ਬਿਰਹਾ – ਸ਼ਿਵ ਕੁਮਾਰ ਬਟਾਲਵੀ

ਮੈਂਥੋਂ ਮੇਰਾ ਬਿਰਹਾ ਵੱਡਾ
ਮੈਂ ਨਿੱਤ ਕੂਕ ਰਿਹਾ
ਮੇਰੀ ਝੋਲੀ ਇੱਕੋ ਹੋਕਾ
ਇਹਦੀ ਝੋਲ ਅਥਾਹ |

ਬਾਲ-ਵਰੋਸੇ ਇਸ਼ਕ ਗਵਾਚਾ
ਜਖਮੀ ਹੋ ਗਏ ਸਾਹ
ਮੇਰੇ ਹੋਠਾਂ ਵੇਖ ਲਈ
ਚੁੰਮਣਾਂ ਦੀ ਜੂਨ ਹੰਢਾ |

ਜੋ ਚੁੰਮਣ ਮੇਰੇ ਦਰ ‘ਤੇ ਖੜ੍ਹਿਆ
ਇਕ ਅਧ ਵਾਰੀ ਆ
ਮੁੜ ਉਹ ਭੁੱਲ ਕਦੇ ਨਾ ਲੰਘਿਆ
ਏਸ ਦਰਾਂ ਦੇ ਰਾਹ |

ਮੈਂ ਉਹਨੂੰ ਨਿੱਤ ਉਡੀਕਣ ਬੈਠਾ
ਥੱਕਿਆ ਔਸੀਆਂ ਪਾ
ਮੈਨੂੰ ਉਹ ਚੁੰਮਣ ਨਾ ਬਹੁੜਿਆ
ਸੈ ਚੁੰਮਣਾਂ ਦੇ ਵਣ ਗਾਹ |

ਉਹ ਚੁੰਮਣ ਮੇਰੇ ਹਾਣ ਦਾ
ਵਿਚ ਲਖ ਸੂਰਜ ਦਾ ਤਾ
ਜਿਹੜੇ ਸਾਹੀਂ ਚੇਤਰ ਖੇਡਦਾ
ਮੈਨੂੰ ਉਹ ਚੁੰਮਣ ਦਾ ਚਾਅ |

ਪਰਦੇਸੀ ਚੁੰਮਣ ਮੈਂਡਿਆ
ਕਦੇ ਵਤਨੀਂ ਫੇਰਾ ਪਾ
ਕਿਤੇ ਸੁੱਚਾ ਬਿਰਹਾ ਤੈਂਡੜਾ
ਮੈਥੋਂ ਜੂਠਾ ਨਾ ਹੋ ਜਾ |

ਬਿਰਹਾ ਵੀ ਲੋਭੀ ਕਾਮ ਦਾ
ਇਹਦੀ ਜਾਤ ਕੁਜਾਤ ਨਾ ਕਾ
ਭਾਵੇਂ ਬਿਰਹਾ ਰੱਬੋਂ ਵੱਡੜਾ
ਮੈਂ ਉਚੀ ਕੂਕ ਰਿਹਾ |