All

ਪਿੰਡ ਦੀ ਸੱਥ ‘ਚੋਂ – 4

ਹਾੜ ਦੀ ਧੁੱਪ ਨੂੰ ਮੱਠੀ ਕਰਦੀ ਬਰੋਟੇ ਦੀ ਛਾਂ ਹੇਠ ਬੈਠੇ ਲੂਣ, ਘੁੱਦਾ ਅਮਲੀ , ਮੁੰਡੀ ਕਾਪੀ ਚੱਕੀ ਜਾਂਦੇ ਕਾਲਜੋਂ ਪੜ੍ਹ ਕੇ ਆਉਂਦੇ ਨੋਰਵੇ ਆਲਿਆਂ ਦੇ ਮੁੰਡੇ ਕੋਕੂ ਨੂੰ ਘੇਰ ਲਿਆ,
ਘੁੱਦਾ ਅਮਲੀ: “ਕਾਕਾ, ਬਰਨਾਲੇ ਪੜਦੇੈਂ ? ”
ਮੁੰਡੀ ਕੋਕੂ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਬੋਲ ਪਿਆ,
ਮੁੰਡੀ : ” ਆਹੋ ਬਰਨਾਲੇ ਈ ਪੜ੍ਹਦਾ , ਹੋਰ ਆਪਣੇ ਪਿੰਡ ਕੇਹੜਾ ਤੇਰਾ ਸਿਧਵਾਂ ਵੇਟ ਆਲਾ ਕਾਲਜ ਖੁੱਲ ਗਿਆ |
ਘੁੱਦਾ ਅਮਲੀ: “ਕਿੰਨਾ ਪੜ੍ਹ ਲਿਆ ਕਾਕਾ ਫੇਰ ? ”
ਕੋਕੂ : ” ਬੀ ਏ ਪੂਰੀ ਹੋਈ ਆ ਜੀ , ਪਹਿਲਾਂ IELTS ਕਰਦਾ ਸੀ, ਹੁਣ ਕਮਪੁਟਰ ਦਾ ਕੋਰਸ ਕਰਦਾਂ ”
ਲੂਣ ਜ਼ਰਦਾ ਜਿਹਾ ਮਲ ਕੇ , ਤਲੀ ‘ਤੇ ਲੱਗੀ ਕਲੀ ਨੂੰ ਝਾੜਦਾ ਬੋਲਿਆ
“ਆ ਸਾਲਾ ਕਮਪੁਟਰ ਤੈਨੂੰ ਦੱਸਾਂ ਕਾਕਾ , ਫੇਲ ਹੋਊ , ਜਿਵੇਂ VCR ਹੋਇਆ ਸੀ ਸਾਡੇ ਵੇਲੇ “

ਸੁਪਨੇ ਵਿੱਚ ਇਕ – ਸੁਖਵਿੰਦਰ ਅੰਮ੍ਰਿਤ

ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ
ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ

ਕਿੰਜ ਸਹਿ ਲੈਂਦੇ ਉਹਦੇ ਮੁਖ ਤੇ ਪਲ ਪਲ ਢਲਦੀ ਸ਼ਾਮ ਅਸੀਂ
ਆਪਣੇ ਦਿਲ ਦਾ ਦਗ਼ਦਾ ਸੂਰਜ ਕਰ ‘ਤਾ ਉਹਦੇ ਨਾਮ ਅਸੀਂ

ਇਕ ਇਕ ਕਰਕੇ ਵਿਕ ਗਏ ਆਖ਼ਰ ਤਾਰੇ ਸਾਡੇ ਅੰਬਰ ਦੇ
ਹਾਏ, ਫਿਰ ਵੀ ਤਾਰ ਸਕੇ ਨਾ ਉਸ ਦੀਵੇ ਦੇ ਦਾਮ ਅਸੀਂ

ਇਕ ਮੁੱਦਤ ਤੋਂ ਤਰਸ ਰਹੇ ਨੇ ਖੰਭ ਸਾਡੇ ਪਰਵਾਜ਼ਾਂ ਦੇ
ਭੋਲੇਪਨ ਵਿਚ ਇਕ ਪਿੰਜਰੇ ਨੂੰ ਦਿੱਤਾ ਘਰ ਦਾ ਨਾਮ ਅਸੀਂ

ਪੱਤਾ ਪੱਤਾ ਹੋ ਕੇ ਸਾਡੇ ਵਿਹੜੇ ਦੇ ਵਿਚ ਆਣ ਕਿਰੇ
ਬਿਰਖਾਂ ਦੇ ਵੱਲ ਜਦ ਵੀ ਭੇਜੇ ਮੋਹ-ਭਿੱਜੇ ਪੈਗ਼ਾਮ ਅਸੀਂ

ਹਾਂ, ਉਹਨਾਂ ਦੀ ਲਾਈ ਅੱਗ ਵਿਚ ਸੁਲਗ ਰਹੇ ਹਾਂ ਰਾਤ ਦਿਨੇ
ਕਿੰਜ ਦੇਈਏ ਪਰ ਉਹਨਾਂ ਕੋਮਲ ਫੁੱਲਾਂ ਨੂੰ ਇਲਜ਼ਾਮ ਅਸੀਂ

ਓਧਰ ਸਾਡੇ ਚੰਦ ਨੂੰ ਖਾ ਗਏ ਟੁੱਕ ਸਮਝ ਕੇ ਭੁੱਖੇ ਲੋਕ
ਏਧਰ ਨ੍ਹੇਰੇ ਦੀ ਬੁੱਕਲ ਵਿਚ ਕਰਦੇ ਰਹੇ ਅਰਾਮ ਅਸੀਂ

ਪਿੰਡ ਦੀ ਸੱਥ ‘ਚੋਂ – 3

ਖਬਾਰ ਫੜ੍ਹੀ ਖੜੇ ਮੁੰਡੇ ਨੇ ਖ਼ਬਰ ਪੜ੍ਹੀ,
“ਸਰਕਾਰ ਪਾਣੀ ਤੋਂ ਬਿਜਲੀ ਬਣਾਉਣ ਲਈ ਉਠਾਏਗੀ ਤਕਨੀਕੀ ਕਦਮ, ਜਗਾ ਜਗਾ ਡੈਮ ਬਣਾਉਣ ਦੇ ਦਿੱਤੇ ਆਦੇਸ਼ |”
ਲੂਣ : “ਲੈ ਬਈ , ਆ ਚੰਗਾ ਪੰਗਾ ਪਾਉ ਹੁਣ, ਮੇਰਾ ਸਾਲਾ ਮੈਂ ਤਾਂ ਧਰਨਾ ਦੇਉਂ ਹੁਣ ! ”
ਘੁੱਦਾ: “ਲੈ ਗਰਮੀਆਂ ‘ਚ ਸੁਖ ਹੋਜੂ ਜੁਆਕਾਂ ਨੂੰ, ਲੈਟ ਤਾਂ ਪਹਿਲਾਂ ਹੀ ਨੀਂ ਆਉਂਦੀ !”
ਲੂਣ ਛਾਤੀ ‘ਤੇ ਹੱਥ ਮਾਰ ਕੇ ਕਹਿੰਦਾ,
“ਜਦੋਂ ਸਾਲਾ ਪਾਣੀ ‘ਚੋਂ ਬਿਜਲੀ ਕੱਡ ਲੀ , ਬਚੂ ਛੁਣਛੁਣਾ ! ”

ਘੁੱਦਾ: “ਚਲੋ ਫੇਰ ਸਰਪੰਚ ਕੋਲ , ਰੱਦ ਕਰਾਈਏ ਆਪਣੇ ਪਿੰਡ ਆਲੀ ਨਹਿਰ ਦਾ ਡੈਮ !”

ਸਦੀਆਂ ਤੋਂ ਮੁਹੱਬਤ – ਸੁਖਵਿੰਦਰ ਅੰਮ੍ਰਿਤ

ਸਦੀਆਂ ਤੋਂ  ਮੁਹੱਬਤ  ਦਾ ਏਹੀ ਅਫਸਾਨਾ  ਹੈ
ਹਰ ਹੱਥ ਵਿਚ ਪੱਥਰ ਹੈ  ਮਜਨੂੰ ‘ਤੇ ਨਿਸ਼ਾਨਾ ਹੈ

ਇਹ ਰਹਿਬਰ ਦੀ ਜਾਨਣ, ਦਾਨਸ਼ਵਰ ਕੀ ਸਮਝਣ
ਇਸ ਇਸ਼ਕ਼ ਦੀ ਮੰਜਿਲ ਤੇ ਪੁੱਜਦਾ ਦੀਵਾਨਾ ਹੈ

ਕੋਈ ਰਾਂਝਾ ਜਾਣ ਸਕੇ  ਫ਼ਰਿਆਦ ਹੀ ਸਮਝ ਸਕੇ
ਕਿਉਂ ਬਲਦੀਆਂ ਲਾਟਾਂ ‘ਤੇ ਸੜਦਾ ਪਰਵਾਨਾ ਹੈ

ਕਿਆ ਇਸ਼ਕ਼ ਦੀ ਸ਼ਾਨ ਅੱਲ੍ਹਾ, ਇਹ ਇਸ਼ਕ਼ ਸੁਬਹਾਂ ਅੱਲ੍ਹਾ !
ਇਸ ਇਸ਼ਕ਼ ਬਿਨਾਂ ਲੋਕੋ ਕਿਆ ਖਾਕ ਜ਼ਮਾਨਾ ਹੈ ?

ਇਸ ਇਸ਼ਕ਼ ਦੀ ਹੱਟੀ ‘ਤੇ ਕੋਈ ਹੋਰ  ਵਪਾਰ ਨਹੀਂ
ਬਸ ਦਿਲ ਦੇ ਸੌਦੇ ਨੇ ਤੇ ਸਿਰ ਨਜ਼ਰਾਨਾ ਹੈ

ਮੀਰੀ ਵੀ, ਪੀਰੀ ਵੀ, ਸ਼ਾਹੀ ਵੀ, ਫ਼ਕੀਰੀ ਵੀ
ਇਸ ਇਸ਼ਕ਼ ਦੇ ਦਾਮਨ ਵਿਚ ਹਰ ਇਕ ਹੀ ਖ਼ਜ਼ਾਨਾ ਹੈ

ਪਿੰਡ ਦੀ ਸੱਥ ‘ਚੋਂ – 2

ਪਿੰਡ ਦੀ ਸੱਥ ‘ਚ ਮੇਰੇ ਪਿੰਡ ਦੇ ਸ਼ੇਰ (ਲੂਣ, ਘੁੱਦਾ ਅਮਲੀ , ਮੁੰਡੀ ) ਪੁਰਾਣੀ ਮਹਫ਼ਿਲ ਅੱਜ ਫੇਰ ਹਾੜ ਦੀ ਧੁੱਪ ਨੂੰ ਮੱਠੀ ਕਰਨ ਲਈ ਬਰੋਟੇ ਹੇਠ ਬੈਠੀ। ਜੱਕੜ ਛੱਡਦੀ ਦੇਖੋ :
ਘੁੱਦਾ ਅਮਲੀ: “ਬਈ ਓ ਪਾੜ੍ਹਾ ਨੀਂ ਆਪਣਾ ? ਪੰਡਤਾਂ ਦਾ , ਜਿਹੜਾ ਏਨਜਨੀਅਰ ਆ ”
ਮੁੰਡੀ : “ਆਹੋ, ਓਹੀ ਆ, ਇਹ ਪਤੰਦਰ ਵੀ ਐਨਕਾਂ ਲਾਈ ਕਿਧਰ ਨੂੰ ਜਾਂਦਾ, ਮਾਰੀਂ ਹਾਕ ਏਹਨੂੰ , ਪੜ੍ਹਾਈ ਦੇਖੀਏ ਪਾੜ੍ਹੇ ਦੀ !”
ਘੁੱਦਾ ਅਮਲੀ: “ਬਈ ਕਾਕਾ, ਕਰਦਾ ਕੀ ਆ ?”
ਪਾੜ੍ਹਾ : “ਤਾਇਆ ਜੀ , ਸੋਫਟਵਯਰ ਬਣਾਉਨਾ ,ਹਰੇਕ ਕੰਮ ਨੂੰ ਆਟੋਮੈਟਿਕ ਕਰ ਦਿੰਦੇ ਆ ਓਹੋ |”
ਲੂਣ : “ਕਾਕਾ, ਮੰਨੀਏ ਤਾਂ , ਜੇ ਇੱਕ ਕੰਮ ਆਟੋਮੈਟਿਕ ਕਰਦੇਂ !”
ਪਾੜ੍ਹਾ : “ਕੀ ਬਾਬਾ ?”
ਲੂਣ , ਹੱਥ ਜਿਹਾ ਫੜ ਕੇ ਪਾੜ੍ਹੇ ਦਾ , ਕਹਿੰਦਾ

“ਆਹ ਜ਼ਰਦਾ ਮਲਣਾ , ਸਾਲਾ ਸਾਰੇ ਹੱਥ ਚਿੱਟੇ ਕੀਤੇ ਪਏ ਆ , ਮੇਰੇ ਸਾਲੇ ਨੇ |”