ਭੀਮ ਰਾਓ ਵਾਂਗ – ਯਸ਼ੂ ਜਾਨ
ਰੋਜ਼ ਜਾਕੇ ਸਕੂਲ ਵਿੱਦਿਆ ਨੂੰ ਪੜ੍ਹਨਾ,
ਉੱਚਾ ਦੇਸ਼ ਅਤੇ ਮਾਪਿਆਂ ਦਾ ਨਾਂ ਕਰਨਾ,
ਮਿੱਥ ਲਓ ਤੁਸੀਂ ਇੱਕ ਹੀ ਨਿਸ਼ਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਭੀਮ ਰਾਓ ਵਾਂਗ ਬਣੋ ਵਿਦਵਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਬਾਬਾ ਸਾਹਿਬ ਵਾਂਗ ਬਣੋ ਵਿਦਵਾਨ ਬੱਚਿਓ |
ਅਧਿਆਪਕਾਂ ਦਾ ਕਰੋ ਸਤਿਕਾਰ,
ਤੇ ਉਚੇ ਅਹੁਦਿਆਂ ਨੂੰ ਪਾ ਲਓ,
ਰੋਜ਼ ਮਾਪਿਆਂ ਦੇ ਪੈਰੀਂ ਹੱਥ ਲਾਕੇ,
ਸਵਰਗ ਨੂੰ ਥੱਲੇ ਲਾਹ ਲਓ,
ਹੋਊ ਸਾਰਿਆਂ ਤੋਂ ਵੱਖਰੀ ਪਛਾਣ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਬਾਬਾ ਸਾਹਿਬ ਵਾਂਗ ਬਣੋ ਵਿਦਵਾਨ ਬੱਚਿਓ |
ਬੁਰੀ ਆਦਤ ਨੂੰ ਕਦੇ ਅਪਣਾਓ ਨਾ,
ਚੰਗੀਆਂ ਨੂੰ ਪੱਲੇ ਬੰਨ੍ਹਣਾਂ,
ਕਰੋ ਮਦਦ ਜ਼ਰੂਰਤਮੰਦ ਦੀ,
ਸਿੱਧੀਆਂ ਰਾਹਾਂ ਤੇ ਚੱਲਣਾਂ,
ਹਰ ਕੋਈ ਥੋਨੂੰ ਆਖ਼ੇਗਾ ਮਹਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਬਾਬਾ ਸਾਹਿਬ ਵਾਂਗ ਬਣੋ ਵਿਦਵਾਨ ਬੱਚਿਓ |
ਲਓ ਡਿਗ਼ਰੀਆਂ ਮਿਹਨਤਾਂ ਦੇ ਸਿਰ ਤੇ,
ਨਕਲ ਕਦੇ ਨਾ ਮਾਰਿਓ,
ਪੈਰ ਸਫ਼ਲਤਾ ਚੁੰਮੇਗੀ ਤੁਹਾਡੇ,
ਗੁੱਡੀ ਅਸਮਾਨੀਂ ਚਾੜ੍ਹਿਓ,
ਸੱਚਾ ਰੱਖਿਓ ਸਦਾ ਹੀ ਇਮਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਬਾਬਾ ਸਾਹਿਬ ਵਾਂਗ ਬਣੋ ਵਿਦਵਾਨ ਬੱਚਿਓ |
ਖੇਡਾਂ ਵੱਲ ਵੀ ਦੇਣਾ ਹੈ ਧਿਆਨ,
ਕਿਤਾਬੀ ਕੀੜਾ ਨਹੀਓਂ ਬਣਨਾ,
ਜਿਹੜੀ ਪੜ੍ਹੀ ਹੈ ਕਿਤਾਬ ਵਿੱਚ ਗੱਲ,
ਉਹਦਾ ਅਭਿਆਸ ਕਰਨਾ,
ਦਿਓ ‘ਯਸ਼ੂ’ ਦੀ ਗੱਲ ਤੇ ਧਿਆਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਬਾਬਾ ਸਾਹਿਬ ਵਾਂਗ ਬਣੋ ਵਿਦਵਾਨ ਬੱਚਿਓ |