ਆਜ਼ਾਦ ਭਾਰਤ – ਯਸ਼ੂ ਜਾਨ

ਥੱਲੇ ਡਿੱਗਦਾ ਜਾ ਰਿਹੈ ਸਿੱਖਿਆ ਦਾ ਮਿਆਰ,
ਨਫ਼ਰਤਾਂ ਨੇ ਪਾਏ ਪਾੜੇ ਬੈਠੇ ਭੁੱਲ ਪਿਆਰ,
ਰਾਜਨੀਤੀ ਅੰਦਰੋਂ-ਅੰਦਰੀ ਬਣੀ ਬੁਝਾਰਤ ਹੈ,
ਕਿੱਦਾਂ ਮੰਨਾਂ ਮੇਰਾ ਦੇਸ਼ ਆਜ਼ਾਦ ਭਾਰਤ ਹੈ |

ਨੀਹਾਂ ਨੇ ਕਮਜ਼ੋਰ ਕਿਉਂ ਹਰ ਇੱਕ ਚੀਜ਼ ਦੀਆਂ,
ਕੰਧਾਂ ਵੀ ਨੇ ਕੱਚੀਆਂ ਲੋਕਾਂ ਦੀ ਰੀਝ ਦੀਆਂ,
ਇੱਕ ਨਾ ਇੱਕ ਦਿਨ ਡਿੱਗਣੀ ਇਹ ਕੱਚੀ ਇਮਾਰਤ ਹੈ,
ਕਿੱਦਾਂ ਮੰਨਾਂ ਮੇਰਾ ਦੇਸ਼ ਆਜ਼ਾਦ ਭਾਰਤ ਹੈ |

ਹੱਕ ਲੈਣ ਲਈ ਹੱਕ ਹੈ ਲੋਕਾਂ ਨੂੰ ਬੋਲਣ ਦਾ,
ਸੱਚ ਨੂੰ ਅਦਾਲਤ ਦੱਬੇ ਕੀ ਫ਼ਾਇਦਾ ਟੋਲ੍ਹਣ ਦਾ,
ਜਨਤਾ ਨੇ ਮਜਬੂਰ ਹੋ ਕੇ ਕਰਨੀ ਬਗ਼ਾਵਤ ਹੈ,
ਕਿੱਦਾਂ ਮੰਨਾਂ ਮੇਰਾ ਦੇਸ਼ ਆਜ਼ਾਦ ਭਾਰਤ ਹੈ |

ਬਲ਼ਤਕਾਰ, ਠੱਗੀ, ਚੋਰੀ ਕੁਝ ਨਾ ਹੋਇਆ ਬੰਦ,
ਕਈ ਸਰਕਾਰਾਂ ਬਦਲੀਆਂ ਕੁਝ ਕੀਤਾ ਨਾ ਪ੍ਰਬੰਧ,
‘ਯਸ਼ੂ ਜਾਨ ‘ ਰਾਜਨੀਤੀ ਕਿਸ ਤੇ ਆਧਾਰਿਤ ਹੈ,
ਕਿੱਦਾਂ ਮੰਨਾਂ ਮੇਰਾ ਦੇਸ਼ ਆਜ਼ਾਦ ਭਾਰਤ ਹੈ |