ਪੀਪਣੀ ਆਲੇ ਬੂਟਾਂ ਦਾ ਕਿੱਸਾ

ਛਪਾਰ ਦਾ ਮੇਲਾ ਖਤਮ ਹੁੰਦਿਆ ਈ ਰਾਏਕੋਟ ਦਾ ਮੇਲਾ ਸ਼ੁਰੂ ਹੋ ਜਾਂਦਾ , ਸਾਡੇ ਪਿੰਡ ਆਲੇ ਬੂਦੂ ਘੁਮਾਰ ਦੇ ਰੇੜੇ ਤੇ ਬੈਠ ਕੇ ਸਾਰੀ ਲਾਗੌੜ ਤੁਰਪੀ ਰਾਏਕੋਟ |
ਦੇਬੂ ਕਾ ਪੱਗੀ ਵੀ ਨਾਲ ਈ ਸੀ , ਭਾਈ ਰੇੜੇ ਤੋਂ ਉੱਤਰਨ ਸਾਰ ਪਾਤਾ ਖਲਾਰਾ , ਕਹਿੰਦਾ , “ਲੈਟਾਂ ਆਲੇ ਬੂਟ ਲੈਣੇ , ਜੀਹਦੇ ਪੀਪਣੀ ਲੱਗੀ ਹੁੰਦੀ ਆ” |
ਸਾਰਾ ਪੰਡੋਰੀ ਪਿੰਡ ਝਾਕੇ ਵੀ ਏ ਤਾਂ ਸਾਲਾ ਸਿਆਪਾ ਈ ਪੈ ਗਿਆ , ਹੁਣ ਬੂਟ ਕਿਥੋਂ ਲਭੀਏ ਜੀਹਦੇ ਪੀਪਣੀ ਵੀ ਹੋਵੇ ਲੈਟਾਂ ਵੀ |
ਪੂਰੀ ਦਿਹਾੜੀ ਨਿੱਕਲਗੀ , ਮਿੱਟੀ ਮੁੱਟੀ ਕੱਢ ਕੇ ਜਦੋਂ ਰੇੜੇ ਕੋਲ ਆਏ , ਦਰਸ਼ਨ ਲੂਣ ਤੇ ਪੱਗੀ ਲੈਟਾਂ ਤੇ ਪੀਪਣੀ ਆਲੇ ਬੂਟ ਲਈ ਮੋਮੀ ਕਾਗਜ਼ ਦੇ ਲਫਾਫੇ ਚ ਪਾਈ ਖੜੇ |
ਜਦੋਂ ਭਾਈ ਪੱਗੀ ਬੂਟ ਪਾ ਕੇ ਰੇੜੇ ਮੂਹਰੇ ਲੱਗੇ ਖਚਰੇ ਮੂਹਰੇ ਸ਼ਕਤੀਮਾਨ ਦੀ ਤੋਰ ਜੀ ਤੁਰਿਆ , ਖਚਰਾ ਤਾਂ ਭਾਈ ਪੀਪਣੀ ਦੀ “ਪੀਂ ਪੀਂ ” ਜੀ ਸੁਣ ਕ ਡਰ ਗਿਆ ,
ਮਾਰ ਕੇ ਦਲੱਤੀ ਓ ਤਾਂ ਪਿੰਡ ਵੱਜਿਆ , ਇੱਧਰ ਸਾਰਾ ਪੰਡੋਰੀ ਨਾਲੇ ਕੁਤਵੇ ਆਲੇ ਕੱਚੇ ਰਾਹ ਤੁਰਿਆ ਆਵੇ ਨਾਲੇ ਪੱਗੀ ਦੇ ਬੂਟਾਂ ਦੀ ਪੀਪਣੀ ਨੂੰ ਗਾਲਾਂ ਕੱਢੀ ਜਾਵੇ |

ਸੀਮਾ ਬਟਾਲਵੀ – ਸ਼ਿਵ ਕੁਮਾਰ ਬਟਾਲਵੀ

ਦੈਨਿਕ ਅਖਬਾਰ ਦੇ
ਅੱਜ ਪ੍ਰਥਮ ਪੰਨੇ ‘ਤੇ
ਮੇਰੀ ਮਹਿਬੂਬਾ ਦੀ
ਤਸਵੀਰ ਛਪੀ ਹੈ
ਏਸ ਤਸਵੀਰ ‘ਚ
ਕੁਝ ਗੋਰੇ ਬਦੇਸ਼ੀ ਬੱਚੇ
‘ਤੇ ਇੱਕ ਹੋਰ ਉਹਦੇ ਨਾਲ
ਖੜ੍ਹੀ ਉਸ ਦੀ ਸਖੀ ਹੈ |

ਤਸਵੀਰ ਦੇ ਪੈਰੀਂ
ਇੱਕ ਇਬਾਰਤ ਦੀ ਹੈ ਝਾਂਜਰ
ਇਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ
ਜਿਹੜੀ ਪਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿਛੋਂ
ਜੋ ਅੱਜ ਦੇਸ਼ ਮੁੜੀ ਸੀ |
ਹਾਂ ਠੀਕ ਕਿਹਾ , ਠੀਕ ਕਿਹਾ
ਇਹੋ ਉਹ ਕੁੜੀ ਹੈ
ਏਸੇ ਹੀ ਕੁੜੀ ਖਾਤਰ
ਮੇਰੇ ਜਿੰਦਗੀ ਥੁੜੀ ਥੁੜੀ ਹੈ
ਏਹੋ ਹੈ ਕੁੜੀ
ਜਿਸ ਨੂੰ ਕੇ ਮੇਰੇ ਗੀਤ ਨੇ ਰੋਂਦੇ
ਮਾਸੂਮ ਮੇਰੇ ਖਾਬ ਵੀ
ਅਵਾਰਾ ਨੇ ਭੌਂਦੇ |

ਇਹੋ ਹੈ ਕੁੜੀ
ਅਕਸਰ ਮੇਰੇ ਸ਼ਹਿਰ ਹੈ ਆਉਂਦੀ
ਹਰ ਵਾਰ ਜਦੋ ਆਉਂਦੀ
ਤਿੰਨ ਫੁੱਲ ਲਿਆਉਂਦੀ
ਗੁਲਦਾਨ ‘ਚ ਤਿੰਨ ਫੁੱਲ ਜਦੋਂ
ਹਥੀਂ ਉਹ ਸਜਾਉਂਦੀ
ਮੁਸਕਾ ਕੇ ‘ਤੇ ਅੰਦਾਜ਼ ‘ਚ
ਕੁਝ ਏਦਾਂ ਉਹ ਕਹਿੰਦੀ
ਇੱਕ ਫੁੱਲ ਕੋਈ ਸਾਂਝਾ
ਕਿਸੇ ਪਿਉ ਦਾ , ਕਿਸੇ ਮਾਂ ਦਾ
ਇੱਕ ਫੁੱਲ ਮੇਰੀ ਕੁਁਖ ਦੀ
ਸੀਮਾ ਦੇ ਹੈ ਨਾਂ ਦਾ
ਹਾਂ ਠੀਕ ਕਿਹਾ , ਠੀਕ ਕਿਹਾ
ਇਹੋ ਉਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ ਹੈ
ਜਿਹੜੀ ਪ੍ਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿਛੋਂ
ਜੋ ਅੱਜ ਦੇਸ ਮੁੜੀ ਹੈ
ਏਸ ਤਸਵੀਰ ‘ਚ
ਇੱਕ ਗੋਰੀ ਜਿਹੀ ਨਿੱਕੀ ਬੱਚੀ
ਮੇਰੀ ਮਹਿਬੂਬਾ ਦੀ
ਜਿਸ ਚੀਚੀ ਹੈ ਪਕੜ ਰਁਖੀ
ਓਸ ਦੀ ਸ਼ਕਲ
ਮੇਰੇ ਜਿਹਨ ‘ਚ ਹੈ ਆ ਲਥੀ |

ਈਕਣ ਲੱਗਦਾ ਹੈ :
ਇਹ ਮੇਰੀ ਆਪਣੀ ਧੀ ਹੈ
ਮੇਰਾ ਤੇ ਮੇਰੀ ਬੇਲਣ ਦੇ
ਬੀਮਾਰ ਲਹੂ ਦਾ
ਏਸ ਧਰਤੀ ‘ਤੇ ਬਿਜਾਇਆ
ਕੋਈ ਸਾਂਝਾ ਬੀਅ ਹੈ
ਮੇਰੀ ਪੀੜਾ ਦੇ ਮਰੀਅਮ ਦੇ
ਖਾਬਾਂ ਦਾ ਮਸੀਹ ਹੈ |
ਮੁੱਦਤ ਤੋਂ ਜਿਹਦੀ ਖਾਤਰ
ਬੇਚੈਨ ਮੇਰਾ ਜੀਅ ਹੈ
ਓਹੋ ਹੀ ਸੀਮਾ ਧੀ ਹੈ
ਕੋਈ ਹੋਰ ਇਹਦਾ ਪਿਓ ਹੈ
ਹਾਂ ਠੀਕ ਕਿਹਾ , ਠੀਕ ਕਿਹਾ
ਇਹੋ ਉਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ ਹੈ
ਜਿਹੜੀ ਪ੍ਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿਛੋਂ
ਜੋ ਅੱਜ ਦੇਸ ਮੁੜੀ ਹੈ |

ਮੇਰੇ ਰਾਮ ਜੀਓ – ਸ਼ਿਵ ਕੁਮਾਰ ਬਟਾਲਵੀ

ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਕਿਥੇ ਸਉ ਜਦ ਅੰਗ ਸੰਗ ਸਾਡੇ
ਰੁੱਤ ਜੋਬਨ ਦੀ ਮੌਲੀ
ਕਿਥੇ ਸਉ ਜਦ ਤਨ ਮਨ ਸਾਡੇ
ਗਈ ਕਥੂਰੀ ਘੋਲੀ
ਕਿਥੇ ਸਉ ਜਦ ਸਾਹ ਵਿੱਚ ਚੰਬਾ
ਚੇਤਰ ਬੀਜਣ ਆਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਕਿਥੇ ਸਉ ਮੇਰੇ ਰਾਮ ਜੀਓ
ਜਦ ਇਹ ਕੰਜਕ ਜਿੰਦ ਨਿਮਾਣੀ
ਨੀਮ ਪਿਆਜ਼ੀ ਰੂਪ ਸਰਾਂ ਦਾ
ਪੀ ਕੇ ਆਈ ਪਾਣੀ
ਕਿਥੇ ਸਉ ਜਦ ਧਰਮੀ ਬਾਬਲ
ਸਾਡੇ ਕਾਜ ਰਚਾਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਕਿਥੇ ਸਉ ਜਦ ਨਹੁੰ ਟੁਕਦੀ ਦੇ
ਸਾਉਣ ਮਹੀਨੇ ਬੀਤੇ
ਕਿਥੇ ਸਉ ਜਦ ਮਹਿਕਾਂ ਦੇ
ਅਸਾਂ ਦੀਪ ਚਮੁਖੀਏ ਸੀਖੇ
ਕਿਥੇ ਸਉ ਉਸ ਰੁੱਤੇ
‘ਤੇ ਤੁਸੀਂ ਉਦੋਂ ਕਿਓਂ ਨਾਂ ਆਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |
ਕਿਥੇ ਸਉ ਜਦ ਜਿੰਦ ਮਜਾਜਣ
ਨਾਂ ਲੈ ਲੈ ਕੁਰਲਾਈ
ਉਮਰ ਚੰਦੋਆ ਤਾਨ ਵਿਚਾਰੀ
ਗ਼ਮ ਦੀ ਬੀੜ ਰਖਾਈ
ਕਿਥੇ ਸਉ ਜਦ ਵਾਕ ਲੈਂਦਿਆਂ
ਹੋਂਠ ਨਾਂ ਅਸਾਂ ਹਿਲਾਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਹੁਣ ਤਾਂ ਪ੍ਰਭ ਜੀ ਨਾਂ ਤਨ ਆਪਣਾ
ਤੇ ਨਾਂ ਹੀ ਮਨ ਆਪਣਾ
ਬੇਹੇ ਫੁੱਲ ਦਾ ਪਾਪ ਵਡੇਰਾ
ਦਿਓਤੇ ਅੱਗੇ ਰਁਖਣਾ
ਹੁਣ ਤਾਂ ਪ੍ਰਭ ਜੀ ਬਹੁ ਪੁੰਨ ਹੋਵੇ
ਜੇ ਜਿੰਦ ਖਾਕ ਹੰਢਾਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਸੱਚ – ਪਾਸ਼

ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ ,
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ |
ਇਨ੍ਹਾਂ ਦੁਖਦੇ ਅੰਗਾਂ ਤੇ ਸੱਚ ਨੇ ਇਕ ਜੂਨ ਭੋਗੀ ਹੈ |
ਤੇ ਹਰ ਸੱਚ ਜੂਨ ਭੋਗਣ ਤੋਂ ਬਾਅਦ ,
ਯੁੱਗ ਵਿਚ ਬਦਲ ਜਾਂਦਾ ਹੈ ,
ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ ,
ਫੌਜਾਂ ਦੀਆਂ ਕਤਾਰਾਂ ਵਿੱਚ ਵਿਚਰ ਰਿਹਾ ਹੈ |
ਕੱਲ੍ਹ ਜਦ ਇਹ ਯੁੱਗ ,
ਲਾਲ ਕਿਲ੍ਹੇ ਉਪਰ ਸਿੱਟਿਆਂ ਦਾ ਤਾਜ ਪਹਿਨੀਂ ,
ਸਮੇਂ ਦੀ ਸਲਾਮੀ ਲਏਗਾ ,
ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ |
ਹੁਣ ਸਾਡੀ ਉੱਪਦਰੀ ਜ਼ਾਤ ਨੂੰ ,
ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ;
ਇਹ ਕਹਿ ਛੱਡਣਾ ,
ਕਿ ਝੁੱਗੀਆਂ ’ਚ ਪਸਰਿਆ ਸੱਚ ,
ਕੋਈ ਸ਼ੈਅ ਨਹੀਂ |
ਕੇਡਾ ਕੁ ਸੱਚ ਹੈ ?
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿੱਚ ,
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ |

ਲੋਹਾ – ਪਾਸ਼

ਤੁਸੀਂ ਲੋਹੇ ਦੀ ਕਾਰ ਝੂਟਦੇ ਹੋ ।
ਮੇਰੇ ਕੋਲ ਲੋਹੇ ਦੀ ਬੰਦੂਕ ਹੈ ।
ਮੈਂ ਲੋਹਾ ਖਾਧਾ ਹੈ ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ ।
ਲੋਹਾ ਪਿਘਲਦਾ ਹੈ ,
ਤਾਂ ਭਾਫ਼ ਨਹੀਂ ਨਿਕਲਦੀ ।
ਜਦ ਕੁਠਾਲੀ ਚੁੱਕਣ ਵਾਲਿਆਂ ਦੇ ਦਿਲਾਂ ‘ਚੋ
ਭਾਫ਼ ਨਿਕਲਦੀ ਹੈ
ਤਾਂ ਲੋਹਾ ਪਿਘਲ ਜਾਂਦਾ ਹੈ ।
ਪਿਘਲੇ ਹੋਏ ਲੋਹੇ ਨੂੰ ,
ਕਿਸੇ ਵੀ ਆਕਾਰ ਵਿਚ ,
ਢਾਲਿਆ ਜਾ ਸਕਦਾ ਹੈ ।
ਕੁਠਾਲੀ ਵਿਚ ਮੁਲਕ ਦੀ ਤਕਦੀਰ ਢਲੀ ਪਈ ਹੁੰਦੀ ਹੈ ,
ਮੇਰੀ ਬੰਦੂਕ ,
ਤੁਹਾਡੀਆਂ ਬੈਕਾਂ ਦੇ ਸੇਫ ,
ਪਹਾੜਾਂ ਨੂੰ ਉਲਟਾਣ ਵਾਲੀਆਂ ਮਸ਼ੀਨਾਂ ,
ਸਭ ਲੋਹੇ ਦੇ ਹਨ ।
ਸ਼ਹਿਰ ਤੋਂ ਉਜਾੜ ਤਕ ਹਰ ਫ਼ਰਕ ,
ਭੈਣ ਤੋਂ ਵੇਸਵਾ ਤਕ ਹਰ ਅਹਿਸਾਸ ,
ਮਾਲਕ ਤੋਂ ਮਾਤਹਿਤ ਤਕ ਹਰ ਰਿਸ਼ਤਾ ,
ਬਿੱਲ ਤੋਂ ਕਾਨੂੰਨ ਤਕ ਹਰ ਸਫ਼ਰ ,
ਲੋਟੂ ਨਿਜ਼ਾਮ ਤੋਂ ਇਨਕਲਾਬ ਤਕ ਹਰ ਇਤਿਹਾਸ ,
ਜੰਗਲ, ਭੋਰਿਆਂ ਤੇ ਝੁੱਗੀਆਂ ਤੋਂ ਇੰਟੈਰੋਗੇਸ਼ਨ ਤਕ ,
ਹਰ ਮੁਕਾਮ ,
ਸਭ ਲੋਹੇ ਦੇ ਹਨ ।
ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ
ਕਿ ਲੋਹੇ ‘ਤੇ ਨਿਰਭਰ ਲੋਕ
ਲੋਹੇ ਦੀਆਂ ਪੱਤੀਆਂ ਖਾ ਕੇ ,
ਖ਼ੁਦਕਸ਼ੀ ਕਰਨੋਂ ਹਟ ਜਾਣ ,
ਮਸ਼ੀਨਾਂ ਵਿੱਚ ਆ ਕੇ ਤੂੰਬਾ ਤੂੰਬਾ ਉੱਡਣ ਵਾਲੇ ,
ਲਾਵਾਰਸਾਂ ਦੀਆ ਤੀਵੀਆਂ
ਲੋਹੇ ਦੀਆਂ ਕੁਰਸੀਆਂ ‘ਤੇ ਬੈਠੇ ਵਾਰਸਾਂ ਕੋਲ ,
ਕੱਪੜੇ ਤਕ ਵੀ ਆਪ ਲਾਹੁਣ ਲਈ ਮਜਬੂਰ ਨਾ ਹੋਣ ।
ਆਖ਼ਰ ਲੋਹੇ ਨੂੰ
ਪਸਤੌਲਾਂ, ਬੰਦੂਕਾਂ ਤੇ ਬੰਬਾਂ ਦੀ
ਸ਼ਕਲ ਇਖ਼ਤਿਆਰ ਕਰਨੀ ਪਈ ਹੈ ।
ਤੁਸੀ ਲੋਹੇ ਦੀ ਚਮਕ ਚ ਚੁੰਧਿਆ ਕੇ
ਆਪਣੀ ਧੀ ਨੂੰ ਵਹੁਟੀ ਸਮਝ ਸਕਦੇ ਹੋ ,
(ਪਰ) ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ ਵੀ
ਪਹਿਚਾਣ ਸਕਦਾ ਹਾਂ |
ਕਿਉਂਕਿ
ਮੈਂ ਲੋਹਾ ਖਾਧਾ ਹੈ ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ ।