ਗੁਰੂ ਅੰਗਦ ਦੇਵ ਜੀ – ਹਰੀ ਸਿੰਘ ਜਾਚਕ

ਗੁੜ੍ਹਤੀ ਨਾਮ ਦੀ ਮਿਲੀ ਸੀ ਵਿੱਚ ਵਿਰਸੇ, ਧਿਆਨ ਭਗਤੀ ’ਚ ਲਾਉਂਦਾ ਸੀ ਭਾਈ ਲਹਿਣਾ।
ਮਾਤਾ ਪਿਤਾ ਜੀ ਦੇਵੀ ਦੇ ਭਗਤ ਹੈਸਨ, ਜੱਸ ਓਸੇ ਦਾ ਗਾਉਂਦਾ ਸੀ ਭਾਈ ਲਹਿਣਾ।
ਹਰ ਸਾਲ ਹੀ ਦੇਵੀ ਦੇ ਦਰਸ਼ਨਾਂ ਨੂੰ, ਪੈਦਲ ਚੱਲ ਕੇ ਆਉਂਦਾ ਸੀ ਭਾਈ ਲਹਿਣਾ।
ਉਹਨੂੰ ਮੁਖੀ ਬਣਾਇਆ ਸੀ ਸੰਗਤਾਂ ਨੇ, ਜੱਥੇਦਾਰ ਕਹਾਉਂਦਾ ਸੀ ਭਾਈ ਲਹਿਣਾ।

ਓਹਨਾਂ ਪਿੰਡ ਖਡੂਰ ’ਚ ਰਹਿੰਦਿਆਂ ਹੀ, ਭਾਈ ਜੋਧ ਕੋਲੋਂ ਬਾਣੀ ਸੁਣੀ ਹੈਸੀ ।
ਸੁਣਦੇ ਸਾਰ ਹੀ ਉਹਦੇ ਕਪਾਟ ਖੁਲ੍ਹ ਗਏ, ਵੱਜਣ ਲੱਗ ਪਈ ਨਾਮ ਦੀ ਧੁਣੀ ਹੈਸੀ ।
ਕਾਫੀ ਸਮੇਂ ਤੋਂ ਤੜਪ ਸੀ ਰਿਹਾ ਜਿਹੜਾ, ਪੀੜ ਓਸਦੇ ਦਿਲ ਦੀ ਚੁਣੀ ਹੈਸੀ ।
ਗੁਰੂ ਨਾਨਕ ਦੇ ਪਾਵਨ ਦਰਸ਼ਨਾਂ ਲਈ, ਛਿੜੀ ਉਸ ਅੰਦਰ ਝੁਣਝੁਣੀ ਹੈਸੀ ।

ਭਾਈ ਜੋਧ ਨੇ ਲਹਿਣੇ ਨੂੰ ਦੱਸਿਆ ਸੀ, ਨਿਰੇ ਰੱਬ ਦੇ ਨੂਰ ਨੇ ਗੁਰੂ ਨਾਨਕ।
ਏਸ ਧੁਰ ਕੀ ਬਾਣੀ ਦੇ ਰਚਨਹਾਰੇ, ਸਰਬ ਕਲਾ ਭਰਪੂਰ ਨੇ ਗੁਰੂ ਨਾਨਕ।
ਰਾਵੀ ਕੰਢੇ ਕਰਤਾਰਪੁਰ ਹੈ ਕਸਬਾ, ਉਥੇ ਹਾਜ਼ਰ ਹਜ਼ੂਰ ਨੇ ਗੁਰੂ ਨਾਨਕ।
ਵਹਿਮ, ਭਰਮ, ਪਾਖੰਡ ਸਭ ਤੋੜ ਕੇ ਤੇ, ਕਰਦੇ ਚਕਨਾਚੂਰ ਨੇ ਗੁਰੂ ਨਾਨਕ।

ਪਈ ਖਿੱਚ ਸੀ ਲਹਿਣੇ ਨੂੰ ਧੁਰ ਅੰਦਰੋਂ, ਸ਼ਰਧਾ ਵਿੱਚ ਹੈਸੀ ਸ਼ਰਧਾਵਾਨ ਆਇਆ।
ਬਹਿ ਕੇ ਘੋੜੇ ਤੇ ਚੱਲ ਸੀ ਪਿਆ ਰਾਹੀ, ਧਰ ਕੇ ਓਸੇ ਦਾ ਸੀ ਧਿਆਨ ਆਇਆ।
ਮੰਜ਼ਿਲ ਮਾਰ ਕੇ ਵਿੱਚ ਕਰਤਾਰਪੁਰ ਦੇ, ਗੁਰੂ ਦਰਸ਼ਨਾਂ ਦਾ ਚਾਹਵਾਨ ਆਇਆ।
ਇਧਰ ਦਿਲ ਦੀ ਦਿਲ ’ਚ ਤਾਰ ਖੜ੍ਹਕੀ, ਅੱਗੋਂ ਲੈਣ ਉਹਨੂੰ ਜਾਣੀ ਜਾਣ ਆਇਆ।

‘ਨਾਨਕ ਤਪੇ’ ਦਾ ਪੁਛਿਆ ਘਰ ਲਹਿਣੇ, ਅੱਖਾਂ ਸਾਹਵੇਂ ਜਦ ਇਕ ਇਨਸਾਨ ਆਇਆ।
ਅੱਗੋਂ ਕਿਹਾ ਉਸ, ਘਰ ਮੈਂ ਛੱਡ ਆਉਂਦਾ, ਲੱਗਦਾ ਤੂੰ ਤਾਂ ਕੋਈ ਮਹਿਮਾਨ ਆਇਆ।
ਲਹਿਣਾ ਘੋੜੇ ’ਤੇ, ਪੈਦਲ ਸਨ ਆਪ ਸਤਿਗੁਰ, ਚੋਜੀ ਚੋਜ ਸੀ ਕੋਈ ਵਰਤਾਨ ਆਇਆ।
ਆਖਰ ਚੱਲਦਾ ਚੱਲਦਾ ਜਾ ਰੁਕਿਆ, ਗੁਰੂ ਨਾਨਕ ਦਾ ਜਿਥੇ ਸਥਾਨ ਆਇਆ।

ਚੰਦ ਪਲਾਂ ’ਚ ਲਹਿਣੇ ਨੇ ਤੱਕਿਆ ਕੀ, ਸਾਹਵੇਂ ਤਖ਼ਤ ’ਤੇ ਉਹੀਉ ਇਨਸਾਨ ਆਇਆ।
ਇਹ ਤਾਂ ਆਪ ਪ੍ਰਤੱਖ ਸਨ ਗੁਰੂ ਨਾਨਕ, ਲੈਣ ਭਗਤ ਨੂੰ ਆਪ ਭਗਵਾਨ ਆਇਆ।
ਢਹਿ ਪਿਆ ਸੀ ਚਰਨਾਂ ’ਤੇ ਭਾਈ ਲਹਿਣਾ, ਹੋਈ ਗਲਤੀ ਦਾ ਜਦੋਂ ਧਿਆਨ ਆਇਆ।
ਗੁਰਾਂ ਚੁੱਕ ਕੇ ਸੀਨੇ ਦੇ ਨਾਲ ਲਾਇਆ, ਮਿਹਰਾਂ ਵਿੱਚ ਹੈਸੀ, ਮਿਹਰਵਾਨ ਆਇਆ।

ਗੁਰੂ ਨਾਨਕ ਨੇ ਮੁੱਖ ’ਚੋਂ ਬਚਨ ਕੀਤੇ, ਇਥੇ ਲੈਣ ਲਈ ਆਇਆ ਤੂੰ ਲਾਹ ਲਹਿਣੇ।
ਏਸ ਨਗਰ ’ਚ ਪਹੁੰਚ ਕੇ ਤੂੰ ਇਥੇ, ਪੂਰਾ ਕੀਤਾ ਏ ਪਹਿਲਾ ਪੜਾ ਲਹਿਣੇ।
ਜਿਵੇਂ ਘੋੜੀ ਦੇ ਗਲੇ ’ਚ ਟੱਲ ਖੜਕੇ, ਉਵੇਂ ਮਨ ਦਾ ਬੂਹਾ ਖੜਕਾ ਲਹਿਣੇ।
ਜਿਵੇਂ ਘੋੜੀ ਦੀਆਂ ਵਾਗਾਂ ਫੜਾ ਦਿਤੀਆਂ, ਉਵੇਂ ਮਨ ਦੀਆਂ ਵਾਗਾਂ ਫੜਾ ਲਹਿਣੇ।

ਸੱਧਰ ਦਿਲ ਅੰਦਰ, ਦਰਸ਼ਨ ਕਰਨ ਵਾਲੀ, ਪੂਰੀ ਹੋ ਗਈ ਪੁਰ ਕਰਤਾਰ ਅੰਦਰ।
ਹਿਰਦਾ ਖਿੜ ਗਿਆ ਵੇਖ ਕੇ ਮੁੱਖ ਨੂਰੀ, ਨੂਰ ਝਲਕਦਾ ਨੂਰੀ ਦਰਬਾਰ ਅੰਦਰ।
ਮਿਲ ਗਿਆ ਸੀ ਚਾਨਣ ਦਾ ਮਹਾਂ ਸੋਮਾਂ, ਸੀਸ ਝੁੱਕ ਗਿਆ ਉਹਦੇ ਸਤਿਕਾਰ ਅੰਦਰ।
ਨਿਰਮਲ ਹੋ ਗਿਆ ਤਨ ਤੇ ਮਨ ਉਹਦਾ, ਲਿਵ ਲੱਗ ਗਈ ਸਤਿ ਕਰਤਾਰ ਅੰਦਰ।

ਧੁਰ ਅੰਦਰੋਂ ਲਹਿਣਾ ਸੀ ਲੀਨ ਹੋਇਆ, ਫੁਟਿਆ ਨਾਮ ਦਾ ਸੋਮਾਂ ਸਾਕਾਰ ਅੰਦਰ।
ਹਾਲਤ ਹੋ ਗਈ ਚੰਨ ਚਕੋਰ ਵਾਂਗੂ, ਪੂਰਾ ਗੁਰੂ ਸੀ ਮਿਲਿਆ ਸੰਸਾਰ ਅੰਦਰ।
ਗੁਰੂ ਨਾਨਕ ਵੀ ਦਿਲ ’ਚ ਸੋਚਿਆ ਸੀ, ਲਹਿਣਾ ਲੈਣ ਲਈ ਆਇਐ ਦਰਬਾਰ ਅੰਦਰ।
ਸੇਵਾ ਏਥੇ ਹੀ ਕਰਨੀ ਏ ਉਮਰ ਸਾਰੀ, ਨਿਸਚਾ ਲਿਆ ਸੀ ਲਹਿਣੇ ਨੇ ਧਾਰ ਅੰਦਰ।

ਰੱਬੀ ਬਖਸ਼ਿਸ਼ਾਂ ਓਸ ’ਤੇ ਧੁਰੋਂ ਹੋਈਆਂ, ਸੇਵਾ ਕੀਤੀ ਉਸ ਸਿਦਕ ਦੇ ਨਾਲ ਹੈਸੀ।
ਕਿਸੇ ਹੁਕਮ ’ਤੇ ਕਿੰਤੂ ਨਾ ਕਦੇ ਕੀਤਾ, ਤਕੜੀ ਬੜੀ ਹੀ ਘਾਲੀ ਉਸ ਘਾਲ ਹੈਸੀ।
ਸੁਘੜ ਸਿਆਣੇ ਤੇ ਪੁੰਜ ਸੀ ਨਿਮਰਤਾ ਦੇ, ਕੀਤਾ ਕੰਮ ਹਰ ਬੇਮਿਸਾਲ ਹੈਸੀ।
ਪਰਚੇ ਔਖੇ ਤੋਂ ਔਖੇ ਸੀ ਪਏ ਭਾਵੇਂ, ਹੱਲ ਕੀਤਾ ਪਰ ਹਰ ਸੁਆਲ ਹੈਸੀ।

ਗਿੱਲੇ ਘਾਹ ਦੀ ਚੁੱਕੀ ਜਦ ਪੰਡ ਸਿਰ ’ਤੇ, ਗੰਦਾ ਹੋ ਗਿਆ ਜਾਮਾ ਬਹੁਮੁੱਲ, ਵੇਖੋ।
ਤੱਕ ਕੇ ਮਾਤ ਸੁਲੱਖਣੀ ਕਹਿਣ ਲੱਗੇ, ਹੋ ਗਈ ਸਾਂਈਂ ਜੀਉ, ਵੱਡੀ ਭੁੱਲ, ਵੇਖੋ।
ਅੱਗੋਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਛਿੱਟੇ ਚਿੱਕੜ ਦੇ ਕੇਸਰ ਦੇ ਤੁੱਲ, ਵੇਖੋ।
ਨਹੀਂ ਘਾਹ ਦੀ ਪੰਡ ਇਹ ਸਿਰ ਉੱਤੇ, ਦੀਨ ਦੁਨੀ ਦਾ ਛੱਤਰ ਰਿਹੈ ਝੁੱਲ, ਵੇਖੋ।

ਪੰਡਾਂ ਘਾਹ ਦੀਆਂ ਚੁੱਕੀਆਂ ਸਿਰ ਉੱਤੇ, ਕਦੇ ਮੱਥੇ ’ਤੇ ਪਾਇਆ ਨਾ ਵੱਟ ਲਹਿਣੇ।
ਡਿੱਗ ਪਿਆ ਕਟੋਰਾ ਜਦ ਟੋਏ ਅੰਦਰ, ਗੰਦੇ ਪਾਣੀ ’ਚੋਂ ਕੱਢਿਆ ਝੱਟ ਲਹਿਣੇ।
ਕੰਧ ਮੀਂਹ ਨਾਲ ਢੱਠੀ ਬਣਾ ਦਿੱਤੀ, ਸਾਰੀ ਰਾਤ ਹੀ ਠੰਢ ’ਚ ਕੱਟ ਲਹਿਣੇ।
ਮੁਰਦਾ ਖਾਣ ਦੇ ਹੁਕਮ ਨੂੰ ਮੰਨ ਕੇ ਤੇ, ਦੀਨ ਦੁਨੀ ਦੀ ਖੱਟੀ ਲਈ ਖੱਟ ਲਹਿਣੇ।

ਆਪਣੇ ਸੀਨੇ ਨਾਲ ਲਾ ਕੇ ਪਾਤਸ਼ਾਹ ਨੇ, ਲਹਿਣੇ ਤਾਂਈਂ ਫਿਰ ਮੁੱਖੋਂ ਸੀ ਕਿਹਾ ਅੰਗਦ।
ਭੱਠੀ ਵਿੱਚ ਪਾ ਕੇ ਕੁੰਦਨ ਵਾਂਗ ਕੀਤੈ, ਤੇਰੇ ਮੇਰੇ ’ਚ ਫਰਕ ਨਾ ਰਿਹਾ ਅੰਗਦ।
ਘੜਿਐ ਸੁਰਤ ਦੀ ਸੱਚੀ ਟਕਸਾਲ ਤੈਨੂੰ, ਹੋ ਗਿਆ ਤੂੰ ਮੇਰੇ ਹੀ ਜਿਹਾ ਅੰਗਦ।
ਤੈਨੂੰ ਜੋਤ ਮੈ ਆਪਣੀ ਸੋਂਪ ਰਿਹਾਂ, ਜਿਹੀ ਜੋਤ ਨਾਨਕ, ਚਾਨਣ ਤਿਹਾ ਅੰਗਦ।

ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ, ਦੂਜੇ ਪਾਤਸ਼ਾਹ ਅਮਰ ਬਹਾਰ ਕੀਤਾ।
ਚਲਦਾ ਗੁਰੂ ਕਾ ਲੰਗਰ ਸੀ ਹਰ ਵੇਲੇ, ਮਾਤਾ ਖੀਵੀ ਜੋ ਹੱਥੀਂ ਤਿਆਰ ਕੀਤਾ।
ਵਹਿਮ ਭਰਮ ਫੈਲਾਏ ਜੋ ਭੇਖੀਆਂ ਨੇ, ਉਹ ਸਭ ਮੰਨਣ ਤੋਂ ਗੁਰਾਂ ਇਨਕਾਰ ਕੀਤਾ।
ਊਚ ਨੀਚ ਦੇ ਭਰਮ ਭੁਲੇਖਿਆਂ ਤੋਂ, ਗੁਰੂ ਸੰਗਤਾਂ ਨੂੰ ਖਬਰਦਾਰ ਕੀਤਾ।

ਲੰਘਿਆ ਜਦੋਂ ਹਿਮਾਯੂ ਖਡੂਰ ਵਿੱਚੋਂ, ਸ਼ੇਰ ਸ਼ਾਹ ਕੋਲੋਂ ਹਾਰ ਖਾ ਕੇ ਤੇ।
ਹੁੰਦਾ ਵੇਖ ਨਾ ਕੋਈ ਸਤਿਕਾਰ ਏਥੇ, ਚੰਡੀ ਕੱਢੀ ਸੀ ਗੁੱਸੇ ਵਿੱਚ ਆ ਕੇ ਤੇ।
ਨਹੀਂ ਜਾਇਜ ਫ਼ਕੀਰਾਂ ’ਤੇ ਵਾਰ ਕਰਨਾ, ਮੁੱਖੋਂ ਸਤਿਗੁਰਾਂ ਕਿਹਾ ਮੁਸਕਾ ਕੇ ਤੇ।
ਰਾਜ ਭਾਗ ਤੂੰ ਆਪਣਾ ਲੈ ਵਾਪਸ, ਇਹਨੂੰ ਜੰਗ ਦੇ ਵਿੱਚ ਚਲਾ ਕੇ ਤੇ।

ਸਮੇਂ ਸਮੇਂ ’ਤੇ ਸਿੱਖਾਂ ਨੂੰ ਕਿਹਾ ਉਨ੍ਹਾਂ, ਸੱਚਾ ਸੁੱਚਾ ਹਮੇਸ਼ਾਂ ਵਿਵਹਾਰ ਕਰਨੈ।
ਧਰਤੀ ਵਾਂਗ ਹੀ ਸੀਤਲ ਸੁਭਾਅ ਰੱਖਣੈ, ਕਦੇ ਭੁੱਲ ਕੇ ਨਹੀਂ ਹੰਕਾਰ ਕਰਨੈ।
ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ, ਦਾਨ ਪੁੰਨ ਤੇ ਪਰਉਪਕਾਰ ਕਰਨੈ।
ਰਹਿਕੇ ਵਿੱਚ ਗ੍ਰਿਹਸਤ ਦੇ ਕਮਲ ਵਾਂਗ਼ੂੰ, ਹਰ ਇੱਕ ਦੇ ਨਾਲ ਪਿਆਰ ਕਰਨੈ।

ਮੱਲ ਅਖਾੜੇ ਸਜਾ ਕੇ ਪਾਤਸ਼ਾਹ ਨੇ, ਕਸਰਤ ਕਰਨ ਦੀ ਦਿੱਤੀ ਸਿਖਲਾਈ ਸੋਹਣੀ।
ਲਿੱਪੀ ਗੁਰਮੁਖੀ ਵੱਲ ਧਿਆਨ ਦੇ ਕੇ, ਬਾਲਾਂ ਤਾਈਂ ਪੰਜਾਬੀ ਪੜ੍ਹਾਈ ਸੋਹਣੀ।
ਬਾਬੇ ਨਾਨਕ ਦੇ ਜੀਵਨ ਬ੍ਰਿਤਾਂਤ ਵਾਲੀ, ਜਨਮ ਸਾਖੀ ਵੀ ਆਪ ਲਿਖਵਾਈ ਸੋਹਣੀ।
ਜ਼ਿੰਮੇਵਾਰੀ ਗੁਰਿਆਈ ਦੀ ਗੁਰੂ ਜੀ ਨੇ, ਕਈ ਸਾਲਾਂ ਤੱਕ ‘ਜਾਚਕ’ ਨਿਭਾਈ ਸੋਹਣੀ।

ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਸਾਲਸ ਰਾਇ – ਹਰੀ ਸਿੰਘ ਜਾਚਕ

ਸਾਹਿਬ ਸ੍ਰੀ ਗੁਰੂ ਨਾਨਕ ਪਿਆਰੇ। ਕਰਦੇ ਰਹੇ ਨੇ ਚੋਜ ਨਿਆਰੇ।
ਜਗਤ ਜਲੰਦਾ ਠਾਰਨ ਖਾਤਰ। ਡੁਬਦਿਆਂ ਤਾਈਂ ਤਾਰਨ ਖਾਤਰ।
ਕਰਦੇ ਹੋਏ ਧਰਮ ਪ੍ਰਚਾਰ। ਪਹੁੰਚੇ ਪਟਨੇ ਸ਼ਹਿਰ ਦੇ ਬਾਹਰ।
ਇੱਕ ਥਾਂ ਜਾ ਗੁਰ ਨਾਨਕ ਲੇਟੇ। ਨਿਰੰਕਾਰ ਦੇ ਸੋਹਣੇ ਬੇਟੇ।
ਚਿਹਰੇ ’ਤੇ ਨੂਰੀ ਪ੍ਰਕਾਸ਼। ਬੈਠਾ ਹੈ ਮਰਦਾਨਾ ਪਾਸ।
ਮਰਦਾਨੇ ਨੇ ਕੀਤਾ ਸੁਆਲ। ਦੱਸਿਉ ਮੈਨੂੰ ਦੀਨ ਦਇਆਲ।

ਕਹਿੰਦੇ ਹੋ ਸੰਸਾਰ ਇਹ ਸਾਰਾ। ਇਕ ਓਅੰਕਾਰ ਦਾ ਹੈ ਪਾਸਾਰਾ।
ਕਿਥੋਂ ਲਿਆਈਏ ਐਸੀ ਦ੍ਰਿਸ਼ਟੀ। ਜਾਪੇ ਉਸਦੀ ਸਾਰੀ ਸ੍ਰਿਸ਼ਟੀ।
ਕਿਹੜੀ ਹੈ ਉਹ ਪਾਰਖੂ ਅੱਖ। ਵੇਖੇ ਨਾ ਜੋ ਵੱਖੋ ਵੱਖ।
ਕਿਵੇਂ ਨੇ ਸਾਰੇ ਰੱਬ ਦੇ ਬੰਦੇ। ਭਾਵੇਂ ਚੰਗੇ ਭਾਵੇਂ ਮੰਦੇ।
ਮੈਨੂੰ ਇਸ ਬਾਰੇ ਸਮਝਾਓ। ਥੋੜਾ ਜਿਹਾ ਹੁਣ ਚਾਨਣ ਪਾਓ।
ਖਿੜੇ ਮੱਥੇ ਮਿਹਰਾਂ ਦੇ ਸਾਈਂ। ਕਹਿਣ ਲੱਗੇ ਮਰਦਾਨੇ ਤਾਈਂ।

ਨਜ਼ਰ ਬੰਨ੍ਹ ਕੇ, ਵੇਖੀਏ ਜਿੱਦਾਂ। ਮਨ ਨੂੰ ਬੰਨ ਕੇ ਵੇਖ ਤੂੰ ਇੱਦਾਂ।
ਟਿਕ ਜਾਏਗਾ ਮਨ ਜਦ ਤੇਰਾ। ਫਿਰ ਨਹੀਂ ਦਿੱਸਣਾ ਮੇਰਾ ਤੇਰਾ।
ਦੂਰ ਹੋਏਗਾ ਘੁੱਪ ਹਨੇਰਾ। ‘ਓਹਦਾ’ ਜਾਪੂ ਚਾਰ ਚੁਫੇਰਾ।
ਸ਼ਬਦਿ ਸੁਰਤਿ ਜਦ ਸੁਰ ਹੋ ਜਾਊ। ਅੰਦਰ ਅੰਮ੍ਰਿਤ ਰਸ ਫਿਰ ਆਊ।
ਚੋਜੀ ਚੋਜ ਰਚਾਵਣ ਲੱਗੇ। ਸੇਵਕ ਨੂੰ ਸਮਝਾਵਣ ਲੱਗੇ।
ਕਹਿੰਦੇ, ਭਾਈ ਮਰਦਾਨਾ ਜਾਹ। ਖਾਣ ਲਈ ਕੁਝ ਸ਼ਹਿਰੋਂ ਲਿਆ।

ਲੈ ਜਾ ਇਹ ਲਾਲ ਜਿਹੀ ਵੱਟੀ। ਪਹੁੰਚ ਜਾ ਕਿਸੇ ਸ਼ਾਹ ਦੀ ਹੱਟੀ।
ਵੇਚੀਂ, ਜੋ ਹੀਰੇ ਦਾ ਭੇਤੀ। ਖਾਣ ਲਈ ਕੁਝ ਲੈ ਆਈਂ ਛੇਤੀ।
ਜਾਂਦੇ ਹੀ ਤੂੰ ਪਈਂ ਨਾ ਕਾਹਲਾ। ਮਿਲੂ ਕੋਈ ਮੁਲ ਪਾਵਣ ਵਾਲਾ।
ਹੁਕਮ ਮੰਨ ਮਰਦਾਨਾ ਤੁਰਿਆ। ਨਾਨਕ ਦਾ ਦੀਵਾਨਾ ਤੁਰਿਆ।
ਚੁੱਕ ਪੋਟਲੀ ਸ਼ਹਿਰ ਨੂੰ ਆਇਆ। ਕਈ ਦੁਕਾਨਾਂ ’ਤੇ ਦਿਖਲਾਇਆ।
ਕਿਸੇ ਕਿਹਾ ਆ, ਆ ਕੇ ਬਹਿ ਜਾ। ਇਹਦਾ ਦੋ ਗਜ ਕਪੜਾ ਲੈ ਜਾ।

ਕੋਈ ਕਹਿੰਦਾ ਜੇ ਤੂੰ ਹੈ ਖਾਣੇ। ਲੈ ਜਾ ਇਸਦੇ ਪਾਅ ਭਰ ਦਾਣੇ।
ਕਹਿੰਦਾ ਇਕ ਹੋ ਬੜਾ ਦਿਆਲੂ। ਲੈ ਜਾ ਇਹਦੇ ਗੋਭੀ ਆਲੂ।
ਪੱਥਰੀ ਇਹ ਮੁਲਾਇਮ ਤੇ ਕੂਲੀ। ਲੈ ਜਾ ਇਸਦੇ ਬਦਲੇ ਮੂਲੀ।
ਕਿਸੇ ਕਿਹਾ ਇਹ ਲਾਲ ਹੈ ਥੋਹੜੀ। ਲੈ ਜਾ ਚੱਲ ਤੂੰ ਗੁੜ ਦੀ ਰੋੜੀ।
ਕਿਸੇ ਨੇ ਕੋਈ ਮੁੱਲ ਨਾ ਪਾਇਆ। ਇਹ ਵੀ ਹੈਸੀ ‘ਓਹਦੀ’ ਮਾਇਆ।
ਆਖਰ ਭੁੱਖਾ ਅਤੇ ਤਿਹਾਇਆ। ਸਾਲਸ ਰਾਇ ਦੀ ਹੱਟੀ ਆਇਆ।

ਸਾਲਸ ਰਾਇ ਪਟਨੇ ਵਿੱਚ ਰਹਿੰਦਾ। ਰੱਬ ਦੀ ਰਜਾ ’ਚ ਉਠਦਾ ਬਹਿੰਦਾ।
ਕਰਦਾ ਸੀ ਵਪਾਰ ਉਹ ਲਾਲਾ। ਹੀਰੇ ਰਤਨ ਜਵਾਹਰ ਵਾਲਾ।
ਨਜ਼ਰ ਓਸਦੀ ਬੜੀ ਸੀ ਤਿੱਖੀ। ਖਰੇ ਖੋਟੇ ਦੀ ਪਰਖ ਸੀ ਸਿੱਖੀ।
ਮਰਦਾਨਾ ਪੁੱਜਾ ਉਸ ਕੋਲ। ਹੌਲੀ ਹੌਲੀ ਬੋਲੇ ਬੋਲ।
ਕਹਿੰਦਾ ਮੇਰੀ ਸੁਣੋ ਕਹਾਣੀ। ਛਕਣੈ ਅਸਾਂ ਨੇ ਅੰਨ ਤੇ ਪਾਣੀ।
ਲੈ ਕੇ ਮੈਂ ਇਹ ਪੋਟਲੀ ਆਇਆ। ਇਹਦੇ ਵਿੱਚ ਇਕ ਚੀਜ਼ ਲਿਆਇਆ।

ਵੇਚਣ ਲਈ ਹਾਂ ਆਇਆ ਇਹਨੂੰ। ਇਹਦੇ ਦੇ ਦਿਉ ਪੈਸੇ ਮੈਨੂੰ।
ਸਾਲਸ ਰਾਇ ਪੋਟਲੀ ਖੋਲੀ। ਕਹਿੰਦਾ ਮੈਂ ਤਾਂ ਵਾਰੇ ਘੋਲੀ।
ਜਿੱਦਾਂ ਹੀ ਉਹਨੇ ਅੰਦਰ ਤੱਕਿਆ। ਓਦਾਂ ਹੀ ਉਹਨੂੰ ਹੱਥੀਂ ਢੱਕਿਆ।
ਕਹਿਣ ਲੱਗਾ ਉਹ ਨੌਕਰ ਤਾਂਈਂ। ਅੰਦਰੋਂ ਜਾ ਕੇ ਪੈਸੇ ਲਿਆਈਂ।
ਕਹਿੰਦਾ ਵੇਖੀ ਦੁਨੀਆਂ ਸਾਰੀ। ਤੇਰਾ ਮਾਲਕ ਵੱਡਾ ਵਪਾਰੀ।
ਖਰਾ ਸੌਦਾ ਕੋਈ ਖਾਸ ਵਿਸ਼ੇਸ਼। ਵੇਚ ਰਿਹੈ ਉਹ ਦੇਸ਼ ਵਿਦੇਸ਼।

ਵਾਪਸ ਲੈ ਜਾ ਤੂੰ ਇਹ ਲਾਲ। ਤੱਕ ਤੱਕ ਮੈਂ ਤਾਂ ਹੋਇਆ ਨਿਹਾਲ।
100 ਰੁਪਈਆ ਵਿੱਚ ਵਲੇਟਾ। ਇਹ ਤਾਂ ਇਸਦੀ ਦਰਸ਼ਨ ਭੇਟਾ।
ਇਹ ਤਾਂ ਲਾਲ ਕੋਈ ਅਨਮੁੱਲ। ਇਹਦਾ ਦੁਨੀਆਂ ਵਿੱਚ ਨਹੀਂ ਮੁੱਲ।
ਫਿਰ ਜੇ ਇਹਨੂੰ ਵੇਚਣ ਆਈਂ। ਇਹਦਾ ਮਾਲਕ ਨਾਲ ਲਿਆਈਂ।
ਵੱਡਾ ਜੋਹਰੀ ਜਾਣੀ ਜਾਣ। ਲੈ ਰਿਹੈ ਸਾਡਾ ਇਮਤਿਹਾਨ।
ਛੱਡੀ ਫਿਰਦੈ ਦੁਨੀਆਂਦਾਰੀ। ਤੇਰਾ ਮਾਲਕ ਪ੍ਰਉਪਕਾਰੀ।

ਸੌ ਰੁਪਈਏ ਲੈ ਕੇ ਰਾਸ। ਸਿੱਖ ਪਹੁੰਚਾ ਸਤਿਗੁਰ ਦੇ ਪਾਸ।
ਕਹਿੰਦਾ ਦਾਤਾ ਤੇਰੀ ਮਾਇਆ। ਮੈਨੂੰ ਤਾਂ ਕੁਝ ਸਮਝ ਨਾ ਆਇਆ।
ਕਿਸੇ ਨੇ ਮੂਲੋਂ ਮੁੱਲ ਨਾ ਪਾਇਆ। ਕਿਸੇ ਨੇ ਦਰਸ਼ਨ ਭੇਟ ਚੜ੍ਹਾਇਆ।
ਸਤਿਗੁਰ ਨਾਨਕ ਹੱਸ ਪਏ ਸੀ। ਮਿਹਰਾਂ ਦੇ ਮੀਂਹ ਵੱਸ ਪਏ ਸੀ।
ਕਹਿੰਦੇ ਏਹੀਓ ਹੁੰਦੀ ਅੱਖ। ਜਿਸਨੂੰ ਦਿੱਸ ਜਾਂਦੈ ਪ੍ਰਤੱਖ।
ਸ਼ਬਦ ਸੁਰਤਿ ਦਾ ਜੀਹਨੂੰ ਗਿਆਨ। ਉਹਦੀ ਦ੍ਰਿਸ਼ਟੀ ਹੈ ਮਹਾਨ।

ਇਹ ਹੈ ਸਭ ਦ੍ਰਿਸ਼ਟੀਆਂ ਤੋਂ ਪਰੇ। ਦਿਸੇ ਉਹਨੂੰ, ਜੀਹਦਾ ਆਪਾ ਮਰੇ।
ਬੰਦੇ ਨੂੰ ਫਿਰ ਆਉਂਦੈ ਸੁਆਦ। ਝੂਮਣ ਲੱਗਦੈ ਵਿੱਚ ਵਿਸਮਾਦ।
ਏਨੇ ਚਿਰ ਨੂੰ ਸਾਲਸ ਰਾਇ। ਸਤਿਗੁਰ ਦੇ ਲਈ ਭੋਜਨ ਲਿਆਏ।
ਪਿਆਰ ਨਾਲ ਪ੍ਰਸ਼ਾਦਾ ਪੱਕਿਆ। ਮਰਦਾਨੇ ਤੇ ਬਾਬੇ ਛੱਕਿਆ।
ਦਿੱਬ ਦ੍ਰਿਸ਼ਟ ਦਾ ਦਿੱਤਾ ਦਾਨ। ਬਾਬਾ ਨਾਨਕ ਬੜਾ ਮਹਾਨ।
‘ਜਾਚਕ’ ਬਾਬੇ ਹੋ ਨਿਹਾਲ। ਬਣਵਾਈ ਓਥੇ ਧਰਮਸਾਲ।
(ਅੱਜਕੱਲ ਗੁਰਦੁਆਰਾ ਗਊਘਾਟ, ਪਟਨਾ ਸਾਹਿਬ)

ਜਾਦੂਗਰਨੀ ਨੂਰਸ਼ਾਹ ਦਾ ਨਿਸਤਾਰਾ – ਹਰੀ ਸਿੰਘ ਜਾਚਕ

ਸਤਿਨਾਮ ਦਾ ਚੱਕਰ ਚਲਾਉਂਦੇ। ਦੁਨੀਆਂ ਨੂੰ ‘ਇੱਕ’ ਦੇ ਲੜ ਲਾਉਂਦੇ।
ਨੂਰੀ ਨਾਨਕ ਵੰਡਦੇ ਨਾਮ। ਪਹੁੰਚ ਗਏ ਸਨ ਵਿੱਚ ਆਸਾਮ।
ਛੱਡ ਮੈਦਾਨ, ਪਹਾੜ ’ਚ ਬੈਠੇ। ਸ਼ਹਿਰੋਂ ਬਾਹਰ ਉਜਾੜ ’ਚ ਬੈਠੇ।
ਤਿੰਨ ਦਿਨਾਂ ਦੇ ਭੁੱਖਣ ਭਾਣੇ। ਉਹਦੀਆਂ ਰਮਜ਼ਾਂ ਉਹੋ ਜਾਣੇ।
ਮਰਦਾਨੇ ਨੂੰ ਲੱਗ ਗਈ ਭੁੱਖ। ਕਹਿੰਦਾ ਵੱਡਾ ਭੁੱਖ ਦਾ ਦੁੱਖ।
ਤੜਫ ਰਹੀ ਇਹ ਜਿੰਦ ਨਿਮਾਣੀ। ਨਾ ਰੋਟੀ, ਨਾ ਪੀਣ ਨੂੰ ਪਾਣੀ।

ਤੂੰ ਤੇ ਦਾਤਾ ਨੂਰ ਇਲਾਹੀ। ਕੌਣ ਜਾਣੇ ਤੇਰੀ ਬੇਪਰਵਾਹੀ।
ਸ਼ਹਿਰ ਮੈਂ ਚੱਲਿਆਂ ਅੰਤਰਜਾਮੀ। ਰੋਟੀ ਖਾ ਕੇ ਆ ਜਾਊਂ ਸ਼ਾਮੀ।
ਅੰਨ ਬਿਨਾਂ ਮੈਂ ਰਹਿ ਨਹੀਂ ਸਕਦਾ। ਬਹੁਤਾ ਕੁਝ ਹੁਣ ਕਹਿ ਨਹੀਂ ਸਕਦਾ।
ਮੁੱਖ ’ਚੋਂ ਕਿਹਾ, ਮਿਹਰਾਂ ਦੇ ਸਾਈਂ। ਡੋਲ ਰਹੇ ਮਰਦਾਨੇ ਤਾਈਂ।
ਮਰਦਾਨਿਆਂ, ਮਰ ਜਾਣਿਆਂ। ਤੂੰ ਆਪਾ ਨਹੀਂ ਪਹਿਚਾਣਿਆਂ।
ਵੇ ਸ਼ਬਦਾਂ ਦੇ ਵਣਜਾਰਿਆ। ਅੱਜ ਦਿਲ ਨੂੰ ਹੈ ਕਿਉਂ ਹਾਰਿਆ।

ਤੇਰੇ ਨਾਲ ਮੈਂ ਲਾਈ ਯਾਰੀ। ਰੋਂਦੀ ਵੇਖ ਕੇ ਦੁਨੀਆਂ ਸਾਰੀ।
ਛੱਡ ਕੇ ਤੂੰ ਨਾਨਕ ਨਿਰੰਕਾਰੀ। ਕਿਧਰ ਨੂੰ ਕਰ ਲਈ ਤਿਆਰੀ।
ਕਿਉਂ ਤੂੰ ਅੱਜ ਹੈ ਹਿੰਮਤ ਹਾਰੀ। ਜਾਏ ਨਾ ਤੈਥੋਂ ਭੁੱਖ ਸਹਾਰੀ।
ਸੁਣੀ ਨਾ ਉਹਨੇ ਕੋਈ ਵੀ ਗੱਲ। ਭੁਖ ਦਾ ਦੁੱਖ ਨਾ ਸਕਿਆ ਝੱਲ।
ਕਰਕੇ ਉਹ ਤਾਂ ਪੂਰਾ ਹੱਠ। ਸ਼ਹਿਰ ਵੱਲ ਨੂੰ ਪਿਆ ਸੀ ਨੱਠ।
ਡੋਲ ਦੇ ਵਾਗੂੰ ਰਿਹਾ ਸੀ ਡੋਲ। ਪਹੁੰਚ ਗਿਆ ਇਕ ਘਰ ਦੇ ਕੋਲ।

ਘਰ ਦੇ ਅੰਦਰ ਆ ਕੇ ਵੜਿਆ। ਜਾ ਕੇ ਵਿਹੜੇ ਦੇ ਵਿੱਚ ਖੜਿਆ।
ਤੱਕ ਕੇ ਓਥੇ ਅਜਬ ਨਜ਼ਾਰਾ। ਜਿਸਮ ਓਸਦਾ ਕੰਬਿਆ ਸਾਰਾ।
ਪਿੰਜਰ ਓਥੇ ਲਟਕ ਰਿਹਾ ਸੀ। ਖੂਨ ਓਸ ’ਚੋਂ ਟਪਕ ਰਿਹਾ ਸੀ।
ਇਧਰ ਸ਼ੇਰ ਪਿਆ ਲਲਕਾਰੇ। ਉਧਰ ਸੱਪ ਮਾਰੇ ਫੁੰਕਾਰੇ।
ਜਿਥੇ ਹੈਸੀ ਸੋਨ ਸਵੇਰਾ। ਹੋ ਗਿਆ ਓਥੇ ਘੁੱਪ ਹਨੇਰਾ।
ਵੇਖ ਕੇ ਡਾਢਾ ਉਹ ਘਬਰਾਇਆ। ਸਿਰ ਓਹਦੇ ਨੂੰ ਚੱਕਰ ਆਇਆ।

ਜਿਵੇਂ ਹੀ ਉਹਨੂੰ ਹੋਸ਼ ਸੀ ਆਈ। ਸਾਰਾ ਕੁਝ ਹੋ ਗਿਆ ਹਵਾਈ।
ਜਾਦੂ ਦਾ ਇਹ ਖੇਲ ਸੀ ਸਾਰਾ। ਅੱਜ ਫਸ ਗਿਆ ਭੌਰ ਵਿਚਾਰਾ।
ਜਾਦੂ ਦਾ ਸੀ ਇਹ ਤਾਂ ਮੰਦਰ। ਫਸਿਆ ਆਣ ਬਟੇਰਾ ਅੰਦਰ।
ਅਕਲ ਦੀ ਐਨਕ ਲਾ ਕੇ ਵੇਖੇ। ਘੋੜੇ ਬੜੇ ਦੁੜਾ ਕੇ ਵੇਖੇ।
ਵੇਖੀ ਜਾਂਦੈ ਸੱਜੇ ਖੱਬੇ। ਐਪਰ ਕੋਈ ਹੁਣ ਰਾਹ ਨਾ ਲੱਭੇ।
ਮਰਦਾਨਾ ਸੀ ਦਿਲ ਵਿੱਚ ਕਹਿੰਦਾ। ਕੀ ਹੁੰਦਾ ਜੇ ਭੁੱਖਾ ਈ ਰਹਿੰਦਾ।

ਬਾਬਾ ਨਾਨਕ ਰੋਕ ਰਹੇ ਸੀ। ਏਥੇ ਆਉਣੋਂ ਟੋਕ ਰਹੇ ਸੀ।
ਪਰ ਮੈਂ ਨਹੀਂ ਸਾਂ ਆਖੇ ਲੱਗਿਆ। ਏਸੇ ਲਈ ਮੈਂ ਗਿਆ ਹਾਂ ਠੱਗਿਆ।
ਗੁਰੂ ਸਾਹਿਬ ਦੀ ਕਦਰ ਨਾ ਪਾਈ। ਤਾਂਹੀਉਂ ਮੇਰੀ ਸ਼ਾਮਤ ਆਈ।
ਨਹੀਂ ਇਥੋਂ ਕੋਈ ਜਾਣੀ ਸੂੰਹ। ਪੈ ਗਿਆ ਮੈਂ ਤਾਂ ਮੌਤ ਦੇ ਮੂੰਹ।
ਏਨੇ ਨੂੰ ਇਕ ਸੁੰਦਰੀ ਆਈ। ਰੋਟੀ ਪਾਣੀ ਨਾਲ ਲਿਆਈ।
ਉਹਨੂੰ ਵੀ ਲੱਗੀ ਸੀ ਭੁੱਖ। ਭੋਜਨ ਵੇਖ ਕੇ ਭੁਲ ਗਿਆ ਦੁੱਖ।

ਖਾਣਾ ਉਹਨੇ ਰੱਜ ਕੇ ਖਾਧਾ। ਖਾ ਕੇ ਖਾਣਾ ਪ੍ਰਭੂ ਅਰਾਧਾ।
ਹੁਣ ਆਈ ਇਕ ਮੋਹਨੀ ਮੂਰਤ। ਮੋਹਨੀ ਮੂਰਤ, ਸੋਹਣੀ ਸੂਰਤ।
ਨੂਰਸ਼ਾਹ ਨਾਂ ਦੀ ਮੁਟਿਆਰ। ਜੀਕਣ ਹੁਸਨਾਂ ਦੀ ਸਰਕਾਰ।
ਵੱਡੀ ਸੀ ਇਹ ਜਾਦੂਗਰਨੀ। ਜਾਦੂਗਰਨੀ, ਮਨ ਨੂੰ ਹਰਨੀ।
ਲੱਗਦੀ ਸੀ ਕੋਈ ਚੰਨ ਦਾ ਨੂਰ। ਤੱਕ ਤੱਕ ਜਿਸਨੂੰ ਚੜ੍ਹੇ ਸਰੂਰ।
ਝਾਲ ਓਸਦੀ ਜਾਏ ਨਾ ਝੱਲੀ। ਦਿਲ ਡੁਲ੍ਹਦਾ ਸੀ ਮੱਲੋ ਮੱਲੀ।

ਗੱਲਾਂ ਹੀ ਗੱਲਾਂ ਦੇ ਨਾਲ। ਸੁੱਟ ਦੇਂਦੀ ਸੀ ਪ੍ਰੀਤ ਦਾ ਜਾਲ।
ਤਰ੍ਹਾਂ ਤਰ੍ਹਾਂ ਦੇ ਵਰਤ ਕੇ ਢੰਗ। ਮਾਰ ਦਿੰਦੀ ਸੀ ਪ੍ਰੀਤ ਦੇ ਡੰਗ।
ਜੋ ਵੀ ਆਉਂਦਾ ਭੁੱਲ ਕੇ ਰਾਹ। ਉਹਨੂੰ ਇਹ ਲੈਂਦੀ ਸੀ ਫਾਹ।
ਵਾਪਸ ਜਾਣ ਜੋਗਾ ਨਾ ਰਹਿੰਦਾ। ਜਿਵੇਂ ਉਹ ਕਹਿੰਦੀ ਤਿਵੇਂ ਉਹ ਕਹਿੰਦਾ।
ਮਰਦਾਨਾ ਅੱਜ ਗਿਆ ਸੀ ਫਸ। ਕਰ ਲਿਆ ਉਸਨੂੰ ਜਾਦੂ ਵੱਸ।
ਬੰਨੀ ਗਲ ਜਾਦੂਈ ਗਾਨੀ। ਭੁਲ ਗਿਆ ਉਹ ਦੁਨੀਆਂ ਫਾਨੀ।

ਚਾਲ ਚੱਲੀ ਸੀ ਐਸੀ ਕੋਝੀ। ਦੁਨੀਆਂ ਦੀ ਓਹਨੂੰ ਰਹੀ ਨਾ ਸੋਝੀ।
ਹੋ ਗਿਆ ਉਹ ਬੇਹੋਸ਼, ਬੇਸੁਧ। ਉਹ ਨੂੰ ਰਹੀ ਨਾ ਸੁੱਧ ਤੇ ਬੁੱਧ।
ਹੱਥ ਪੈਰ ਸਭ ਹੋ ਗਏ ਸੁੰਨ। ਭੁੱਲ ਗਿਆ ਉਹ ਨਾਮ ਦੀ ਧੁੰਨ।
ਬੈਠਾ ਸੀ ਉਹ ਚੁੱਪ ਚੁਪੀਤਾ। ਨਿਕਲ ਗਿਆ ਉਹਦਾ ਖਾਧਾ ਪੀਤਾ।
ਕਹਿਣ ਲੱਗੀ ਉਹ ਸਾਥਣਾਂ ਤਾਂਈਂ। ਆਖੇ ਲੱਗੂ ਇਹ ਚਾਂਈਂ ਚਾਂਈਂ।
ਸੁਰਤ ਇਹਦੀ ਨੂੰ ਵੱਸ ਮੈਂ ਕੀਤਾ। ਜਾਦੂ ਨਾਲ ਬੇ-ਵੱਸ ਮੈਂ ਕੀਤਾ।

ਜਿਧਰ ਜਾਵਾਂ ਉਧਰ ਜਾਂਦੈ। ਚੁੰਬਕ ਮਗਰ ਜਿਉਂ ਲੋਹਾ ਆਂਦੈ।
ਇਹ ਬੰਦਾ ਹੁਣ ਬਣ ਕੇ ਭੇਡੂ। ਭੇਡੂ ਵਾਂਗੂ, ਖੇਡਾਂ ਖੇਡੂ।
ਜਦ ਮਰਦਾਨਾ ਮੂੰਹ ਨੂੰ ਖੋਲੇ। ਭੇਡੂ ਵਾਂਗੂ, ਮੈਂ ਮੈਂ ਬੋਲੇ।
ਤੱਕੇ ਚਾਰ ਚੁਫੇਰੇ ਇੱਦਾਂ। ਫਸਿਆ ਜਾਲ ਬਟੇਰਾ ਜਿੱਦਾਂ।
ਮੁੜ ਨਾ ਜਦ ਮਰਦਾਨਾ ਆਇਆ। ਬਾਬੇ ਨਾਨਕ ਚੋਜ ਰਚਾਇਆ।
ਇਕਦਮ ਕਰਕੇ ਚਿੱਤ ਇਕਾਗਰ। ਚੱਲ ਪਏ ਮਿਹਰਾਂ ਦੇ ਸਾਗਰ।

ਸ਼ਹਿਰ ਵੱਲ ਨੂੰ ਉਠ ਕੇ ਤੁਰ ਪਏ। ਮਰਦਾਨੇ ’ਤੇ ਤੁੱਠ ਕੇ ਤੁਰ ਪਏ।
ਪਹੁੰਚ ਗਏ ਸੀ ਵਾਹੋਦਾਹੀ। ਗੁਰੂ ਨਾਨਕ ਜੀ ਨੂਰ ਇਲਾਹੀ।
ਕੁਫਰ ਗੜ੍ਹ ਨੂੰ ਤੋੜਨ ਖਾਤਰ। ਨਾਲ ਨਾਮ ਦੇ ਜੋੜਨ ਖਾਤਰ।
ਘਰ ਦੇ ਅੱਗੇ ਆ ਕੇ ਖੜ੍ਹ ਗਏ। ਪਲਕ ਝਪਕਦੇ ਅੰਦਰ ਵੜ ਗਏ।
ਵੜੇ ਜਦੋਂ ਤ੍ਰਿਪਤਾ ਦੇ ਚੰਦ। ਬੂਹਾ ਹੋ ਗਿਆ ਅੰਦਰੋਂ ਬੰਦ।
ਪਹੁੰਚ ਕੇ ਵਿਹੜੇ ਦੇ ਵਿਚਕਾਰ। ਮੁੱਖੋਂ ਬੋਲੇ ‘ਸਤਿ ਕਰਤਾਰ’।

ਨੂਰ ਸ਼ਾਹ ਨੇ ਨਜ਼ਰ ਜਾ ਚੁੱਕੀ। ਮਾਨੋ ਉਹਦੀ ਰੱਤ ਸੀ ਸੁੱਕੀ।
ਤੱਕਿਆ ਜਦੋਂ ਨੂਰਾਨੀ ਚਿਹਰਾ। ਅੱਖਾਂ ਅੱਗੇ ਆਇਆ ਹਨੇਰਾ।
ਜਿਵੇਂ ਹੀ ਉਸ ਨੇ ਨਜ਼ਰਾਂ ਗੱਡੀਆਂ। ਅੱਖਾਂ ਰਹਿ ਗਈਆਂ ਸੀ ਟੱਡੀਆਂ।
ਤੱਕ ਤੱਕ ਹੋ ਗਈ ਸੀ ਉਹ ਦੰਗ। ਪਲ ਪਲ ਪਿਛੋਂ ਬਦਲਣ ਰੰਗ।
ਇਕਦਮ ਸੀ ਤਰੇਲੀਆਂ ਆਈਆਂ। ਚਿਹਰੇ ਉਤੇ ਪਿਲੱਤਣਾਂ ਛਾਈਆਂ।
ਫੇਰ ਕੇ ਬੁਲ੍ਹਾਂ ਉਤੇ ਜੀਭ। ਕਹਿੰਦੀ ਸੜ ਗਏ ਹਾਏ ਨਸੀਬ।

ਖੋਹ ਪੈ ਰਹੀ ਏ ਅੰਦਰ ਖੋਹਣੀ। ਅੱਜ ਹੋਣੀ ਏ ਕੋਈ ਅਣਹੋਣੀ।
ਮਨ ਦੀ ’ਕੱਠੀ ਕਰਕੇ ਤਾਕਤ। ਵਿੱਚ ਜਾਦੂ ਦੀ ਭਰ ਕੇ ਤਾਕਤ।
ਮੰਤਰ ਉਹ ਚਲਾਵਣ ਲੱਗੀ। ਬਾਬੇ ਨੂੰ ਭਰਮਾਵਨ ਲੱਗੀ।
ਜਿਵੇਂ ਜਿਵੇਂ ਉਹ ਕਰਦੀ ਵਾਰ। ਬਾਬਾ ਕਹਿੰਦਾ ‘ਧੰਨ ਨਿਰੰਕਾਰ’।
ਲਾਇਆ ਜ਼ੋਰ ਪਰ ਇਕ ਨਾ ਚੱਲੀ। ਛੱਡ ਗਏ ਇਲਮ ਤੇ ਰਹਿ ਗਈ ’ਕੱਲੀ।
ਪਹੁੰਚੇ ਫਿਰ ਮਰਦਾਨੇ ਕੋਲ। ਬੋਲ ਨਾ ਸਕੇ ਜੋ ਕੋਈ ਬੋਲ।

ਖੋਲਿਆ ਜਦ ਜਾਦੂ ਦਾ ਜੰਦਾ। ਮਰਦਾਨਾ ਫਿਰ ਬਣ ਗਿਆ ਬੰਦਾ।
ਮਰਦਾਨੇ ਨੂੰ ਗਲ ਨਾਲ ਲਾ ਕੇ। ਕਹਿਣ ਲੱਗੇ ਉਹ ਫਿਰ ਮੁਸਕਾ ਕੇ।
ਸਾਡੇ ਨਾਲ ਤੂੰ ਕੀਤੇ ਵਾਧੇ। ਸਾਨੂੰ ਛੱਡ ਕੇ ਭੋਜਨ ਖਾਧੇ।
ਮਰਦਾਨਾ ਫਿਰ ਪੈ ਕੇ ਚਰਨੀਂ। ਕਹਿੰਦਾ ਬਾਬਾ, ਧੰਨ ਤੇਰੀ ਕਰਨੀ।
ਮੈਂ ਤਾਂ ਥੋਨੂੰ ਬਹੁਤ ਸਤਾਇਆ। ਤੁਸੀਂ ਮੈਨੂੰ ਪਰ ਗਲ ਨਾਲ ਲਾਇਆ।
ਸਤਿਗੁਰ ਨਾਨਕ ਹੱਸ ਪਏ ਸੀ। ਮਿਹਰਾਂ ਦੇ ਮੀਂਹ ਵੱਸ ਪਏ ਸੀ।

ਨੂਰਸ਼ਾਹ ਸੀ ਤੱਕਦੀ ਰਹਿ ਗਈ। ਤੱਕਦੀ ਉਹ ਚਰਨਾਂ ’ਤੇ ਢਹਿ ਗਈ।
ਹੋ ਗਿਆ ਰੰਗ ਸੀ ਨੀਲਾ ਪੀਲਾ। ਗੁਰ ਨਾਨਕ ਦੀ ਵੇਖ ਕੇ ਲੀਲਾ।
ਅੱਖਾਂ ਦੇ ਵਿੱਚ ਹੰਝੂ ਭਰ ਕੇ। ਚਰਨਾਂ ਉੱਤੇ ਮੱਥਾ ਧਰ ਕੇ।
ਕਹਿਣ ਲੱਗੀ ਉਹ ਬਾਬੇ ਤਾਂਈਂ। ਮਿਹਰ ਕਰੋ ਮਿਹਰਾਂ ਦੇ ਸਾਂਈਂ।
ਮੈਨੂੰ ਆਪਣੇ ਚਰਨੀਂ ਲਾਇਓ। ਅਧਵੱਟੇ ਹੁਣ ਛੱਡ ਨਾ ਜਾਇਓ।
ਕਰਦਿਆਂ ਮੈਨੂੰ ਧਾਗੇ ਤਵੀਤ। ਸਾਰੀ ਉਮਰ ਗਈ ਏ ਬੀਤ।

ਭੋਗ ਰਹੀ ਹਾਂ ਜੋ ਸੰਤਾਪ। ਲਾਹ ਦਿਉ ਮੇਰੇ ਤੀਨੇ ਤਾਪ।
ਰੱਖਿਆ ਸਿਰ ’ਤੇ ਮਿਹਰ ਦਾ ਹੱਥ। ਗਿਆ ਭੂਤ ਜਾਦੂ ਦਾ ਲੱਥ।
ਗੁਰ ਨਾਨਕ ਨੇ ਬਖਸ਼ਿਸ਼ ਕੀਤੀ। ਅਕਾਲ ਪੁਰਖ ਨਾਲ ਲਾਈ ਪ੍ਰੀਤੀ।
ਲੱਥੇ ਪਾਪ ਤੇ ਪੈ ਗਈ ਠੰਢ। ਪਈ ਨਾਮ ਨਾਲ ਸੱਚੀ ਗੰਢ।
ਜਾਦੂ ਦਾ ਉਸ ਮੰਦਰ ਢਾਇਆ। ਧਰਮਸਾਲ ਉਸ ਤਾਈਂ ਬਣਾਇਆ।
ਲੁਟੀ ਮਾਇਆ ਤਾਈਂ ਲੁਟਾਇਆ। ਹਰ ਇੱਕ ਦੇ ਲਈ ਲੰਗਰ ਲਾਇਆ।
ਖਬਰ ਫੈਲ ਗਈ ਸਾਰੇ ਜੱਗ। ਜਿਉਂ ਫੈਲੇ ਜੰਗਲ ਦੀ ਅੱਗ।

ਹੋ ਗਏ ਸਨ ਪ੍ਰਸੰਨ ਗੁਰ ਨਾਨਕ। ਸਾਰੇ ਬੋਲੋ, ਧੰਨ ਗੁਰ ਨਾਨਕ।
ਸਾਰੇ ਆਖੋ ਧੰਨ ਗੁਰ ਨਾਨਕ। ਸਾਰੇ ਬੋਲੋ ਧੰਨ ਗੁਰ ਨਾਨਕ।

ਵੇਈਂ ਨਦੀ ’ਚ ਚੁੱਭੀ ਲਗਾਈ ਨਾਨਕ – ਹਰੀ ਸਿੰਘ ਜਾਚਕ

ਰਹਿੰਦੇ ਰਹਿੰਦਿਆਂ ਸ਼ਹਿਰ ਸੁਲਤਾਨਪੁਰ ਵਿੱਚ, ਲੀਲਾ ਬਾਬੇ ਨੇ ਅਜਬ ਵਰਤਾਈ ਹੈਸੀ।
ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈਣ ਖਾਤਰ, ਵੇਈਂ ਨਦੀ ’ਚ ਚੁੱਭੀ ਲਗਾਈ ਹੈਸੀ।
ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿ ਕੇ, ਬਿਰਤੀ ਨਾਲ ਅਕਾਲ ਦੇ ਲਾਈ ਹੈਸੀ।
ਕਰਤਾ ਪੁਰਖ ਦੀ ਕਿਰਪਾ ਦੇ ਨਾਲ ਉੇਨ੍ਹਾਂ, ਪਾਈ ਧੁਰ ਦਰਗਾਹੋਂ ਗੁਰਿਆਈ ਹੈਸੀ।

ਤਿੰਨ ਦਿਨ ਉਹ ਸੋਚਾਂ ’ਚ ਰਹੇ ਡੁੱਬੇ, ਕਿਵੇਂ ਡੁੱਬ ਰਹੇ ਜਗਤ ਨੂੰ ਤਾਰਨਾ ਏ।
ਲੈ ਕੇ ‘ਪਾਪ ਦੀ ਜੰਝ’ ਜੋ ਚੜ੍ਹ ਆਇਐ, ਉਸ ਬਾਬਰ ਨੂੰ ਕਿਵੇਂ ਵੰਗਾਰਨਾ ਏ।
ਸਿਖਰਾਂ ਉੱਤੇ ਜੋ ਮਜ਼ਬੀ ਜਨੂੰਨ ਪਹੁੰਚੈ, ਧੋਣੋਂ ਪਕੜ ਕੇ ਥੱਲੇ ਉਤਾਰਨਾ ਏ।
ਜੀਹਨੇ ਜੀਹਨੇ ਵੀ ਚੱਕੀ ਏ ਅੱਤ ਏਥੇ, ਉਹਦੇ ਘਰ ਜਾ ਉਹਨੂੰ ਲਲਕਾਰਨਾ ਏ।

ਚਾਰ ਰਹੇ ਜੋ ਦੁਨੀਆਂ ਨੂੰ ਭੇਖਧਾਰੀ, ਉਨ੍ਹਾਂ ਤਾਂਈਂ ਵੀ ਪੈਣਾ ਹੁਣ ਚਾਰਨਾ ਏ।
ਵਹਿਮਾਂ ਭਰਮਾਂ ਪਖੰਡਾਂ ਨੂੰ ਗਲੋਂ ਫੜ੍ਹ ਕੇ, ਸ਼ਰੇਆਮ ਹੀ ਪੈਣਾ ਲਲਕਾਰਨਾ ਏ।
ਪਾਪੀ ਰੂਹਾਂ ਨੂੰ ਪਾ ਕੇ ਰਾਹ ਸਿੱਧੇ, ਉਨ੍ਹਾਂ ਤਾਂਈਂ ਵੀ ਪਾਰ ਉਤਾਰਨਾ ਏ।
ਰੇਤ ਅੱਕ ਦਾ ਇਥੇ ਅਹਾਰ ਕਰਕੇ, ਕਿੱਦਾਂ, ਰੱਬ ਦਾ ਸ਼ੁਕਰ ਗੁਜ਼ਾਰਨਾ ਏ।

ਜ਼ਾਤ ਪਾਤ ਵਾਲਾ, ਛੂਤ ਛਾਤ ਵਾਲਾ, ਭੂਤ ਚੰਬੜਿਆ ਕਿੱਦਾਂ ਉਤਾਰਨਾ ਏ।
ਜੀਹਨੂੰ ਪੈਰ ਦੀ ਜੁੱਤੀ ਹੈ ਕਿਹਾ ਜਾਂਦਾ, ਉਹਦੇ ਤਾਂਈਂ ਫਿਰ ਕਿਵੇਂ ਸਤਿਕਾਰਨਾ ਏ।
ਆਦਮਖੋਰਾਂ ਨੇ ਜਿਹੜੇ ਤਪਾ ਰੱਖੇ, ਕਿਵੇਂ ਤਪਦੇ ਕੜਾਹਿਆਂ ਨੂੰ ਠਾਰਨਾ ਏ।
ਕਿਵੇਂ ਨਫਰਤ ਤੇ ਘਿਰਣਾ ਨੂੰ ਜੜੋਂ ਪੁੱਟ ਕੇ, ਸਰਬ ਸਾਂਝਾ ਸਮਾਜ ਉਸਾਰਨਾ ਏ।

ਸੇਵਾ ਸਿਮਰਨ, ਸਚਾਈ ਤਿਆਗ ਤਾਂਈਂ, ਸਮੇਂ ਸਮੇਂ ਤੇ ਕਿਵੇਂ ਪ੍ਰਚਾਰਨਾ ਏ।
ਕਿੱਦਾਂ ਬਹਿਣਾ ਏ, ਉਬਲਦੀ ਦੇਗ ਅੰਦਰ, ਇਹ ਵੀ ਪੈਣਾ ਅੱਜ ਮੈਨੂੰ ਵਿਚਾਰਨਾ ਏ।
ਕਿਵੇਂ ਦਿੱਲੀ ਦੇ ਚਾਂਦਨੀ ਚੌਂਕ ਅੰਦਰ, ਸਬਰ ਜਿਤਣਾ ਤੇ ਜਬਰ ਹਾਰਨਾ ਏ।
ਕਿਵੇਂ ਆਪਣੀਆਂ ਅੱਖਾਂ ਦੇ ਤਾਰਿਆਂ ਨੂੰ, ਅੱਖਾਂ ਸਾਹਮਣੇਂ ਜੰਗ ਵਿੱਚ ਵਾਰਨਾ ਏ।

ਗੁਰੂ ਪੰਥ ਤੇ ਗੁਰੂ ਗ੍ਰੰਥ ਵਾਲੇ, ਸਿੱਖ ਸਿਧਾਂਤ ਨੂੰ ਕਿਵੇਂ ਪ੍ਰਚਾਰਨਾ ਏ।
ਇਹ ਜਨਮ ਤਾਂ ਇਹਦੇ ਲਈ ਹੈ ਥੋੜ੍ਹਾ, ਲੰਮਾਂ ਸਮਾਂ ਹੁਣ ਪੈਣਾ ਗੁਜ਼ਾਰਨਾ ਏ।
ਦਸਾਂ ਜਾਂਮਿਆਂ ਵਿੱਚ ਇਸ ਧਰਤ ਉੱਤੇ, ਕਿਹੜਾ ਕਿਹੜਾ ਸਰੂਪ ਮੈਂ ਧਾਰਨਾਂ ਏ।
ਦਿੱਬ ਦ੍ਰਿਸ਼ਟ ਨਾਲ ਤਿੰਨੋਂ ਦਿਨ ਰਹੇ ਤੱਕਦੇ, ਕਿੱਦਾਂ ਜਗਤ ਜਲੰਦੇ ਨੂੰ ਠਾਰਨਾਂ ਏ।

ਓਧਰ ਨਾਨਕ ਜਦ ਪਰਤ ਨਾ ਆਏ ਵਾਪਸ, ਘਰ ਵਿੱਚ ਸੋਗ ਦੀ ਲਹਿਰ ਕੋਈ ਛਾਈ ਹੈਸੀ।
ਨਾਨਕ ਡੁੱਬ ਗਿਐ ਜਾਂ ਫਿਰ ਰੁੜ੍ਹ ਗਿਐ, ਗੱਲਾਂ ਕਰਦੀ ਪਈ ਸਾਰੀ ਲੁਕਾਈ ਹੈਸੀ।
ਉਹਨੂੰ ਲੱਭਣ ਲਈ ਪਿੰਡ ਦੇ ਵਾਸੀਆਂ ਨੇ, ਹਰ ਤਰ੍ਹਾਂ ਦੀ ਵਾਹ ਲਗਾਈ ਹੈਸੀ।
ਤਿੰਨ ਦਿਨ ਜਦ ਪਤਾ ਨਾ ਕੋਈ ਲੱਗਾ, ਚਾਰੇ ਪਾਸੇ ਹੀ ਮਚੀ ਦੁਹਾਈ ਹੈਸੀ।

ਉਡ ਗਈਆਂ ਸਨ ਰੌਣਕਾਂ ਚਿਹਰਿਆਂ ’ਤੋਂ, ਸਾਰੇ ਕਹਿਣ ਲੱਗੇ, ਕਿਧਰ ਗਿਆ ਨਾਨਕ।
ਖਬਰ ਫੈਲ ਗਈ ਜੰਗਲ ਦੀ ਅੱਗ ਵਾਂਗੂੰ, ਰੁੜ ਗਿਆ ਏ, ਹੁਣ ਨਹੀਂ ਰਿਹਾ ਨਾਨਕ।
ਇਕ ਦੂਜੇ ਨੂੰ ਆਖ ਰਹੇ ਸਨ ਸਾਰੇ, ਵੇਈਂ ਨਦੀ ਨੇ ਨਿਗਲ ਏ ਲਿਆ ਨਾਨਕ।
ਭੈਣ ਨਾਨਕੀ ਅਜੇ ਵੀ ਕਹਿ ਰਹੀ ਸੀ, ਚੋਜੀ ਚੋਜ ਕੋਈ ਕਰਦਾ ਏ ਪਿਆ ਨਾਨਕ।

ਤੀਜੇ ਦਿਨ ਜਦ ਨਾਨਕ ਜੀ ਹੋਏ ਪਰਗਟ, ਵਗਦੇ ਹੰਝੂਆਂ ਨੂੰ ਇਕ ਦੱਮ ਬੰਨ੍ਹ ਲੱਗੇ।
ਨਾਨਕ ਪਰਤ ਆਇਐ,ਨਾਨਕ ਪਰਤ ਆਇਐ, ਮੁੱਖੋਂ ਕਹਿਣ ਸਾਰੇ ਧੰਨ ਧੰਨ ਲੱਗੇ।
ਦਰਸ਼ਨ ਕਰਨ ਤੇ ਸੁਣਨ ਲਈ ਸਭ ਵਿਥਿਆ, ਮਾਨੋ ਕੁਦਰਤ ਨੂੰ ਅੱਖਾਂ ਤੇ ਕੰਨ ਲੱਗੇ।
ਬੇਬੇ ਨਾਨਕੀ ਖੁਸ਼ੀ ਨਾਲ ਹੋਈ ਖੀਵੀ, ਉਹਦੇ ਸਿਦਕ ਨੂੰ ਸੀ ਚਾਰ ਚੰਨ ਲੱਗੇ।

ਜੀਹਨੇ ਜੀਹਨੇ ਵੀ ਕੀਤੇ ਸੀ ਆਣ ਦਰਸ਼ਨ, ਉਹਨੂੰ ਨਾਨਕ ਨੂਰਾਨੀ ਦਾ ਨੂਰ ਦਿੱਸਿਆ।
ਭੈਣ ਨਾਨਕੀ ਨੂੰ ਨਾਨਕ ਵੀਰ ਉਦੋਂ, ਰੱਬੀ ਬਖ਼ਸ਼ਸ਼ਾਂ ਨਾਲ ਭਰਪੂਰ ਦਿੱਸਿਆ।
ਆ ਕੇ ਜਦੋਂ ਨਵਾਬ ਨੇ ਤੱਕਿਆ ਸੀ, ਖੁਦਾ ਓਸਨੂੰ ਹਾਜ਼ਰ ਹਜ਼ੂਰ ਦਿੱਸਿਆ।
‘ਨਾ ਕੋ ਹਿੰਦੂ ਨਾ ਮੁਸਲਮਾਨ’ ਕਹਿੰਦਾ, ਰੱਬੀ ਰੰਗ ’ਚ ਨਾਨਕ ਮਖਮੂਰ ਦਿੱਸਿਆ।

ਗੁਰੂ ਨਾਨਕ ਨੇ ਸੋਚ ਕੇ ਸੋਚ ਲੰਮੀ, ਬਖਸ਼ਿਸ਼ ਕਰਨ ਲਈ ਦੁਨੀਆਂ ਦੇ ਵਾਸੀਆਂ ’ਤੇ।
ਖਾਕਾ ਖਿੱਚ ਕੇ ਸਾਰਾ ਦਿਮਾਗ ਅੰਦਰ, ਤੇ ਕਰਕੇ ਮਿਹਰ ਸਭ ਨਗਰ ਨਿਵਾਸੀਆਂ ’ਤੇ।
ਅੰਮ੍ਰਿਤ ਨਾਮ ਪਿਲਾਉਣ ਲਈ ਪਏ ਕਾਹਲੇ, ਕਰਕੇ ਤਰਸ ਉਹ ਰੂਹਾਂ ਪਿਆਸੀਆਂ ’ਤੇ।
ਭੈਣ ਨਾਨਕੀ ਨੂੰ ‘ਜਾਚਕ’ ਦੱਸ ਵਿਥਿਆ, ਚਲ ਪਏ ਗੁਰੂ ਨਾਨਕ ਉਦਾਸੀਆਂ ’ਤੇ।

ਰੂਪ ਰੱਬ ਦਾ ਵੀਰ ਸੀ ਨਾਨਕੀ ਦਾ – ਹਰੀ ਸਿੰਘ ਜਾਚਕ

ਪੜ੍ਹੀਏ ਜਦੋਂ ਇਤਿਹਾਸ ਤਾਂ ਪਤਾ ਲੱਗਦੈ, ਹਿਰਦਾ ਗਹਿਰ ਗੰਭੀਰ ਸੀ ਨਾਨਕੀ ਦਾ।
ਮਿਲਿਆ ਲਾਡ ਪਿਆਰ ਸੀ ਮਾਪਿਆਂ ਤੋਂ, ਵਿਰਸਾ ਬੜਾ ਅਮੀਰ ਸੀ ਨਾਨਕੀ ਦਾ।
ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ, ਹੋਇਆ ਸੁਪਨਾ ਤਾਮੀਰ ਸੀ ਨਾਨਕੀ ਦਾ।
ਕੌਤਕ ਬਾਲ ਦੇ ਅੱਖੀਆਂ ਨਾਲ ਤੱਕੇ, ਵੀਰਾ ਗੁਨੀ ਗਹੀਰ ਸੀ ਨਾਨਕੀ ਦਾ।
ਭੈਣ ਵੀਰ ਤੋਂ ਵੱਖ ਨਾ ਰਹਿ ਸਕਦੀ, ਰਿਸ਼ਤਾ ਖੰਡ ਤੇ ਖੀਰ ਸੀ ਨਾਨਕੀ ਦਾ।
ਵੱਡੀ ਭੈਣ ਦੇ ਭਾਗ ਸਨ ਬਹੁਤ ਵੱਡੇ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ।

ਕਰਕੇ ਖਰਾ ਸੌਦਾ, ਆ ਵਿਸਮਾਦ ਅੰਦਰ, ਬੈਠਾ ਵੀਰ ਅਖੀਰ ਸੀ ਨਾਨਕੀ ਦਾ।
ਗੁੱਸੇ ਵਿੱਚ ਕਚੀਚੀਆਂ ਵੱਟ ਪਹੁੰਚਾ, ਬਾਬਲ ਵਾਟਾਂ ਨੂੰ ਚੀਰ ਸੀ ਨਾਨਕੀ ਦਾ।
ਭੈਣ ਨਾਨਕੀ ਵੀ ਵਾਹੋ ਦਾਹੀ ਨੱਠੀ, ਮੁੱਕ ਚੱਲਿਆ ਧੀਰ ਸੀ ਨਾਨਕੀ ਦਾ।
ਚੰਡਾਂ ਵੀਰ ਨੂੰ ਪੈਂਦੀਆਂ ਤੱਕ ਕੇ ਤੇ, ਕੰਬਿਆ ਸਾਰਾ ਸਰੀਰ ਸੀ ਨਾਨਕੀ ਦਾ।
ਕੂੰਜ ਵਾਂਗ ਕੁਰਲਾਈ ਸੀ ਓਸ ਵੇਲੇ, ਵਗਿਆ ਨੈਣਾਂ ’ਚੋਂ ਨੀਰ ਸੀ ਨਾਨਕੀ ਦਾ।
ਰੋ ਰੋ ਕੇ ਮੁਖੜਾ ਚੁੰਮ ਰਹੀ ਸੀ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ।

ਭੈਣ ਕੋਲ ਸੁਲਤਾਨਪੁਰ ਰਹਿੰਦਿਆਂ ਹੀ, ਲੀਲਾ ਅਜਬ ਸੀ ਕੋਈ ਵਰਤਾਈ ਨਾਨਕ।
ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈਣ ਖਾਤਰ, ਵੇਈਂ ਨਦੀ ’ਚ ਚੁੱਭੀ ਲਗਾਈ ਨਾਨਕ।
ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿ ਕੇ, ਬਿਰਤੀ ਨਾਲ ਅਕਾਲ ਦੇ ਲਾਈ ਨਾਨਕ।
ਆਪੋ ਆਪਣੇ ਢੰਗ ਦੇ ਨਾਲ ਓਧਰ, ਲਭਦੀ ਪਈ ਸੀ ਸਾਰੀ ਲੋਕਾਈ ਨਾਨਕ।
ਹੋਇਆ ਅੱਖਾਂ ਤੋਂ ਓਹਲੇ ਜਦ ਵੀਰ ਸੋਹਣਾ, ਹੋਇਆ ਦਿਲ ਦਿਲਗੀਰ ਸੀ ਨਾਨਕੀ ਦਾ।
ਪਰਗਟ ਹੋ ਗਿਆ ਤੀਸਰੇ ਦਿਨ ਆਖਰ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ।

ਜੀਹਨੇ ਜੀਹਨੇ ਵੀ ਕੀਤੇ ਆਣ ਦਰਸ਼ਨ, ਓਹਨੇ ਨਾਨਕ ਨੂਰਾਨੀ ਦਾ ਨੂਰ ਤੱਕਿਆ।
‘ਨਾ ਕੋ ਹਿੰਦੂ ਨਾ ਮੁਸਲਮਾਨ’ ਕਹਿੰਦਾ, ਰੱਬੀ ਰੰਗ ’ਚ ਨਾਨਕ ਮਖਮੂਰ ਤੱਕਿਆ।
ਲੈ ਕੇ ਆਗਿਆ ਭੈਣ ਤੋਂ ਪਾਏ ਚਾਲੇ, ਸੜਦਾ ਬਲਦਾ ਜਦ ਜਗਤ ਤੰਦੂਰ ਤੱਕਿਆ।
ਸਮੇਂ ਸਮੇਂ ਜਦ ਵੀਰ ਦੀ ਯਾਦ ਆਈ, ਆਪਣੇ ਕੋਲ ਉਸ ਹਾਜ਼ਰ ਹਜ਼ੂਰ ਤੱਕਿਆ।
ਗੁਰੂ ਵੀਰ ਨੂੰ ‘ਜਾਚਕ’ ਫਿਰ ਯਾਦ ਕੀਤਾ, ਆਇਆ ਜਦੋਂ ਅਖੀਰ ਸੀ ਨਾਨਕੀ ਦਾ।
ਪਲਾਂ ਵਿੱਚ ਹੀ ਮੰਜ਼ਲਾਂ ਮਾਰ ਪਹੁੰਚਾ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ।