ਬੰਦਾ – ਯਸ਼ੂ ਜਾਨ
ਪਹਿਲਾਂ ਘਰਾਂ ਨੂੰ ਉਜਾੜਦੀ ਸ਼ਰਾਬ,
ਫਿੱਕ ਪਾਉਣ ਫਿਰ ਆਪਣੇ ਭਰਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।
ਮਿਲਦਾ ਨਾ ਕਿਸੇ ਪਿੰਡ ਪਾਣੀ ਪੀਣ ਲਈ,
ਉੱਥੇ ਫੇਸਬੁੱਕ ਬੜੀ ਏ ਜ਼ਰੂਰੀ ਜੀਣ ਲਈ,
ਇੱਕ ਚੱਲੀ ਆ ਬਿਮਾਰੀ ਵੱਟਸ ਅੱਪ,
ਜਿਹਦੀ ਯਾਰੋ ਕੋਈ ਨਾ ਦਵਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।
ਜਿਹਨਾਂ ਨੂੰ ਜਿਤਾਕੇ ਵੋਟਾਂ ਖੂਹ ਵਿੱਚ ਪਾਈਆਂ,
ਖਾ ਗਏ ਉਹ ਦੁੱਧ ਉੱਤੋਂ ਲਾਹ ਕੇ ਮਲ਼ਾਈਆਂ,
ਉਹਦੀ ਫੋਟੋ ਮੂਹਰੇ ਬੈਠਕੇ ਸ਼ਰਾਬ ਪੀਣ,
ਗਾਂਧੀ ਨੂੰ ਜੋ ਮੰਨਦੇ ਖ਼ੁਦਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।
ਢੋਂਗੀ ਬਾਬਿਆਂ ਨੇ ਕਰ ਦਿੱਤੀ ਜ਼ਿੰਦਗ਼ੀ ਖ਼ਰਾਬ,
ਵੇਖੋ ਰੱਖਤੇ ਬਣਾਕੇ ਨੰਗ ਸਿਰੇ ਦੇ ਨਵਾਬ,
ਯਸ਼ੂ ਸੱਚ ਲਿਖਣੇ ਸਜ਼ਾ ਮਿਲਣੀ ਏ ਭੈੜੀ,
ਐਂਵੇਂ ਕਰ ਨਾ ਗ਼ੁਨਾਹ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।