ਕਿਰਨਾਂ ਦਾ ਜਨਮ – ਸੰਤ ਰਾਮ ਉਦਾਸੀ
ਤੂੰ ਬੇਦਰਦੀ ਹੋ !
ਤੂੰ ਬੇਦਰਦੀ ਹੋ , ਦੁਖ ਦਰਦਾਂ ਦਾ ਕਿਸ ਦੇ ਕੋਲ ਸੁਣਾਵਾਂ |
ਮੇਰੇ ਮਗਰ ਚਿਰਾਂ ਤੋਂ ਲੱਗਿਆ,ਭੁੱਖ ਦਾ ਇੱਕ ਪ੍ਰਛਾਵਾਂ |
ਮੈਂ ਮਰਜਾ ਤਾਂ ਬੇਸ਼ਕ ਮਰਜਾਂ ,ਮਰਦਾ ਨਾਂ ਪ੍ਰਛਾਵਾਂ |
ਤੂੰ ਬੇਦਰਦੀ ਹੋ !
ਤੇਰੇ ਝੂਠੇ ਵਾਅਦੇ ਦੀ ਮੁਠ , ਸੱਖਣੇ ਢਿੱਡ ਵਿੱਚ ਪਾਵਾਂ |
ਢਿੱਡ ਹੈ ਕਿ ਬਸ ਫਿਰ ਵੀ ਨਿਕਲਣ ,ਇਸ ਤੋਂ ਹੌਂਕੇ ਹਾਵਾਂ |
ਤੂੰ ਬੇਦਰਦੀ ਹੋ !
ਕਰਚ ਲਤੜ ਲਤੜ ਕੇ ਲੰਘੇ ,ਪੈਰ ਬਿਆਈਆਂ ਪਾਟੇ |
ਆ ਕਣਕਾਂ ! ਦੇ ਮੱਥਿਆਂ ਵਿੱਚੋਂ ,ਸਿੰਮਦਾ ਖੂਨ ਵਿਖਾਵਾਂ |
ਤੂੰ ਬੇਦਰਦੀ ਹੋ !
ਛੋੰਕ ਮੇਰੇ ਤੇ ਦੌਰ ਦਾ ,ਕਦਮ ਕਦਮ ਤੇ ਪਹਿਰਾ |
ਫਿਰ ਬੁੱਕਲ ਵਿੱਚ ਉੱਗਿਆ ਸੂਰਜ ਕਿਹੜੀ ਕੂਟ ਛਿਪਾਵਾਂ |
ਤੂੰ ਬੇਦਰਦੀ ਹੋ !
ਅੱਟਣਾ ਵਾਲੇ ਮੁੱਕਿਆ ਦੀ ਜਦ ,ਕੰਧ ਮਹਿਲ ਤੇ ਕੜਕੀ |
ਫਿਰ ਨਾ ਸੌਂ ਸਕਣ ਬੇ -ਗਮ ਹੋ ,ਤੇਰੀਆਂ ਭੈਣਾਂ ,ਮਾਵਾਂ |
ਤੂੰ ਬੇਦਰਦੀ ਹੋ !
ਹੁਣ ਮੁੜਕੇ ਦੀ ਧੁੱਪ ਮੁੜਗੀ ,ਕਰ ਕੇ ਕਤਲ ਹਨੇਰੇ |
ਤਾਹੀਓਂ ਤਾਂ ਮੈਂ ਆਪਣੀ ਕੁਟੀਆ ,ਆਦਰ ਲਈ ਸਜਾਵਾਂ |
ਤੂੰ ਬੇਦਰਦੀ ਹੋ !