All

ਲੂਣਾ – ਦੂਜਾ ਅੰਕ | ਭਾਗ – 4

ਲੂਣਾ – ਦੂਜਾ ਅੰਕ | ਭਾਗ – 3 ਪੜ੍ਹਨ ਲਈ ਕਲਿੱਕ ਕਰੋ

ਵਰਮਨ
ਹਾਂ ਮਿੱਤ੍ਰ !
ਤੂੰ ਸੱਚ ਕਹਿੰਦਾ ਹੈਂ
ਅੱਗ ਬਿਣ ਅੱਗ ਦੀ
ਉਮਰ ਹੰਢਾਣੀ
ਜਿਓਂ ਜੀਵੇ ਮੱਛੀ ਬਿਨ ਪਾਣੀ
ਹਰ ਬਾਲਣ ਨੂੰ
ਅੱਗ ਬਣਨ ਲਈ
ਪੈਂਦੀ ਹੀ ਹੈ ਅਗਨੀ ਖਾਣੀ
ਉਂਝ ਤਾਂ ਹਰ ਅੱਗ
ਅੱਗ ਹੁੰਦੀ ਹੈ
ਚੁਲ੍ਹੇ ਬਲੇ ਜਾਂ ਮੜ੍ਹੀ-ਮਸਾਣੀਂ
ਪਰ ਜੋ ਅੱਗ ਨਾਂ
ਲਾਂਬੂ ਬਣਦੀ
ਉਹ ਅੱਗ ਹੁੰਦੀ ਦਰਦ-ਰੰਝਾਣੀ
ਜੇ ਇੱਛਰਾਂ ਵੀ
ਕੱਚੀ ਅੱਗ ਸੀ
ਤਾਂ ਸੀ ਫੂਕਾਂ ਨਾਲ ਮਘਾਣੀ
ਜਾਂ ਉਸ ‘ਤੇ ਪਾ ਦੇਂਦਾ ਪਾਣੀ
ਹੱਡਾਂ ਤਾਈਂ ਘੁਣ ਹੁੰਦੀ ਹੈ
ਦੋ ਚਿੱਤੀ ਦੀ
ਜੂਨ ਹੰਢਾਣੀ

ਉਂਝ ਤਾਂ ਮਿਤ੍ਰ
ਮੀਤ ਪਿਆਰੇ
ਹਰ ਕੋਈ ਕੱਚੀ ਅੱਗ ਨੂੰ ਖਾਵੇ
ਬਲਦੀ ਅੱਗ ਨੂੰ ਵੀ ਹਰ ਕੋਈ
ਕੱਚੀ ਕਹਿ ਕੇ
ਉਮਰ ਲੰਘਾਵੇ
ਹਰ ਬਲਦੀ ਅੱਗ
ਚੁੰਮਣ ਪਿਛੋਂ
ਕੱਚੀ ਅੱਗ ਦਾ ਰੂਪ ਵਟਾਵੇ
ਸੁਪਨੇ ਦੀ
ਸਪਨੀ ਵੀ ਇੱਕ ਦਿਨ
ਅੱਗ ਦੀ ਸਪਨੀ
ਹੀ ਬਣ ਜਾਵੇ

ਸਲਵਾਨ
ਸੁਪਨੇ ਤੇ
ਅੱਗ ਦੀ ਸਪਨੀ ਵਿੱਚ
ਮੇਰੇ ਮਿੱਤ੍ਰ ਅੰਤਰ ਹੁੰਦੈ
ਅੱਗ ਦੀ ਸਪਨੀ ਸਦਾ ਪਾਲਤੂ
ਉਸ ਦਾ ਹੱਥ ਵਿੱਚ
ਮੰਤਰ ਹੁੰਦੈ
ਜੇ ਸੁਪਨੇ ਦੀ ਸਪਨੀ ਡੰਗੇ
ਉਸ ਦਾ ਅੰਤ
ਭਿਅੰਕਰ ਹੁੰਦੈ
ਅੱਗ ਦੀ ਸਪਨੀ ਜੇ ਹੈ ਸ਼ੁਅਲਾ
ਤਾਂ ਉਹ ਇੱਕ ਬਸੰਤਰ ਹੁੰਦੈ
ਅਗਨ-ਸਰਪਨੀ
ਜਿਉਂਦਾ ਸੱਚ ਹੈ
ਚੇਤਨ-ਦੇਹ ਦਾ ਕੰਕਰ ਹੁੰਦੈ
ਸੁਪਨ-ਸਰਪਨੀ
ਝੂਠ, ਨਿਰ੍ਰਥਕ
ਸੁਪਨੇ ਦਾ ਇੱਕ ਜੰਤਰ ਹੁੰਦੈ

ਵਰਮਨ
ਸੱਜਣ ! ਦੋਸਤ !
ਬਹਾਦਰ ਬੰਦੇ
ਸੁਪਨੇ ਤੋਂ ਕੋਈ ਸੱਚ ਕੀਹ ਮੰਗੇ
ਸਾਡੀ ਉਮਰਾ ਤਾਂ ਲੰਘ ਜਾਏ
ਪਰ ਸੁਪਨੇ ਦੀ
ਅਉਧ ਨਾ ਲੰਘੇ
ਇਹ ਸਾਡੇ ਧੁਰ ਅੰਦਰ ਕਿਧਰੇ
ਪੁੱਠੇ ਚਮਗਿਦੜਾਂ ਵਤ ਟੰਗੇ
ਕਾਲੇ ਰੁੱਖ, ਕਿਸਮਤਾਂ ਵਾਲੇ
ਤੇ ਫਲ ਖਾਂਦੇ ਰੰਗ-ਬਰੰਗੇ
ਕੋਈ ਕੋਈ ਸੁਪਨਾ ਕਰਮਾਂ ਸੇਤੀ
ਕਦੇ ਕਦੇ ਸੱਚ ਬਣ ਕੇ ਲੰਘੇ
ਕਿਸੇ ਕਿਸੇ ਚਿਹਰੇ ‘ਚੋਂ ਸਾਨੂੰ
ਸੁਪਨ-ਸਰਪਨੀ
ਆ ਕੇ ਡੰਗੇ
ਉਸ ਦਾ ਡੰਗਿਆ ਕੁਝ ਨਾ ਮੰਗੇ
ਮੰਗੇ ਤਾਂ, ਉਹਦੀ ਛੋਹ ਨੂੰ ਮੰਗੇ
ਦਿਨ-ਦੀਵੀਂ ਜਾਂ ਸੌਣਾ ਮੰਗੇ
ਪਰ ਨਾਂ ਛੋਹ
ਨਾ ਸੌਣਾ ਮਿਲਦਾ
ਉਮਰ ਅਸਾਡੀ ਧੁਖ-ਧੁਖ ਲੰਘੇ
ਸਾਡੀ ਦੇਹ ਹੀ ਸਾਡੇ ਸਾਹ ਤੋਂ
ਇੱਕ ਦਿਨ ਨੀਵੀਂ ਪਾ ਕੇ ਲੰਘੇ
ਸਾਡਾ ਸੂਰਜ
ਸਾਥੋਂ ਸੰਗੇ

ਸਲਵਾਨ
ਹਾਂ ਮਿੱਤ੍ਰ !
ਤੂੰ ਸੱਚ ਕਹਿੰਦਾ ਹੈਂ
ਹੁਣ ਤਾਂ ਸੂਰਜ
ਢਲ ਚੱਲਿਆ ਸੀ
ਧੁੱਪ ਦਾ ਬਾਲਣ ਬਲ ਚੱਲਿਆ ਸੀ
ਸੁਪਨ-ਸਰਪਨੀ ਵਾਲਾ ਸੁਪਨਾ
ਹੁਣ ਮਿੱਟੀ ਵਿੱਚ ਰਲ ਚੱਲਿਆ ਸੀ
ਪਰ ਕਲ ਸੁਪਨਾ ਅੱਖੀਂ ਤੱਕ ਕੇ
ਮੈਨੂੰ ਮੁੜ ਕੇ
ਛਲ ਚੱਲਿਆ ਹੈ
ਮੇਰੀ ਮਹਿਕ-ਵਿਛੁੰਨੀ ਰੂਹ ‘ਤੇ
ਮਲ ਚੱਲਿਆ ਹੈ

ਵਰਮਨ
ਮੈਂ ਵੱਡ-ਭਾਗਾ
ਇਸ ਮਿੱਟੀ ‘ਚੋਂ
ਜੇ ਤੈਨੂੰ ਤੇਰਾ ਸੁਪਨਾ ਲੱਭੇ
ਕਿਹੜੀ ਰੂਪਵਤੀ ਹੈ ਐਸੀ
ਮੈਨੂੰ ਵੀ ਕੁਝ
ਪਤਾ ਤਾਂ ਲੱਗੇ ?

ਸਲਵਾਨ
ਹਾਂ ਮਿੱਤ੍ਰ ! ਉਹ ਕਿਰਨ ਜੇਹੀ ਜੋ
ਸੁੱਤ-ਉਨੀਂਦੇ ਨੈਣਾਂ ਵਾਲੀ
ਕੋਹ ਕੋਹ ਲੰਮੇ ਵਾਲਾਂ ਵਾਲੀ
ਨੀਮ-ਉਦਾਸੇ ਅੰਗਾਂ ਵਾਲੀ
ਦੁਧੀਂ ਧੋਤੇ ਰੰਗਾਂ ਵਾਲੀ
ਲੰਮ-ਸਲੰਮੀ ਚੰਦਨ-ਗੇਲੀ
ਭਾਰੇ ਜਿਹੇ ਨਿਤੰਭਾ ਵਾਲੀ
ਮੋਤੀ-ਵੰਨੇ ਦੰਦਾਂ ਵਾਲੀ
ਲੂਣਾ !
ਜਿਹੜੀ ਕੱਲ ਉਤਸਵ ਵਿੱਚ
ਚੁਣੀ ਸੀ ਯੁਵਤੀ ਸੰਗਾਂ ਵਾਲੀ
ਸੁਪਨ-ਸਰਪਨੀ ਡੰਗਾਂ ਵਾਲੀ

(ਚਲਦਾ….)

ਲੂਣਾ – ਦੂਜਾ ਅੰਕ | ਭਾਗ – 3

ਲੂਣਾ – ਦੂਜਾ ਅੰਕ | ਭਾਗ – 2 ਪੜ੍ਹਨ ਲਈ ਕਲਿੱਕ ਕਰੋ

ਵਰਮਨ
ਆਖ਼ਿਰ ਐਸਾ
ਦੁੱਖ ਵੀ ਕੀਹ ਹੈ ?
ਦੁੱਖ ਤਾਂ ਪੰਛੀ ਉੱਡਣ ਹਾਰੇ
ਅੱਜ ਇਸ ਢਾਰੇ
ਕੱਲ੍ਹ ਉਸ ਢਾਰੇ

ਸਲਵਾਨ
ਸੁਣ ਸੱਜਣ
ਤਾਂ ਬਾਤ ਸੁਣਾਂਦਾਂ
ਦੁਖਾਂ ਵਾਲੀ
ਅੱਗ ਜਲਾਂਦਾਂ
ਅੱਗ ਨੂੰ ਆਪਣੀ ਜੀਭ ਛੁਹਾਂਦਾ
ਬੀਤ ਗਏ ਨੂੰ
‘ਵਾਜ਼ ਮਾਰ ਕੇ
ਮੋਏ ਸੂਰਜ ਮੋੜ ਲਿਆਉਂਦਾ
ਆਪਣੀ ਧੁੱਪ ਦਾ
ਨਗਰ ਵਿਖਾਉਂਦਾ
ਮੈਂ ਜੋ ਧੁੱਪ ਵਿਹਾਜੀ
ਰੰਗ-ਵਿਹੂਣੀ ਸੀ
ਅੱਗ ‘ਚੌਧਲ’ ਦੇ ਚੁੱਲ੍ਹੇ
ਸੇਕੋਂ ਊਣੀ ਸੀ
ਪੂਰਨ ਦੀ ਮਾਂ ਇੱਛਰਾਂ
ਰੂਪ-ਵਿਹੂਣੀ ਸੀ
ਅੱਗ ਦੀ ਸੱਪਣੀ
ਪਰ ਮੇਰੇ ਘਰ ਸੂਣੀ ਸੀ

ਅੱਗ ਦੀ ਸੱਪਣੀ
ਜਦ ਵਿਹੜੇ ਵਿੱਚ ਆਣ ਵੜੀ
ਲੱਖ ਬਚਾਇਆ ਆਪਾ
ਪਰ ਉਹ ਰੋਜ਼ ਲੜੀ
ਨਸ਼ਾ ਜਿਹਾ ਨਿੱਤ ਆਇਆ
ਪਰ ਨਾ ਵਿਸ ਚੜ੍ਹੀ
ਨਾਰ ਮੇਰੇ ਅੰਤਰ ਦੀ
ਉਸ ਤੋਂ ਨਹੀਂ ਮਰੀ
ਅਣ-ਚਾਹਿਆ ਵੀ
ਡੰਗਾਂ ਦੀ ਪਰ ਪੀੜ ਜਰੀ
ਮੈਂਥੋਂ ਸੁਪਨੇ ਦੀ ਸਪਨੀ
ਨਾ ਗਈ ਫੜੀ

ਮੇਰੇ ਸੁਪਨੇ ਦੀ ਸਪਨੀ
ਜ਼ਹਿਰੀਲੀ ਸੀ
ਉੱਗਦੇ ਦਿਹੁੰ ਦੇ
ਰੰਗਾਂ ਵਾਂਗ ਰੰਗੀਲੀ ਸੀ
ਮਧ ਦੀ ਭਰੀ
ਕਟੋਰੀ ਵਾਂਗ ਨਸ਼ੀਲੀ ਸੀ
ਨਿਰੀ ਸੀ ਅੱਗ ਦੀ ਲਾਟ
ਬੜੀ ਚਮਕੀਲੀ ਸੀ

ਮੈਂ ਚਾਹਿਆ
ਸੁਪਨੇ ਦੀ ਸਪਣੀ ਮਾਰ ਦਿਆਂ
ਮੈਂ ਚਾਹਿਆ
ਕਿ ਉਸਦਾ ਰੂਪ ਵਿਸਾਰ ਦਿਆਂ
ਸੋਚਾਂ ਵਾਲੀ
ਅੱਡੀ ਹੇਠ ਲਿਤਾੜ ਦਿਆਂ
ਅੱਗ ਦੀ ਸਪਨੀ ਖ਼ਾਤਰ
ਸੁਪਨਾ ਸਾੜ ਦਿਆਂ
ਪਰ ਸੁਪਨੇ ਦੀ
ਸਪਨੀ ਮੈਂਥੋਂ ਨਹੀਂ ਮਰੀ
ਜਿਉਂ ਜਿਉਂ ਮਾਰੇ ਮੰਤਰ
ਤਿਉਂ ਤਿਉਂ ਹੋਰ ਲੜੀ
ਏਸੇ ਦੁੱਖ ਸੰਗ ਲੜਦੇ
ਮੇਰੀ ਧੁੱਪ ਢਲੀ

ਕਈ ਵਾਰੀ ਮੈਂ ਚਾਹਿਆ
ਰਿਸ਼ਤਾ ਤੋੜ ਦਿਆਂ
ਅੱਗ ਦੀ ਸੱਪਨੀ
ਬਾਬਲ ਦੇ ਘਰ ਮੋੜ ਦਿਆਂ
ਤੇ ਆਪੇ ਨੂੰ
ਸੁੰਝਾਂ ਦੇ ਸੰਗ ਜੋੜ ਦਿਆਂ

ਪਰ ਹਰ ਸੱਪਨੀ ਦਾ ਬਾਬਲ
ਨਿਰਦੋਸ਼ਾ ਹੈ
ਹਰ ਧੀ ਦਾ ਰੰਗ
ਹਰ ਬਾਬਲ ਲਈ ਕੋਸਾ ਹੈ
ਹਰ ਧੀ
ਹਰ ਬਾਬਲ ਦੀ
ਪੱਗ ਦਾ ਟੋਟਾ ਹੈ
ਏਸ ਦੇਸ ਦੀ ਹਰ ਧੀ ਦਾ
ਮਸਤਕ ਖੋਟਾ ਹੈ
ਏਹੋ ਗੱਲਾਂ ਕਰਦੀ
ਉਮਰਾ ਟੁਰੀ ਗਈ
ਗੀਟੇ ਵਾਕਣ ਹੇਠ ਦੀ ਨਦੀਏ
ਰੁੜ੍ਹੀ ਗਈ
ਹਰ ਇੱਕ ਚਾਅ ਦੀ
ਨੁੱਕਰ ਆਖ਼ਿਰ ਭੁਰੀ ਗਈ
ਜਿੱਤ ਵੱਲ ਮੁੜ ਗਏ ਪਾਣੀ
ਉੱਤ ਵਲ ਮੁੜੀ ਗਈ

ਸੁਪਨੇ ਦੀ ਸੱਪਨੀ ਦਾ
ਸੁਪਨਾ ਟੁੱਟ ਗਿਆ
ਮੈਥੋਂ ਮੇਰਾ
ਬਲਦਾ ਸੂਰਜ ਖੁੱਸ ਗਿਆ
ਫੁੱਲ ਮੇਰੇ ਬਾਗਾਂ ਦਾ
ਸੂਹਾ ਬੁੱਸ ਗਿਆ
ਮੈਂ ਆਪਣੇ ਹੀ
ਪਰਛਾਵੇਂ ਸੰਗ ਰੁੱਸ ਗਿਆ

ਮੈਂ ਸੂਰਜ ਸਾਂ
ਪਰ ਕਾਲਖ ਦੀ ਜੂਨ ਹੰਢਾਈ
ਅੱਗ ਦੀ ਸੱਪਣੀ ਨੂੰ ਪਰ ਦੁੱਖ ਦੀ
ਮਹਿਕ ਨਾ ਆਈ
ਮੈਂ ਵੀ ਵੇਦਨ ਦੀ ਉਸ ਅੱਗੇ
ਬਾਤ ਨਾ ਪਾਈ
ਸੌਂ ਰਹੀ ਮੇਰੀ ਚੰਦਨ-ਦੇਹ ਸੰਗ
ਦੇਹ ਚਿਪਕਾਈ
ਮੈਂ ਜਾਗਾਂ
ਉਸ ਨੀਂਦਰ ਆਈ
ਰੁੱਖ ਨਿਪੱਤਰੇ
ਨੀਂਦਰ ਦੇ ਨੂੰ ਫੁੱਲ ਆ ਲੱਗਾ
ਨੀਂਦਰ ਵਾਲਾ ਰੁੱਖੜਾ ਮੈਨੂੰ
ਹਰਿਆ ਲੱਗਾ
ਅੱਗ ਦੀ ਸਪਨੀ ਦੀ ਕੁਖੋਂ
ਮੈਨੂੰ ਸੂਰਜ ਲੱਭਾ
ਨਿਰੋਲਿਆ , ਮੇਰਾ ਜੀਵਨ ਮੈਨੂੰ
ਜਵਾਲਾ ਲੱਗਾ
ਪਰ ਉਹ ਸੂਰਜ
ਮੇਰੇ ਮੱਥੇ ਕਦੇ ਨਾ ਲੱਗਾ
ਅਠਾਰ੍ਹਾਂ ਵਰ੍ਹੇ ਲਈ ਉਹਦੀ ਲੋਅ ਨੂੰ
ਜੰਦਰਾ ਵੱਜਾ
ਮੇਰਾ ਪੁੱਤਰ ਪੂਰਨ
ਮੈਨੂੰ ਕਦੇ ਨਾ ਲੱਭਾ

ਮੈਂ ਮੁੜ ਛਾਂ ਦੀ
ਜੂਨ ਹੰਢਾਂਦਾ ਸੋਚਣ ਲੱਗਾ
ਨਹੁੰਆਂ ਦੇ ਸੰਗ
ਗ਼ਮ ਦੀਆਂ ਕਬਰਾਂ ਖੋਦਣ ਲੱਗਾ
ਕਰਮਾਂ ਦੀ ਕਾਲਖ ਨੂੰ
ਮਰ ਮਰ ਭੋਗਣ ਲੱਗਾ
ਸੋਚਣ ਲੱਗਾ
ਕਿ ਧਰਤੀ ‘ਤੇ ਜੂਨ ਹੰਢਾਣੀ
ਅੱਗ ਦੀ ਨਦੀਉਂ
ਜਿਉਂ ਬੁੱਕਾਂ ਥੀਂ ਪੀਣਾ ਪਾਣੀ
ਕੁਝ ਪੀਣਾ
ਕੁਝ ਕਿਰ ਜਾਣਾ
ਰੱਸ ਵਿਰਲਾਂ ਤਾਣੀਂ
ਅਤ੍ਰਿਪਤੀ ਤੇ ਲੱਜਿਆ ਦੇ
ਕਾਲੇ ਕਮਰੇ ਵਿੱਚ
ਇੱਕ ਦੂਜੇ ਦੇ ਅੰਗ ਵਲਸ ਕੇ
ਅਗਨੀ ਖਾਣੀ
ਜਿਓਂ ਸੂਰਾਂ ਦੀ
ਫਿਰਦੀ ਢਾਣੀ

(ਚਲਦਾ….)

ਕੁਕਨੂਸ – ਅੰਮ੍ਰਿਤਾ ਪ੍ਰੀਤਮ

ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ
ਮੈਂ ਜੀਅ ਰਹੀ ਤੇਰੇ ਬਿਨਾਂ ਤੇਰੇ ਲਈ……….
ਹਰ ਚੰਦਉਰੀ ਹਰ ਘੜੀ ਬਣਦੀ ਰਹੀ
ਹਰ ਚੰਦਉਰੀ ਹਰ ਘੜੀ ਮਿਟਦੀ ਰਹੀ ……..
ਦੂਧੀਆ ਚਾਨਣ ਵੀ ਅੱਜ ਹੱਸਦੇ ਨਹੀਂ
ਬੇਬਹਾਰੇ ਫ਼ਲ ਜਿਵੇਂ ਰਸਦੇ ਨਹੀਂ ……..
ਉਮਰ ਭਰ ਦਾ ਇਸ਼ਕ਼ ਬੇਆਵਾਜ਼ ਹੈ
ਹਰ ਮੇਰਾ ਨਗਮਾਂ ,ਮੇਰੀ ਆਵਾਜ਼ ਹੈ ……..
ਹਰਫ਼ ਮੇਰੇ ਤੜਪ ਉਠਦੇ ਹਨ ਇਵੇਂ
ਸੁਲਗਦੇ ਹਨ ਰਾਤ ਭਰ ਤਾਰੇ ਜਿਵੇਂ …..
ਉਮਰ ਮੇਰੀ ਬੇ-ਵਫ਼ਾ ਮੁਕਦੀ ਪਈ
ਰੂਹ ਮੇਰੀ ਬੇਚੈਨ ਹੈ ਤੇਰੇ ਲਈ …….
ਕੁਕਨੂਸ ਦੀਪਕ ਰਾਗ ਨੂੰ ਅੱਜ ਗਾਏਗਾ
ਇਸ਼ਕ਼ ਦੀ ਇਸ ਲਾਟ ਤੇ ਬਲ ਜਾਏਗੀ …..
ਸੁਪਨਿਆਂ ਨੂੰ ਚੀਰ ਕੇ ਆ ਜਰਾ
ਰਾਤ ਬਾਕੀ ਬਹੁਤ ਹੈ ਨਾ ਜਾ ਜ਼ਰਾ ……
ਰਾਖ ਹੀ ਇਸ ਰਾਗ ਦਾ ਅੰਜਾਮ ਹੈ
ਕੁਕਨੂਸ ਦੀ ਇਸ ਰਾਖ ਨੂੰ ਪ੍ਰਣਾਮ ਹੈ …….
ਰੱਜ ਕੇ ਅੰਬਰ ਜਦੋਂ ਫਿਰ ਰੋਏਗਾ
ਫਿਰ ਨਵਾਂ ਕੁਕਨੂਸ ਪੈਦਾ ਹੋਏਗਾ ……

ਵਸੀਅਤ – ਸੰਤ ਰਾਮ ਉਦਾਸੀ

(ਮੇਰੀ ਮੌਤ ਤੇ ਨਾ ਰੋਇਓ )
ਮੇਰੀ ਮੌਤ ਤੇ ਨਾ ਰੋਇਓ ,ਮੇਰੀ ਸੋਚ ਨੂੰ ਬਚਾਇਓ |
ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ |
ਮੇਰੀ ਵੀ ਜਿੰਦਗੀ ਕੀ?ਬਸ ਬੂਰ ਸਰੜਕੇ ਦਾ ,
ਆਹਾਂ ਦਾ ਸੇਕ ਕਾਫ਼ੀ ਤੀਲੀ ਬੇਸ਼ੱਕ ਨਾ ਲਾਇਓ |
ਹੋਣਾ ਨਹੀਂ ਮੈਂ ਚਾਹੁੰਦਾ ,ਸੜ ਕੇ ਸੁਆਹ ਇਕੇਰਾਂ ,
ਜਦ ਜਦ ਢਲੇਗਾ ਸੂਰਜ ,ਕਣ ਕਣ ਮੇਰਾ ਜਲਾਇਓ |
ਵਲਗਣ ‘ਚ ਕੈਦ ਹੋਣਾ ਮੇਰੇ ਨਹੀਂ ਮੁਆਫ਼ਕ ,
ਯਾਰਾਂ ਦੇ ਵਾਂਗ ਅਰਥੀ ਸੜਕਾਂ ਤੇ ਹੀ ਜਲਾਇਓ |
ਜੀਵਨ ਤੋਂ ਮੌਤ ਤਾਈਂ ,ਆਉਂਦੇ ਬੜੇ ਚੁਰਾਹੇ ,
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ |

ਲੂਣਾ – ਦੂਜਾ ਅੰਕ | ਭਾਗ – 2

ਲੂਣਾ – ਦੂਜਾ ਅੰਕ | ਭਾਗ – 1 ਪੜ੍ਹਨ ਲਈ ਕਲਿੱਕ ਕਰੋ

ਸਲਵਾਨ
ਹਾਂ ਸੱਜਣ !
ਮੈਨੂੰ ਨੀਂਦ ਆ ਗਈ
ਹਾਂ ਸੱਜਣ
ਮੈਂ ਸੌਣਾ ਚਾਹੁੰਦਾਂ
ਦਿਨ-ਦੀਵੀਂ,ਭਰ ਸ਼ਿਖਰ ਦੁਪਿਹਰੇ
ਸੂਰਜ ਕਿਤੇ ਬੁਝਾਣਾ ਚਾਹੁੰਦਾਂ
ਹਰ ਦਿਹੁੰ
ਮੇਰੀ ਨੀਂਦ ਦਾ ਪਿੰਡਾ
ਅਗਨ-ਸਰਪਨੀ ਨੇ ਡੰਗਿਆ ਹੈ
ਹਰ ਦਿਹੁੰ ਮੇਰਾ
ਪਰ ਅੰਗ ਛੋਹ ਪਾ
ਹੋਈ ਗਰਭਵਤੀ ਦੇ ਵਾਕਣ
ਲੱਜਿਆ ਸੰਗ ਭਿੱਜਿਆ ਲੰਘਿਆ ਹੈ
ਹਰ ਦਿਹੁੰ ਮੇਰਾ
ਸਮੇਂ ਦੀ ਸੁੱਕੀ ਸੂਲੀ ਉੱਪਰ
ਸੂਤਕ-ਰੁੱਤ ਤੋਂ ਹੀ ਟੰਗਿਆ ਹੈ
ਹਾਂ ਹਾਂ ਸੱਜਣ
ਮੈਂ ਕਹਿੰਦਾਂ
ਮੈਂ ਜਗਰਾਤੇ ਦਾ ਥਲ ਲੰਘਿਆ ਹੈ
ਥੱਕ ਟੁੱਟ ਕੇ ਅੱਜ ਜੀਭ ਮੇਰੀ ਨੇ
ਨੀਂਦਰ ਦਾ
ਇੱਕ ਘੁੱਟ ਮੰਗਿਆ ਹੈ
ਹਾਂ ਸੱਜਣ
ਮੈਨੂੰ ਨੀਂਦ ਆ ਗਈ
ਹਾਂ ਸੱਜਣ
ਮੈਂ ਸੌਣਾ ਚਾਹੁੰਦਾਂ

ਹਾਂ ਹਾਂ ਮੈਂ ਹੁਣ
ਸੌਣਾ ਚਾਹੁੰਦਾਂ
ਆਪਣੇ ਪਰਛਾਵੇਂ ਦੀ ਛਾਵੇਂ
ਮੇਰੇ ਪਰਛਾਵੇਂ ਦੇ ਭਾਵੇਂ
ਪੁੱਤਰ ਟਾਂਵੇ ਟਾਂਵੇ
ਮੇਰੇ
ਪਰਛਾਵੇਂ ਦੀ ਛਾਵੇਂ
ਕੋਈ ਪੰਛੀ ਨਾਂ ਗਾਵੇ
ਮੇਰੇ ਪਰਛਾਵੇਂ ਨੂੰ ਭਾਵੇਂ
ਤੂੰ ਵੀ ਅੰਗ ਨਾਂ ਲਾਵੇਂ
ਪਰ ਮੈਂ
ਫਿਰ ਵੀ ਸੌਣਾ ਚਾਹੁੰਦਾਂ
ਆਪਣੀ ਧੁੱਪ ਦੀ ਛਾਵੇਂ
ਹਾਂ ਸੱਜਣ
ਸੱਭ ਆਪਣੀ ਧੁੱਪ ਨੂੰ
ਧੁੱਪਿਓੰ ਛਾਵੇਂ ਕਰਦੇ
ਆਪਣੀ ਧੁੱਪ ਦਾ ਆਪਣੇ ਹੱਥੀਂ
ਚੀਰ-ਹਰਨ ਹਨ ਕਰਦੇ
ਦਿਹੁੰ ਦੇ ਗਜ
ਉਮਰ ਦਾ ਕੱਪੜਾ
ਮਿਣ ਮਿਣ ਸਾਰੇ ਮਰਦੇ
ਸੱਭੇ ਛਾਂ ਦੇ ਜਾਲ ਵਿਛਾ ਕੇ
ਨਿੰਦਰਾਏ ਪਲ ਫੜਦੇ
ਨਿੰਦਰਾਏ ਹਾਂ ਸਾਰੇ ਜੰਮਦੇ
ਨਿੰਦਰਾਏ ਹਾਂ ਮਰਦੇ

ਵਰਮਨ
ਠੀਕ ਅਸੀਂ ਹਾਂ
ਸਭ ਨਿੰਦਰਾਏ
ਸਭ ਉਨੀਂਦੀ
ਜੂਨੇ ਆਏ
ਅਗਨ-ਬਿਰਛ ਲੁੰਜੇ, ਬੇ-ਪੱਤਰੇ
ਸਭਨਾਂ ਆਪਣੀ ਨੀਂਦਰ ਖ਼ਾਤਰ
ਦੇਹੀਆਂ ਦੀ
ਵਲਗਣ ਵਿੱਚ ਲਾਏ
ਤੇ ਉਸ ਥੱਲੇ
ਪੱਟ ਵਿਛਾਏ
ਫਿਰ ਵੀ ਸਾਨੂੰ ਨੀਂਦ ਨਾ ਆਏ
ਸਾਡੀ ਛਾਂ ਨੂੰ
ਸਾਡੀ ਧੁੱਪ ਹੀ
ਕਈ ਵਾਰੀ ਨਾ ਅੰਗ ਛੁਹਾਏ
ਪਰ ਮਿੱਤਰ
ਹੇ ਮੇਰੇ ਸੱਜਣ
ਜੀਭ ਤੇਰੀ ਕੋਈ ਬਾਤ ਤਾਂ ਪਾਏ
ਬੋਲ ਕੁਲਹਿਣੇ
ਨੀਂਦਰ ਵਾਲੇ
ਕਿਓਂ ਤੇਰੇ ਹੋਠਾਂ ‘ਤੇ ਆਏ ?

ਸਲਵਾਨ
ਕੀਹ ਪਾਵਾਂ
ਮੈਂ ਬਾਤ ਪਿਆਰੇ ?
ਜਿਨ੍ਹਾਂ ਖੂਹਾਂ ਦੇ ਪਾਣੀ ਖਾਰੇ
ਕਦੇ ਨਾ ਪਨਘਟ
ਬਣਨ ਵਿਚਾਰੇ

(ਚਲਦਾ….)