ਸ਼ਿਵ ਕੁਮਾਰ ਬਟਾਲਵੀ

ਡਾਚੀ ਸਹਿਕਦੀ – ਸ਼ਿਵ ਕੁਮਾਰ ਬਟਾਲਵੀ

ਜੇ ਡਾਚੀ ਸਹਿਕਦੀ ਸੱਸੀ ਨੂੰ
ਪੁੰਨੂ ਥੀਂ ਮਿਲਾ ਦੇਂਦੀ |
ਤਾਂ ਤੱਤੀ ਮਾਣ ਸੱਸੀ ਦਾ
ਉਹ ਮਿੱਟੀ ਵਿੱਚ ਰੁਲਾ ਦੇਂਦੀ |

ਭਲੀ ਹੋਈ ਕੇ ਸਾਰਾ ਸਾਉਣ ਹੀ
ਬਰਸਾਤ ਨਾ ਹੋਈ,
ਪਤਾ ਕੀ ਆਲ੍ਹਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ |

ਮੈਂ ਅਕਸਰ ਵੇਖਿਆ –
ਕਿ ਤੇਲ ਹੁੰਦਿਆ ਸੁੰਦਿਆ ਦੀਵੇ,
ਹਵਾ ਕਈ ਵਾਰ ਦਿਲ ਦੀ
ਮੌਜ ਖਾਤਰ ਹੈ ਬੁਝਾ ਦੇਂਦੀ |

ਭੁਲੇਖਾ ਹੈ ਕਿ ਜਿੰਦਗੀ
ਪਲ ਦੋ ਪਲ ਲਈ ਘੂਕ ਸੌਂ ਜਾਂਦੀ,
ਜੇ ਪੰਛੀ ਗ਼ਮ ਦਾ ਦਿਲ ਦੀ
ਸੰਘਣੀ ਜੂਹ ‘ਚੋਂ ਉਡਾ ਦੇਂਦੀ |
ਹਕੀਕਤ ਇਸ਼ਕ਼ ਦੀ
ਜੇ ਮਹਿਜ ਖੇਡ ਹੁੰਦੀ ਜਿਸਮਾਂ ਦੀ ,
ਤਾਂ ਦੁਨੀਆ ਅੱਜ ਤੀਕਣ
ਨਾਂ ਤੇਰਾ ਮੇਰਾ ਭੁਲਾ ਦੇਂਦੀ |

ਮੈਂ ਬਿਨ ਸੂਲਾਂ ਦੇ ਰਾਹ ‘ਤੇ
ਕੀਹ ਤੁਰਾਂ ਮੈਨੂੰ ਸ਼ਰਮ ਆਉਂਦੀ ਹੈ,
ਮੈਂ ਅੱਖੀਂ ਵੇਖਿਐ
ਕਿ ਹਰ ਕਲੀ ਉੜਕ ਦਗਾ ਦੇਂਦੀ |

ਵਸਲ ਦਾ ਸਵਾਦ ਤਾਂ
ਇੱਕ ਪਲ ਦੋ ਪਲ ਦੀ ਮੌਜ ਤੋਂ ਵੱਧ ਨਹੀਂ ,
ਜੁਦਾਈ ਹਸ਼ਰ ਤੀਕਣ
ਆਦਮੀ ਨੂੰ ਹੈ ਨਸ਼ਾ ਦੇਂਦੀ |

ਸੀਮਾ ਬਟਾਲਵੀ – ਸ਼ਿਵ ਕੁਮਾਰ ਬਟਾਲਵੀ

ਦੈਨਿਕ ਅਖਬਾਰ ਦੇ
ਅੱਜ ਪ੍ਰਥਮ ਪੰਨੇ ‘ਤੇ
ਮੇਰੀ ਮਹਿਬੂਬਾ ਦੀ
ਤਸਵੀਰ ਛਪੀ ਹੈ
ਏਸ ਤਸਵੀਰ ‘ਚ
ਕੁਝ ਗੋਰੇ ਬਦੇਸ਼ੀ ਬੱਚੇ
‘ਤੇ ਇੱਕ ਹੋਰ ਉਹਦੇ ਨਾਲ
ਖੜ੍ਹੀ ਉਸ ਦੀ ਸਖੀ ਹੈ |

ਤਸਵੀਰ ਦੇ ਪੈਰੀਂ
ਇੱਕ ਇਬਾਰਤ ਦੀ ਹੈ ਝਾਂਜਰ
ਇਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ
ਜਿਹੜੀ ਪਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿਛੋਂ
ਜੋ ਅੱਜ ਦੇਸ਼ ਮੁੜੀ ਸੀ |
ਹਾਂ ਠੀਕ ਕਿਹਾ , ਠੀਕ ਕਿਹਾ
ਇਹੋ ਉਹ ਕੁੜੀ ਹੈ
ਏਸੇ ਹੀ ਕੁੜੀ ਖਾਤਰ
ਮੇਰੇ ਜਿੰਦਗੀ ਥੁੜੀ ਥੁੜੀ ਹੈ
ਏਹੋ ਹੈ ਕੁੜੀ
ਜਿਸ ਨੂੰ ਕੇ ਮੇਰੇ ਗੀਤ ਨੇ ਰੋਂਦੇ
ਮਾਸੂਮ ਮੇਰੇ ਖਾਬ ਵੀ
ਅਵਾਰਾ ਨੇ ਭੌਂਦੇ |

ਇਹੋ ਹੈ ਕੁੜੀ
ਅਕਸਰ ਮੇਰੇ ਸ਼ਹਿਰ ਹੈ ਆਉਂਦੀ
ਹਰ ਵਾਰ ਜਦੋ ਆਉਂਦੀ
ਤਿੰਨ ਫੁੱਲ ਲਿਆਉਂਦੀ
ਗੁਲਦਾਨ ‘ਚ ਤਿੰਨ ਫੁੱਲ ਜਦੋਂ
ਹਥੀਂ ਉਹ ਸਜਾਉਂਦੀ
ਮੁਸਕਾ ਕੇ ‘ਤੇ ਅੰਦਾਜ਼ ‘ਚ
ਕੁਝ ਏਦਾਂ ਉਹ ਕਹਿੰਦੀ
ਇੱਕ ਫੁੱਲ ਕੋਈ ਸਾਂਝਾ
ਕਿਸੇ ਪਿਉ ਦਾ , ਕਿਸੇ ਮਾਂ ਦਾ
ਇੱਕ ਫੁੱਲ ਮੇਰੀ ਕੁਁਖ ਦੀ
ਸੀਮਾ ਦੇ ਹੈ ਨਾਂ ਦਾ
ਹਾਂ ਠੀਕ ਕਿਹਾ , ਠੀਕ ਕਿਹਾ
ਇਹੋ ਉਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ ਹੈ
ਜਿਹੜੀ ਪ੍ਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿਛੋਂ
ਜੋ ਅੱਜ ਦੇਸ ਮੁੜੀ ਹੈ
ਏਸ ਤਸਵੀਰ ‘ਚ
ਇੱਕ ਗੋਰੀ ਜਿਹੀ ਨਿੱਕੀ ਬੱਚੀ
ਮੇਰੀ ਮਹਿਬੂਬਾ ਦੀ
ਜਿਸ ਚੀਚੀ ਹੈ ਪਕੜ ਰਁਖੀ
ਓਸ ਦੀ ਸ਼ਕਲ
ਮੇਰੇ ਜਿਹਨ ‘ਚ ਹੈ ਆ ਲਥੀ |

ਈਕਣ ਲੱਗਦਾ ਹੈ :
ਇਹ ਮੇਰੀ ਆਪਣੀ ਧੀ ਹੈ
ਮੇਰਾ ਤੇ ਮੇਰੀ ਬੇਲਣ ਦੇ
ਬੀਮਾਰ ਲਹੂ ਦਾ
ਏਸ ਧਰਤੀ ‘ਤੇ ਬਿਜਾਇਆ
ਕੋਈ ਸਾਂਝਾ ਬੀਅ ਹੈ
ਮੇਰੀ ਪੀੜਾ ਦੇ ਮਰੀਅਮ ਦੇ
ਖਾਬਾਂ ਦਾ ਮਸੀਹ ਹੈ |
ਮੁੱਦਤ ਤੋਂ ਜਿਹਦੀ ਖਾਤਰ
ਬੇਚੈਨ ਮੇਰਾ ਜੀਅ ਹੈ
ਓਹੋ ਹੀ ਸੀਮਾ ਧੀ ਹੈ
ਕੋਈ ਹੋਰ ਇਹਦਾ ਪਿਓ ਹੈ
ਹਾਂ ਠੀਕ ਕਿਹਾ , ਠੀਕ ਕਿਹਾ
ਇਹੋ ਉਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ ਹੈ
ਜਿਹੜੀ ਪ੍ਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿਛੋਂ
ਜੋ ਅੱਜ ਦੇਸ ਮੁੜੀ ਹੈ |

ਮੇਰੇ ਰਾਮ ਜੀਓ – ਸ਼ਿਵ ਕੁਮਾਰ ਬਟਾਲਵੀ

ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਕਿਥੇ ਸਉ ਜਦ ਅੰਗ ਸੰਗ ਸਾਡੇ
ਰੁੱਤ ਜੋਬਨ ਦੀ ਮੌਲੀ
ਕਿਥੇ ਸਉ ਜਦ ਤਨ ਮਨ ਸਾਡੇ
ਗਈ ਕਥੂਰੀ ਘੋਲੀ
ਕਿਥੇ ਸਉ ਜਦ ਸਾਹ ਵਿੱਚ ਚੰਬਾ
ਚੇਤਰ ਬੀਜਣ ਆਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਕਿਥੇ ਸਉ ਮੇਰੇ ਰਾਮ ਜੀਓ
ਜਦ ਇਹ ਕੰਜਕ ਜਿੰਦ ਨਿਮਾਣੀ
ਨੀਮ ਪਿਆਜ਼ੀ ਰੂਪ ਸਰਾਂ ਦਾ
ਪੀ ਕੇ ਆਈ ਪਾਣੀ
ਕਿਥੇ ਸਉ ਜਦ ਧਰਮੀ ਬਾਬਲ
ਸਾਡੇ ਕਾਜ ਰਚਾਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਕਿਥੇ ਸਉ ਜਦ ਨਹੁੰ ਟੁਕਦੀ ਦੇ
ਸਾਉਣ ਮਹੀਨੇ ਬੀਤੇ
ਕਿਥੇ ਸਉ ਜਦ ਮਹਿਕਾਂ ਦੇ
ਅਸਾਂ ਦੀਪ ਚਮੁਖੀਏ ਸੀਖੇ
ਕਿਥੇ ਸਉ ਉਸ ਰੁੱਤੇ
‘ਤੇ ਤੁਸੀਂ ਉਦੋਂ ਕਿਓਂ ਨਾਂ ਆਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |
ਕਿਥੇ ਸਉ ਜਦ ਜਿੰਦ ਮਜਾਜਣ
ਨਾਂ ਲੈ ਲੈ ਕੁਰਲਾਈ
ਉਮਰ ਚੰਦੋਆ ਤਾਨ ਵਿਚਾਰੀ
ਗ਼ਮ ਦੀ ਬੀੜ ਰਖਾਈ
ਕਿਥੇ ਸਉ ਜਦ ਵਾਕ ਲੈਂਦਿਆਂ
ਹੋਂਠ ਨਾਂ ਅਸਾਂ ਹਿਲਾਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਹੁਣ ਤਾਂ ਪ੍ਰਭ ਜੀ ਨਾਂ ਤਨ ਆਪਣਾ
ਤੇ ਨਾਂ ਹੀ ਮਨ ਆਪਣਾ
ਬੇਹੇ ਫੁੱਲ ਦਾ ਪਾਪ ਵਡੇਰਾ
ਦਿਓਤੇ ਅੱਗੇ ਰਁਖਣਾ
ਹੁਣ ਤਾਂ ਪ੍ਰਭ ਜੀ ਬਹੁ ਪੁੰਨ ਹੋਵੇ
ਜੇ ਜਿੰਦ ਖਾਕ ਹੰਢਾਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਬਿਰਹਾ – ਸ਼ਿਵ ਕੁਮਾਰ ਬਟਾਲਵੀ

ਮੈਂਥੋਂ ਮੇਰਾ ਬਿਰਹਾ ਵੱਡਾ
ਮੈਂ ਨਿੱਤ ਕੂਕ ਰਿਹਾ
ਮੇਰੀ ਝੋਲੀ ਇੱਕੋ ਹੋਕਾ
ਇਹਦੀ ਝੋਲ ਅਥਾਹ |

ਬਾਲ-ਵਰੋਸੇ ਇਸ਼ਕ ਗਵਾਚਾ
ਜਖਮੀ ਹੋ ਗਏ ਸਾਹ
ਮੇਰੇ ਹੋਠਾਂ ਵੇਖ ਲਈ
ਚੁੰਮਣਾਂ ਦੀ ਜੂਨ ਹੰਢਾ |

ਜੋ ਚੁੰਮਣ ਮੇਰੇ ਦਰ ‘ਤੇ ਖੜ੍ਹਿਆ
ਇਕ ਅਧ ਵਾਰੀ ਆ
ਮੁੜ ਉਹ ਭੁੱਲ ਕਦੇ ਨਾ ਲੰਘਿਆ
ਏਸ ਦਰਾਂ ਦੇ ਰਾਹ |

ਮੈਂ ਉਹਨੂੰ ਨਿੱਤ ਉਡੀਕਣ ਬੈਠਾ
ਥੱਕਿਆ ਔਸੀਆਂ ਪਾ
ਮੈਨੂੰ ਉਹ ਚੁੰਮਣ ਨਾ ਬਹੁੜਿਆ
ਸੈ ਚੁੰਮਣਾਂ ਦੇ ਵਣ ਗਾਹ |

ਉਹ ਚੁੰਮਣ ਮੇਰੇ ਹਾਣ ਦਾ
ਵਿਚ ਲਖ ਸੂਰਜ ਦਾ ਤਾ
ਜਿਹੜੇ ਸਾਹੀਂ ਚੇਤਰ ਖੇਡਦਾ
ਮੈਨੂੰ ਉਹ ਚੁੰਮਣ ਦਾ ਚਾਅ |

ਪਰਦੇਸੀ ਚੁੰਮਣ ਮੈਂਡਿਆ
ਕਦੇ ਵਤਨੀਂ ਫੇਰਾ ਪਾ
ਕਿਤੇ ਸੁੱਚਾ ਬਿਰਹਾ ਤੈਂਡੜਾ
ਮੈਥੋਂ ਜੂਠਾ ਨਾ ਹੋ ਜਾ |

ਬਿਰਹਾ ਵੀ ਲੋਭੀ ਕਾਮ ਦਾ
ਇਹਦੀ ਜਾਤ ਕੁਜਾਤ ਨਾ ਕਾ
ਭਾਵੇਂ ਬਿਰਹਾ ਰੱਬੋਂ ਵੱਡੜਾ
ਮੈਂ ਉਚੀ ਕੂਕ ਰਿਹਾ |

ਸ਼ਿਕਰਾ – ਸ਼ਿਵ ਕੁਮਾਰ ਬਟਾਲਵੀ

ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ‘ਤੇ ਕਲਗੀ
‘ਤੇ ਉਹਦੇ ਪੈਰੀਂ ਝਾਂਜਰ
‘ਤੇ ਉਹ ਚੋਗ ਚੁਗੀਂਦਾ ਆਇਆ
ਨੀ ਮੈਂ ਵਾਰੀ ਜਾਂ |

ਇਕ ਉਹਦੇ ਰੂਪ ਦੀ
ਧੁੱਪ ਤਿਖੇਰੀ
ਦੂਜਾ ਮਹਿਕਾਂ ਦਾ ਤਿਰਹਾਇਆ
ਤੀਜਾ ਉਹਦਾ ਰੰਗ ਗੁਲਾਬੀ
ਕਿਸੇ ਗੋਰੀ ਮਾਂ ਦਾ ਜਾਇਆ
ਨੀ ਮੈਂ ਵਾਰੀ ਜਾਂ |

ਨੈਣੀਂ ਉਹਦੇ
ਚੇਤ ਦੀ ਆਥਣ
ਅਤੇ ਜੁਲ੍ਫੀਂ ਸਾਵਣ ਛਾਇਆ
ਹੋਠਾਂ ਦੇ ਵਿਚ ਕੱਤੇ ਦਾ
ਕੋਈ ਦਿਹੁੰ ਚੜ੍ਹਨੇ ‘ਤੇ ਆਇਆ
ਨੀ ਮੈਂ ਵਾਰੀ ਜਾਂ |

ਸਾਹਵਾਂ ਦੇ ਵਿਚ
ਫੁੱਲ ਸੋਇਆਂ ਦੇ
ਕਿਸੇ ਬਾਗ ਚਾਨਣ ਦਾ ਲਾਇਆ
ਦੇਹੀ ਦੇ ਵਿਚ ਖੇਡੇ ਚੇਤਰ
ਇੱਤਰਾਂ ਨਾਲ ਨੁਹਾਇਆ
ਨੀ ਮੈਂ ਵਾਰੀ ਜਾਂ |

ਬੋਲਾਂ ਦੇ ਵਿਚ
ਪੌਣ ਪੁਰੇ ਦੀ
ਨੀ ਉਹ ਕੋਇਲਾਂ ਦਾ ਹਮਸਾਇਆ
ਚਿੱਟੇ ਦੰਦ ਜਿਉਂ ਧਾਨੋਂ ਬਗਲਾ
ਤੌੜੀ ਮਾਰ ਉਡਾਇਆ
ਨੀ ਮੈਂ ਵਾਰੀ ਜਾਂ |

ਇਸ਼ਕੇ ਦਾ
ਇਕ ਪਲੰਘ ਨੁਆਰੀ
ਅਸਾਂ ਚਾਨਣੀਆਂ ਵਿਚ ਡਾਹਿਆ
ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ ਜਾ ਪਲੰਘੇ ਪਾਇਆ
ਨੀ ਮੈਂ ਵਾਰੀ ਜਾਂ |

ਦੁਖਣ ਮੇਰੇ
ਨੈਣਾਂ ਦੇ ਕੋਏ
ਵਿਚ ਹੜ੍ਹ ਹੰਝੂਆਂ ਦਾ ਆਇਆ
ਸਾਰੀ ਰਾਤ ਗਈ ਵਿਚ ਸੋਚਾਂ
ਉਸ ਇਹ ਕੀ ਜੁਲਮ ਕਮਾਇਆ
ਨੀ ਮੈਂ ਵਾਰੀ ਜਾਂ |

ਸੁਬ੍ਹਾ-ਸਵੇਰੇ
ਲੈ ਨੀ ਵੱਟਣਾ
ਅਸਾਂ ਮਲ ਮਲ ਓਸ ਨੁਹਾਇਆ
ਦੇਹੀ ਵਿਚੋਂ ਨਿਕਲਣ ਚਿਣਗਾਂ
ਤੇ ਸਾਡਾ ਹਥ ਗਿਆ ਕੁਮਲਾਇਆ
ਨੀ ਮੈਂ ਵਾਰੀ ਜਾਂ |

ਚੂਰੀ ਕੁੱਟਾਂ
‘ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ
ਉਹ ਮੁੜ ਵਤਨੀਂ ਨਹੀਂ ਆਇਆ
ਨੀ ਮੈਂ ਵਾਰੀ ਜਾਂ |

ਸ਼ਿਕਰਾ
ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ‘ਤੇ ਕਲਗੀ
‘ਤੇ ਉਹਦੇ ਪੈਰੀਂ ਝਾਂਜਰ
‘ਤੇ ਉਹ ਚੋਗ ਚੁਗੀਂਦਾ ਆਇਆ
ਨੀ ਮੈਂ ਵਾਰੀ ਜਾਂ |