ਪਿੰਡ ਦੀ ਸੱਥ ‘ਚੋਂ

ਪੀਪਣੀ ਆਲੇ ਬੂਟਾਂ ਦਾ ਕਿੱਸਾ

ਛਪਾਰ ਦਾ ਮੇਲਾ ਖਤਮ ਹੁੰਦਿਆ ਈ ਰਾਏਕੋਟ ਦਾ ਮੇਲਾ ਸ਼ੁਰੂ ਹੋ ਜਾਂਦਾ , ਸਾਡੇ ਪਿੰਡ ਆਲੇ ਬੂਦੂ ਘੁਮਾਰ ਦੇ ਰੇੜੇ ਤੇ ਬੈਠ ਕੇ ਸਾਰੀ ਲਾਗੌੜ ਤੁਰਪੀ ਰਾਏਕੋਟ |
ਦੇਬੂ ਕਾ ਪੱਗੀ ਵੀ ਨਾਲ ਈ ਸੀ , ਭਾਈ ਰੇੜੇ ਤੋਂ ਉੱਤਰਨ ਸਾਰ ਪਾਤਾ ਖਲਾਰਾ , ਕਹਿੰਦਾ , “ਲੈਟਾਂ ਆਲੇ ਬੂਟ ਲੈਣੇ , ਜੀਹਦੇ ਪੀਪਣੀ ਲੱਗੀ ਹੁੰਦੀ ਆ” |
ਸਾਰਾ ਪੰਡੋਰੀ ਪਿੰਡ ਝਾਕੇ ਵੀ ਏ ਤਾਂ ਸਾਲਾ ਸਿਆਪਾ ਈ ਪੈ ਗਿਆ , ਹੁਣ ਬੂਟ ਕਿਥੋਂ ਲਭੀਏ ਜੀਹਦੇ ਪੀਪਣੀ ਵੀ ਹੋਵੇ ਲੈਟਾਂ ਵੀ |
ਪੂਰੀ ਦਿਹਾੜੀ ਨਿੱਕਲਗੀ , ਮਿੱਟੀ ਮੁੱਟੀ ਕੱਢ ਕੇ ਜਦੋਂ ਰੇੜੇ ਕੋਲ ਆਏ , ਦਰਸ਼ਨ ਲੂਣ ਤੇ ਪੱਗੀ ਲੈਟਾਂ ਤੇ ਪੀਪਣੀ ਆਲੇ ਬੂਟ ਲਈ ਮੋਮੀ ਕਾਗਜ਼ ਦੇ ਲਫਾਫੇ ਚ ਪਾਈ ਖੜੇ |
ਜਦੋਂ ਭਾਈ ਪੱਗੀ ਬੂਟ ਪਾ ਕੇ ਰੇੜੇ ਮੂਹਰੇ ਲੱਗੇ ਖਚਰੇ ਮੂਹਰੇ ਸ਼ਕਤੀਮਾਨ ਦੀ ਤੋਰ ਜੀ ਤੁਰਿਆ , ਖਚਰਾ ਤਾਂ ਭਾਈ ਪੀਪਣੀ ਦੀ “ਪੀਂ ਪੀਂ ” ਜੀ ਸੁਣ ਕ ਡਰ ਗਿਆ ,
ਮਾਰ ਕੇ ਦਲੱਤੀ ਓ ਤਾਂ ਪਿੰਡ ਵੱਜਿਆ , ਇੱਧਰ ਸਾਰਾ ਪੰਡੋਰੀ ਨਾਲੇ ਕੁਤਵੇ ਆਲੇ ਕੱਚੇ ਰਾਹ ਤੁਰਿਆ ਆਵੇ ਨਾਲੇ ਪੱਗੀ ਦੇ ਬੂਟਾਂ ਦੀ ਪੀਪਣੀ ਨੂੰ ਗਾਲਾਂ ਕੱਢੀ ਜਾਵੇ |

ਪਿੰਡ ਦੀ ਸੱਥ ‘ਚੋਂ – 8

ਮੇਰੇ ਸਾਬ ਨਾਲ CIA ਤੋਂ ਜਿਆਦਾ ਟੈਕਨੋਲੋਜੀ ਨੇ ਪਿੰਡ ਦੇ ਬਜੁਰਗਾਂ ਨੂੰ ਚੱਕਰਾਂ ਚ ਪਾਇਆ ਵਾ , ਸੁਣੋ ਫੇਰ ਟੋਟਕਾ ਲੂਣ ਦਾ :
ਧਰਮਾ ਐਂਡਰਾਇਡ ਫੋਨ ਲੈ ਕੇ ਟੋਮਕੈਟ ਪਾ ਕੇ ਦਰਸ਼ਨ ਲੂਣ ਕੋਲ ਲੈ ਆਇਆ ਤੇ ਬੋਲਿਆ
“ਦਰਸ਼ਨ ਕਿਵੇਂ ਆ”
ਟੋਮਕੈਟ ਬੋਲੀ : “ਦਰਸ਼ਨ ਕਿਵੇਂ ਆ”
ਲੂਣ : “ਆ ਮੇਰੀ ਸਾਲੀ ਸਿਖਾਇਆ ਬੀ ਆ ਓਏ ਏਹ ਤਾਂ”
ਟੋਮਕੈਟ : “ਆ ਮੇਰੀ ਸਾਲੀ ਸਿਖਾਇਆ ਬੀ ਆ ਓਏ ਏਹ ਤਾਂ”
ਲੂਣ : “ਓਹ ਏਹਦੀ ਚਾਬੀ ਕਿਥੇ ਆ , ਏਹਨੂੰ ਲੈ ਜੋ ਮੈਂ ਸ਼ੁਲਕ ਦੇਣੀ ਆ”
ਟੋਮਕੈਟ : “ਓਹ ਏਹਦੀ ਚਾਬੀ ਕਿਥੇ ਆ , ਏਹਨੂੰ ਲੈ ਜੋ ਮੈਂ ਸ਼ੁਲਕ ਦੇਣੀ ਆ”
ਲੂਣ ਹਿੱਕ ਥਾਪੜ ਕੇ , ਜ਼ਰਦਾ ਬੁੱਲਾਂ ਚ ਫ਼ਸਾ ਕੇ ਕਹਿੰਦਾ : “ਮੈਂ ਤਾਂ ਚਾੜਦੂੰ ਕੰਧਾਂ ਤੇ ਕੁੱਤੀਆਂ , ਤੂੰ ਤਾਂ ਫੇਰ ਬਿੱਲੀ ਆਂ”
 ਟੋਮਕੈਟ ਨੇ ਵੀ ਸਿਰ ਜਾ ਖੁਰਕਤਾ ਤੇ ਕੁਝ ਨਾ ਬੋਲੀ 😛

ਪਿੰਡ ਦੀ ਸੱਥ ‘ਚੋਂ – 7

ਲੂਣ ਬਰਨਾਲਿਓਂ ਚਲਦਾ 1100 ਲੈ ਆਇਆ | ਸਿੰਮ ਪਾ ਕੇ ਫੋਨ ਤੇ ਫੋਨ ਕਰੀ ਜਾਵੇ , ਤੇ ਬੈਟਰੀ ਹੋਗੀ ਖਤਮ |
ਤੁਰੇ ਜਾਂਦੇ ਇੱਕ ਪਾੜ੍ਹੇ ਨੂੰ ਹਾਕ ਮਾਰੀ :
ਲੂਣ : “ਓਹ ਧਰਮੇ , ਧਰਮੇ ਓਏ , ਆ ਦੇਖੀ ਏਹਨੂੰ ਕੀ ਹੋ ਗਿਆ ”
ਧਰਮਾ : “ਬਾਬਾ ਮੈਨੂੰ ਲਗਦਾ ਬੈਟਰੀ ਹਿੱਲ ਇਹਦੀ , ਲਿਆ ਕੱਢ ਕੇ ਪਾ ਦਾਂ ”
ਧਰਮੇ ਨੇ ਫੋਨ ਨੂੰ ਚਾਰੇ ਪਾਸਿਓ ਘੁਮਿਆਇਆ ਤੇ ਬੋਲਿਆ
“ਬਾਬਾ ਚਾਰੇ ਪਾਸੇ ਚੇਪੀਆਂ ਲਪੇਟੀ ਫਿਰਦਾਂ , ਹੁਣ ਖੁਲੂ ਕਿਵੇਂ ”
ਲੂਣ : “ਓਹ ਚੇਪੀਆਂ ਕੱਲ ਹੀ ਲਵਾਈਆਂ ਲਾਲੇ ਤੋਂ, ਸਾਲਾ ਮੇਰੇ ਆਲਾ ਸਿੰਬ ਵੋਡਾਫੂਨ ਦਾ, ਆ ਏਅਰ ਟੈੱਲ ਆਲੇ ਕਹਿੰਦੇ ਹਵਾ ਚ ਕਿਰਨਾਂ ਜੀਆਂ ਭੇਜ ਕੇ ਪੈਸੇ ਕੱਢ ਕੇ ਲੈ ਜਾਂਦੇ ਆ ਸਿੰਬ ਚੋਂ , ਹੁਣ ਸਾਲਾ ਮੈਂ ਵੀ ਸੀਲ ਬੰਦ ਈ ਕਰਤਾ ਫੂਨ”

ਪਿੰਡ ਦੀ ਸੱਥ ‘ਚੋਂ – 6

ਕੱਬਾ ਸੁਭਾਹ ਮੇਰੇ ਖਿਆਲ ਨਾ ਲੂਣ ਤੋਂ ਵੱਧ ਕਿਸੇ ਦਾ ਨੀ ਹੋਣਾ
ਕੇਰਾਂ ਲੂਣ ਬੱਕਰੀ ਲੈ ਆਇਆ | ਆਥਣੇ ਸੌਂਫੀ ਦਾ ਪੈੱਗ ਮਾਰ ਕੇ ਡੋਲੂ ਲੈ ਕੇ ਬੱਕਰੀ ਹੇਠ ਬੈਠ ਗਿਆ |
ਨਾਲੇ ਧਾਰਾਂ ਮਾਰੀ ਜਾਵੇ , ਨਾਲੇ ਪੂਚੋ ਪੂਚੋ ਕਰੀ ਜਾਵੇ |
ਜਦੋਂ ਬੱਕਰੀ ਦੀ ਧਾਰ ਕੱਢ ਕੇ, ਦੁੱਧ ਦਾ ਭਰਿਆ ਡੋਲੂ ਲੈ ਕੇ ਉਠਣ ਲੱਗਿਆ, ਬੱਕਰੀ ਨੇ ਮੀਂਗਣਾ ਦਾ ਭਰਿਆ ਖੁਰ ਡੋਲੂ ਚ ਪਾ ਲਿਆ |
ਬੱਸ ਫੇਰ ਕੀ ਸੀ ਰਾਤ ਦੀ ਰੋਟੀ ਗੋਟ ਮੀਟ ਨਾਲ ਈ ਖਾਧੀ ਫੇਰ ਲੂਣ ਸਾਬ ਨੇ… 😛

ਪਿੰਡ ਦੀ ਸੱਥ ‘ਚੋਂ – 5

ਪਿੰਡ ਮੇਰੇ ਅਧਾਰ ਕਾਰਡ ਬਣਾਉਣ ਆਲੇ ਆਏ , ਲੂਣ ਨੇ ਫੇਰ ਸੱਪ ਕੱਢਤਾ
ਅਧਾਰ ਕਾਰਡ ਕਰਮਚਾਰੀ : ਬਾਬਾ ਜੀ ਅੱਡਰੈੱਸ ਕੀ ਆ ?
ਲੂਣ : ਏਹੀ ਪਿੰਡ ਆ , ਜਿਲ੍ਹਾ ਬਰਨਾਲਾ
ਅਧਾਰ ਕਾਰਡ ਕਰਮਚਾਰੀ : ਬਾਬਾ ਜੀ ਪਿੰਨ ਕੋਡ ਨੰਬਰ ?
ਲੂਣ ਨੇ ਆਪਦਾ 1100 ਫ਼ੋਨ ਕੱਢਿਆ ਤੇ ਕਹਿੰਦਾ
“ਕਾਕਾ ਆਪ ਹੀ ਦੇਖਲਾ ਕੋਡ ਨੰਬਰ, ਮੈਂ ਤਾਂ ਅਜੇ ਕੱਲ ਈ ਬਰਨਾਲਿਓ ਲੈ ਕੇ ਆਇਆਂ , ਮੈਨੂੰ ਤਾ ਪਤਾ ਨੀ ਕਿਥੇ ਹੁੰਦਾ ਕੋਡ ਨੰਬਰ”
ਪਿੱਛੇ ਲਾਈਨ ਚ ਖੜੇ ਪਾੜ੍ਹੇ ਨੇ 148104 ਬੋਲ ਕੇ ਕਰਮਚਾਰੀ ਦੀ ਮੁਸ਼ਕਿਲ ਹੱਲ ਕੀਤੀ ਤੇ ਅਧਾਰ ਕਾਰਡ ਬਣਿਆ ਲੂਣ ਦਾ 🙂