ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ – ਹਰੀ ਸਿੰਘ ਜਾਚਕ

ਰਾਇ ਭੋਇ ਤਲਵੰਡੀ ਪ੍ਰਕਾਸ਼ ਹੋਇਆ, ਜਗਮਗ ਜੋਤ ਸੀ ਜੱਗ ਵਿੱਚ ਆਈ ਤੇਰੀ।
ਚਾਨਣ ਚਾਨਣ ਸੀ ਹੋ ਗਿਆ ਚੌਂਹ ਪਾਸੀਂ, ਤਿੰਨਾਂ ਲੋਕਾਂ ’ਚ ਫੈਲੀ ਰੁਸ਼ਨਾਈ ਤੇਰੀ।
ਅੱਜ ਵੀ ਸਾਨੂੰ ਅਚੰਭੇ ਦੇ ਵਿੱਚ ਪਾਉਂਦੀ, ਵੇਂਈਂ ਨਦੀ ’ਚ ਚੁੱਭੀ ਲਗਾਈ ਤੇਰੀ।
ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿਕੇ, ਬਿਰਤੀ ਨਾਲ ਅਕਾਲ ਦੇ ਲਾਈ ਤੇਰੀ।
ਨਾ ਕੋ ਹਿੰਦੂ ਨਾ ਮੁਸਲਮਾਨ ਕਹਿ ਕੇ, ਸ਼ੁਭ ਅਮਲਾਂ ਤੇ ਗੱਲ ਮੁਕਾਈ ਤੇਰੀ।
ਪਰਗਟ ਹੋਏ ਜਦ ਵੇਂਈ ’ਚੋਂ, ਕਿਹਾ ਸਭ ਨੇ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਹੁਕਮ ਮੰਨ ਕੇ ਪੁਰਖ ਅਕਾਲ ਜੀ ਦਾ, ਚਰਨ ਧਰਤੀ ’ਤੇ ਪਾਏ ਸਨ ਆਪ ਸਤਿਗੁਰ।
ਰੋਂਦੇ ਹੋਏ ਨੇ ਸਾਰੇ ਹੀ ਜਨਮ ਲੈਂਦੇ, ਹੱਸਦੇ ਹੱਸਦੇ ਪਰ ਆਏ ਸਨ ਆਪ ਸਤਿਗੁਰ।
ਚਾਨਣ ਗਿਆਨ ਦਾ ਧੁਰੋਂ ਲਿਆ ਕੇ ਤੇ, ਨ੍ਹੇਰੇ ਰਾਹ ਰੁਸ਼ਨਾਏ ਸਨ ਆਪ ਸਤਿਗੁਰ।
ਮਹਿਤਾ ਕਾਲੂ ਘਰ ਨੂਰੀ ਫੁਹਾਰ ਹੋਈ, ਮਾਤਾ ਤ੍ਰਿਪਤਾ ਦੇ ਜਾਏ ਸਨ ਆਪ ਸਤਿਗੁਰ।
ਭੈਣ ਨਾਨਕੀ ਰੱਬ ਦਾ ਰੂਪ ਤੱਕ ਕੇ, ਮੂਰਤ ਮਨ ਦੇ ਵਿੱਚ ਵਸਾਈ ਤੇਰੀ।
ਰਾਇ ਬੁਲਾਰ ਵੀ ਕਹਿਣੋਂ ਨਹੀਂ ਰਹਿ ਸਕਿਆ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਮਲਕ ਭਾਗੋ ਦੀ ਝੁਕ ਗਈ ਨਜ਼ਰ ਸੀ ਜਦ, ਖੂਨ ਪੂੜਿਆਂ ’ਚੋਂ ਲਾਲੋ ਲਾਲ ਤੱਕਿਆ।
ਸੱਜਣ ਠੱਗ ਨੂੰ ਠੱਗੀਆਂ ਭੁੱਲ ਗਈਆਂ, ਨੂਰੀ ਚਿਹਰੇ ’ਤੇ ਜਦੋਂ ਜਲਾਲ ਤੱਕਿਆ।
ਵਲ ਵਲੀ ਕੰਧਾਰੀ ਦੇ ਸਭ ਨਿਕਲੇ, ਪੰਜੇ ਅੱਗੇ ਜਦ ਪੱਥਰ ਨਿਢਾਲ ਤੱਕਿਆ।
ਰਾਖਸ਼ ਬੁੱਧੀ ਸੀ ਕੌਡੇ ਦੀ ਹਵਾ ਹੋਈ, ਜਦੋਂ ਸਾਹਮਣੇ ਸਾਹਿਬੇ ਕਮਾਲ ਤੱਕਿਆ।
ਜਾਦੂਗਰਨੀ ਦਾ ਜਾਦੂ ਸੀ ਹਰਨ ਹੋਇਆ, ਜਾਹਰੀ ਕਲਾ ਜਦ ਵੇਖੀ ਵਰਤਾਈ ਤੇਰੀ।
ਢਹਿ ਕੇ ਚਰਨਾਂ ਤੇ ਮੁੱਖ ’ਚੋਂ ਕਹਿ ਰਹੀ ਸੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਕੀਤਾ ਦਿਲੋ ਦਿਮਾਗ ਸੀ ਜਿਨ੍ਹਾਂ ਰੋਸ਼ਨ, ਐਸੇ ਚਾਨਣ ਮੁਨਾਰੇ ਸਨ ਗੁਰੂ ਨਾਨਕ।
ਰੱਬੀ ਮਿਹਰਾਂ ਦਾ ਮੀਂਹ ਵਰਸਾ ਕੇ ਤੇ, ਤਪਦੇ ਕਾਲਜੇ ਠਾਰੇ ਸਨ ਗੁਰੂ ਨਾਨਕ।
ਡਿੱਗੇ ਢੱਠਿਆਂ ਬੇਸਹਾਰਿਆਂ ਦੇ, ਇਕੋ ਇਕ ਸਹਾਰੇ ਸਨ ਗੁਰੂ ਨਾਨਕ।
ਵਾਂਗ ਤਾਰਿਆਂ ਗਿਣੇ ਨਹੀਂ ਜਾ ਸਕਦੇ, ਜਿੰਨੇ ਡੁੱਬਦੇ ਤਾਰੇ ਸਨ ਗੁਰੂ ਨਾਨਕ।
ਤੇਰੇ ਕੀਤੇ ਉਪਕਾਰਾਂ ਨੂੰ ਯਾਦ ਕਰ ਕਰ, ਰਿਣੀ ਰਹੂਗੀ ਸਦਾ ਲੋਕਾਈ ਤੇਰੀ।
ਰਹਿੰਦੀ ਦੁਨੀਆਂ ਤੱਕ ਲੋਕਾਂ ਨੇ ਏਹੋ ਕਹਿਣੈ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਠੰਡ ਪਾਉਣ ਲਈ ਤਪਦਿਆਂ ਹਿਰਦਿਆਂ ’ਚ, ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ।
ਮੰਝਧਾਰ ਅੰਦਰ ਗੋਤੇ ਖਾਂਦਿਆਂ ਨੂੰ, ਤਾਰਨ ਲਈ ਹੈਸੀ ਤਾਰਨਹਾਰ ਆਇਆ।
ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈ ਕੇ ਤੇ, ਦਾਤਾਂ ਵੰਡਣ ਲਈ ਆਪ ਦਾਤਾਰ ਆਇਆ।
ਪੰਡਤ, ਮੁੱਲਾਂ ਤੇ ਪਾਂਧੇ ਸਭ ਕਹਿਣ ਲੱਗੇ, ਕਲਯੁੱਗ ਵਿੱਚ ਹੈ ਨਾਨਕ ਅਵਤਾਰ ਆਇਆ।
ਓਸ ਤਾਂਈ ਅਗੰਮੀ ਸੁਆਦ ਆਇਆ, ਧੁਰ ਕੀ ਬਾਣੀ ਜਿਸ ਵਜਦ ਵਿੱਚ ਗਾਈ ਤੇਰੀ।
ਅੱਜ ਵੀ ਕੁੱਲ ਜਮਾਨਾ ਹੈ ਯਾਦ ਕਰਦਾ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਦੁਨੀਆਂ ਵਿੱਚ ਨਿਰੰਕਾਰ ਸਨ ਹੋਏ ਪ੍ਰਗਟ, ਗੁਰੂ ਨਾਨਕ ਦੇ ਪਾਵਨ ਸਰੂਪ ਅੰਦਰ।
ਦੀਨਾਂ ਦੁਖੀਆਂ ਦਾ ਦਰਦ ਵੰਡਾਉਣ ਖਾਤਰ, ਆਪ ਆਏ ਇਸ ਰੂਪ ਅਨੂਪ ਅੰਦਰ।
ਬਾਂਹ ਪਕੜ ਕੇ ਬਾਹਰ ਸੀ ਕੱਢ ਦਿੱਤੇ, ਗੋਤੇ ਖਾਣ ਵਾਲੇ ਅੰਧ ਕੂਪ ਅੰਦਰ।
ਦਸ ਜਾਮੇ ਪਰ ਦਸਾਂ ਵਿਚ ਜੋਤ ਇਕੋ, ਗੁਰੂ ਨਾਨਕ ਤੋਂ ਗੋਬਿੰਦ ਦੇ ਰੂਪ ਅੰਦਰ।
ਪਾਈ ਧੁਰ ਦਰਗਾਹੋਂ ਜੋ ਪਾਤਸ਼ਾਹਾ, ਅੱਜ ਵੀ ਚੱਲ ਰਹੀ ਪਾਵਨ ਗੁਰਿਆਈ ਤੇਰੀ।
ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਕਹਿ ਰਹੇ ਹਾਂ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਦੁਨੀਆਂ ਤਾਰਨ ਲਈ ਦੁਨੀਆਂ ਦੇ ਵਿੱਚ ਆਏ, ਲੈ ਕੇ ਹੁਕਮ ਦਰਗਾਹੀ ਸਨ ਗੁਰੂ ਨਾਨਕ।
ਪਹੁੰਚ ਹੈਸੀ ਵਿਗਿਆਨਕ ਤੇ ਤਰਕਵਾਦੀ, ਦੇਂਦੇ ਠੋਸ ਗਵਾਹੀ ਸਨ ਗੁਰੂ ਨਾਨਕ।
ਨਵੀਆਂ ਲੀਹਾਂ ਇਤਿਹਾਸ ’ਚ ਪਾਉਣ ਵਾਲੇ, ਨਵੇਂ ਰਾਹਾਂ ਦੇ ਰਾਹੀ ਸਨ ਗੁਰੂ ਨਾਨਕ।
ਬਾਬਰ ਵਰਗਿਆਂ ਨੂੰ ਜਾਬਰ ਕਹਿਣ ਵਾਲੇ, ਸਚਮੁੱਚ ਸੰਤ ਸਿਪਾਹੀ ਸਨ ਗੁਰੂ ਨਾਨਕ।
ਚੜ੍ਹਦੀ ਕਲਾ ਆਉਂਦੀ ਬਾਬਾ ਯਾਦ ਕਰਕੇ, ਬਾਬਰ ਤਾਂਈਂ ਇਹ ਜੁਰਅਤ ਵਿਖਾਈ ਤੇਰੀ।
ਚੜ੍ਹਦੀ ਕਲਾ ਨਾਲ ਬੋਲੇ ਗੁਰ ਖਾਲਸਾ ਜੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਖੁਲ੍ਹ ਜਾਣਾਂ ਏ ਲਾਂਘਾ ਕਰਤਾਰਪੁਰ ਦਾ, ਪੂਰੀ ਤਰ੍ਹਾਂ ਇਹ ਬੱਝ ਗਈ ਆਸ ਹੁਣ ਤਾਂ।
ਰੱਖੇ ਦੋਹਾਂ ਸਰਕਾਰਾਂ ਨੇ ਨੀਂਹ ਪੱਥਰ, ਕਾਰਜ ਸਾਰੇ ਹੀ ਹੋ ਰਹੇ ਰਾਸ ਹੁਣ ਤਾਂ।
ਜੰਗੀ ਪੱਧਰ ਤੇ ਚੱਲ ਰਿਹਾ ਕੰਮ ਸੋਹਣਾ, ਸਾਡੇ ਲਈ ਇਹ ਖ਼ਬਰ ਹੈ ਖਾਸ ਹੁਣ ਤਾਂ।
ਲੰਮੇ ਸਮੇਂ ਤੋਂ ਅਸੀਂ ਜੋ ਕਰ ਰਹੇ ਸਾਂ, ਸੁਣੀ ਗਈ ਓਹ ਸਾਡੀ ਅਰਦਾਸ ਹੁਣ ਤਾਂ।
ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉੱਤੇ, ਹਰ ਇਕ ਕਵੀ ਨੇ ਕਵਿਤਾ ਬਣਾਈ ਤੇਰੀ।
ਕਲਮ ‘ਜਾਚਕ’ ਦੀ ਉਸਤਤ ਦੇ ਵਿੱਚ ਲਿਖਦੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।