ਕਵਿਤਾਵਾਂ

ਕਿਰਨਾਂ ਦਾ ਜਨਮ – ਸੰਤ ਰਾਮ ਉਦਾਸੀ

ਤੂੰ ਬੇਦਰਦੀ ਹੋ !
ਤੂੰ ਬੇਦਰਦੀ ਹੋ , ਦੁਖ ਦਰਦਾਂ ਦਾ ਕਿਸ ਦੇ ਕੋਲ ਸੁਣਾਵਾਂ |
ਮੇਰੇ ਮਗਰ ਚਿਰਾਂ ਤੋਂ ਲੱਗਿਆ,ਭੁੱਖ ਦਾ ਇੱਕ ਪ੍ਰਛਾਵਾਂ |
ਮੈਂ ਮਰਜਾ ਤਾਂ ਬੇਸ਼ਕ ਮਰਜਾਂ ,ਮਰਦਾ ਨਾਂ ਪ੍ਰਛਾਵਾਂ |
ਤੂੰ ਬੇਦਰਦੀ ਹੋ !
ਤੇਰੇ ਝੂਠੇ ਵਾਅਦੇ ਦੀ ਮੁਠ , ਸੱਖਣੇ ਢਿੱਡ ਵਿੱਚ ਪਾਵਾਂ |
ਢਿੱਡ ਹੈ ਕਿ ਬਸ ਫਿਰ ਵੀ ਨਿਕਲਣ ,ਇਸ ਤੋਂ ਹੌਂਕੇ ਹਾਵਾਂ |
ਤੂੰ ਬੇਦਰਦੀ ਹੋ !
ਕਰਚ ਲਤੜ ਲਤੜ ਕੇ ਲੰਘੇ ,ਪੈਰ ਬਿਆਈਆਂ ਪਾਟੇ |
ਆ ਕਣਕਾਂ ! ਦੇ ਮੱਥਿਆਂ ਵਿੱਚੋਂ ,ਸਿੰਮਦਾ ਖੂਨ ਵਿਖਾਵਾਂ |
ਤੂੰ ਬੇਦਰਦੀ ਹੋ !
ਛੋੰਕ ਮੇਰੇ ਤੇ ਦੌਰ ਦਾ ,ਕਦਮ ਕਦਮ ਤੇ ਪਹਿਰਾ |
ਫਿਰ ਬੁੱਕਲ ਵਿੱਚ ਉੱਗਿਆ ਸੂਰਜ ਕਿਹੜੀ ਕੂਟ ਛਿਪਾਵਾਂ |
ਤੂੰ ਬੇਦਰਦੀ ਹੋ !
ਅੱਟਣਾ ਵਾਲੇ ਮੁੱਕਿਆ ਦੀ ਜਦ ,ਕੰਧ ਮਹਿਲ ਤੇ ਕੜਕੀ |
ਫਿਰ ਨਾ ਸੌਂ ਸਕਣ ਬੇ -ਗਮ ਹੋ ,ਤੇਰੀਆਂ ਭੈਣਾਂ ,ਮਾਵਾਂ |
ਤੂੰ ਬੇਦਰਦੀ ਹੋ !
ਹੁਣ ਮੁੜਕੇ ਦੀ ਧੁੱਪ ਮੁੜਗੀ ,ਕਰ ਕੇ ਕਤਲ ਹਨੇਰੇ |
ਤਾਹੀਓਂ ਤਾਂ ਮੈਂ ਆਪਣੀ ਕੁਟੀਆ ,ਆਦਰ ਲਈ ਸਜਾਵਾਂ |
ਤੂੰ ਬੇਦਰਦੀ ਹੋ !

ਡਾਚੀ ਸਹਿਕਦੀ – ਸ਼ਿਵ ਕੁਮਾਰ ਬਟਾਲਵੀ

ਜੇ ਡਾਚੀ ਸਹਿਕਦੀ ਸੱਸੀ ਨੂੰ
ਪੁੰਨੂ ਥੀਂ ਮਿਲਾ ਦੇਂਦੀ |
ਤਾਂ ਤੱਤੀ ਮਾਣ ਸੱਸੀ ਦਾ
ਉਹ ਮਿੱਟੀ ਵਿੱਚ ਰੁਲਾ ਦੇਂਦੀ |

ਭਲੀ ਹੋਈ ਕੇ ਸਾਰਾ ਸਾਉਣ ਹੀ
ਬਰਸਾਤ ਨਾ ਹੋਈ,
ਪਤਾ ਕੀ ਆਲ੍ਹਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ |

ਮੈਂ ਅਕਸਰ ਵੇਖਿਆ –
ਕਿ ਤੇਲ ਹੁੰਦਿਆ ਸੁੰਦਿਆ ਦੀਵੇ,
ਹਵਾ ਕਈ ਵਾਰ ਦਿਲ ਦੀ
ਮੌਜ ਖਾਤਰ ਹੈ ਬੁਝਾ ਦੇਂਦੀ |

ਭੁਲੇਖਾ ਹੈ ਕਿ ਜਿੰਦਗੀ
ਪਲ ਦੋ ਪਲ ਲਈ ਘੂਕ ਸੌਂ ਜਾਂਦੀ,
ਜੇ ਪੰਛੀ ਗ਼ਮ ਦਾ ਦਿਲ ਦੀ
ਸੰਘਣੀ ਜੂਹ ‘ਚੋਂ ਉਡਾ ਦੇਂਦੀ |
ਹਕੀਕਤ ਇਸ਼ਕ਼ ਦੀ
ਜੇ ਮਹਿਜ ਖੇਡ ਹੁੰਦੀ ਜਿਸਮਾਂ ਦੀ ,
ਤਾਂ ਦੁਨੀਆ ਅੱਜ ਤੀਕਣ
ਨਾਂ ਤੇਰਾ ਮੇਰਾ ਭੁਲਾ ਦੇਂਦੀ |

ਮੈਂ ਬਿਨ ਸੂਲਾਂ ਦੇ ਰਾਹ ‘ਤੇ
ਕੀਹ ਤੁਰਾਂ ਮੈਨੂੰ ਸ਼ਰਮ ਆਉਂਦੀ ਹੈ,
ਮੈਂ ਅੱਖੀਂ ਵੇਖਿਐ
ਕਿ ਹਰ ਕਲੀ ਉੜਕ ਦਗਾ ਦੇਂਦੀ |

ਵਸਲ ਦਾ ਸਵਾਦ ਤਾਂ
ਇੱਕ ਪਲ ਦੋ ਪਲ ਦੀ ਮੌਜ ਤੋਂ ਵੱਧ ਨਹੀਂ ,
ਜੁਦਾਈ ਹਸ਼ਰ ਤੀਕਣ
ਆਦਮੀ ਨੂੰ ਹੈ ਨਸ਼ਾ ਦੇਂਦੀ |

ਜਦ ਬਗ਼ਾਵਤ ਖੌਲਦੀ ਹੈ – ਪਾਸ਼

ਨੇਰ੍ਹੀਆਂ ਸ਼ਾਹ ਨੇਰ੍ਹੀਆਂ ਰਾਤਾਂ ਦੇ ਵਿਚ ,
ਜਦ ਪਲ ਪਲਾਂ ਤੋਂ ਸਹਿਮਦੇ ਹਨ , ਤ੍ਰਭਕਦੇ ਹਨ |
ਚੌਬਾਰਿਆਂ ਦੀ ਰੌਸ਼ਨੀ ਤਦ ,
ਬਾਰੀਆਂ ‘ਚੋਂ ਕੁੱਦ ਕੇ ਖੁਦਕੁਸ਼ੀ ਕਰ ਲੈਂਦੀ ਹੈ |
ਇਹਨਾ ਸ਼ਾਂਤ ਰਾਤਾਂ ਦੇ ਗਰਭ ‘ਚ
ਜਦ ਬਗ਼ਾਵਤ ਖੌਲਦੀ ਹੈ ,
ਚਾਨਣੇ , ਬੇਚਾਨਣੇ ਵੀ ਕਤਲ ਹੋ ਸਕਦਾ ਹਾਂ ਮੈਂ |

ਗਲੇ ਸੜੇ ਫੁੱਲਾਂ ਦੇ ਨਾਂ – ਪਾਸ਼

ਅਸੀਂ ਤਾਂ ਪਿੰਡਾਂ ਦੇ ਵਾਸੀ ਹਾਂ ,
ਤੁਸੀਂ ਸ਼ਹਿਰ ਦੇ ਵਾਸੀ ਤਾਂ ਸੜਕਾਂ ਵਾਲੇ ਹੋ |
ਤੁਸੀਂ ਕਾਸ ਨੂੰ ਰੀਂਗ ਰੀਂਗ ਕੇ ਚਲਦੇ ਹੋ ?
ਸਾਡਾ ਮਨ ਪਰਚਾਵਾ ਤਾਂ ਹੱਟੀ ਭੱਠੀ ਹੈ |
ਤੁਸੀਂ ਕਲੱਬਾਂ ਸਿਨਮੇ ਵਾਲੇ ,
ਸਾਥੋਂ ਪਹਿਲਾਂ ਬੁੱਢੇ ਕੀਕਣ ਹੋ ਜਾਂਦੇ ਹੋ ?
ਸਾਡੀ ਦੌੜ ਤਾਂ ਕਾਲੇ ਮਹਿਰ ਦੀ ਮਟੀ ਤੀਕ
ਜਾਂ ਤੁਲਸੀ ਸੂਦ ਦੇ ਟੂਣੇ ਤੱਕ ਹੈ ,
ਤੁਸੀਂ ਤੇ ਕਹਿੰਦੇ ਚੰਨ ਦੀਆਂ ਗੱਲਾਂ ਕਰਦੇ ਹੋ ?
ਤੁਸੀਂ ਅਸਾਥੋਂ ਪਹਿਲਾਂ ਕਿਉਂ ਮਰ ਜਾਂਦੇ ਹੋ ?
ਅਸੀਂ ਕਾਲਜੇ ਕੱਟ ਕੱਟ ਕੇ ਵੀ ਸੀ ਨਹੀਂ ਕੀਤੀ |
ਤੁਸੀਂ ਜੋ ਰੰਗ-ਬਿਰੰਗੇ ਝੰਡੇ ਚੁੱਕੀ ਫਿਰਦੇ
ਖਾਂਦੇ ਪੀਂਦੇ ਮੌਤ ਤੇ ਛੜਾਂ ਚਲਾਉਂਦੇ ਹੋ |
ਇਹ ਬੌਹੜੀ ਧਾੜਿਆ ਕਿਹੜੀ ਗਲ ਦੀ ਕਰਦੇ ਹੋ ?
ਦੇਖਿਓ ਹੁਣ ,
ਇਹ ਸੁੱਕੀ ਰੋਟੀ ਗੰਢੇ ਨਾਲ ਚਬਾਵਣ ਵਾਲੇ |
ਤੁਹਾਡੇ ਸ਼ਹਿਰ ਦੇ ਸੜਕਾਂ ਕਮਰੇ ਨਿਗਲ ਜਾਣ ਲਈ ,
ਆ ਪਹੁੰਚੇ ਹਨ ,
ਇਹ ਤੁਹਾਡੀ ਡਾਈਨਿੰਗ ਟੇਬਲ ,
ਤੇ ਟਰੇਆਂ ਤਕ ਨਿਗਲ ਜਾਣਗੇ |
ਜਦ ਸਾਡੀ ਰੋਟੀ ‘ਤੇ ਡਾਕੇ ਪੈਂਦੇ ਸਨ ,
ਜਦ ਸਾਡੀ ਇੱਜਤ ਨੂੰ ਸੰਨਾਂ ਲੱਗਦੀਆਂ ਸਨ |
ਤਾਂ ਅਸੀਂ ਅਨਪੜ ਪੇਂਡੂ ਮੂੰਹ ਦੇ ਗੁੰਗੇ ਸਾਂ ,
ਤੁਹਾਡੀ ਲਕਚੋ ਕਾਫੀ ਹਾਉਸ ‘ਚ ਕੀ ਕਰਦੀ ਸੀ |
ਤੁਹਾਨੂੰ ਪੜ੍ਹਿਆਂ -ਲਿਖਿਆਂ ਨੁੰ ਕੀ ਹੋਈਆ ਸੀ ?
ਅਸੀਂ ਤੁਹਾਡੀ ਖਾਹਿਸ਼ ਦਾ ਅਪਮਾਨ ਨਹੀਂ ਕਰਦੇ ,
ਅਸੀਂ ਤੁਹਾਨੂੰ ਆਦਰ ਸਹਿਤ
ਸਣੇ ਤੁਹਾਡੇ ਹੋਂਦਵਾਦ ਦੇ ,
ਬਰਛੇ ਦੀ ਨੋਕ ‘ਤੇ ਟੰਗ ਕੇ ,
ਚੰਦ ਉਤੇ ਅਪੜਾ ਦੇਵਾਂਗੇ |
ਅਸੀਂ ਤਾਂ ਸਾਦ ਮੁਰਾਦੇ ਪੇਂਡੂ ਬੰਦੇ ਹਾਂ ,
ਸਾਡੇ ਕੋਲ ‘ਅਪੋਲੋ’ਹੈ ਨਾ ‘ਲੂਨਾ’ ਹੈ |

ਯੁੱਗ ਪਲਟਾਵਾ – ਪਾਸ਼

ਅੱਧੀ ਰਾਤੇ
ਮੇਰਾ ਕਾਂਬਾ ਸੱਤ ਰਜਾਈਆਂ ਨਾਲ ਵੀ ਨਾ ਰੁਕਿਆ
ਸਤਲੁਜ ਮੇਰੇ ਬਿਸਤਰੇ ‘ਤੇ ਲਹਿ ਗਿਆ
ਸੱਤ ਰਜਾਈਆਂ , ਗਿੱਲੀਆਂ ,
ਤਾਪ ਇਕ ਸੌ ਛੇ , ਇਕ ਸੌ ਸੱਤ
ਹਰ ਸਾਹ ਮੁੜ੍ਹਕੋ ਮੁੜ੍ਹਕੀ
ਯੁੱਗ ਨੂੰ ਪਲਟਾਉਣ ਵਿਚ ਮਸ਼ਰੂਫ ਲੋਕ
ਬੁਖਾਰ ਨਾਲ ਨਹੀਂ ਮਰਦੇ |
ਮੌਤ ਦੇ ਕੰਧੇ ‘ਤੇ ਜਾਣ ਵਾਲਿਆਂ ਲਈ
ਮੌਤ ਤੋਂ ਪਿਛੋਂ ਜ਼ਿੰਦਗੀ ਦਾ ਸਫਰ ਸ਼ੁਰੂ ਹੁੰਦਾ ਹੈ
ਮੈਨੂੰ ਜਿਸ ਸੂਰਜ ਦੀ ਧੁੱਪ ਵਰਜਿਤ ਹੈ
ਮੈਂ ਉਸ ਦੀ ਛਾਂ ਤੋਂ ਵੀ ਇਨਕਾਰ ਕਰ ਦੇਵਾਂਗਾ
ਮੇਰਾ ਲਹੂ ਤੇ ਮੁੜਕਾ ਮਿੱਟੀ ਵਿਚ ਡੁੱਲ੍ਹ ਗਿਆ ਹੈ
ਮੈਂ ਮਿੱਟੀ ਵਿਚ ਦੱਬੇ ਜਾਣ ‘ਤੇ ਵੀ ਉੱਗ ਆਵਾਂਗਾ |