ਕ੍ਰਾਂਤੀਕਾਰੀ ਗੁਰੂ ਨਾਨਕ ਦੇਵ ਜੀ – ਹਰੀ ਸਿੰਘ ਜਾਚਕ

ਕਦੇ ਲੋਧੀ ਤੇ ਕਦੇ ਮਹਿਮੂਦ ਗਜਨੀ, ਸਾਡੀ ਆ ਆ ਕੇ, ਫੱਟੀ ਪੋਚਦੇ ਰਹੇ।
ਅੱਖਾਂ ਸਾਹਮਣੇ ਲੁੱਟ ਕੇ ਲੈ ਜਾਂਦੇ, ਅਸੀਂ ਦੇਖਦੇ ਰਹੇ, ਅਸੀਂ ਸੋਚਦੇ ਰਹੇ।
ਕਦੇ ਬਾਬਰ ਤੇ ਕਦੇ ਤੈਮੂਰ ਆ ਕੇ, ਚਿੱੜੀ ਸੋਨੇ ਦੀ ਹੱਥਾਂ ’ਚ ਬੋਚਦੇ ਰਹੇ।
ਜ਼ਾਲਿਮ ਬੜੀ ਬੇਕਦਰੀ ਨਾਲ ਮਾਸ ਇਹਦਾ, ਖੂਨੀ ਨਹੁੰਦਰਾਂ ਨਾਲ ਸੀ ਨੋਚਦੇ ਰਹੇ।

ਚੌਹਾਂ ਵਰਨਾਂ ’ਚ ਸੀ ਸਮਾਜ ਵੰਡਿਆ, ਉਤੋਂ ਸਿਖਰਾਂ ’ਤੇ ਜਾਤ ਅਭਿਮਾਨ ਹੈਸੀ।
ਮਾਨਵ ਆਤਮਾ ਦੇ ਖੰਭ ਨੂੜ ਕੇ ਤੇ, ਵੱਖੋ ਵੱਖਰੇ ਕੀਤੇ ਇਨਸਾਨ ਹੈਸੀ।
’ਕੱਲੇ ਲੋਕ ਹੀ ਆਪੋ ਵਿੱਚ ਨਹੀਂ ਵੰਡੇ, ਨਾਲ ਵੰਡਿਆ ਹੋਇਆ ਭਗਵਾਨ ਹੈਸੀ।
ਸਿੱਧਾਂ ਜੋਗੀਆਂ ਚੁੱਪ ਸੀ ਧਾਰ ਰੱਖੀ, ਭਾਵੇਂ ਜਲ ਰਿਹਾ ਹਿੰਦੁਸਤਾਨ ਹੈਸੀ।

ਓਧਰ ਔਰਤ ਦੀ ਹਾਲਤ ਸੀ ਬਹੁਤ ਪਤਲੀ, ਮਾਰ ਮਾਰ ਕੇ ਕਰ ਸੀ ਸੁੰਨ ਦੇਂਦੇ।
ਚਾਰ ਦੀਵਾਰੀ ’ਚ ਓਸਨੂੰ ਕੈਦ ਕਰਕੇ, ਵਾਂਗ ਆਟੇ ਦੇ ਸਦਾ ਲਈ ਗੁੰਨ੍ਹ ਦੇਂਦੇ।
ਕਿਸੇ ਔਰਤ ਦਾ ਪਤੀ ਜੇ ਮਰ ਜਾਂਦਾ, ਸਿਰ ਓਸਦਾ ਕੈਂਚੀ ਨਾਲ ਮੁੰਨ ਦੇਂਦੇ।
ਜਾਂ ਫਿਰ ਪਤੀ ਨਾਲ ਚਿੱਖਾ ਦੇ ਵਿੱਚ ਸੁੱਟਕੇ, ਜਿਉਂਦੀ ਦਾਣਿਆਂ ਵਾਂਗ ਸੀ ਭੁੰਨ ਦਿੰਦੇ।

ਗੁਰੂ ਨਾਨਕ ਦੇ ਆਗਮਨ ਨਾਲ ਏਥੇ, ਉੱਚੇ ਸੁੱਚੇ ਕਿਰਦਾਰਾਂ ਨੂੰ ਬਲ ਮਿਲਿਆ।
ਵਹਿਮਾਂ ਭਰਮਾਂ ਪਖੰਡਾਂ ਦੀ ਜਾਨ ਨਿਕਲੀ, ਕ੍ਰਾਂਤੀਕਾਰੀ ਵਿਚਾਰਾਂ ਨੂੰ ਬਲ ਮਿਲਿਆ।
ਜਿਨ੍ਹਾਂ ਸਿਰਾਂ ’ਤੇ ਮੌਤ ਮੰਡਰਾ ਰਹੀ ਸੀ, ਉਨ੍ਹਾਂ ਚਿੜੀਆਂ ਦੀਆਂ ਡਾਰਾਂ ਨੂੰ ਬਲ ਮਿਲਿਆ।
ਸੁੱਕੇ ਸੜੇ ਮੁਰਝਾਏ ਹੋਏ ਫੁੱਲ ਖਿੜ ਪਏ, ਪਤਝੜ ਵਿੱਚ ਬਹਾਰਾਂ ਨੂੰ ਬਲ ਮਿਲਿਆ।

ਦਿਬੱ-ਦ੍ਰਿਸ਼ਟੀ ਨਾਲ ਮਾਰੀ ਜਦ ਨਿਗ੍ਹਾ ਬਾਬੇ, ਜਨਤਾ ਜ਼ੁਲਮ ਦੇ ਨਾਲ ਸਤਾਈ ਤੱਕੀ।
ਧਰਮ ਅਤੇ ਸਮਾਜ ਦੇ ਆਗੂਆਂ ਵਿੱਚ, ਛਲ, ਕਪਟ, ਪਾਖੰਡ, ਬੁਰਿਆਈ ਤੱਕੀ।
ਕੂੜ, ਪਾਪ, ਅਧਰਮ ਤੋਂ ਡਰ ਕੇ ਤੇ, ਫਿਰਦੀ ਲੁੱਕਦੀ ਉਨ੍ਹਾਂ ਸਚਿਆਈ ਤੱਕੀ।
ਜਕੜੀ ਹੋਈ ਗੁਲਾਮੀ ਦੇ ਸੰਗਲਾਂ ’ਚ, ਚੀਕਾਂ ਮਾਰਦੀ ਸਗਲੀ ਲੋਕਾਈ ਤੱਕੀ।

ਧਾਵਾ ਬੋਲਿਆ ਬਾਬਰ ਨੇ ਦੇਸ਼ ਉੱਤੇ, ਫੌਜੀ ਓਸਦੇ ਕਹਿਰ ਕਮਾ ਰਹੇ ਸੀ।
ਆ ਕੇ ਮੁਗਲ ਕਸਾਈਆਂ ਦੇ ਵਾਂਗ ਏਥੇ, ਸੱਭ ਨੂੰ ਬੱਕਰਿਆਂ ਵਾਂਗ ਝਟਕਾ ਰਹੇ ਸੀ।
ਬਾਬਾ ਨਾਨਕ ਮਰਦਾਨੇ ਦੇ ਨਾਲ ਓਦੋਂ, ਵਿੱਚ ਜੇਲ੍ਹ ਦੇ ਚੱਕੀ ਚਲਾ ਰਹੇ ਸੀ।
ਬੋਲ ਬਾਬੇ ਦੇ ਜ਼ੁਲਮ ਦੇ ਭਾਂਬੜਾਂ ਨੂੰ, ਧੁਰ ਕੀ ਬਾਣੀ ਦੇ ਨਾਲ ਬੁਝਾ ਰਹੇ ਸੀ।

ਓਹਦੇ ਮੂੰਹ ’ਤੇ ਬਾਬਰ ਨੂੰ ਆਖ ਜਾਬਰ, ਖ਼ਰੀਆਂ ਖ਼ਰੀਆਂ ਸੁਣਾਈਆਂ ਸੀ ਪਾਤਸ਼ਾਹ ਨੇ।
ਓਹਦੀ ਫੌਜ ਨੂੰ ‘ਪਾਪ ਦੀ ਜੰਝ’ ਕਹਿਕੇ, ਖ਼ੂਬ ਧੱਜੀਆਂ ਉਡਾਈਆਂ ਸੀ ਪਾਤਸ਼ਾਹ ਨੇ।
ਨਾਹਰਾ ਹੱਕ ਇਨਸਾਫ ਦਾ ਲਾ ਕੇ ਤੇ, ਕੰਧਾਂ ਕੂੜ ਦੀਆਂ ਢਾਈਆਂ ਸੀ ਪਾਤਸ਼ਾਹ ਨੇ।
ਸਹਿਮੀ ਸਿਸਕਦੀ ਸਦੀਆਂ ਦੀ ਜ਼ਿੰਦਗੀ ਨੂੰ, ਜੀਵਨ ਜਾਚਾਂ ਸਿਖਾਈਆਂ ਸੀ ਪਾਤਸ਼ਾਹ ਨੇ।

ਚਾਰ ਉਦਾਸੀਆਂ ’ਚ ਚੌਹਾਂ ਦਿਸ਼ਾਂ ਅੰਦਰ, ਪੈਦਲ ਸਫਰ ਸੀ ਦੇਸ਼ ਵਿਦੇਸ਼ ਕੀਤਾ।
ਨਵੇਂ ਢੰਗ ਪ੍ਰਚਾਰ ਦੇ ਵਰਤ ‘ਜਾਚਕ’, ਆਪਣੇ ਨਜ਼ਰੀਏ ਨੂੰ ਉਨ੍ਹਾਂ ਪੇਸ਼ ਕੀਤਾ।
ਜਾਤ ਪਾਤ ਉੱਤੇ, ਛੂਤ ਛਾਤ ਉੱਤੇ, ਗੁਰੂ ਸਾਹਿਬ ਨੇ ਹਮਲਾ ਵਿਸ਼ੇਸ਼ ਕੀਤਾ।
ਬੋਲ ਬਾਬੇ ਦੇ ਮਿੱਠੇ ਸੀ ਸ਼ਹਿਦ ਵਰਗੇ, ਜਿੰਨ੍ਹਾਂ ਰਾਹੀਂ ਸੀ ਰੱਬੀ ਉਪਦੇਸ਼ ਕੀਤਾ।

ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ – ਹਰੀ ਸਿੰਘ ਜਾਚਕ

ਰਾਇ ਭੋਇ ਤਲਵੰਡੀ ਪ੍ਰਕਾਸ਼ ਹੋਇਆ, ਜਗਮਗ ਜੋਤ ਸੀ ਜੱਗ ਵਿੱਚ ਆਈ ਤੇਰੀ।
ਚਾਨਣ ਚਾਨਣ ਸੀ ਹੋ ਗਿਆ ਚੌਂਹ ਪਾਸੀਂ, ਤਿੰਨਾਂ ਲੋਕਾਂ ’ਚ ਫੈਲੀ ਰੁਸ਼ਨਾਈ ਤੇਰੀ।
ਅੱਜ ਵੀ ਸਾਨੂੰ ਅਚੰਭੇ ਦੇ ਵਿੱਚ ਪਾਉਂਦੀ, ਵੇਂਈਂ ਨਦੀ ’ਚ ਚੁੱਭੀ ਲਗਾਈ ਤੇਰੀ।
ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿਕੇ, ਬਿਰਤੀ ਨਾਲ ਅਕਾਲ ਦੇ ਲਾਈ ਤੇਰੀ।
ਨਾ ਕੋ ਹਿੰਦੂ ਨਾ ਮੁਸਲਮਾਨ ਕਹਿ ਕੇ, ਸ਼ੁਭ ਅਮਲਾਂ ਤੇ ਗੱਲ ਮੁਕਾਈ ਤੇਰੀ।
ਪਰਗਟ ਹੋਏ ਜਦ ਵੇਂਈ ’ਚੋਂ, ਕਿਹਾ ਸਭ ਨੇ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਹੁਕਮ ਮੰਨ ਕੇ ਪੁਰਖ ਅਕਾਲ ਜੀ ਦਾ, ਚਰਨ ਧਰਤੀ ’ਤੇ ਪਾਏ ਸਨ ਆਪ ਸਤਿਗੁਰ।
ਰੋਂਦੇ ਹੋਏ ਨੇ ਸਾਰੇ ਹੀ ਜਨਮ ਲੈਂਦੇ, ਹੱਸਦੇ ਹੱਸਦੇ ਪਰ ਆਏ ਸਨ ਆਪ ਸਤਿਗੁਰ।
ਚਾਨਣ ਗਿਆਨ ਦਾ ਧੁਰੋਂ ਲਿਆ ਕੇ ਤੇ, ਨ੍ਹੇਰੇ ਰਾਹ ਰੁਸ਼ਨਾਏ ਸਨ ਆਪ ਸਤਿਗੁਰ।
ਮਹਿਤਾ ਕਾਲੂ ਘਰ ਨੂਰੀ ਫੁਹਾਰ ਹੋਈ, ਮਾਤਾ ਤ੍ਰਿਪਤਾ ਦੇ ਜਾਏ ਸਨ ਆਪ ਸਤਿਗੁਰ।
ਭੈਣ ਨਾਨਕੀ ਰੱਬ ਦਾ ਰੂਪ ਤੱਕ ਕੇ, ਮੂਰਤ ਮਨ ਦੇ ਵਿੱਚ ਵਸਾਈ ਤੇਰੀ।
ਰਾਇ ਬੁਲਾਰ ਵੀ ਕਹਿਣੋਂ ਨਹੀਂ ਰਹਿ ਸਕਿਆ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਮਲਕ ਭਾਗੋ ਦੀ ਝੁਕ ਗਈ ਨਜ਼ਰ ਸੀ ਜਦ, ਖੂਨ ਪੂੜਿਆਂ ’ਚੋਂ ਲਾਲੋ ਲਾਲ ਤੱਕਿਆ।
ਸੱਜਣ ਠੱਗ ਨੂੰ ਠੱਗੀਆਂ ਭੁੱਲ ਗਈਆਂ, ਨੂਰੀ ਚਿਹਰੇ ’ਤੇ ਜਦੋਂ ਜਲਾਲ ਤੱਕਿਆ।
ਵਲ ਵਲੀ ਕੰਧਾਰੀ ਦੇ ਸਭ ਨਿਕਲੇ, ਪੰਜੇ ਅੱਗੇ ਜਦ ਪੱਥਰ ਨਿਢਾਲ ਤੱਕਿਆ।
ਰਾਖਸ਼ ਬੁੱਧੀ ਸੀ ਕੌਡੇ ਦੀ ਹਵਾ ਹੋਈ, ਜਦੋਂ ਸਾਹਮਣੇ ਸਾਹਿਬੇ ਕਮਾਲ ਤੱਕਿਆ।
ਜਾਦੂਗਰਨੀ ਦਾ ਜਾਦੂ ਸੀ ਹਰਨ ਹੋਇਆ, ਜਾਹਰੀ ਕਲਾ ਜਦ ਵੇਖੀ ਵਰਤਾਈ ਤੇਰੀ।
ਢਹਿ ਕੇ ਚਰਨਾਂ ਤੇ ਮੁੱਖ ’ਚੋਂ ਕਹਿ ਰਹੀ ਸੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਕੀਤਾ ਦਿਲੋ ਦਿਮਾਗ ਸੀ ਜਿਨ੍ਹਾਂ ਰੋਸ਼ਨ, ਐਸੇ ਚਾਨਣ ਮੁਨਾਰੇ ਸਨ ਗੁਰੂ ਨਾਨਕ।
ਰੱਬੀ ਮਿਹਰਾਂ ਦਾ ਮੀਂਹ ਵਰਸਾ ਕੇ ਤੇ, ਤਪਦੇ ਕਾਲਜੇ ਠਾਰੇ ਸਨ ਗੁਰੂ ਨਾਨਕ।
ਡਿੱਗੇ ਢੱਠਿਆਂ ਬੇਸਹਾਰਿਆਂ ਦੇ, ਇਕੋ ਇਕ ਸਹਾਰੇ ਸਨ ਗੁਰੂ ਨਾਨਕ।
ਵਾਂਗ ਤਾਰਿਆਂ ਗਿਣੇ ਨਹੀਂ ਜਾ ਸਕਦੇ, ਜਿੰਨੇ ਡੁੱਬਦੇ ਤਾਰੇ ਸਨ ਗੁਰੂ ਨਾਨਕ।
ਤੇਰੇ ਕੀਤੇ ਉਪਕਾਰਾਂ ਨੂੰ ਯਾਦ ਕਰ ਕਰ, ਰਿਣੀ ਰਹੂਗੀ ਸਦਾ ਲੋਕਾਈ ਤੇਰੀ।
ਰਹਿੰਦੀ ਦੁਨੀਆਂ ਤੱਕ ਲੋਕਾਂ ਨੇ ਏਹੋ ਕਹਿਣੈ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਠੰਡ ਪਾਉਣ ਲਈ ਤਪਦਿਆਂ ਹਿਰਦਿਆਂ ’ਚ, ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ।
ਮੰਝਧਾਰ ਅੰਦਰ ਗੋਤੇ ਖਾਂਦਿਆਂ ਨੂੰ, ਤਾਰਨ ਲਈ ਹੈਸੀ ਤਾਰਨਹਾਰ ਆਇਆ।
ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈ ਕੇ ਤੇ, ਦਾਤਾਂ ਵੰਡਣ ਲਈ ਆਪ ਦਾਤਾਰ ਆਇਆ।
ਪੰਡਤ, ਮੁੱਲਾਂ ਤੇ ਪਾਂਧੇ ਸਭ ਕਹਿਣ ਲੱਗੇ, ਕਲਯੁੱਗ ਵਿੱਚ ਹੈ ਨਾਨਕ ਅਵਤਾਰ ਆਇਆ।
ਓਸ ਤਾਂਈ ਅਗੰਮੀ ਸੁਆਦ ਆਇਆ, ਧੁਰ ਕੀ ਬਾਣੀ ਜਿਸ ਵਜਦ ਵਿੱਚ ਗਾਈ ਤੇਰੀ।
ਅੱਜ ਵੀ ਕੁੱਲ ਜਮਾਨਾ ਹੈ ਯਾਦ ਕਰਦਾ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਦੁਨੀਆਂ ਵਿੱਚ ਨਿਰੰਕਾਰ ਸਨ ਹੋਏ ਪ੍ਰਗਟ, ਗੁਰੂ ਨਾਨਕ ਦੇ ਪਾਵਨ ਸਰੂਪ ਅੰਦਰ।
ਦੀਨਾਂ ਦੁਖੀਆਂ ਦਾ ਦਰਦ ਵੰਡਾਉਣ ਖਾਤਰ, ਆਪ ਆਏ ਇਸ ਰੂਪ ਅਨੂਪ ਅੰਦਰ।
ਬਾਂਹ ਪਕੜ ਕੇ ਬਾਹਰ ਸੀ ਕੱਢ ਦਿੱਤੇ, ਗੋਤੇ ਖਾਣ ਵਾਲੇ ਅੰਧ ਕੂਪ ਅੰਦਰ।
ਦਸ ਜਾਮੇ ਪਰ ਦਸਾਂ ਵਿਚ ਜੋਤ ਇਕੋ, ਗੁਰੂ ਨਾਨਕ ਤੋਂ ਗੋਬਿੰਦ ਦੇ ਰੂਪ ਅੰਦਰ।
ਪਾਈ ਧੁਰ ਦਰਗਾਹੋਂ ਜੋ ਪਾਤਸ਼ਾਹਾ, ਅੱਜ ਵੀ ਚੱਲ ਰਹੀ ਪਾਵਨ ਗੁਰਿਆਈ ਤੇਰੀ।
ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਕਹਿ ਰਹੇ ਹਾਂ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਦੁਨੀਆਂ ਤਾਰਨ ਲਈ ਦੁਨੀਆਂ ਦੇ ਵਿੱਚ ਆਏ, ਲੈ ਕੇ ਹੁਕਮ ਦਰਗਾਹੀ ਸਨ ਗੁਰੂ ਨਾਨਕ।
ਪਹੁੰਚ ਹੈਸੀ ਵਿਗਿਆਨਕ ਤੇ ਤਰਕਵਾਦੀ, ਦੇਂਦੇ ਠੋਸ ਗਵਾਹੀ ਸਨ ਗੁਰੂ ਨਾਨਕ।
ਨਵੀਆਂ ਲੀਹਾਂ ਇਤਿਹਾਸ ’ਚ ਪਾਉਣ ਵਾਲੇ, ਨਵੇਂ ਰਾਹਾਂ ਦੇ ਰਾਹੀ ਸਨ ਗੁਰੂ ਨਾਨਕ।
ਬਾਬਰ ਵਰਗਿਆਂ ਨੂੰ ਜਾਬਰ ਕਹਿਣ ਵਾਲੇ, ਸਚਮੁੱਚ ਸੰਤ ਸਿਪਾਹੀ ਸਨ ਗੁਰੂ ਨਾਨਕ।
ਚੜ੍ਹਦੀ ਕਲਾ ਆਉਂਦੀ ਬਾਬਾ ਯਾਦ ਕਰਕੇ, ਬਾਬਰ ਤਾਂਈਂ ਇਹ ਜੁਰਅਤ ਵਿਖਾਈ ਤੇਰੀ।
ਚੜ੍ਹਦੀ ਕਲਾ ਨਾਲ ਬੋਲੇ ਗੁਰ ਖਾਲਸਾ ਜੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਖੁਲ੍ਹ ਜਾਣਾਂ ਏ ਲਾਂਘਾ ਕਰਤਾਰਪੁਰ ਦਾ, ਪੂਰੀ ਤਰ੍ਹਾਂ ਇਹ ਬੱਝ ਗਈ ਆਸ ਹੁਣ ਤਾਂ।
ਰੱਖੇ ਦੋਹਾਂ ਸਰਕਾਰਾਂ ਨੇ ਨੀਂਹ ਪੱਥਰ, ਕਾਰਜ ਸਾਰੇ ਹੀ ਹੋ ਰਹੇ ਰਾਸ ਹੁਣ ਤਾਂ।
ਜੰਗੀ ਪੱਧਰ ਤੇ ਚੱਲ ਰਿਹਾ ਕੰਮ ਸੋਹਣਾ, ਸਾਡੇ ਲਈ ਇਹ ਖ਼ਬਰ ਹੈ ਖਾਸ ਹੁਣ ਤਾਂ।
ਲੰਮੇ ਸਮੇਂ ਤੋਂ ਅਸੀਂ ਜੋ ਕਰ ਰਹੇ ਸਾਂ, ਸੁਣੀ ਗਈ ਓਹ ਸਾਡੀ ਅਰਦਾਸ ਹੁਣ ਤਾਂ।
ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉੱਤੇ, ਹਰ ਇਕ ਕਵੀ ਨੇ ਕਵਿਤਾ ਬਣਾਈ ਤੇਰੀ।
ਕਲਮ ‘ਜਾਚਕ’ ਦੀ ਉਸਤਤ ਦੇ ਵਿੱਚ ਲਿਖਦੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550ਵਾਂ ਪਾਵਨ ਪ੍ਰਕਾਸ਼ ਪੁਰਬ – ਹਰੀ ਸਿੰਘ ਜਾਚਕ

ਦਿਲ ਵਿੱਚ ਪਿਆਰ, ਸਤਿਕਾਰ, ਉਮਾਹ ਲੈ ਕੇ, ਪੰਜ ਸੌ ਪੰਜਾਹਵਾਂ ਪੁਰਬ ਮਨਾਓ ਸਾਰੇ।
ਬਾਬੇ ਨਾਨਕ ਨੇ ਦੱਸੇ ਅਸੂਲ ਜਿਹੜੇ, ਓਹ ਸਭ ਜੀਵਨ ਦੇ ਵਿੱਚ ਅਪਨਾਓ ਸਾਰੇ।
‘ਘਾਲਿ ਖਾਇ ਕਿਛੁ ਹਥਹੁ ਦੇਇ’ ਵਾਲੇ, ਸਭਿਆਚਾਰ ਨੂੰ ਸਮਝੋ, ਸਮਝਾਓ ਸਾਰੇ।
‘ਵੰਡ ਛਕਣ’ ਦੇ ਪਾਵਨ ਸਿਧਾਂਤ ਤਾਈਂ, ਆਪਣੇ ਦਿਲਾਂ ਦੇ ਵਿੱਚ ਵਸਾਓ ਸਾਰੇ।

‘ਸਭ ਮਹਿ ਜੋਤਿ ਜੋਤਿ ਹੈ ਸੋਇ’ ਵਾਲਾ, ਪਾਵਨ ਫ਼ਲਸਫ਼ਾ ਲਾਗੂ ਕਰਵਾਓ ਸਾਰੇ।
‘ਪਵਣੁ ਗੁਰੂ ਪਾਣੀ ਪਿਤਾ’ ਕਿਹਾ ਬਾਬੇ, ਏਹਨਾਂ ਤਾਈਂ ਸਵੱਛ ਬਣਾਓ ਸਾਰੇ।
‘ਸਤਿ ਸੁਹਾਣ ਸਦਾ ਮਨਿ ਚਾਉ’ ਹੋਵੇ, ਚੜ੍ਹਦੀ ਕਲਾ ਦਾ ਜੀਵਨ ਬਿਤਾਓ ਸਾਰੇ।
‘ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ’ ਵਾਲੀ, ਜੀਵਨ ਜਾਚ ਇਹ ਸਿਖੋ, ਸਿਖਾਓ ਸਾਰੇ।

‘ਉਪਰਿ ਸਚੁ ਅਚਾਰੁ’ ਤੋਂ ਸੇਧ ਲੈ ਕੇ, ਸੱਚਾ ਸੁੱਚਾ ਵਿਵਹਾਰ ਅਪਣਾਓ ਸਾਰੇ।
‘ਮਿਠਤੁ ਨੀਵੀਂ ਨਾਨਕਾ’ ਬਚਨ ਮੰਨ ਕੇ, ਮਿੱਠਾ ਬੋਲੋ ਤੇ ਨਾਲ ਮੁਸਕਰਾਓ ਸਾਰੇ।
‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’, ਇਸ ਨੂੰ ਮੁਖ ਰੱਖ ਪੜ੍ਹੋ, ਪੜ੍ਹਾਓ ਸਾਰੇ।
ਸਾਢੇ ਪੰਜ ਸੌ ਸਾਲਾ ਪੁਰਬ ਏਦਾਂ, ‘ਜਾਚਕ’ ਸ਼ਰਧਾ ਦੇ ਨਾਲ ਮਨਾਓ ਸਾਰੇ।

ਹਰਪਾਲ ਸਿੰਘ ਪੰਨੂ

ਡਾ਼ ਹਰਪਾਲ ਪੰਨੂ (ਜਨਮ 20 ਜੂਨ 1953) ਇੱਕ ਪੰਜਾਬੀ ਵਾਰਤਕ ਲੇਖਕ ਹੈ।

ਜੀਵਨ
ਹਰਪਾਲ ਪੰਨੂ ਦਾ ਜਨਮ 20-06-1953 ਨੂੰ ਹੋਇਆ। ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਪ੍ਰੋਫੈਸ਼ਰ ਅਤੇ ਮੁਖੀ ਵਜੋਂ ਜਿਮੇਵਾਰੀ ਨਿਭਾ ਰਹੇ ਹਨ। ਉਹ ਯੂ.ਜੀ.ਸੀ. ਦੇ ਸੈਂਟਰ ਫਾਰ ਬੁਿਧਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਹੇ ਹਨ। ਆਪ ਜੀ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਿਸਟੀ ਅਤੇ ਈਰਾਨ ਦੀ ਧਰਮ ਅਿਧਐਨ ਯੂਨੀਵਰਸਿਟੀ ਕੰਮ ਦੇ ਵਿਜ਼ਿਟੰਗ ਪ੍ਰੋਫੈਸ਼ਰ ਵੀ ਰਹੇ ਹਨ। 1980 ਵਿੱਚ ਖਾਲਸਾ ਕਾਲਜ ਪਟਿਆਲਾ ਵਿੱਚ ਅਿਸਸਟੈਂਟ ਪ੍ਰੋਫੈਸ਼ਰ ਦੇ ਅਹੁਦੇ ਤੋਂ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ। ਫਿਰ 1983 ਵਿੱਚ ਯੂਨੀਵਰਸਿਟੀ ਵਿੱਚ ਪੜਾਉਣ ਲੱਗੇ। 1989 ਵਿੱਚ ਐਸੋਸੀਏਟ ਪ੍ਰੋਫੈਸ਼ਰ ਤੇ 1998 ਵਿੱਚ ਪ੍ਰੋ. ਬਣੇ। ਹੁਣ ਐਮ. ਏ., ਐਮ ਫਿਲ ਅਤੇ ਪੀ ਐੱਚ ਡੀ ਰਿਸਰਚ ਸਕਾਲਰਾਂ ਨੂੰ ਪੀ ਐੱਚ ਡੀ ਕਰਵਾ ਰਹੇ ਹਨ।

ਸਿੱਖਿਆ
ਉਨ੍ਹਾਂ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਏ. ਆਨਰਜ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1972 ਦੇ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਤੇ ਰਹੇ। 1974 ਵਿੱਚ ਐੱਮ ਏ ਲਿਟਰੇਚਰ, 1977 ਧਰਮ ਅਧਿਐਨ ਦੀ ਐਮ ਏ ਕੀਤੀ ਅਤੇ ਦੁਬਾਰਾ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਉੱਤੇ ਰਹੇ। ਧਰਮ ਅਧਿਐਨ ਤੋਂ 1980 ਵਿੱਚ ਐਮ ਫਿਲ ਕੀਤੀ ਅਤੇ 1988 ਵਿੱਚ ਪੀ ਐੱਚ ਡੀ ਸਿੱਖ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।

ਰਚਨਾਵਾਂ

  • ਗੁਰੂ ਨਾਨਕ ਦਾ ਕੁਦਰਤ ਸਿਧਾਂਤ
  • ਭਾਰਤ ਦੇ ਪੁਰਾਤਨ ਧਰਮ
  • ਰਵਿੰਦਰ ਨਾਥ ਟੈਗੋਰ
  • ਸਿੱਖ ਦਰਸਨ ਵਿੱਚ ਕਾਲ ਅਤੇ ਅਕਾਲ
  • ਗੌਤਮ ਤੋਂ ਤਾਸਕੀ ਤੱਕ
  • ਆਰਟ ਤੋਂ ਬੰਦਗੀ ਤੱਕ
  • ਜਪੁ ਨਿਸਾਣੁ (ਸੰਪਾਦਨ, ਪ੍ਰਕਾਸਨ ਅਧੀਨ)
  • ਮਲਿੰਦ ਪ੍ਰਸ਼ਨ (ਸੰਪਾਦਨ,ਪ੍ਰਕਾਸ਼ਨ ਅਧੀਨ)
  • ਸਵੇਰ ਤੋਂ ਸ਼ਾਮ ਤੱਕ (ਪ੍ਰਕਾਸਨਅਧੀਨ)
  • ਬੁੱਧ ਧਰਮ ਦੀ ਰੂਪ ਰੇਖਾ
  • ਧਰਮ ਅਧਿਐਨ (ਅਕਾਦਮਿਕ ਪਰਿਪੇਖ)
  • ਪੱਥਰ ਤੋਂ ਰੰਗ ਤੱਕ
  • ਦੂਰੋਂ ਵੇਖਿਆ ਜਰਨੈਲ ਸਿੰਘ ਭਿੰਡਰਾਂਵਾਲਾ

ਲੂਣਾ – ਦੂਜਾ ਅੰਕ | ਭਾਗ – 5

ਲੂਣਾ – ਦੂਜਾ ਅੰਕ | ਭਾਗ – 4 ਪੜ੍ਹਨ ਲਈ ਕਲਿੱਕ ਕਰੋ

ਵਰਮਨ
ਲੂਣਾ…!
ਬਾਰੂ ਸ਼ੂਧਰ ਦੀ ਧੀ ?
ਸੋਹਣੀ,ਚੰਚਲ, ਕੋਮਲ ਅੰਗੀ
ਪਰ ਪਿਛਲੇ ਜਨਮਾਂ ਦਾ ਫਲ ਹੈ
ਜਿਵੇਂ ਅਪੱਛਰਾਂ, ਪਰ ਭਿੱਟ-ਅੰਗੀ
ਮਧਰਾ ਦੇ ਵਿੱਚ ਜਿਓਂ ਜਲ-ਗੰਗੀ
ਸੁੰਦਰ ਨਾਰ ਕਿਸੇ ਰਾਜੇ ਦੀ
ਸੰਭਵ ਨਾ
ਹੋਵੇ ਅਧਰੰਗੀ

ਸਲਵਾਨ
ਜੇ ਲੂਣਾ
ਸ਼ੂਧਰ ਦੀ ਧੀ ਹੈ
ਨਿਰਦੋਸ਼ੀ ਦਾ ਦੋਸ਼ ਵੀ ਕੀਹ ਹੈ ?

ਵਰਮਨ
ਦੋਸ਼ !
ਦੋਸ਼ ਤਾਂ ਉਸ ਦੇ ਕਰਮਾਂ ਦਾ ਹੈ
ਜਾਂ ਫਿਰ ਪਿਛਲੇ ਜਨਮਾਂ ਦਾ ਹੈ

ਸਲਵਾਨ
ਨਹੀਂ ਨਹੀਂ !
ਕੁਝ ਦੋਸ਼ ਨਾ ਉਸ ਦਾ
ਦੋਸ਼ ਤਾਂ ਸਾਡੇ ਭਰਮਾਂ ਦਾ ਹੈ
ਜਾਂ ਫਿਰ ਸਾਡੇ ਧਰਮਾਂ ਦਾ ਹੈ
ਧਰਮ
ਜੋ ਸਾਨੂੰ ਇਹ ਕਹਿੰਦੇ ਨੇ
ਮੰਦਰਾਂ ਦੇ ਵਿੱਚ ਸੰਖ ਵਜਾਵੋ
ਵੱਟਿਆਂ ਦੇ ਵਿੱਚ ਸ਼ਰਧਾ ਰੱਖੋ
ਪੱਥਰਾਂ ਅੱਗੇ ਧੂਫ਼ ਧੁਖਾਵੋ
ਪਰ ਜੇ ਮਾਨਵ, ਮਰਦਾ ਹੋਵੇ
ਮਰਦੇ ਮੂੰਹ ਵਿੱਚ ਬੂੰਦ ਨਾ ਪਾਵੋ
ਇੱਕ ਦੂਜੇ ਦੇ
ਲਹੂਆਂ ਦੇ ਵਿੱਚ
ਆਪਣੇ ਆਪਣੇ ਹੱਥ ਡੁਬਾਵੋ
ਆਉਂਦੇ ਮਾਨਵ ਜੋਗਾ ਰਲਕੇ
ਖੇਤੀਂ ਰੱਜ ਕੇ ਕੋਝ ਉਗਾਵੋ
ਤਵਾਰੀਖ਼ ਦੀ ਛਾਤੀ ਉੱਤੇ
ਰੰਗਾਂ ਵਾਲੇ ਨਾਗ ਲੜਾਵੋ
ਸਮਿਆਂ ਦੇ ਸ਼ਮਸ਼ਾਨਘਾਟ ‘ਤੇ
ਆਪਣੀ ਆਪਣੀ ਮੜ੍ਹੀ ਬਣਾਵੋ
ਕਿਹੜਾ ਧਰਮ
‘ਤੇ ਕਿਹੜਾ ਰੰਗ ਹੈ
ਸੰਗਮਰਮਰ ਦੇ ਖੁਤਵੇ ਲਾਵੋ
ਧਰਮ, ਤਾਂ ਮੇਰੇ ਮਿੱਤਰ ਉਹ ਹੈ
ਜੋ ਨਾ ਲਹੂ ਦਾ ਰੰਗ ਪਛਾਣੇ
ਜੋ ਸਭਨਾਂ ਨੂੰ ਇੱਕ ਕਰ ਜਾਣੇ
ਮਾਨਵ ਦੀ ਪੀੜਾ ਨੂੰ ਸਮਝੇ
ਮਾਨਵ ਦੀ ਪੀੜਾ ਨੂੰ ਜਾਣੇ

ਅਸੀਂ ਤਾਂ ਸੱਜਣ !
ਸਭ ਸ਼ੂਦਰ ਹਾਂ
ਭਿੱਟ-ਅੰਗੇ ਤੇ ਸੁਹਜ-ਵਿਹੂਣੇ
ਵੱਖ ਵੱਖ ਲਹੂਆਂ ਦੇ ਰੰਗ ਲੈ ਕੇ
ਧਰਮਾਂ ਵਿਹੜੇ ਕਰੀਏ ਟੂਣੇ
ਕਰਮ-ਵਿਛੁੰਨੇ ਜਨਮ-ਵਿਹੂਣੇ
ਉੱਤੋਂ ਮਿੱਠੇ
ਵਿਚੋਂ ਲੂਣੇ
ਕੱਲ੍ਹ ਜੋ ਮਿੱਤ੍ਰ
ਦਿਹੁੰ ਮਰਿਆ ਸੀ
ਕੀ ਉਹ ਮੁੜ ਕੇ ਅੱਜ ਮਰ ਸਕਦੈ ?
ਜਾਂ ਜੋ ਕੱਲ੍ਹ ਨੂੰ ਮਰਨਾ ਹਾਲੇ
ਕਿਸੇ ਵੀ ਹੀਲੇ ਅੱਜ ਮਰ ਸਕਦੈ ?
ਅੱਜ ਦਾ ਦਿਹੁੰ ਤਾਂ
ਸੱਜਣ ਮੇਰੇ
ਅੱਜ ਚੜ੍ਹ ਸਕਦੈ , ਅੱਜ ਮਰ ਸਕਦੈ
ਬੀਤੇ ਜਨਮਾਂ ਦੇ ਕਰਮਾਂ ਦਾ
ਦੋਸ਼ ਕਿਸੇ ਸਿਰ
ਕਿੰਜ ਚੜ੍ਹ ਸਕਦੈ ?
ਜੋ ਮਰਿਆ
ਸੋ ਮਰ ਚੁੱਕਾ ਹੈ
ਜੋ ਜਿਉਂਦਾ ਸੋ ਮਰ ਜਾਵੇਗਾ
ਜਾਂ ਜੋ ਜੰਮਣਾ ਵੀ ਹੈ ਹਾਲੇ
ਉਹ ਵੀ ਸੂਰਜ ਠਰ ਜਾਵੇਗਾ
ਭੂਤ, ਭਵਿੱਖ ਦਾ ਨਾਗ ਨਾ ਸੰਭਵ
ਅੱਜ ਦੀ ਧੁੱਪ ਨੂੰ ਲੜ ਜਾਵੇਗਾ

(ਚਲਦਾ….)