ਸਰਬੰਸਦਾਨੀ – ਹਰੀ ਸਿੰਘ ਜਾਚਕ

ਵੇਖੇ ਸਮੇਂ ਅਣਗਿਣਤ ਇਨਸਾਨ ਏਥੇ, ਜ਼ਿਕਰ ਕਈਆਂ ਦਾ ਵਿੱਚ ਇਤਿਹਾਸ ਹੋਇਆ।
ਅੱਖਾਂ ਗਈਆਂ ਚੁੰਧਿਆ ਸੰਸਾਰ ਦੀਆਂ, ਪਟਨੇ ਵਿੱਚ ਜਦ ਨੂਰੀ ਪ੍ਰਕਾਸ਼ ਹੋਇਆ।
ਆਇਆ ਅੱਲਾ ਦਾ ਰੂਪ ਏ ਜੱਗ ਅੰਦਰ, ਭੀਖਣ ਸ਼ਾਹ ਨੂੰ ਓਦੋਂ ਵਿਸ਼ਵਾਸ ਹੋਇਆ।
ਏਸ ਜਗਤ ਤਮਾਸ਼ੇ ਨੂੰ ਦੇਖਣੇ ਲਈ, ਪ੍ਰਗਟ ਮਰਦ ਅਗੰਮੜਾ ਖਾਸ ਹੋਇਆ।

ਪੋਹ ਸੁਦੀ ਸਤਵੀਂ, ਐਤਵਾਰ ਦੇ ਦਿਨ, ਪ੍ਰਗਟ ਹੋਇਆ ਸੀ ਪੁਰਖ ਭਗਵੰਤ ਪਟਨੇ।
ਚਾਨਣ ਚਾਨਣ ਸੀ ਹੋ ਗਿਆ ਚਹੁੰ ਪਾਸੀਂ, ਅੰਧਕਾਰ ਦਾ ਹੋ ਗਿਆ ਅੰਤ ਪਟਨੇ।
ਭਗਤੀ ਸ਼ਕਤੀ ਨੂੰ ਆਪਣੇ ਨਾਲ ਲੈ ਕੇ, ਪਰਗਟ ਹੋਇਆ ਸਿਪਾਹੀ ਤੇ ਸੰਤ ਪਟਨੇ।
ਚਹਿਕ ਮਹਿਕ ਤੇ ਟਹਿਕ ਸੀ ਹਰ ਪਾਸੇ, ਮਾਨੋਂ ਖਿੜ ਗਈ ਰੁੱਤ ਬਸੰਤ ਪਟਨੇ।

ਪਟਨੇ ਸ਼ਹਿਰ ਦੀ ਪਾਵਨ ਧਰਤ ਉਤੇ, ਪੰਥ ਖਾਲਸੇ ਦਾ ਸਾਜਣਹਾਰ ਆਇਆ।
ਢਹਿੰਦੀ ਕਲਾ ਦੀ ਖੱਡ ’ਚੋਂ ਕੱਢਣੇ ਲਈ, ਚੜ੍ਹਦੀ ਕਲਾ ਦਾ ਸੀ ਅਵਤਾਰ ਆਇਆ।
ਸਮਝੇ ਜਾਂਦੇ ਸੀ ਨੀਵੇਂ ਅਛੂਤ ਜਿਹੜੇ, ਉਨ੍ਹਾਂ ਤਾਂਈਂ ਬਣਾਉਣ ਸਰਦਾਰ ਆਇਆ।
ਮੁਰਦਾ ਦਿਲਾਂ ਅੰਦਰ ਜਾਨ ਪਾਉਣ ਖਾਤਰ, ਕਲਗੀਧਰ ਸੀ ਵਿੱਚ ਸੰਸਾਰ ਆਇਆ।

ਸ਼ਿਵ ਦਤ ਪੰਡਤ, ਦਰਸ਼ਨ ਜਦੋਂ ਕੀਤੇ, ਅੱਖਾਂ ਸਾਹਮਣੇ ਕ੍ਰਿਸ਼ਨ ਤੇ ਰਾਮ ਡਿੱਠਾ।
ਰਹੀਮ ਬਖ਼ਸ ਨਵਾਬ ਵੀ ਵਿੱਚ ਪਟਨੇ, ਝੁੱਕ ਝੁੱਕ ਕੇ ਕਰਦਾ ਸਲਾਮ ਡਿੱਠਾ।
ਕਿਹਾ ਦਿਲ ਦਾ ਟੁੱਕੜਾ ਸੀ ਉਸ ਤਾਂਈਂ, ਰਾਣੀ ਮੈਣੀ ਨੇ ਜਦੋਂ ਵਰਿਆਮ ਡਿੱਠਾ।
ਓਹਦੀ ਮਾਂ ਦੀ ਮਮਤਾ ਸੀ ਹੋਈ ਪੂਰੀ, ਗੋਦੀ ਵਿੱਚ ਜਦ ਬੈਠਾ ਬਲਰਾਮ ਡਿੱਠਾ।

ਸਮੇਂ ਸਮੇਂ ’ਤੇ ਬਿਜਲੀਆਂ ਕੜਕ ਪਈਆਂ, ਛੋਟੀ ਉਮਰ ਤੋਂ ਹੀ ਹੋਣਹਾਰ ਉੱਤੇ।
ਨੌਂ ਸਾਲ ’ਚ ਪਿਤਾ ਜੀ ਵਾਰ ਦਿੱਤੇ, ਸਾਇਆ ਰਿਹਾ ਨਹੀਂ ਸੀ ਬਰਖੁਰਦਾਰ ਉੱਤੇ।
ਅੱਖਾਂ ਸਾਹਵੇਂ ਨਜ਼ਾਰੇ ਨੂੰ ਤੱਕ ਰਹੇ ਸੀ, ਹੋਣੀ ਟੁੱਟਣੀ ਸਾਰੇ ਪ੍ਰਵਾਰ ਉੱਤੇ।
ਅਣਖੀ ਕੌਮ ਦੀ ਸਾਜਨਾ ਕਰਨ ਦੇ ਲਈ, ਕੀਤੀ ਪਰਖ ਤਲਵਾਰ ਦੀ ਧਾਰ ਉੱਤੇ।

ਪਾਵਨ ਪੁਰੀ ਅਨੰਦ ਦੀ ਧਰਤ ਉੱਤੇ, ਚੌਹਾਂ ਵਰਨਾਂ ਨੂੰ ਦਿੱਤਾ ਸੀ ਮੇਲ ਸਤਿਗੁਰ।
ਸੀਸ ਮੰਗ ਕੇ ਪੰਜਾਂ ਪਿਆਰਿਆਂ ਦੇ, ਕੀਤਾ ਕੋਈ ਅਨੋਖਾ ਸੀ ਖੇਲ ਸਤਿਗੁਰ।
ਕੱਠੇ ਕਰਕੇ ਸ਼ਸਤਰ ਅਤੇ ਸਾਸ਼ਤਰ, ਭਗਤੀ ਸ਼ਕਤੀ ਦਾ ਕੀਤਾ ਸੁਮੇਲ ਸਤਿਗੁਰ।
ਚੱਪੂ ਅੰਮ੍ਰਿਤ ਦੇ ਲਾ ਕੇ ਕੌਮ ਤਾਂਈਂ, ਦਿੱਤਾ ਵਿਸ਼ਵ ਸਮੁੰਦਰ ’ਚ ਠੇਲ ਸਤਿਗੁਰ।

ਕੇਸਗੜ੍ਹ ’ਤੇ ਬਖ਼ਸ ਕੇ ਦਾਤ ਅੰਮ੍ਰਿਤ, ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ।
ਦਾਤ ਅੰਮ੍ਰਿਤ ਦੀ ਮੰਗ ਫਿਰ ਚੇਲਿਆਂ ਤੋਂ,ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ।
ਆਪਣੇ ਪੁੱਤਰਾਂ ਤੋਂ ਪਿਆਰੇ ਖਾਲਸੇ ਤੋਂ, ਖਾਨਦਾਨ ਲੁਟਾਇਆ ਸੀ ਪਾਤਸ਼ਾਹ ਨੇ।
ਜੋ ਕੁਝ ਕੋਈ ਨਹੀਂ ਦੁਨੀਆਂ ’ਚ ਕਰ ਸਕਿਆ, ਉਹ ਕਰ ਵਿਖਾਇਆ ਸੀ ਪਾਤਸ਼ਾਹ ਨੇ।

ਸੁਤੀਆਂ ਸ਼ਕਤੀਆਂ ਤਾਂਈਂ ਜਗਾ ਕੇ ਤੇ, ਗੁਰਾਂ ਕੀਤਾ ਸੀ ਆਤਮ ਵਿਸ਼ਵਾਸ਼ ਪੈਦਾ।
ਗੱਲ ਕਰਕੇ ਡੰਕੇ ਦੀ ਚੋਟ ਉੱਤੇ, ਜੀਵਨ ਜਿਉੂਣ ਲਈ ਕੀਤਾ ਹੁਲਾਸ ਪੈਦਾ।
ਸਰਬ ਕਲਾ ਸੰਪੂਰਨ ਦਸਮੇਸ਼ ਜੀ ਨੇ, ਟੁੱਟੇ ਦਿਲਾਂ ’ਚ ਕੀਤਾ ਧਰਵਾਸ ਪੈਦਾ।
ਢਹਿੰਦੀ ਕਲਾ ਨੂੰ ਕੱਢ ਕੇ ਦਿਲਾਂ ਵਿੱਚੋਂ, ਚੜ੍ਹਦੀ ਕਲਾ ਦਾ ਕੀਤਾ ਅਹਿਸਾਸ ਪੈਦਾ।

ਅਜ ਪੁਰੀ ਅਨੰਦ ਨੂੰ ਛੱਡ ਕੇ ਤੇ, ਕਲਗੀ ਵਾਲੜਾ ਚਲਿਆ ਖਿੜੇ ਮੱਥੇ।
ਘੱਲਿਆ ਜੰਗ ਦੇ ਵਿੱਚ ਅਜੀਤ ਯੋਧਾ, ਫਿਰ ਜੁਝਾਰ ਵੀ ਘੱਲਿਆ ਖਿੜੇ ਮੱਥੇ।
ਵਗਿਆ ਨੈਣੋਂ ਦਰਿਆ ਨਾ ਹੰਝੂਆਂ ਦਾ, ਸੀਨੇ ਵਿੱਚ ਹੀ ਠੱਲਿਆ ਖਿੜੇ ਮੱਥੇ।
ਜਿਹੜਾ ਦੁੱਖ ਨਹੀਂ ਕੋਈ ਵੀ ਝੱਲ ਸਕਦਾ, ਉਹ ਦਸਮੇਸ਼ ਨੇ ਝੱਲਿਆ ਖਿੜੇ ਮੱਥੇ।

ਖੂਨੀ ਗੜੀ ਚਮਕੌਰ ਦੀ ਜੰਗ ਅੰਦਰ, ਨਾਲ ਬਰਛਿਆਂ ਦੇ ਬਰਛੇ ਠਹਿਕਦੇ ਸੀ।
ਵਾਛੜ ਤੀਰਾਂ ਦੀ ਜਦੋਂ ਦਸਮੇਸ਼ ਕਰਦੇ, ਦੁਸ਼ਮਣ ਤੜਪਦੇ ਸੀ ਨਾਲੇ ਸਹਿਕਦੇ ਸੀ।
ਚਾਲੀ ਸੂਰਮੇ ਤੇ ਵੱਡੇ ਲਾਲ ਦੋਵੇਂ, ਦਸਮ ਪਿਤਾ ਦੀ ਮਹਿਕ ਨਾਲ ਮਹਿਕਦੇ ਸੀ।
ਵਾਰੋ ਵਾਰੀ ਫਿਰ ਟੁੱਟ ਗਏ ਫੁੱਲ ਦੋਵੇਂ, ਜਿਹੜੇ ਸਿੱਖੀ ਦੇ ਬਾਗ ਵਿੱਚ ਟਹਿਕਦੇ ਸੀ।

ਹੁਕਮ ਖਾਲਸਾ ਪੰਥ ਦਾ ਮੰਨ ਕੇ ਤੇ, ਤਾੜੀ ਮਾਰ ਕੇ ਜਾਂਦਾ ਦਾਤਾਰ ਤੱਕੋ।
ਨਾ ਬਾਜ ਨਾ ਤਾਜ ਨਾ ਲਾਉ ਲਸ਼ਕਰ, ਪੈਦਲ ਜਾ ਰਿਹਾ ਸ਼ਾਹ ਸਵਾਰ ਤੱਕੋ।
ਸੇਜ ਕੰਡਿਆਂ ਦੀ, ਤਕੀਆ ਟਿੰਡ ਦਾ ਏ, ਗਗਨ ਰੂਪੀ ਰਜਾਈ ਵਿਚਕਾਰ ਤੱਕੋ।
ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤਾ, ਬਾਰੰਬਾਰ ਤੱਕੋ, ਬਾਰ ਬਾਰ ਤੱਕੋ।

ਦੱਸਿਆ ਮਾਹੀ ਜਦ ਕਲਗੀਆਂ ਵਾਲੜੇ ਨੂੰ, ਫੁੱਲ ਟਹਿਣੀਉਂ ਡਿੱਗੇ ਨੇ ਟੁੱਟ ਕੇ ਤੇ।
ਮਾਤਾ ਗੁਜਰੀ ਵੀ ਆਖਰ ਫਿਰ ਪਾਏ ਚਾਲੇ, ਜੀਹਨਾਂ ਲਾਏ ਛਾਤੀ ਘੁੱਟ ਘੁੱਟ ਕੇ ਤੇ।
ਚਿਣੀਆਂ ਨੀਹਾਂ ’ਚ ਸੁਣ ਮਾਸੂਮ ਜਿੰਦਾਂ, ਸੰਗਤ ਰੋਈ ਓਦੋਂ ਫੁੱਟ ਫੁੱਟ ਕੇ ਤੇ।
ਜੜ੍ਹ ਜ਼ੁਲਮ ਦੀ ਕਿਹਾ ਹੁਣ ਗਈ ਪੁੱਟੀ, ਦਸਮ ਪਿਤਾ ਨੇ ਕਾਹੀ ਨੂੰ ਪੁੱਟ ਕੇ ਤੇ।

ਦਸਮ ਪਿਤਾ ਦੇ ਗੁਣ ਨਹੀਂ ਗਿਣੇ ਜਾਂਦੇ, ਸੰਤ ਸਿਪਾਹੀ ਸੀ ਤੇ ਨੀਤੀਵਾਨ ਵੀ ਸੀ।
ਯੋਧੇ, ਸੂਰਮੇ ਬੀਰ ਜਰਨੈਲ ਭਾਰੀ, ਕੋਮਲ ਚਿਤ ਤੇ ਬੜੇ ਨਿਰਮਾਨ ਵੀ ਸੀ।
ਸ਼ਾਇਰ ਸਨ ਕਮਾਲ ਦੇ ਪਾਤਸ਼ਾਹ ਜੀ, ਕਰਦੇ ਕਵੀਆਂ ਦਾ ‘ਜਾਚਕ’ ਸਨਮਾਨ ਵੀ ਸੀ।
ਪਤਝੜ ਵਿੱਚ ਬਸੰਤ ਲਿਆਉਣ ਵਾਲੇ, ਮਹਾਂ ਦਾਨੀ ਮਹਾਨ ਇਨਸਾਨ ਵੀ ਸੀ।

ਸੰਤ ਸਿਪਾਹੀ – ਹਰੀ ਸਿੰਘ ਜਾਚਕ

ਵਿੱਚ ਅਮਨ ਦੇ ਕਲਮ ਦੇ ਨਾਲ ਲਿਖਿਆ, ਵਿੱਚ ਜੰਗ ਦੇ ਤੇਗ ਚਲਾਈ ਸਤਿਗੁਰ।
ਰੱਖਿਆ ਸਦਾ ਗਰੀਬਾਂ ਦੀ ਰਹੇ ਕਰਦੇ, ਜ਼ੁਲਮ ਵਿਰੁੱਧ ਤਲਵਾਰ ਉਠਾਈ ਸਤਿਗੁਰ।
ਸੈਦ ਖਾਂ ਜਦ ਧਰਤੀ ’ਤੇ ਡਿਗਿਆ ਸੀ, ਆਪਣੀ ਢਾਲ ਨਾਲ ਛਾਂ ਕਰਾਈ ਸਤਿਗੁਰ।
ਕੱਫਨ ਬਿਨਾਂ ਜਹਾਨੋਂ ਨਾ ਜਾਏ ਕੋਈ, ਨੋਕ ਤੀਰਾਂ ਦੀ ਸੋਨੇ ਮੜ੍ਹਾਈ ਸਤਿਗੁਰ।

ਛੀਂਬੇ, ਨਾਈ, ਝੀਵਰ, ਖੱਤਰੀ, ਜੱਟ ਤਾਂਈਂ, ਹੱਥੀਂ ਆਪ ਦਿੰਦਾ ਪਾਤਸ਼ਾਹੀ ਡਿੱਠਾ।
’ਕੱਠਾ ਬਾਣੀ ਤੇ ਬਾਣੇ ਨੂੰ ਕਰਨ ਵਾਲਾ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ।

ਮੁਗਲ ਫੌਜ ਤੇ ਰਾਜੇ ਪਹਾੜੀਆਂ ਨੇ, (ਮਾਖੋਵਾਲ) ਅਨੰਦਪੁਰ ਤੇ ਕੀਤੀ ਚੜ੍ਹਾਈ ਹੈਸੀ।
ਇੱਕ ਸਿੱਖ ਘਨੱਈਆ ਇਸ ਯੁੱਧ ਅੰਦਰ, ਫਿਰਦਾ ਮੋਢੇ ਤੇ ਮਸ਼ਕ ਟਿਕਾਈ ਹੈਸੀ।
ਮੂੰਹਾਂ ਵਿੱਚ ਉਸ ਤੜਪਦੇ ਦੁਸ਼ਮਣਾਂ ਦੇ, ਪਾਣੀ ਪਾ ਪਾ ਜ਼ਿੰਦਗੀ ਪਾਈ ਹੈਸੀ।
ਸਿੰਘਾਂ ਕੀਤੀ ਸ਼ਿਕਾਇਤ ਜਦ ਪਾਤਸ਼ਾਹ ਨੂੰ, ਪੇਸ਼ ਕੀਤੀ ਘਨੱਈਏ ਸਫ਼ਾਈ ਹੈਸੀ।

ਮੈਨੂੰ ਸਿੱਖ ਜਾਂ ਮੁਗਲ ਨਾ ਨਜ਼ਰ ਆਇਆ, ਮੈਂ ਤਾਂ ਸਭ ਵਿੱਚ ਆਪਣਾ ਮਾਹੀ ਡਿੱਠਾ।
ਡੱਬੀ ਮੱਲ੍ਹਮ ਦੀ ਹੱਥ ਫੜਾਉਣ ਵਾਲਾ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ।

ਸਿੰਘਾਂ ਅਤੇ ਪ੍ਰਵਾਰ ਦੇ ਨਾਲ ਸਤਿਗੁਰ, ਚੱਲੇ ਪੁਰੀ ਅਨੰਦ ਨੂੰ ਛੋੜ ਕੇ ਤੇ।
ਹੱਲਾ ਕੀਤਾ ਸੀ ਲਾਲਚੀ ਲੋਭੀਆਂ ਨੇ, ਕਸਮਾਂ ਚੁੱਕੀਆਂ ਹੋਈਆਂ ਨੂੰ ਤੋੜ ਕੇ ਤੇ।
ਖੂਨੀ ਜੰਗ ਅੰਦਰ ਜੂਝੇ ਸਿੰਘ ਸੂਰੇ, ਵਾਗਾਂ ਘੋੜਿਆਂ ਦੀਆਂ ਨੂੰ ਮੋੜ ਕੇ ਤੇ।
ਪਾਣੀ ਸਰਸਾ ਦਾ ਸ਼ੂਕਦਾ ਨਾਲ ਆਪਣੇ, ਲੈ ਗਿਆ ਸੀ ਕਈਆਂ ਨੂੰ ਰੋਹੜ ਕੇ ਤੇ।

ਨਿਤਨੇਮ ਵੀ ਜੰਗ ਵਿੱਚ ਛੱਡਿਆ ਨਾ, ਸੀ ਅਨੋਖਿਆਂ ਰਾਹਾਂ ਦਾ ਰਾਹੀ ਡਿੱਠਾ।
ਹਰ ਸਮੇਂ ਤੇ ਹਰ ਸਥਾਨ ਉੱਤੇ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ।
ਲਾੜੀ ਮੌਤ ਨੂੰ ਵਰਨ ਲਈ ਗੜ੍ਹੀ ਵਿੱਚੋਂ, ਸਿੰਘ ਸੂਰਮੇ ਕਈ ਸਰਦਾਰ ਤੋਰੇ।
ਸਵਾ ਲੱਖ ਨਾਲ ਇੱਕ ਲੜਾਉਣ ਖਾਤਰ, ਵਾਰੀ ਨਾਲ ਅਜੀਤ ਜੁਝਾਰ ਤੋਰੇ।
ਸਿੱਖੀ ਸਿਦਕ ਨਿਭਾਉਣਾ ਏ ਨਾਲ ਸਿਰ ਦੇ, ਦਾਦੀ ਆਖ ਕੇ ਜਾਂ ਨਿਸਾਰ ਤੋਰੇ।
ਮਿਲੇ ਕੋਈ ਮਿਸਾਲ ਨਾ ਜੱਗ ਅੰਦਰ, ਦੋ ਲਾਲ ਜੋ ਨੀਹਾਂ ਵਿੱਚਕਾਰ ਤੋਰੇ।

ਇਨ੍ਹਾਂ ਪੁੱਤਾਂ ਤੋਂ ਵਾਰੇ ਨੇ ਲਾਲ ਚਾਰੇ, ਮਾਤਾ ਜੀਤੋ ਨੂੰ ਦਿੰਦਾ ਗਵਾਹੀ ਡਿੱਠਾ।
ਟੋਟੇ ਜਿਗਰ ਦੇ ਭਾਵੇਂ ਸਨ ਹੋਏ ਟੋਟੇ, (ਫਿਰ ਵੀ) ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ।

ਗੜ੍ਹੀ ਛੱਡੀ ਸੀ ਪੰਥ ਦਾ ਹੁਕਮ ਮੰਨ ਕੇ, ਸੰਗਤ ਸਿੰਘ ਦੇ ਕਲਗੀ ਸਜਾ ਕੇ ਤੇ।
ਉਚੀ ਟਿੱਬੀ ’ਤੇ ‘ਜਾਚਕ’ ਫਿਰ ਪਾਤਸ਼ਾਹ ਨੇ, ਭਾਜੜ ਪਾ ’ਤੀ ਤਾੜੀ ਵਜਾ ਕੇ ਤੇ।
ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ, ਰਾਤੋ ਰਾਤ ਹੀ ਪੈਂਡਾ ਮੁਕਾ ਕੇ ਤੇ।
ਪਾਣੀ ਪੀ ਕੇ ਖੂਹ ਦੀ ਟਿੰਡ ਵਿੱਚੋਂ, ਥੱਕੇ ਲੇਟ ਗਏ ਇੱਕ ਥਾਂ ਆ ਕੇ ਤੇ।

ਲੀਰਾਂ ਤਨ ’ਤੇ ਪੈਰਾਂ ਦੇ ਵਿੱਚ ਛਾਲੇ, ਸੁੱਤਾ ਕੰਡਿਆਂ ’ਤੇ ਕੋਈ ਰਾਹੀ ਡਿੱਠਾ।
ਹਾਲ ਮਿੱਤਰ ਪਿਆਰੇ ਨੂੰ ਕਹਿਣ ਵਾਲਾ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ।

ਗੁਰੂ ਗੋਬਿੰਦ ਸਿੰਘ ਜੀ – ਹਰੀ ਸਿੰਘ ਜਾਚਕ

ਪਟਨੇ ਵਿੱਚ ਅੱਜ ਰੌਣਕਾਂ ਲੱਗੀਆਂ ਨੇ, ਪੈਦਾ ਨੂਰ ਦੇ ਘਰ ਹੈ ਨੂਰ ਹੋਇਆ।
ਕਰਨ ਲਈ ਗੁਰੂ ਨਾਨਕ ਦਾ ਮਿਸ਼ਨ ਪੂਰਾ, ਆਪ ਜੱਗ ਵਿੱਚ ਹਾਜ਼ਰ ਹਜ਼ੂਰ ਹੋਇਆ।
ਲੜ ਲਾਉਣ ਲਈ ਇੱਕ ਪ੍ਰਮਾਤਮਾਂ ਦੇ, ਗੁਜਰੀ ਕੁੱਖ ਦਾ ਇਹ ਕੋਹਿਨੂਰ ਹੋਇਆ।
ਸੰਤ ਸਿਪਾਹੀ ਦਾ ਪੂਰਨ ਸਰੂਪ ਦੇ ਕੇ, ਰੱਬ ਭੇਜਣ ਲਈ ਆਪ ਮਜ਼ਬੂਰ ਹੋਇਆ।

ਭੀਖਣ ਸ਼ਾਹ ਨੇ ਕੁੱਜੇ ਜਦ ਦੋ ਰੱਖੇ, ਛੋਹ ਕੇ ਦੋਹਾਂ ਨੂੰ ਉਨ੍ਹਾਂ ਸਤਿਕਾਰਿਆ ਸੀ।
ਤੀਸਰ ਖਾਲਸਾ ਪੰਥ ਸਜਾਉਣ ਦੇ ਲਈ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਠੱਲ੍ਹ ਪਾਉਣ ਲਈ ਜ਼ੁਲਮ ਦੇ ਝੱਖੜਾਂ ਨੂੰ, ਕਤਲਗਾਹ ਵੱਲ ਪਿਤਾ ਨੂੰ ਘੱਲਿਆ ਸੀ।
ਦੁੱਖੀਆਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ, ਵਗਦੇ ਵਹਿਣਾਂ ਨੂੰ ਉਨ੍ਹਾਂ ਨੇ ਠੱਲ੍ਹਿਆ ਸੀ।
ਸੀਸ ਗੁਰਾਂ ਦਾ ਲੈ ਕੇ ਭਾਈ ਜੈਤਾ, ਦਿੱਲੀਉਂ ਪੁਰੀ ਅਨੰਦ ਨੂੰ ਚੱਲਿਆ ਸੀ।
ਪਾਵਨ ਸੀਸ ਨੂੰ ਚੁੱਕ ਕੇ ਮਲਕੜੇ ਜਿਹੇ, ਸਤਿਗੁਰ ਸੱਲ੍ਹ ਵਿਛੋੜੇ ਦਾ ਝੱਲਿਆ ਸੀ।

ਭਾਈ ਜੈਤੇ ਨੂੰ ਲਾਇਆ ਸੀ ਨਾਲ ਸੀਨੇ, ਮੱਥਾ ਚੁੰਮ ਕੇ,ਉਹਨੂੰ ਪਿਆਰਿਆ ਸੀ।
ਉਸ ‘ਰੰਘਰੇਟੇ’ ਨੂੰ ਬੇਟਾ ਬਣਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਗੁਰਾਂ ਨੀਂਹ ਰੱਖੀ ਪੰਥ ਖਾਲਸੇ ਦੀ, ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ।
ਫੇਰ ਉਨ੍ਹਾਂ ਤੋਂ ਛੱਕ ਕੇ ਆਪ ਅੰਮ੍ਰਿਤ, ਮਾਣ ਬਖਸ਼ਿਆ ਗੁਰੂ ਦੁਲਾਰਿਆਂ ਨੂੰ।
ਸਿਰਾਂ ਵੱਟੇ ਸਰਦਾਰੀਆਂ ਬਖਸ਼ ਦਿੱਤੀਆਂ, ਡਿੱਗਿਆਂ, ਢੱਠਿਆਂ, ਬੇਸਹਾਰਿਆਂ ਨੂੰ।
ਜ਼਼ਜਬੇ ਸੁੱਤੇ ਹੋਏ ਜਾਗੇ ਬਹਾਦਰੀ ਦੇ, ਪਾਇਆ ਹੱਥ ਜਦ ਖੰਡੇ ਦੁਧਾਰਿਆਂ ਨੂੰ।

ਮਸਤੀ ਲਾਹੁਣ ਲਈ ਮਸਤੇ ਹੋਏ ਹਾਥੀਆਂ ਦੀ, ਇਕ ਸਿੰਘ ਬਚਿੱਤਰ ਖਲ੍ਹਾਰਿਆ ਸੀ।
ਬਾਜ ਚਿੜੀਆਂ ਦੇ ਹੱਥੋਂ ਤੁੜਾਨ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।
ਗੁਰਾਂ ਪਾਸ ਜਾਂ ਸਿੰਘਾਂ ਸ਼ਕਾਇਤ ਕੀਤੀ, ਕਹਿਰ ਭਾਈ ਘਨੱਈਆ ਕਮਾ ਰਿਹਾ ਏ।
ਅਸੀਂ ਜਿਨ੍ਹਾਂ ਨੂੰ ਮਾਰ ਕੇ ਸੁੱਟਦੇ ਹਾਂ, ਪਾਣੀ ਪਾ ਪਾ ਫੇਰ ਜਿਵਾ ਰਿਹਾ ਏ।
ਸੱਦ ਕੇ ਗੁਰਾਂ ਘਨੱਈਏ ਨੂੰ ਪੁਛਿਆ ਜਾਂ, ਇਹ ਸਿੱਖ ਕੀ ਠੀਕ ਫੁਰਮਾ ਰਿਹਾ ਏ।
ਅੱਗੋਂ ਕਿਹਾ ਉਸ ਮੈਨੂੰ ਤਾਂ ਸਾਰਿਆਂ ’ਚ, ਰੂਪ ਆਪਦਾ ਨਜ਼ਰੀਂ ਹੀ ਆ ਰਿਹਾ ਏ।

ਡੱਬੀ ਮੱਲ੍ਹਮ ਦੀ ਹੱਥ ਫੜਾ ਕੇ ਤੇ, ਸਾਂਝਾ ਸਿੱਖੀ ਦਾ ਮਹਿਲ ਉਸਾਰਿਆ ਸੀ।
ਸਭੇ ਸਾਂਝੀਵਾਲ ਸਦਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਲਾੜੀ ਮੌਤ ਨੂੰ ਵਰਨ੍ਹ ਲਈ ਗੜ੍ਹੀ ਵਿੱਚੋਂ, ਸਿੰਘ ਸੂਰਮੇ ਕਈ ਸਰਦਾਰ ਤੋਰੇ।
ਸਵਾ ਲੱਖ ਨਾਲ ਇਕ ਲੜਾਉਣ ਖ਼ਾਤਰ, ਵਾਰੀ ਨਾਲ ਅਜੀਤ ਜੁਝਾਰ ਤੋਰੇ।
ਦਾਦੀ ਗੁਜਰੀ ਨੇ ਥਾਪੜੇ ਬਖਸ਼ ਕੇ ਤੇ, ਆਪਣੇ ਪੁੱਤਰ ਦੇ ਰਾਜ ਦੁਲਾਰ ਤੋਰੇ।
ਨੀਂਹ ਜ਼ੁਲਮ ਦੀ ਖੋਖਲੀ ਕਰਨ ਖਾਤਰ, ਨੰਨ੍ਹੇ ਲਾਲ ਦੋ ਨੀਹਾਂ ਵਿਚਕਾਰ ਤੋਰੇ।

ਟੋਟੇ ਜਿਗਰ ਦੇ ਸਾਰੇ ਸਨ ਹੋਏ ਟੋਟੇ, ਫਿਰ ਵੀ ਰੱਬ ਦਾ ਸ਼ੁਕਰ ਗੁਜ਼ਾਰਿਆ ਸੀ।
ਪੁੱਤਰ ਸਿੰਘਾਂ ਦੇ ਤਾਂਈਂ ਬਨਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਹੁਕਮ ਮੰਨ ਕੇ ਖਾਲਸਾ ਪੰਥ ਜੀ ਦਾ, ਤਾੜੀ ਮਾਰ ਕੇ ਜਾਂਦਾ ਦਾਤਾਰ ਤੱਕੋ।
ਨਾ ਬਾਜ ਨਾ ਤਾਜ ਨਾ ਲਾਉ ਲਸ਼ਕਰ, ਪੈਦਲ ਜਾ ਰਿਹਾ ਸ਼ਾਹਸਵਾਰ ਤੱਕੋ।
ਸੇਜ ਕੰਡਿਆਂ ਦੀ ਤਕੀਆ ਟਿੰਡ ਦਾ ਏ, ਗਗਨ ਰੂਪੀ ਰਜਾਈ ਵਿਚਕਾਰ ਤੱਕੋ।
ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤਾ, ਸਰਬੰਸਦਾਨੀ ਦਸਮੇਸ਼ ਦਾਤਾਰ ਤੱਕੋ।

’ਕੱਲੇ ਰਹੇ ਸਨ ਰੋਹੀ ਦੇ ਰੁੱਖ ਵਾਂਗ਼ੂੰ, ਫਿਰ ਵੀ ਹੌਂਸਲਾ ਓਸ ਨਾ ਹਾਰਿਆ ਸੀ।
ਹਾਲ ਮਿੱਤਰ ਪਿਆਰੇ ਨੂੰ ਕਹਿਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਜਿਹੜਾ ਇਕ ਵਾਰੀ ਉਸਦਾ ਹੋ ਗਿਆ ਸੀ, ਉਹ ਸਦਾ ਲਈ ਓਸ ਦੇ ਹੋ ਗਏ ਸੀ।
ਆਪਣੇ ਜੋਗੇ ਨੂੰ ਆਪ ਬਚਾਉਣ ਖਾਤਿਰ, ਬੂਹੇ ਵੇਸਵਾ ਅੱਗੇ ਖਲੋ ਗਏ ਸੀ।
ਜਦ ਬੇਦਾਵੀਏ ਜੂਝ ਕੇ ਜੰਗ ਅੰਦਰ, ਸਾਰੇ ਸਦਾ ਦੀ ਨੀਂਦ ਲਈ ਸੌਂ ਗਏ ਸੀ।
ਉਦੋਂ ਪਾਤਸ਼ਾਹ ਨੈਣਾਂ ’ਚੋਂ ਕੇਰ ਹੰਝੂ, ਬੇਦਾਵੀਆਂ ਦੇ ਧੋਣੇ ਧੋ ਗਏ ਸੀ।
ਮਹਾਂ ਸਿੰਘ ਦਾ ਗੋਦ ਵਿਚ ਸੀਸ ਰੱਖ ਕੇ, ਉਹਦੇ ਤਪਦੇ ਹੋਏ ਸੀਨੇ ਨੂੰ ਠਾਰਿਆ ਸੀ।
ਮੁੱਖੋਂ ਮੁਕਤੀਆਂ ਦੀ ਝੜੀ ਲਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਉਨ੍ਹਾਂ ਕਿਹਾ ਕਿ ਅੱਜ ਤੋਂ ਖਾਲਸਾ ਜੀ, ਥੋਡਾ ਧਰਮ ਇੱਕੋ ਥੋਡੀ ਜਾਤ ਇੱਕੋ।
ਸਿੰਘ ਸੂਰਮੇ ਤੁਸੀਂ ਬਲਵਾਨ ਯੋਧੇ, ਥੋਡਾ ਪਿਤਾ ਇੱਕੋ ਥੋਡੀ ਮਾਤ ਇੱਕੋ।
ਹੁੰਦਾ ਵੇਖੋ ਜਦ ਜ਼ੁਲਮ ਬੇਦੋਸ਼ਿਆਂ ’ਤੇ, ਜ਼ਾਲਮ ਲਈ ਫਿਰ ਬਣੋ ਅਫਾਤ ਇੱਕੋ।
ਚੜ੍ਹਦੀ ਕਲਾ ’ਚ ਰਹਿਣਾ ਏ ਖਾਲਸੇ ਨੇ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇੱਕੋ।

ਹਰ ਰੋਜ਼ ਗੁਰਬਾਣੀ ਦਾ ਪਾਠ ਕਰਨਾ, ਆਪਣੇ ਮੁੱਖ ਤੋਂ ਉਨ੍ਹਾਂ ਉਚਾਰਿਆ ਸੀ।
ਗੱਦੀ ਗੁਰੂ ਗ੍ਰੰਥ ਨੂੰ ਦੇਣ ਖ਼ਾਤਰ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ – ਹਰੀ ਸਿੰਘ ਜਾਚਕ

ਲਾਲ ਗੁਰੂ ਦੇ ਚੌਂਕ ਜਿਉਂ ਲਾਲ ਕਰ ਗਏ, ਕਰ ਸਕੇ ਨਾ ਮਾਈ ਦਾ ਲਾਲ ਕੋਈ।
ਜਿਉਂਦੇ ਜੀਅ ਸੀ ਸਾੜਿਆ ਗਿਆ ਕੋਈ, ਦਿੱਤਾ ਦੇਗੇ ਦੇ ਵਿੱਚ ਉਬਾਲ ਕੋਈ।
ਗੁਰੂ ਤੇਗ ’ਤੇ ਤੇਗ ਦਾ ਵਾਰ ਹੋਇਆ, ਤਿੰਨਾਂ ਲੋਕਾਂ ’ਚ ਆਇਆ ਭੂਚਾਲ ਕੋਈ।
ਜੋ ਕੁਝ ਹੋਇਆ ਸੀ ਚਾਂਦਨੀ ਚੌਂਕ ਅੰਦਰ, ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ।

ਅਜੇ ਕੱਲ ਹੀ ਤਾਂ ਮਤੀਦਾਸ ਤਾਂਈਂ, ਦਬਕੇ ਦੇ ਦੇ ਦੁਸ਼ਟਾਂ ਡਰਾਇਆ ਹੈਸੀ।
ਏਸ ਸਿੱਖ ਨੂੰ ਦੀਨ ਮਨਵਾਉਣ ਖ਼ਾਤਿਰ, ਜ਼ੋਰ ਕਾਜ਼ੀ ਨੇ ਬੜਾ ਲਗਾਇਆ ਹੈਸੀ।
ਚੀਰ ਦੇਣ ਲਈ ਆਰੇ ਦੇ ਨਾਲ ਇਹਨੂੰ, ਆਖ਼ਰ ਓਸ ਨੇ ਫਤਵਾ ਸੁਣਾਇਆ ਹੈਸੀ।
ਖ਼ਾਹਿਸ਼ ਆਖ਼ਰੀ ਪੁੱਛੀ ਜਦ ਗਈ ਉਸ ਤੋਂ, ਮੁੱਖ ਗੁਰਾਂ ਦੇ ਵੱਲ ਫੁਰਮਾਇਆ ਹੈਸੀ।

ਮੰਨ ਕੇ ਹੁਕਮ ਜਲਾਦ ਨੇ ਉਸ ਤਾਂਈਂ, ਰੱਸੇ ਕੱਸ ਕੇ ਫੱਟੇ ’ਤੇ ਪੀੜਿਆ ਸੀ।
ਆਰਾ ਉਸਦੇ ਸੀਸ ਤੇ ਰੱਖ ਕੇ ਤੇ, ਲੱਕੜ ਵਾਂਗ ਵਿਚਕਾਰ ਤੋਂ ਚੀਰਿਆ ਸੀ।
ਖੋਪੜ ਚਿਰਿਆ ਤੇ ਖੂਨ ਦੀ ਧਾਰ ਚੱਲੀ, ਜਪਦੇ ਜਪੁਜੀ ਮੁੱਖ ਤੋਂ ਜਾ ਰਹੇ ਸੀ।
ਨੌਵੀਂ ਜੋਤ ਦੇ ਵੱਲ ਨੂੰ ਮੁੱਖ ਹੈਸੀ, ਮਰਦਾਂ ਵਾਂਗ ਸ਼ਹੀਦੀਆਂ ਪਾ ਰਹੇ ਸੀ।

ਪਰਸੋਂ ਭਾਈ ਦਿਆਲੇ ਨੂੰ ਏਸ ਥਾਂ ’ਤੇ, ਦੇਗ਼ ਉਬਲਦੀ ਦੇ ਵਿੱਚ ਉਬਾਲਿਆ ਸੀ।
ਜਿਉਂਦੇ ਜੀਅ ਨੂੰ ਰਿੰਨ੍ਹਿਆ ਜ਼ਾਲਮਾਂ ਨੇ, ਥੱਲੇ ਅੱਗ ਵਾਲਾ ਭਾਂਬੜ ਬਾਲਿਆ ਸੀ।
ਸੁਰਤ ਉਹਦੀ ਗੁਰ ਚਰਨਾਂ ’ਚ ਜੁੜੀ ਹੋਈ ਸੀ, ਜੀਵਨ ਮਰਨ ਨੂੰ ਉਹਨੇ ਭੁਲਾ ਲਿਆ ਸੀ।
ਗੁਰੂ ਅਰਜਨ ਦੇ ਚੱਲ ਕੇ ਪੂਰਨੇ ’ਤੇ, ਸਿੱਖੀ ਸਿਦਕ ਨੂੰ ਤੋੜ ਨਿਭਾ ਲਿਆ ਸੀ।

ਸਤੀ ਦਾਸ ਜਦ ਧਰਮ ਤੋਂ ਡੋਲਿਆ ਨਾ, ਦਿੱਤੇ ਕਸ਼ਟ ਫਿਰ ਬਣਤ ਬਣਾ ਕੇ ਤੇ।
ਕੋਮਲ ਜਿਸਮ ’ਤੇ ਰੂਈਂ ਲਪੇਟ ਦਿੱਤੀ, ਲੋਕਾਂ ਸਾਹਮਣੇ ਉਹਨੂੰ ਖੜ੍ਹਾ ਕੇ ਤੇ।
ਕਰ ਦਿੱਤੀ ਤਸ਼ੱਦਦ ਦੀ ਹੱਦ ਉਹਨਾਂ, ਅੰਗ ਅੰਗ ਉੱਤੇ ਤੇਲ ਪਾ ਕੇ ਤੇ।
ਕਰ ਦਿੱਤਾ ਸੀ ਜ਼ਿੰਦਾ ਸ਼ਹੀਦ ਉਹਨੂੰ, ਹੱਥੀਂ ਜ਼ਾਲਮਾਂ ਨੇ ਲਾਂਬੂ ਲਾ ਕੇ ਤੇ।

ਭੀੜ ਅੱਜ ਵੀ ਜੁੜੀ ਹੈ ਬਹੁਤ ਭਾਰੀ, ਖੂਨ ਜ਼ਿਮੀਂ ਅਸਮਾਨ ’ਚੋਂ ਵੱਗ ਰਿਹਾ ਏ।
ਓਧਰ ਨੋਂਵੇਂ ਦਾਤਾਰ ਨਿਸ਼ਚਿੰਤ ਬੈਠੇ, ਇਧਰ ਹੋ ਬੇਚੈਨ ਅੱਜ ਜੱਗ ਰਿਹਾ ਏ।
ਨੂਰ ਮੁਖੜੇ ’ਤੇ ਠਾਠਾਂ ਮਾਰਦਾ ਏ, ਮਸਤੀ ਨੈਣਾਂ ’ਚ ਉਨ੍ਹਾਂ ਦੇ ਛਾਈ ਹੋਈ ਏ।
ਹਰਖ ਸੋਗ ਨਾ ਚਿਹਰੇ ’ਤੇ ਨਜ਼ਰ ਆਵੇ, ਬਿਰਤੀ ਨਾਮ ’ਚ ਉਨ੍ਹਾਂ ਲਗਾਈ ਹੋਈ ਏ।

ਧੁਰ ਕੀ ਬਾਣੀ ’ਚ ਬਿਰਤੀ ਨੂੰ ਜੋੜ ਕੇ ਤੇ, ਭੋਗ ਜਪੁਜੀ ਸਾਹਿਬ ਦਾ ਪਾ ਦਿੱਤਾ।
ਇੱਧਰ ਹੱਥ ਜੱਲਾਦ ਦਾ ਉਠਿਆ ਏ, ਉਧਰ ਸਤਿਗੁਰਾਂ ਨੇ ਮੁਸਕਰਾ ਦਿੱਤਾ।
ਜਦੋਂ ਸੀਸ ਤੇ ਧੜ ਅਲੱਗ ਹੋਏ, ਝੁਲੀ ਸਖ਼ਤ ਹਨੇਰੀ ਤੁਫਾਨ ਚੱਲਿਆ।
ਭਾਈ ਜੈਤਾ ਉਠਾ ਕੇ ਸੀਸ ਪਾਵਨ, ਰੱਖਕੇ ਤਲੀ ’ਤੇ ਆਪਣੀ ਜਾਨ ਚੱਲਿਆ।

ਭਾਈ ਉਦੇ, ਗੁਰਦਿੱਤੇ ਨੇ ਧੜ ਤਾਂਈਂ, ਲੱਖੀ ਸ਼ਾਹ ਦੇ ਗੱਡੇ ’ਚ ਆਨ ਰੱਖਿਆ।
ਧੜ ਸਣੇ ਮਕਾਨ ਨੂੰ ਅੱਗ ਲਾ ਕੇ, ਉਹਨੇ ਗੁਰੂ ਦਾ ਮਾਣ ਸਨਮਾਨ ਰੱਖਿਆ।
ਦੀਨਾਂ ਦੁੱਖੀਆਂ ਦੀ ਰੱਖਿਆ ਲਈ ‘ਜਾਚਕ’, ਸੀਸ ਆਪਣਾ ਸਤਿਗੁਰਾਂ ਵਾਰ ਦਿੱਤਾ।
ਨੌਵੀਂ ਜੋਤ ਅਦੁੱਤੀ ਬਲੀਦਾਨ ਦੇ ਕੇ, ਸਿੱਖ ਕੌਮ ਨੂੰ ਨਵਾਂ ਨਿਖਾਰ ਦਿੱਤਾ।

ਸਾਕਾ ਚਾਂਦਨੀ ਚੌਂਕ – ਹਰੀ ਸਿੰਘ ਜਾਚਕ

ਕਿਰਨਾਂ ਸੱਚ ਦੀਆਂ, ਚਾਨਣ ਲੈਣ ਜਿਸ ਤੋਂ, ਸੂਝਵਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।
ਵੀਹ ਵਰ੍ਹੇ ਜਿਸ ਭੋਰੇ ’ਚ ਤੱਪ ਕੀਤਾ, ਅੰਤਰ ਧਿਆਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।
ਰਚੀ ਬਾਣੀ ਦੇ ਇਕ ਇਕ ਸ਼ਬਦ ਵਿਚੋਂ, ਰੂਪਮਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।
ਜ਼ੁਲਮੀ ਹੜ੍ਹ ਨੂੰ ਜੀਹਨਾਂ ਸੀ ਠੱਲ ਪਾਈ, ਉਹ ਮਹਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।

ਔਰੰਗਜ਼ੇਬ ਦੇ ਜ਼ੁਲਮ ਤੇ ਅੱਤ ਕਾਰਣ,ਗੈਰ ਮੁਸਲਮ ਜਦ ਹਾਲੋਂ ਬੇਹਾਲ ਹੋ ਗਏ।
ਹਿੰਦੂ ਮੰਦਰਾਂ, ਠਾਕਰ ਦੁਆਰਿਆਂ ’ਚ, ਵੱਜਣੇ ਬੰਦ ਜਦ ਸੰਖ ਘੜਿਆਲ ਹੋ ਗਏ।
ਲੈ ਕੇ ਅਟਕ ਤੋਂ ਗੰਗਾ ਦਰਿਆ ਤੀਕਰ, ਰੰਗ ਪਾਣੀਆਂ ਦੇ ਲਾਲੋ ਲਾਲ ਹੋ ਗਏ।
ਹਿੰਦੂ ਧਰਮ ਨੂੰ ਓਦੋਂ ਬਚਾਉਣ ਖ਼ਾਤਰ, ਗੁਰੂ ਤੇਗ ਬਹਾਦਰ ਦਇਆਲ ਹੋ ਗਏ।

ਸਤੇ ਬ੍ਰਾਹਮਣ ਅਖੀਰ ਕਸ਼ਮੀਰ ਵਿੱਚੋਂ, ਡਿੱਗਦੇ ਢਹਿੰਦੇ ਸਨ ਗੁਰੂ ਦੁਆਰ ਪਹੁੰਚੇ।
ਕਿਰਪਾ ਰਾਮ ਨੇ ਕਿਹਾ ਹੁਣ ਕਰੋ ਕਿਰਪਾ, ਚਾਰੇ ਪਾਸੇ ਤੋਂ ਹੋ ਲਾਚਾਰ ਪਹੁੰਚੇ।
ਸਾਡੀ ਕੋਈ ਨਹੀਂ ਦਾਦ ਫਰਿਆਦ ਸੁਣਦਾ, ਤੁਹਾਡੇ ਦਰ ਤੇ ਹਾਂ ਆਖਰਕਾਰ ਪਹੁੰਚੇ।
ਕਿਰਪਾ ਕਰੋ ਹੁਣ ਕਿਰਪਾ ਨਿਧਾਨ ਐਸੀ, ਬੇੜਾ ਧਰਮ ਦਾ ਭਵਜਲੋਂ ਪਾਰ ਪਹੁੰਚੇ।

ਰੋ ਰੋ ਕੇ ਪੰਡਿਤ ਸੀ ਕਹਿਣ ਲੱਗੇ, ਹੋਣੀ ਸਾਡੇ ਬਨੇਰੇ ਤੇ ਖੜੀ ਦਾਤਾ।
ਚਾਰੇ ਪਾਸੇ ਹੀ ਸਹਿਮ ਦੇ ਛਾਏ ਬੱਦਲ, ਕਾਲੀ ਘਟਾ ਕੋਈ ਜ਼ੁਲਮ ਦੀ ਚੜ੍ਹੀ ਦਾਤਾ।
ਠਾਕੁਰਦੁਆਰੇ ਤੇ ਮੰਦਰ ਨੇ ਢਹਿ ਚੁੱਕੇ, ਕਿਸਮਤ ਸਾਡੀ ਏ ਸਾਡੇ ਨਾਲ ਲੜੀ ਦਾਤਾ।
ਪਕੜੋ ਤੁਸੀਂ ਮਜ਼ਲੂਮਾਂ ਦੀ ਬਾਂਹ ਹੁਣ ਤਾਂ, ਔਖੀ ਬੜੀ ਇਮਤਿਹਾਨ ਦੀ ਘੜੀ ਦਾਤਾ।

ਮਾਣ ਰੱਖਦਿਆਂ ਇਨ੍ਹਾਂ ਨਿਤਾਣਿਆਂ ਦਾ, ਗੁਰਾਂ ਕਿਹਾ ਮੈਂ ਦੁਖੜੇ ਮੁਕਾ ਦਿਆਂਗਾ।
ਤੁਹਾਡੇ ਤਿਲਕ ਤੇ ਜੰਝੂ ਦੀ ਰੱਖਿਆ ਲਈ, ਸੀਸ ਆਪਣਾ ਭੇਟ ਚੜ੍ਹਾ ਦਿਆਂਗਾ।
ਮੈਂ ਤੁਹਾਡੀਆਂ ਬਹੂ ਤੇ ਬੇਟੀਆਂ ਦਾ, ਸਿਰ ਦੇ ਕੇ ਸਤ ਬਚਾ ਦਿਆਂਗਾ।
ਥੋਡੇ ਧਰਮ ਦਾ ਦੀਵਾ ਨਾ ਬੁਝ ਸਕੇ, ਤੇਲ ਆਪਣੇ ਲਹੂ ਦਾ ਪਾ ਦਿਆਂਗਾ।

ਨੋਵੀਂ ਜੋਤ ਨੂੰ ਪਿੰਜਰੇ ’ਚ ਬੰਦ ਕਰਕੇ, ਡਾਹਢਾ ਕਹਿਰ ਕਮਾਇਆ ਸੀ ਜ਼ਾਲਮਾਂ ਨੇ।
ਲਾਲਚ ਵੱਡੇ ਤੋਂ ਵੱਡੇ ਵੀ ਗਏ ਦਿੱਤੇ, ਸਬਜ ਬਾਗ ਵਿਖਾਇਆ ਸੀ ਜ਼ਾਲਮਾਂ ਨੇ।
ਜਦੋਂ ਰਤਾ ਵੀ ਡੋਲੇ ਨਾ ਗੁਰੂ ਨੌਂਵੇਂ, ਜੁਲਮੀ ਚੱਕਰ ਚਲਾਇਆ ਸੀ ਜ਼ਾਲਮਾਂ ਨੇ।
ਕਤਲ ਕਰਨ ਦੇ ਲਈ ਨੋਵੇਂ ਪਾਤਸ਼ਾਹ ਨੂੰ, ਚੌਂਕ ਵਿੱਚ ਬਿਠਾਇਆ ਸੀ ਜ਼ਾਲਮਾਂ ਨੇ।

ਨੂਰ ਚਿਹਰੇ ਤੇ ਡਲਕਾਂ ਪਿਆ ਮਾਰਦਾ ਸੀ, ਮਸਤੀ ਨੈਣਾਂ ’ਚ ਨਾਮ ਦੀ ਛਾਈ ਹੋਈ ਸੀ।
ਹਰਖ ਸੋਗ ਨਾ ਚਿਹਰੇ ਤੇ ਨਜ਼ਰ ਆਵੇ, ਬਿਰਤੀ ਵਾਹਿਗੁਰੂ ਵਿੱਚ ਲਗਾਈ ਹੋਈ ਸੀ।
ਜਪੁਜੀ ਸਾਹਿਬ ਦਾ ਸ਼ੁਰੂ ਸੀ ਪਾਠ ਕੀਤਾ, ਸੁਰਤੀ ਓਸ ਦੇ ਵਿਚ ਹੀ ਲਾਈ ਹੋਈ ਸੀ।
ਏਧਰ ਹੱਥ ਜਲਾਦ ਦਾ ਉਠਿਆ ਏ, ਓਧਰ ਚਿਹਰੇ ਤੇ ਰੌਣਕ ਆਈ ਹੋਈ ਸੀ।

ਪਾਵਨ ਸੀਸ ਤੇ ਧੜ ਅਲੱਗ ਹੋ ਕੇ, ਪਏ ਧਰਤੀ ਤੇ ਲਹੂ ਲੁਹਾਨ ਓਦੋਂ।
ਸੂਰਜ ਸ਼ਰਮ ਨਾਲ ਬੱਦਲਾਂ ਵਿੱਚ ਛਿਪਿਆ, ਲਾਲ ਹਨੇਰੀ ਤੇ ਆਇਆ ਤੂਫਾਨ ਓਦੋਂ।
ਕਾਲੀ ਘਟਾ ਕੋਈ ਛਾਈ ਸੀ ਚੌਹੀਂ ਪਾਸੀਂ, ਵਰਤ ਗਈ ਓਥੇ ਸੁਨਸਾਨ ਓਦੋਂ।
ਅਫਰਾ ਤਫਰੀ ਤੇ ਭਾਜੜ ਸੀ ਪੈ ਚੁੱਕੀ, ਚੌਂਕ ਚਾਂਦਨੀ ਖੁਲ੍ਹੇ ਮੈਦਾਨ ਓਦੋਂ।

ਭਾਈ ਜੈਤੇ ਉਠਾਇਆ ਸੀ ਸੀਸ ਪਾਵਨ, ਰੱਖ ਕੇ ਤਲੀ ਤੇ ਆਪਣੀ ਜਾਨ ਓਦੋਂ।
ਭਾਈ ਉਦੇ ਗੁਰਦਿੱਤੇ ਨੇ ਧੜ ਰੱਖਿਆ, ਲੱਖੀ ਸ਼ਾਹ ਦੇ ਗੱਡੇ ਤੇ ਆਨ ਓਦੋਂ।
ਲੱਖੀ ਸ਼ਾਹ ਨੇ ਘਰ ’ਪਹੁੰਚ ਕੇ ਤੇ, ਲਾਇਆ ਸੀਨੇ ਦੇ ਨਾਲ ਭਗਵਾਨ ਓਦੋਂ।
ਧੜ ਸਣੇ ਮਕਾਨ ਨੂੰ ਅੱਗ ਲਾ ਕੇ, ਓਹਨੇ ਰੱਖ ਲਈ ਸਿੱਖੀ ਦੀ ਸ਼ਾਨ ਓਦੋਂ।

ਖੁੰਡੀ ਕੀਤੀ ਸੀ ਜ਼ੁਲਮੀ ਤਲਵਾਰ ਓਨ੍ਹਾਂ, ਕਰਕੇ ਮੌਤ ਕਬੂਲ ਸੀ ਖਿੜੇ ਮੱਥੇ।
ਕਤਲ ਹੋਣ ਲਈ ਪਹੁੰਚਿਆ ਆਪ ਚੱਲ ਕੇ,ਕਾਤਲ ਪਾਸ ਮਕਤੂਲ ਸੀ ਖਿੜੇ ਮੱਥੇ।
ਦਿੱਤਾ ਸੀਸ ਪਰ ਸਿਰਰ ਨਾ ਛੱਡਿਆ ਸੀ, ਪਾਲੇ ਸਿੱਖੀ ਅਸੂਲ ਸੀ ਖਿੜੇ ਮੱਥੇ।
ਬਣੀ ਤੱਕ ਕੇ ਬਿਪਤਾ ਬੇਦੋਸ਼ਿਆਂ ਤੇ, ਦਿੱਤੀ ਜਿੰਦੜੀ ਹੂਲ ਸੀ ਖਿੜੇ ਮੱਥੇ।

ਪਹਿਲੇ ਗੁਰਾਂ ਜੋ ਜੰਝੂ ਨਾ ਪਹਿਨਿਆਂ ਸੀ, ਓਸੇ ਜੰਝੂ ਲਈ ਦਿੱਤਾ ਬਲੀਦਾਨ ਸਤਿਗੁਰ।
ਬੋਦੀ ਟਿੱਕੇ ਬਚਾਏ ਬ੍ਰਾਹਮਣਾਂ ਦੇ, ਦੇ ਕੇ ਆਪਣੇ ਸੀਸ ਦਾ ਦਾਨ ਸਤਿਗੁਰ।
ਬਦਲੇ ਧਰਮ ਨਾ ਕਿਸੇ ਦਾ ਕੋਈ ਜ਼ਬਰੀ, ਏਸੇ ਲਈ ਹੋ ਗਏ ਕੁਰਬਾਨ ਸਤਿਗੁਰ।
ਤਾਹੀਓਂ ਦੁਨੀਆਂ ਦੇ ਹਰ ਇਕ ਦੇਸ਼ ਅੰਦਰ, ਯਾਦ ਕਰ ਰਿਹੈ ਸਾਰਾ ਜਹਾਨ ਸਤਿਗੁਰ।

ਗੁਰੂ ਤੇਗ ਬਹਾਦਰ ਨਾਲ ਨਹੀਂ ਹੋਇਆ, ਇਹ ਤਾਂ ਹੋਇਆ ਮਨੁੱਖਤਾ ਨਾਲ ਸਾਕਾ।
ਦਿਨ ਦਿਹਾੜੇ ਹੀ ਲੋਕਾਂ ਨੇ ਤੱਕਿਆ ਸੀ, ਲਾਲ ਖੂਨ ਵਾਲਾ ਲਾਲੋ ਲਾਲ ਸਾਕਾ।
ਹਿੱਲੀ ਧਰਤੀ ਤੇ ਲੋਕਾਂ ਦੇ ਦਿਲ ਹਿੱਲੇ, ਮਾਨੋ ਲਿਆਇਆ ਸੀ ਕੋਈ ਭੂਚਾਲ ਸਾਕਾ।
ਰਹਿੰਦੀ ਦੁਨੀਆਂ ਤੱਕ ‘ਜਾਚਕਾ’ ਯਾਦ ਰਹਿਣੈ, ਚੌਂਕ ਚਾਂਦਨੀ ਦਾ ਬੇਮਿਸਾਲ ਸਾਕਾ।