ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550ਵਾਂ ਪਾਵਨ ਪ੍ਰਕਾਸ਼ ਪੁਰਬ – ਹਰੀ ਸਿੰਘ ਜਾਚਕ
ਦਿਲ ਵਿੱਚ ਪਿਆਰ, ਸਤਿਕਾਰ, ਉਮਾਹ ਲੈ ਕੇ, ਪੰਜ ਸੌ ਪੰਜਾਹਵਾਂ ਪੁਰਬ ਮਨਾਓ ਸਾਰੇ।
ਬਾਬੇ ਨਾਨਕ ਨੇ ਦੱਸੇ ਅਸੂਲ ਜਿਹੜੇ, ਓਹ ਸਭ ਜੀਵਨ ਦੇ ਵਿੱਚ ਅਪਨਾਓ ਸਾਰੇ।
‘ਘਾਲਿ ਖਾਇ ਕਿਛੁ ਹਥਹੁ ਦੇਇ’ ਵਾਲੇ, ਸਭਿਆਚਾਰ ਨੂੰ ਸਮਝੋ, ਸਮਝਾਓ ਸਾਰੇ।
‘ਵੰਡ ਛਕਣ’ ਦੇ ਪਾਵਨ ਸਿਧਾਂਤ ਤਾਈਂ, ਆਪਣੇ ਦਿਲਾਂ ਦੇ ਵਿੱਚ ਵਸਾਓ ਸਾਰੇ।
‘ਸਭ ਮਹਿ ਜੋਤਿ ਜੋਤਿ ਹੈ ਸੋਇ’ ਵਾਲਾ, ਪਾਵਨ ਫ਼ਲਸਫ਼ਾ ਲਾਗੂ ਕਰਵਾਓ ਸਾਰੇ।
‘ਪਵਣੁ ਗੁਰੂ ਪਾਣੀ ਪਿਤਾ’ ਕਿਹਾ ਬਾਬੇ, ਏਹਨਾਂ ਤਾਈਂ ਸਵੱਛ ਬਣਾਓ ਸਾਰੇ।
‘ਸਤਿ ਸੁਹਾਣ ਸਦਾ ਮਨਿ ਚਾਉ’ ਹੋਵੇ, ਚੜ੍ਹਦੀ ਕਲਾ ਦਾ ਜੀਵਨ ਬਿਤਾਓ ਸਾਰੇ।
‘ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ’ ਵਾਲੀ, ਜੀਵਨ ਜਾਚ ਇਹ ਸਿਖੋ, ਸਿਖਾਓ ਸਾਰੇ।
‘ਉਪਰਿ ਸਚੁ ਅਚਾਰੁ’ ਤੋਂ ਸੇਧ ਲੈ ਕੇ, ਸੱਚਾ ਸੁੱਚਾ ਵਿਵਹਾਰ ਅਪਣਾਓ ਸਾਰੇ।
‘ਮਿਠਤੁ ਨੀਵੀਂ ਨਾਨਕਾ’ ਬਚਨ ਮੰਨ ਕੇ, ਮਿੱਠਾ ਬੋਲੋ ਤੇ ਨਾਲ ਮੁਸਕਰਾਓ ਸਾਰੇ।
‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’, ਇਸ ਨੂੰ ਮੁਖ ਰੱਖ ਪੜ੍ਹੋ, ਪੜ੍ਹਾਓ ਸਾਰੇ।
ਸਾਢੇ ਪੰਜ ਸੌ ਸਾਲਾ ਪੁਰਬ ਏਦਾਂ, ‘ਜਾਚਕ’ ਸ਼ਰਧਾ ਦੇ ਨਾਲ ਮਨਾਓ ਸਾਰੇ।