ਲੂਣਾ – ਦੂਜਾ ਅੰਕ | ਭਾਗ – 3
ਲੂਣਾ – ਦੂਜਾ ਅੰਕ | ਭਾਗ – 2 ਪੜ੍ਹਨ ਲਈ ਕਲਿੱਕ ਕਰੋ
ਵਰਮਨ
ਆਖ਼ਿਰ ਐਸਾ
ਦੁੱਖ ਵੀ ਕੀਹ ਹੈ ?
ਦੁੱਖ ਤਾਂ ਪੰਛੀ ਉੱਡਣ ਹਾਰੇ
ਅੱਜ ਇਸ ਢਾਰੇ
ਕੱਲ੍ਹ ਉਸ ਢਾਰੇ
ਸਲਵਾਨ
ਸੁਣ ਸੱਜਣ
ਤਾਂ ਬਾਤ ਸੁਣਾਂਦਾਂ
ਦੁਖਾਂ ਵਾਲੀ
ਅੱਗ ਜਲਾਂਦਾਂ
ਅੱਗ ਨੂੰ ਆਪਣੀ ਜੀਭ ਛੁਹਾਂਦਾ
ਬੀਤ ਗਏ ਨੂੰ
‘ਵਾਜ਼ ਮਾਰ ਕੇ
ਮੋਏ ਸੂਰਜ ਮੋੜ ਲਿਆਉਂਦਾ
ਆਪਣੀ ਧੁੱਪ ਦਾ
ਨਗਰ ਵਿਖਾਉਂਦਾ
ਮੈਂ ਜੋ ਧੁੱਪ ਵਿਹਾਜੀ
ਰੰਗ-ਵਿਹੂਣੀ ਸੀ
ਅੱਗ ‘ਚੌਧਲ’ ਦੇ ਚੁੱਲ੍ਹੇ
ਸੇਕੋਂ ਊਣੀ ਸੀ
ਪੂਰਨ ਦੀ ਮਾਂ ਇੱਛਰਾਂ
ਰੂਪ-ਵਿਹੂਣੀ ਸੀ
ਅੱਗ ਦੀ ਸੱਪਣੀ
ਪਰ ਮੇਰੇ ਘਰ ਸੂਣੀ ਸੀ
ਅੱਗ ਦੀ ਸੱਪਣੀ
ਜਦ ਵਿਹੜੇ ਵਿੱਚ ਆਣ ਵੜੀ
ਲੱਖ ਬਚਾਇਆ ਆਪਾ
ਪਰ ਉਹ ਰੋਜ਼ ਲੜੀ
ਨਸ਼ਾ ਜਿਹਾ ਨਿੱਤ ਆਇਆ
ਪਰ ਨਾ ਵਿਸ ਚੜ੍ਹੀ
ਨਾਰ ਮੇਰੇ ਅੰਤਰ ਦੀ
ਉਸ ਤੋਂ ਨਹੀਂ ਮਰੀ
ਅਣ-ਚਾਹਿਆ ਵੀ
ਡੰਗਾਂ ਦੀ ਪਰ ਪੀੜ ਜਰੀ
ਮੈਂਥੋਂ ਸੁਪਨੇ ਦੀ ਸਪਨੀ
ਨਾ ਗਈ ਫੜੀ
ਮੇਰੇ ਸੁਪਨੇ ਦੀ ਸਪਨੀ
ਜ਼ਹਿਰੀਲੀ ਸੀ
ਉੱਗਦੇ ਦਿਹੁੰ ਦੇ
ਰੰਗਾਂ ਵਾਂਗ ਰੰਗੀਲੀ ਸੀ
ਮਧ ਦੀ ਭਰੀ
ਕਟੋਰੀ ਵਾਂਗ ਨਸ਼ੀਲੀ ਸੀ
ਨਿਰੀ ਸੀ ਅੱਗ ਦੀ ਲਾਟ
ਬੜੀ ਚਮਕੀਲੀ ਸੀ
ਮੈਂ ਚਾਹਿਆ
ਸੁਪਨੇ ਦੀ ਸਪਣੀ ਮਾਰ ਦਿਆਂ
ਮੈਂ ਚਾਹਿਆ
ਕਿ ਉਸਦਾ ਰੂਪ ਵਿਸਾਰ ਦਿਆਂ
ਸੋਚਾਂ ਵਾਲੀ
ਅੱਡੀ ਹੇਠ ਲਿਤਾੜ ਦਿਆਂ
ਅੱਗ ਦੀ ਸਪਨੀ ਖ਼ਾਤਰ
ਸੁਪਨਾ ਸਾੜ ਦਿਆਂ
ਪਰ ਸੁਪਨੇ ਦੀ
ਸਪਨੀ ਮੈਂਥੋਂ ਨਹੀਂ ਮਰੀ
ਜਿਉਂ ਜਿਉਂ ਮਾਰੇ ਮੰਤਰ
ਤਿਉਂ ਤਿਉਂ ਹੋਰ ਲੜੀ
ਏਸੇ ਦੁੱਖ ਸੰਗ ਲੜਦੇ
ਮੇਰੀ ਧੁੱਪ ਢਲੀ
ਕਈ ਵਾਰੀ ਮੈਂ ਚਾਹਿਆ
ਰਿਸ਼ਤਾ ਤੋੜ ਦਿਆਂ
ਅੱਗ ਦੀ ਸੱਪਨੀ
ਬਾਬਲ ਦੇ ਘਰ ਮੋੜ ਦਿਆਂ
ਤੇ ਆਪੇ ਨੂੰ
ਸੁੰਝਾਂ ਦੇ ਸੰਗ ਜੋੜ ਦਿਆਂ
ਪਰ ਹਰ ਸੱਪਨੀ ਦਾ ਬਾਬਲ
ਨਿਰਦੋਸ਼ਾ ਹੈ
ਹਰ ਧੀ ਦਾ ਰੰਗ
ਹਰ ਬਾਬਲ ਲਈ ਕੋਸਾ ਹੈ
ਹਰ ਧੀ
ਹਰ ਬਾਬਲ ਦੀ
ਪੱਗ ਦਾ ਟੋਟਾ ਹੈ
ਏਸ ਦੇਸ ਦੀ ਹਰ ਧੀ ਦਾ
ਮਸਤਕ ਖੋਟਾ ਹੈ
ਏਹੋ ਗੱਲਾਂ ਕਰਦੀ
ਉਮਰਾ ਟੁਰੀ ਗਈ
ਗੀਟੇ ਵਾਕਣ ਹੇਠ ਦੀ ਨਦੀਏ
ਰੁੜ੍ਹੀ ਗਈ
ਹਰ ਇੱਕ ਚਾਅ ਦੀ
ਨੁੱਕਰ ਆਖ਼ਿਰ ਭੁਰੀ ਗਈ
ਜਿੱਤ ਵੱਲ ਮੁੜ ਗਏ ਪਾਣੀ
ਉੱਤ ਵਲ ਮੁੜੀ ਗਈ
ਸੁਪਨੇ ਦੀ ਸੱਪਨੀ ਦਾ
ਸੁਪਨਾ ਟੁੱਟ ਗਿਆ
ਮੈਥੋਂ ਮੇਰਾ
ਬਲਦਾ ਸੂਰਜ ਖੁੱਸ ਗਿਆ
ਫੁੱਲ ਮੇਰੇ ਬਾਗਾਂ ਦਾ
ਸੂਹਾ ਬੁੱਸ ਗਿਆ
ਮੈਂ ਆਪਣੇ ਹੀ
ਪਰਛਾਵੇਂ ਸੰਗ ਰੁੱਸ ਗਿਆ
ਮੈਂ ਸੂਰਜ ਸਾਂ
ਪਰ ਕਾਲਖ ਦੀ ਜੂਨ ਹੰਢਾਈ
ਅੱਗ ਦੀ ਸੱਪਣੀ ਨੂੰ ਪਰ ਦੁੱਖ ਦੀ
ਮਹਿਕ ਨਾ ਆਈ
ਮੈਂ ਵੀ ਵੇਦਨ ਦੀ ਉਸ ਅੱਗੇ
ਬਾਤ ਨਾ ਪਾਈ
ਸੌਂ ਰਹੀ ਮੇਰੀ ਚੰਦਨ-ਦੇਹ ਸੰਗ
ਦੇਹ ਚਿਪਕਾਈ
ਮੈਂ ਜਾਗਾਂ
ਉਸ ਨੀਂਦਰ ਆਈ
ਰੁੱਖ ਨਿਪੱਤਰੇ
ਨੀਂਦਰ ਦੇ ਨੂੰ ਫੁੱਲ ਆ ਲੱਗਾ
ਨੀਂਦਰ ਵਾਲਾ ਰੁੱਖੜਾ ਮੈਨੂੰ
ਹਰਿਆ ਲੱਗਾ
ਅੱਗ ਦੀ ਸਪਨੀ ਦੀ ਕੁਖੋਂ
ਮੈਨੂੰ ਸੂਰਜ ਲੱਭਾ
ਨਿਰੋਲਿਆ , ਮੇਰਾ ਜੀਵਨ ਮੈਨੂੰ
ਜਵਾਲਾ ਲੱਗਾ
ਪਰ ਉਹ ਸੂਰਜ
ਮੇਰੇ ਮੱਥੇ ਕਦੇ ਨਾ ਲੱਗਾ
ਅਠਾਰ੍ਹਾਂ ਵਰ੍ਹੇ ਲਈ ਉਹਦੀ ਲੋਅ ਨੂੰ
ਜੰਦਰਾ ਵੱਜਾ
ਮੇਰਾ ਪੁੱਤਰ ਪੂਰਨ
ਮੈਨੂੰ ਕਦੇ ਨਾ ਲੱਭਾ
ਮੈਂ ਮੁੜ ਛਾਂ ਦੀ
ਜੂਨ ਹੰਢਾਂਦਾ ਸੋਚਣ ਲੱਗਾ
ਨਹੁੰਆਂ ਦੇ ਸੰਗ
ਗ਼ਮ ਦੀਆਂ ਕਬਰਾਂ ਖੋਦਣ ਲੱਗਾ
ਕਰਮਾਂ ਦੀ ਕਾਲਖ ਨੂੰ
ਮਰ ਮਰ ਭੋਗਣ ਲੱਗਾ
ਸੋਚਣ ਲੱਗਾ
ਕਿ ਧਰਤੀ ‘ਤੇ ਜੂਨ ਹੰਢਾਣੀ
ਅੱਗ ਦੀ ਨਦੀਉਂ
ਜਿਉਂ ਬੁੱਕਾਂ ਥੀਂ ਪੀਣਾ ਪਾਣੀ
ਕੁਝ ਪੀਣਾ
ਕੁਝ ਕਿਰ ਜਾਣਾ
ਰੱਸ ਵਿਰਲਾਂ ਤਾਣੀਂ
ਅਤ੍ਰਿਪਤੀ ਤੇ ਲੱਜਿਆ ਦੇ
ਕਾਲੇ ਕਮਰੇ ਵਿੱਚ
ਇੱਕ ਦੂਜੇ ਦੇ ਅੰਗ ਵਲਸ ਕੇ
ਅਗਨੀ ਖਾਣੀ
ਜਿਓਂ ਸੂਰਾਂ ਦੀ
ਫਿਰਦੀ ਢਾਣੀ
(ਚਲਦਾ….)