਿਸੇ ਦਰ ਗਿਆ ਭਾਈ ਲਹਿਣਾ।
ਓਦਾਂ ਸੇਵਾ ਨਹੀਂ ਕੋਈ ਵੀ ਕਰ ਸਕਿਆ, ਜਿੱਦਾਂ ਸੇਵਾ ਸੀ ਕਰ ਗਿਆ ਭਾਈ ਲਹਿਣਾ।

ਦਿਨ ਰਾਤ ਓਹ ਸੇਵਾ ’ਚ ਮਗਨ ਰਹਿੰਦੇ, ਰਹਿੰਦੇ ਸਦਾ ਹੀ ਹਾਜ਼ਰ ਹਜ਼ੂਰ ਹੈਸਨ।
ਗੁਰੂ ਨਾਨਕ ਦੇ ਦਰ ਦੇ ਬਣ ਗੋਲੇ, ਬਣ ਗਏ ਓਨ੍ਹਾਂ ਦੇ ਚਰਨਾਂ ਦੀ ਧੂਰ ਹੈਸਨ।
ਗੁਰੂ ਸਾਹਿਬ ਦੀ ਸੰਗਤ ਦੇ ਸਦਕਾ, ਵਹਿਮ, ਭਰਮ, ਪਖੰਡ ਹੋਏ ਦੂਰ ਹੈਸਨ।
ਗੁਰੂ ਨਾਨਕ ਮਹਾਂਨੂਰ ਤੋਂ ਨੂਰ ਲੈ ਕੇ, ਹੋ ਗਏ ਲਹਿਣਾ ਜੀ ਨੂਰੋ ਨੂਰ ਹੈਸਨ।

ਗੁਰੂ ਸਾਹਿਬ ਗੁਰਗੱਦੀ ਤੇ ਬੈਠ ਕੇ ਤੇ, ਦੈਵੀ ਚਾਨਣ ਤੇ ਬਖਸ਼ੀ ਅਗਵਾਈ ਸੋਹਣੀ।
ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ, ਗੁਰੂ ਅੰਗਦ ਦੇ ਰੂਪ ਵਿੱਚ ਆਈ ਸੋਹਣੀ।
ਗੁਰੂ ਸਾਹਿਬ ਨੇ ਆ ਕੇ ਖਡੂਰ ਸਾਹਿਬ, ਜਿੰਮੇਵਾਰੀ ਸੀ ਤੋੜ ਨਿਭਾਈ ਸੋਹਣੀ।
ਗੁਰੂ ਘਰ ਨਾਲ ਜੋੜ ਕੇ ਸੰਗਤਾਂ ਨੂੰ, ਪਾਵਨ ਗੁਰਮਤਿ ਦੀ ਲਹਿਰ ਚਲਾਈ ਸੋਹਣੀ।

ਚਾਰੇ ਪਾਸੇ ਹਰਿਆਲੀ ਤੋਂ ਪਤਾ ਲੱਗਦੈ, ਹੈ ਰਮਣੀਕ ਅਸਥਾਨ ਖਡੂਰ ਸਾਹਿਬ।
ਚਾਰ ਚੰਨ ਇਸ ਧਰਤੀ ਨੂੰ ਲਾਉਣ ਆਏ, ਅੱਠ ਗੁਰੂ ਸਾਹਿਬਾਨ ਖਡੂਰ ਸਾਹਿਬ।
ਗੁਰੂ ਅੰਗਦ ਮਹਾਰਾਜ ਜੀ ਬਣੇ ਏਦਾਂ, ਸਿੱਖ ਪੰਥ ਦੀ ਸ਼ਾਨ ਖਡੂਰ ਸਾਹਿਬ।
ਬਹਿ ਕੇ ਗੁਰਗੱਦੀ, ਦੂਜੇ ਪਾਤਸ਼ਾਹ ਨੇ, ਵੰਡਿਆ ਗੁਰਮਤਿ ਗਿਆਨ, ਖਡੂਰ ਸਾਹਿਬ।

ਆਓ ਮੰਗੀਏ ਗੁਰੂ ਦੇ ਦਰ ਉਤੋਂ, ਸੇਵਾ ਸਿਮਰਨ ਨੂੰ ਝੋਲੀ ਵਿੱਚ ਪਾ ਦਾਤਾ।
ਲਗਨ ਲਾਈ ਜੋ ਚਰਨਾਂ ਨਾਲ ਪਾਤਸ਼ਾਹ ਦੇ, ਸਾਡੇ ਅੰਦਰ ਵੀ ਲਗਨ ਓਹ ਲਾ ਦਾਤਾ।
ਜਿਸਦੇ ਨਾਲ ਗਿਆਨ ਦਾ ਹੋਏ ਚਾਨਣ, ਓਹ ਗਿਆਨ ਦੀ ਜੋਤ ਜਗਾ ਦਾਤਾ।
ਆਪਣੇ ਦਰ ਤੋਂ ਬਖਸ਼ ਕੇ ਨਾਮ ਸਿਮਰਨ, ਆਵਾਗਵਣ ਦਾ ਗੇੜ ਮੁਕਾ ਦਾਤਾ।

ਗੁਰੂ ਅੰਗਦ ਦੇਵ ਜੀ – ਹਰੀ ਸਿੰਘ ਜਾਚਕ

ਗੁੜ੍ਹਤੀ ਨਾਮ ਦੀ ਮਿਲੀ ਸੀ ਵਿੱਚ ਵਿਰਸੇ, ਧਿਆਨ ਭਗਤੀ ’ਚ ਲਾਉਂਦਾ ਸੀ ਭਾਈ ਲਹਿਣਾ।
ਮਾਤਾ ਪਿਤਾ ਜੀ ਦੇਵੀ ਦੇ ਭਗਤ ਹੈਸਨ, ਜੱਸ ਓਸੇ ਦਾ ਗਾਉਂਦਾ ਸੀ ਭਾਈ ਲਹਿਣਾ।
ਹਰ ਸਾਲ ਹੀ ਦੇਵੀ ਦੇ ਦਰਸ਼ਨਾਂ ਨੂੰ, ਪੈਦਲ ਚੱਲ ਕੇ ਆਉਂਦਾ ਸੀ ਭਾਈ ਲਹਿਣਾ।
ਉਹਨੂੰ ਮੁਖੀ ਬਣਾਇਆ ਸੀ ਸੰਗਤਾਂ ਨੇ, ਜੱਥੇਦਾਰ ਕਹਾਉਂਦਾ ਸੀ ਭਾਈ ਲਹਿਣਾ।

ਓਹਨਾਂ ਪਿੰਡ ਖਡੂਰ ’ਚ ਰਹਿੰਦਿਆਂ ਹੀ, ਭਾਈ ਜੋਧ ਕੋਲੋਂ ਬਾਣੀ ਸੁਣੀ ਹੈਸੀ ।
ਸੁਣਦੇ ਸਾਰ ਹੀ ਉਹਦੇ ਕਪਾਟ ਖੁਲ੍ਹ ਗਏ, ਵੱਜਣ ਲੱਗ ਪਈ ਨਾਮ ਦੀ ਧੁਣੀ ਹੈਸੀ ।
ਕਾਫੀ ਸਮੇਂ ਤੋਂ ਤੜਪ ਸੀ ਰਿਹਾ ਜਿਹੜਾ, ਪੀੜ ਓਸਦੇ ਦਿਲ ਦੀ ਚੁਣੀ ਹੈਸੀ ।
ਗੁਰੂ ਨਾਨਕ ਦੇ ਪਾਵਨ ਦਰਸ਼ਨਾਂ ਲਈ, ਛਿੜੀ ਉਸ ਅੰਦਰ ਝੁਣਝੁਣੀ ਹੈਸੀ ।

ਭਾਈ ਜੋਧ ਨੇ ਲਹਿਣੇ ਨੂੰ ਦੱਸਿਆ ਸੀ, ਨਿਰੇ ਰੱਬ ਦੇ ਨੂਰ ਨੇ ਗੁਰੂ ਨਾਨਕ।
ਏਸ ਧੁਰ ਕੀ ਬਾਣੀ ਦੇ ਰਚਨਹਾਰੇ, ਸਰਬ ਕਲਾ ਭਰਪੂਰ ਨੇ ਗੁਰੂ ਨਾਨਕ।
ਰਾਵੀ ਕੰਢੇ ਕਰਤਾਰਪੁਰ ਹੈ ਕਸਬਾ, ਉਥੇ ਹਾਜ਼ਰ ਹਜ਼ੂਰ ਨੇ ਗੁਰੂ ਨਾਨਕ।
ਵਹਿਮ, ਭਰਮ, ਪਾਖੰਡ ਸਭ ਤੋੜ ਕੇ ਤੇ, ਕਰਦੇ ਚਕਨਾਚੂਰ ਨੇ ਗੁਰੂ ਨਾਨਕ।

ਪਈ ਖਿੱਚ ਸੀ ਲਹਿਣੇ ਨੂੰ ਧੁਰ ਅੰਦਰੋਂ, ਸ਼ਰਧਾ ਵਿੱਚ ਹੈਸੀ ਸ਼ਰਧਾਵਾਨ ਆਇਆ।
ਬਹਿ ਕੇ ਘੋੜੇ ਤੇ ਚੱਲ ਸੀ ਪਿਆ ਰਾਹੀ, ਧਰ ਕੇ ਓਸੇ ਦਾ ਸੀ ਧਿਆਨ ਆਇਆ।
ਮੰਜ਼ਿਲ ਮਾਰ ਕੇ ਵਿੱਚ ਕਰਤਾਰਪੁਰ ਦੇ, ਗੁਰੂ ਦਰਸ਼ਨਾਂ ਦਾ ਚਾਹਵਾਨ ਆਇਆ।
ਇਧਰ ਦਿਲ ਦੀ ਦਿਲ ’ਚ ਤਾਰ ਖੜ੍ਹਕੀ, ਅੱਗੋਂ ਲੈਣ ਉਹਨੂੰ ਜਾਣੀ ਜਾਣ ਆਇਆ।

‘ਨਾਨਕ ਤਪੇ’ ਦਾ ਪੁਛਿਆ ਘਰ ਲਹਿਣੇ, ਅੱਖਾਂ ਸਾਹਵੇਂ ਜਦ ਇਕ ਇਨਸਾਨ ਆਇਆ।
ਅੱਗੋਂ ਕਿਹਾ ਉਸ, ਘਰ ਮੈਂ ਛੱਡ ਆਉਂਦਾ, ਲੱਗਦਾ ਤੂੰ ਤਾਂ ਕੋਈ ਮਹਿਮਾਨ ਆਇਆ।
ਲਹਿਣਾ ਘੋੜੇ ’ਤੇ, ਪੈਦਲ ਸਨ ਆਪ ਸਤਿਗੁਰ, ਚੋਜੀ ਚੋਜ ਸੀ ਕੋਈ ਵਰਤਾਨ ਆਇਆ।
ਆਖਰ ਚੱਲਦਾ ਚੱਲਦਾ ਜਾ ਰੁਕਿਆ, ਗੁਰੂ ਨਾਨਕ ਦਾ ਜਿਥੇ ਸਥਾਨ ਆਇਆ।

ਚੰਦ ਪਲਾਂ ’ਚ ਲਹਿਣੇ ਨੇ ਤੱਕਿਆ ਕੀ, ਸਾਹਵੇਂ ਤਖ਼ਤ ’ਤੇ ਉਹੀਉ ਇਨਸਾਨ ਆਇਆ।
ਇਹ ਤਾਂ ਆਪ ਪ੍ਰਤੱਖ ਸਨ ਗੁਰੂ ਨਾਨਕ, ਲੈਣ ਭਗਤ ਨੂੰ ਆਪ ਭਗਵਾਨ ਆਇਆ।
ਢਹਿ ਪਿਆ ਸੀ ਚਰਨਾਂ ’ਤੇ ਭਾਈ ਲਹਿਣਾ, ਹੋਈ ਗਲਤੀ ਦਾ ਜਦੋਂ ਧਿਆਨ ਆਇਆ।
ਗੁਰਾਂ ਚੁੱਕ ਕੇ ਸੀਨੇ ਦੇ ਨਾਲ ਲਾਇਆ, ਮਿਹਰਾਂ ਵਿੱਚ ਹੈਸੀ, ਮਿਹਰਵਾਨ ਆਇਆ।

ਗੁਰੂ ਨਾਨਕ ਨੇ ਮੁੱਖ ’ਚੋਂ ਬਚਨ ਕੀਤੇ, ਇਥੇ ਲੈਣ ਲਈ ਆਇਆ ਤੂੰ ਲਾਹ ਲਹਿਣੇ।
ਏਸ ਨਗਰ ’ਚ ਪਹੁੰਚ ਕੇ ਤੂੰ ਇਥੇ, ਪੂਰਾ ਕੀਤਾ ਏ ਪਹਿਲਾ ਪੜਾ ਲਹਿਣੇ।
ਜਿਵੇਂ ਘੋੜੀ ਦੇ ਗਲੇ ’ਚ ਟੱਲ ਖੜਕੇ, ਉਵੇਂ ਮਨ ਦਾ ਬੂਹਾ ਖੜਕਾ ਲਹਿਣੇ।
ਜਿਵੇਂ ਘੋੜੀ ਦੀਆਂ ਵਾਗਾਂ ਫੜਾ ਦਿਤੀਆਂ, ਉਵੇਂ ਮਨ ਦੀਆਂ ਵਾਗਾਂ ਫੜਾ ਲਹਿਣੇ।

ਸੱਧਰ ਦਿਲ ਅੰਦਰ, ਦਰਸ਼ਨ ਕਰਨ ਵਾਲੀ, ਪੂਰੀ ਹੋ ਗਈ ਪੁਰ ਕਰਤਾਰ ਅੰਦਰ।
ਹਿਰਦਾ ਖਿੜ ਗਿਆ ਵੇਖ ਕੇ ਮੁੱਖ ਨੂਰੀ, ਨੂਰ ਝਲਕਦਾ ਨੂਰੀ ਦਰਬਾਰ ਅੰਦਰ।
ਮਿਲ ਗਿਆ ਸੀ ਚਾਨਣ ਦਾ ਮਹਾਂ ਸੋਮਾਂ, ਸੀਸ ਝੁੱਕ ਗਿਆ ਉਹਦੇ ਸਤਿਕਾਰ ਅੰਦਰ।
ਨਿਰਮਲ ਹੋ ਗਿਆ ਤਨ ਤੇ ਮਨ ਉਹਦਾ, ਲਿਵ ਲੱਗ ਗਈ ਸਤਿ ਕਰਤਾਰ ਅੰਦਰ।

ਧੁਰ ਅੰਦਰੋਂ ਲਹਿਣਾ ਸੀ ਲੀਨ ਹੋਇਆ, ਫੁਟਿਆ ਨਾਮ ਦਾ ਸੋਮਾਂ ਸਾਕਾਰ ਅੰਦਰ।
ਹਾਲਤ ਹੋ ਗਈ ਚੰਨ ਚਕੋਰ ਵਾਂਗੂ, ਪੂਰਾ ਗੁਰੂ ਸੀ ਮਿਲਿਆ ਸੰਸਾਰ ਅੰਦਰ।
ਗੁਰੂ ਨਾਨਕ ਵੀ ਦਿਲ ’ਚ ਸੋਚਿਆ ਸੀ, ਲਹਿਣਾ ਲੈਣ ਲਈ ਆਇਐ ਦਰਬਾਰ ਅੰਦਰ।
ਸੇਵਾ ਏਥੇ ਹੀ ਕਰਨੀ ਏ ਉਮਰ ਸਾਰੀ, ਨਿਸਚਾ ਲਿਆ ਸੀ ਲਹਿਣੇ ਨੇ ਧਾਰ ਅੰਦਰ।

ਰੱਬੀ ਬਖਸ਼ਿਸ਼ਾਂ ਓਸ ’ਤੇ ਧੁਰੋਂ ਹੋਈਆਂ, ਸੇਵਾ ਕੀਤੀ ਉਸ ਸਿਦਕ ਦੇ ਨਾਲ ਹੈਸੀ।
ਕਿਸੇ ਹੁਕਮ ’ਤੇ ਕਿੰਤੂ ਨਾ ਕਦੇ ਕੀਤਾ, ਤਕੜੀ ਬੜੀ ਹੀ ਘਾਲੀ ਉਸ ਘਾਲ ਹੈਸੀ।
ਸੁਘੜ ਸਿਆਣੇ ਤੇ ਪੁੰਜ ਸੀ ਨਿਮਰਤਾ ਦੇ, ਕੀਤਾ ਕੰਮ ਹਰ ਬੇਮਿਸਾਲ ਹੈਸੀ।
ਪਰਚੇ ਔਖੇ ਤੋਂ ਔਖੇ ਸੀ ਪਏ ਭਾਵੇਂ, ਹੱਲ ਕੀਤਾ ਪਰ ਹਰ ਸੁਆਲ ਹੈਸੀ।

ਗਿੱਲੇ ਘਾਹ ਦੀ ਚੁੱਕੀ ਜਦ ਪੰਡ ਸਿਰ ’ਤੇ, ਗੰਦਾ ਹੋ ਗਿਆ ਜਾਮਾ ਬਹੁਮੁੱਲ, ਵੇਖੋ।
ਤੱਕ ਕੇ ਮਾਤ ਸੁਲੱਖਣੀ ਕਹਿਣ ਲੱਗੇ, ਹੋ ਗਈ ਸਾਂਈਂ ਜੀਉ, ਵੱਡੀ ਭੁੱਲ, ਵੇਖੋ।
ਅੱਗੋਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਛਿੱਟੇ ਚਿੱਕੜ ਦੇ ਕੇਸਰ ਦੇ ਤੁੱਲ, ਵੇਖੋ।
ਨਹੀਂ ਘਾਹ ਦੀ ਪੰਡ ਇਹ ਸਿਰ ਉੱਤੇ, ਦੀਨ ਦੁਨੀ ਦਾ ਛੱਤਰ ਰਿਹੈ ਝੁੱਲ, ਵੇਖੋ।

ਪੰਡਾਂ ਘਾਹ ਦੀਆਂ ਚੁੱਕੀਆਂ ਸਿਰ ਉੱਤੇ, ਕਦੇ ਮੱਥੇ ’ਤੇ ਪਾਇਆ ਨਾ ਵੱਟ ਲਹਿਣੇ।
ਡਿੱਗ ਪਿਆ ਕਟੋਰਾ ਜਦ ਟੋਏ ਅੰਦਰ, ਗੰਦੇ ਪਾਣੀ ’ਚੋਂ ਕੱਢਿਆ ਝੱਟ ਲਹਿਣੇ।
ਕੰਧ ਮੀਂਹ ਨਾਲ ਢੱਠੀ ਬਣਾ ਦਿੱਤੀ, ਸਾਰੀ ਰਾਤ ਹੀ ਠੰਢ ’ਚ ਕੱਟ ਲਹਿਣੇ।
ਮੁਰਦਾ ਖਾਣ ਦੇ ਹੁਕਮ ਨੂੰ ਮੰਨ ਕੇ ਤੇ, ਦੀਨ ਦੁਨੀ ਦੀ ਖੱਟੀ ਲਈ ਖੱਟ ਲਹਿਣੇ।

ਆਪਣੇ ਸੀਨੇ ਨਾਲ ਲਾ ਕੇ ਪਾਤਸ਼ਾਹ ਨੇ, ਲਹਿਣੇ ਤਾਂਈਂ ਫਿਰ ਮੁੱਖੋਂ ਸੀ ਕਿਹਾ ਅੰਗਦ।
ਭੱਠੀ ਵਿੱਚ ਪਾ ਕੇ ਕੁੰਦਨ ਵਾਂਗ ਕੀਤੈ, ਤੇਰੇ ਮੇਰੇ ’ਚ ਫਰਕ ਨਾ ਰਿਹਾ ਅੰਗਦ।
ਘੜਿਐ ਸੁਰਤ ਦੀ ਸੱਚੀ ਟਕਸਾਲ ਤੈਨੂੰ, ਹੋ ਗਿਆ ਤੂੰ ਮੇਰੇ ਹੀ ਜਿਹਾ ਅੰਗਦ।
ਤੈਨੂੰ ਜੋਤ ਮੈ ਆਪਣੀ ਸੋਂਪ ਰਿਹਾਂ, ਜਿਹੀ ਜੋਤ ਨਾਨਕ, ਚਾਨਣ ਤਿਹਾ ਅੰਗਦ।

ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ, ਦੂਜੇ ਪਾਤਸ਼ਾਹ ਅਮਰ ਬਹਾਰ ਕੀਤਾ।
ਚਲਦਾ ਗੁਰੂ ਕਾ ਲੰਗਰ ਸੀ ਹਰ ਵੇਲੇ, ਮਾਤਾ ਖੀਵੀ ਜੋ ਹੱਥੀਂ ਤਿਆਰ ਕੀਤਾ।
ਵਹਿਮ ਭਰਮ ਫੈਲਾਏ ਜੋ ਭੇਖੀਆਂ ਨੇ, ਉਹ ਸਭ ਮੰਨਣ ਤੋਂ ਗੁਰਾਂ ਇਨਕਾਰ ਕੀਤਾ।
ਊਚ ਨੀਚ ਦੇ ਭਰਮ ਭੁਲੇਖਿਆਂ ਤੋਂ, ਗੁਰੂ ਸੰਗਤਾਂ ਨੂੰ ਖਬਰਦਾਰ ਕੀਤਾ।

ਲੰਘਿਆ ਜਦੋਂ ਹਿਮਾਯੂ ਖਡੂਰ ਵਿੱਚੋਂ, ਸ਼ੇਰ ਸ਼ਾਹ ਕੋਲੋਂ ਹਾਰ ਖਾ ਕੇ ਤੇ।
ਹੁੰਦਾ ਵੇਖ ਨਾ ਕੋਈ ਸਤਿਕਾਰ ਏਥੇ, ਚੰਡੀ ਕੱਢੀ ਸੀ ਗੁੱਸੇ ਵਿੱਚ ਆ ਕੇ ਤੇ।
ਨਹੀਂ ਜਾਇਜ ਫ਼ਕੀਰਾਂ ’ਤੇ ਵਾਰ ਕਰਨਾ, ਮੁੱਖੋਂ ਸਤਿਗੁਰਾਂ ਕਿਹਾ ਮੁਸਕਾ ਕੇ ਤੇ।
ਰਾਜ ਭਾਗ ਤੂੰ ਆਪਣਾ ਲੈ ਵਾਪਸ, ਇਹਨੂੰ ਜੰਗ ਦੇ ਵਿੱਚ ਚਲਾ ਕੇ ਤੇ।

ਸਮੇਂ ਸਮੇਂ ’ਤੇ ਸਿੱਖਾਂ ਨੂੰ ਕਿਹਾ ਉਨ੍ਹਾਂ, ਸੱਚਾ ਸੁੱਚਾ ਹਮੇਸ਼ਾਂ ਵਿਵਹਾਰ ਕਰਨੈ।
ਧਰਤੀ ਵਾਂਗ ਹੀ ਸੀਤਲ ਸੁਭਾਅ ਰੱਖਣੈ, ਕਦੇ ਭੁੱਲ ਕੇ ਨਹੀਂ ਹੰਕਾਰ ਕਰਨੈ।
ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ, ਦਾਨ ਪੁੰਨ ਤੇ ਪਰਉਪਕਾਰ ਕਰਨੈ।
ਰਹਿਕੇ ਵਿੱਚ ਗ੍ਰਿਹਸਤ ਦੇ ਕਮਲ ਵਾਂਗ਼ੂੰ, ਹਰ ਇੱਕ ਦੇ ਨਾਲ ਪਿਆਰ ਕਰਨੈ।

ਮੱਲ ਅਖਾੜੇ ਸਜਾ ਕੇ ਪਾਤਸ਼ਾਹ ਨੇ, ਕਸਰਤ ਕਰਨ ਦੀ ਦਿੱਤੀ ਸਿਖਲਾਈ ਸੋਹਣੀ।
ਲਿੱਪੀ ਗੁਰਮੁਖੀ ਵੱਲ ਧਿਆਨ ਦੇ ਕੇ, ਬਾਲਾਂ ਤਾਈਂ ਪੰਜਾਬੀ ਪੜ੍ਹਾਈ ਸੋਹਣੀ।
ਬਾਬੇ ਨਾਨਕ ਦੇ ਜੀਵਨ ਬ੍ਰਿਤਾਂਤ ਵਾਲੀ, ਜਨਮ ਸਾਖੀ ਵੀ ਆਪ ਲਿਖਵਾਈ ਸੋਹਣੀ।
ਜ਼ਿੰਮੇਵਾਰੀ ਗੁਰਿਆਈ ਦੀ ਗੁਰੂ ਜੀ ਨੇ, ਕਈ ਸਾਲਾਂ ਤੱਕ ‘ਜਾਚਕ’ ਨਿਭਾਈ ਸੋਹਣੀ।

ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਸਾਲਸ ਰਾਇ – ਹਰੀ ਸਿੰਘ ਜਾਚਕ

ਸਾਹਿਬ ਸ੍ਰੀ ਗੁਰੂ ਨਾਨਕ ਪਿਆਰੇ। ਕਰਦੇ ਰਹੇ ਨੇ ਚੋਜ ਨਿਆਰੇ।
ਜਗਤ ਜਲੰਦਾ ਠਾਰਨ ਖਾਤਰ। ਡੁਬਦਿਆਂ ਤਾਈਂ ਤਾਰਨ ਖਾਤਰ।
ਕਰਦੇ ਹੋਏ ਧਰਮ ਪ੍ਰਚਾਰ। ਪਹੁੰਚੇ ਪਟਨੇ ਸ਼ਹਿਰ ਦੇ ਬਾਹਰ।
ਇੱਕ ਥਾਂ ਜਾ ਗੁਰ ਨਾਨਕ ਲੇਟੇ। ਨਿਰੰਕਾਰ ਦੇ ਸੋਹਣੇ ਬੇਟੇ।
ਚਿਹਰੇ ’ਤੇ ਨੂਰੀ ਪ੍ਰਕਾਸ਼। ਬੈਠਾ ਹੈ ਮਰਦਾਨਾ ਪਾਸ।
ਮਰਦਾਨੇ ਨੇ ਕੀਤਾ ਸੁਆਲ। ਦੱਸਿਉ ਮੈਨੂੰ ਦੀਨ ਦਇਆਲ।

ਕਹਿੰਦੇ ਹੋ ਸੰਸਾਰ ਇਹ ਸਾਰਾ। ਇਕ ਓਅੰਕਾਰ ਦਾ ਹੈ ਪਾਸਾਰਾ।
ਕਿਥੋਂ ਲਿਆਈਏ ਐਸੀ ਦ੍ਰਿਸ਼ਟੀ। ਜਾਪੇ ਉਸਦੀ ਸਾਰੀ ਸ੍ਰਿਸ਼ਟੀ।
ਕਿਹੜੀ ਹੈ ਉਹ ਪਾਰਖੂ ਅੱਖ। ਵੇਖੇ ਨਾ ਜੋ ਵੱਖੋ ਵੱਖ।
ਕਿਵੇਂ ਨੇ ਸਾਰੇ ਰੱਬ ਦੇ ਬੰਦੇ। ਭਾਵੇਂ ਚੰਗੇ ਭਾਵੇਂ ਮੰਦੇ।
ਮੈਨੂੰ ਇਸ ਬਾਰੇ ਸਮਝਾਓ। ਥੋੜਾ ਜਿਹਾ ਹੁਣ ਚਾਨਣ ਪਾਓ।
ਖਿੜੇ ਮੱਥੇ ਮਿਹਰਾਂ ਦੇ ਸਾਈਂ। ਕਹਿਣ ਲੱਗੇ ਮਰਦਾਨੇ ਤਾਈਂ।

ਨਜ਼ਰ ਬੰਨ੍ਹ ਕੇ, ਵੇਖੀਏ ਜਿੱਦਾਂ। ਮਨ ਨੂੰ ਬੰਨ ਕੇ ਵੇਖ ਤੂੰ ਇੱਦਾਂ।
ਟਿਕ ਜਾਏਗਾ ਮਨ ਜਦ ਤੇਰਾ। ਫਿਰ ਨਹੀਂ ਦਿੱਸਣਾ ਮੇਰਾ ਤੇਰਾ।
ਦੂਰ ਹੋਏਗਾ ਘੁੱਪ ਹਨੇਰਾ। ‘ਓਹਦਾ’ ਜਾਪੂ ਚਾਰ ਚੁਫੇਰਾ।
ਸ਼ਬਦਿ ਸੁਰਤਿ ਜਦ ਸੁਰ ਹੋ ਜਾਊ। ਅੰਦਰ ਅੰਮ੍ਰਿਤ ਰਸ ਫਿਰ ਆਊ।
ਚੋਜੀ ਚੋਜ ਰਚਾਵਣ ਲੱਗੇ। ਸੇਵਕ ਨੂੰ ਸਮਝਾਵਣ ਲੱਗੇ।
ਕਹਿੰਦੇ, ਭਾਈ ਮਰਦਾਨਾ ਜਾਹ। ਖਾਣ ਲਈ ਕੁਝ ਸ਼ਹਿਰੋਂ ਲਿਆ।

ਲੈ ਜਾ ਇਹ ਲਾਲ ਜਿਹੀ ਵੱਟੀ। ਪਹੁੰਚ ਜਾ ਕਿਸੇ ਸ਼ਾਹ ਦੀ ਹੱਟੀ।
ਵੇਚੀਂ, ਜੋ ਹੀਰੇ ਦਾ ਭੇਤੀ। ਖਾਣ ਲਈ ਕੁਝ ਲੈ ਆਈਂ ਛੇਤੀ।
ਜਾਂਦੇ ਹੀ ਤੂੰ ਪਈਂ ਨਾ ਕਾਹਲਾ। ਮਿਲੂ ਕੋਈ ਮੁਲ ਪਾਵਣ ਵਾਲਾ।
ਹੁਕਮ ਮੰਨ ਮਰਦਾਨਾ ਤੁਰਿਆ। ਨਾਨਕ ਦਾ ਦੀਵਾਨਾ ਤੁਰਿਆ।
ਚੁੱਕ ਪੋਟਲੀ ਸ਼ਹਿਰ ਨੂੰ ਆਇਆ। ਕਈ ਦੁਕਾਨਾਂ ’ਤੇ ਦਿਖਲਾਇਆ।
ਕਿਸੇ ਕਿਹਾ ਆ, ਆ ਕੇ ਬਹਿ ਜਾ। ਇਹਦਾ ਦੋ ਗਜ ਕਪੜਾ ਲੈ ਜਾ।

ਕੋਈ ਕਹਿੰਦਾ ਜੇ ਤੂੰ ਹੈ ਖਾਣੇ। ਲੈ ਜਾ ਇਸਦੇ ਪਾਅ ਭਰ ਦਾਣੇ।
ਕਹਿੰਦਾ ਇਕ ਹੋ ਬੜਾ ਦਿਆਲੂ। ਲੈ ਜਾ ਇਹਦੇ ਗੋਭੀ ਆਲੂ।
ਪੱਥਰੀ ਇਹ ਮੁਲਾਇਮ ਤੇ ਕੂਲੀ। ਲੈ ਜਾ ਇਸਦੇ ਬਦਲੇ ਮੂਲੀ।
ਕਿਸੇ ਕਿਹਾ ਇਹ ਲਾਲ ਹੈ ਥੋਹੜੀ। ਲੈ ਜਾ ਚੱਲ ਤੂੰ ਗੁੜ ਦੀ ਰੋੜੀ।
ਕਿਸੇ ਨੇ ਕੋਈ ਮੁੱਲ ਨਾ ਪਾਇਆ। ਇਹ ਵੀ ਹੈਸੀ ‘ਓਹਦੀ’ ਮਾਇਆ।
ਆਖਰ ਭੁੱਖਾ ਅਤੇ ਤਿਹਾਇਆ। ਸਾਲਸ ਰਾਇ ਦੀ ਹੱਟੀ ਆਇਆ।

ਸਾਲਸ ਰਾਇ ਪਟਨੇ ਵਿੱਚ ਰਹਿੰਦਾ। ਰੱਬ ਦੀ ਰਜਾ ’ਚ ਉਠਦਾ ਬਹਿੰਦਾ।
ਕਰਦਾ ਸੀ ਵਪਾਰ ਉਹ ਲਾਲਾ। ਹੀਰੇ ਰਤਨ ਜਵਾਹਰ ਵਾਲਾ।
ਨਜ਼ਰ ਓਸਦੀ ਬੜੀ ਸੀ ਤਿੱਖੀ। ਖਰੇ ਖੋਟੇ ਦੀ ਪਰਖ ਸੀ ਸਿੱਖੀ।
ਮਰਦਾਨਾ ਪੁੱਜਾ ਉਸ ਕੋਲ। ਹੌਲੀ ਹੌਲੀ ਬੋਲੇ ਬੋਲ।
ਕਹਿੰਦਾ ਮੇਰੀ ਸੁਣੋ ਕਹਾਣੀ। ਛਕਣੈ ਅਸਾਂ ਨੇ ਅੰਨ ਤੇ ਪਾਣੀ।
ਲੈ ਕੇ ਮੈਂ ਇਹ ਪੋਟਲੀ ਆਇਆ। ਇਹਦੇ ਵਿੱਚ ਇਕ ਚੀਜ਼ ਲਿਆਇਆ।

ਵੇਚਣ ਲਈ ਹਾਂ ਆਇਆ ਇਹਨੂੰ। ਇਹਦੇ ਦੇ ਦਿਉ ਪੈਸੇ ਮੈਨੂੰ।
ਸਾਲਸ ਰਾਇ ਪੋਟਲੀ ਖੋਲੀ। ਕਹਿੰਦਾ ਮੈਂ ਤਾਂ ਵਾਰੇ ਘੋਲੀ।
ਜਿੱਦਾਂ ਹੀ ਉਹਨੇ ਅੰਦਰ ਤੱਕਿਆ। ਓਦਾਂ ਹੀ ਉਹਨੂੰ ਹੱਥੀਂ ਢੱਕਿਆ।
ਕਹਿਣ ਲੱਗਾ ਉਹ ਨੌਕਰ ਤਾਂਈਂ। ਅੰਦਰੋਂ ਜਾ ਕੇ ਪੈਸੇ ਲਿਆਈਂ।
ਕਹਿੰਦਾ ਵੇਖੀ ਦੁਨੀਆਂ ਸਾਰੀ। ਤੇਰਾ ਮਾਲਕ ਵੱਡਾ ਵਪਾਰੀ।
ਖਰਾ ਸੌਦਾ ਕੋਈ ਖਾਸ ਵਿਸ਼ੇਸ਼। ਵੇਚ ਰਿਹੈ ਉਹ ਦੇਸ਼ ਵਿਦੇਸ਼।

ਵਾਪਸ ਲੈ ਜਾ ਤੂੰ ਇਹ ਲਾਲ। ਤੱਕ ਤੱਕ ਮੈਂ ਤਾਂ ਹੋਇਆ ਨਿਹਾਲ।
100 ਰੁਪਈਆ ਵਿੱਚ ਵਲੇਟਾ। ਇਹ ਤਾਂ ਇਸਦੀ ਦਰਸ਼ਨ ਭੇਟਾ।
ਇਹ ਤਾਂ ਲਾਲ ਕੋਈ ਅਨਮੁੱਲ। ਇਹਦਾ ਦੁਨੀਆਂ ਵਿੱਚ ਨਹੀਂ ਮੁੱਲ।
ਫਿਰ ਜੇ ਇਹਨੂੰ ਵੇਚਣ ਆਈਂ। ਇਹਦਾ ਮਾਲਕ ਨਾਲ ਲਿਆਈਂ।
ਵੱਡਾ ਜੋਹਰੀ ਜਾਣੀ ਜਾਣ। ਲੈ ਰਿਹੈ ਸਾਡਾ ਇਮਤਿਹਾਨ।
ਛੱਡੀ ਫਿਰਦੈ ਦੁਨੀਆਂਦਾਰੀ। ਤੇਰਾ ਮਾਲਕ ਪ੍ਰਉਪਕਾਰੀ।

ਸੌ ਰੁਪਈਏ ਲੈ ਕੇ ਰਾਸ। ਸਿੱਖ ਪਹੁੰਚਾ ਸਤਿਗੁਰ ਦੇ ਪਾਸ।
ਕਹਿੰਦਾ ਦਾਤਾ ਤੇਰੀ ਮਾਇਆ। ਮੈਨੂੰ ਤਾਂ ਕੁਝ ਸਮਝ ਨਾ ਆਇਆ।
ਕਿਸੇ ਨੇ ਮੂਲੋਂ ਮੁੱਲ ਨਾ ਪਾਇਆ। ਕਿਸੇ ਨੇ ਦਰਸ਼ਨ ਭੇਟ ਚੜ੍ਹਾਇਆ।
ਸਤਿਗੁਰ ਨਾਨਕ ਹੱਸ ਪਏ ਸੀ। ਮਿਹਰਾਂ ਦੇ ਮੀਂਹ ਵੱਸ ਪਏ ਸੀ।
ਕਹਿੰਦੇ ਏਹੀਓ ਹੁੰਦੀ ਅੱਖ। ਜਿਸਨੂੰ ਦਿੱਸ ਜਾਂਦੈ ਪ੍ਰਤੱਖ।
ਸ਼ਬਦ ਸੁਰਤਿ ਦਾ ਜੀਹਨੂੰ ਗਿਆਨ। ਉਹਦੀ ਦ੍ਰਿਸ਼ਟੀ ਹੈ ਮਹਾਨ।

ਇਹ ਹੈ ਸਭ ਦ੍ਰਿਸ਼ਟੀਆਂ ਤੋਂ ਪਰੇ। ਦਿਸੇ ਉਹਨੂੰ, ਜੀਹਦਾ ਆਪਾ ਮਰੇ।
ਬੰਦੇ ਨੂੰ ਫਿਰ ਆਉਂਦੈ ਸੁਆਦ। ਝੂਮਣ ਲੱਗਦੈ ਵਿੱਚ ਵਿਸਮਾਦ।
ਏਨੇ ਚਿਰ ਨੂੰ ਸਾਲਸ ਰਾਇ। ਸਤਿਗੁਰ ਦੇ ਲਈ ਭੋਜਨ ਲਿਆਏ।
ਪਿਆਰ ਨਾਲ ਪ੍ਰਸ਼ਾਦਾ ਪੱਕਿਆ। ਮਰਦਾਨੇ ਤੇ ਬਾਬੇ ਛੱਕਿਆ।
ਦਿੱਬ ਦ੍ਰਿਸ਼ਟ ਦਾ ਦਿੱਤਾ ਦਾਨ। ਬਾਬਾ ਨਾਨਕ ਬੜਾ ਮਹਾਨ।
‘ਜਾਚਕ’ ਬਾਬੇ ਹੋ ਨਿਹਾਲ। ਬਣਵਾਈ ਓਥੇ ਧਰਮਸਾਲ।
(ਅੱਜਕੱਲ ਗੁਰਦੁਆਰਾ ਗਊਘਾਟ, ਪਟਨਾ ਸਾਹਿਬ)