ਡਾਚੀ ਸਹਿਕਦੀ – ਸ਼ਿਵ ਕੁਮਾਰ ਬਟਾਲਵੀ
ਜੇ ਡਾਚੀ ਸਹਿਕਦੀ ਸੱਸੀ ਨੂੰ
ਪੁੰਨੂ ਥੀਂ ਮਿਲਾ ਦੇਂਦੀ |
ਤਾਂ ਤੱਤੀ ਮਾਣ ਸੱਸੀ ਦਾ
ਉਹ ਮਿੱਟੀ ਵਿੱਚ ਰੁਲਾ ਦੇਂਦੀ |
ਭਲੀ ਹੋਈ ਕੇ ਸਾਰਾ ਸਾਉਣ ਹੀ
ਬਰਸਾਤ ਨਾ ਹੋਈ,
ਪਤਾ ਕੀ ਆਲ੍ਹਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ |
ਮੈਂ ਅਕਸਰ ਵੇਖਿਆ –
ਕਿ ਤੇਲ ਹੁੰਦਿਆ ਸੁੰਦਿਆ ਦੀਵੇ,
ਹਵਾ ਕਈ ਵਾਰ ਦਿਲ ਦੀ
ਮੌਜ ਖਾਤਰ ਹੈ ਬੁਝਾ ਦੇਂਦੀ |
ਭੁਲੇਖਾ ਹੈ ਕਿ ਜਿੰਦਗੀ
ਪਲ ਦੋ ਪਲ ਲਈ ਘੂਕ ਸੌਂ ਜਾਂਦੀ,
ਜੇ ਪੰਛੀ ਗ਼ਮ ਦਾ ਦਿਲ ਦੀ
ਸੰਘਣੀ ਜੂਹ ‘ਚੋਂ ਉਡਾ ਦੇਂਦੀ |
ਹਕੀਕਤ ਇਸ਼ਕ਼ ਦੀ
ਜੇ ਮਹਿਜ ਖੇਡ ਹੁੰਦੀ ਜਿਸਮਾਂ ਦੀ ,
ਤਾਂ ਦੁਨੀਆ ਅੱਜ ਤੀਕਣ
ਨਾਂ ਤੇਰਾ ਮੇਰਾ ਭੁਲਾ ਦੇਂਦੀ |
ਮੈਂ ਬਿਨ ਸੂਲਾਂ ਦੇ ਰਾਹ ‘ਤੇ
ਕੀਹ ਤੁਰਾਂ ਮੈਨੂੰ ਸ਼ਰਮ ਆਉਂਦੀ ਹੈ,
ਮੈਂ ਅੱਖੀਂ ਵੇਖਿਐ
ਕਿ ਹਰ ਕਲੀ ਉੜਕ ਦਗਾ ਦੇਂਦੀ |
ਵਸਲ ਦਾ ਸਵਾਦ ਤਾਂ
ਇੱਕ ਪਲ ਦੋ ਪਲ ਦੀ ਮੌਜ ਤੋਂ ਵੱਧ ਨਹੀਂ ,
ਜੁਦਾਈ ਹਸ਼ਰ ਤੀਕਣ
ਆਦਮੀ ਨੂੰ ਹੈ ਨਸ਼ਾ ਦੇਂਦੀ |