ਰੱਬ ਦੇ ਨੂਰ ਨਾਨਕ – ਹਰੀ ਸਿੰਘ ਜਾਚਕ

ਸੜਦੀ ਹੋਈ ਲੋਕਾਈ ਨੂੰ ਤੱਕ ਕੇ ਤੇ, ਧੁਰੋਂ ਆਏ ਸਨ ਰੱਬ ਦੇ ਨੂਰ ਨਾਨਕ।
ਮੈਲ ਮਨਾਂ ਦੇ ਸ਼ੀਸ਼ੇ ਤੋਂ ਲਾਹੁਣ ਖਾਤਰ, ਹਾਜ਼ਰ ਹੋਏ ਸਨ ਆਪ ਹਜ਼ੂਰ ਨਾਨਕ।
ਵਹਿਮਾਂ ਭਰਮਾਂ ਪਾਖੰਡਾਂ ਨੂੰ ਤੋੜ ਕੇ ਤੇ, ਆਏ ਕਰਨ ਹੈਸਨ ਚਕਨਾਚੂਰ ਨਾਨਕ।
ਸੂਰਜ ਸੱਚ ਦਾ ਚਮਕਿਆ ਅੰਬਰਾਂ ’ਤੇ, ਧੁੰਧ ਝੂਠ ਦੀ ਕੀਤੀ ਸੀ ਦੂਰ ਨਾਨਕ।

ਰੂਪ ਰੱਬ ਦਾ ਰਾਇ ਬੁਲਾਰ ਜਾਤਾ, ਭੈਣ ਨਾਨਕੀ ਦਾ ਸੋਹਣਾ ਵੀਰ ਨਾਨਕ।
ਲਾਲੋ ਵਰਗਿਆਂ ਲਾਲਾਂ ਨੂੰ ਗਲ ਲਾ ਕੇ, ਬਦਲ ਦਿੱਤੀ ਸੀ ਆਣ ਤਕਦੀਰ ਨਾਨਕ।
ਛੂਤ ਛਾਤ ਵਾਲੀ, ਊਚ ਨੀਚ ਵਾਲੀ, ਮੇਟ ਦਿੱਤੀ ਸੀ ਮੁੱਢੋਂ ਲਕੀਰ ਨਾਨਕ।
ਹਿੰਦੂ ਆਖਦੇ ਸਾਡਾ ਏ ‘ਗੁਰੂ’ ਇਹ ਤਾਂ, ਮੁਸਲਮਾਨਾਂ ਨੇ ਸਮਝਿਆ ‘ਪੀਰ’ ਨਾਨਕ।

ਧੁਰ ਦਰਗਾਹ ’ਚੋਂ ਦੁਨੀਆਂ ਨੂੰ ਤਾਰਨੇ ਲਈ, ਲੈ ਕੇ ਆਏ ਸਨ ਖਾਸ ਉਦੇਸ਼ ਸਤਿਗੁਰ।
ਜਾਤ ਜਨਮ ਤੇ ਵਰਨਾਂ ਨੂੰ ਛੱਡ ਕੇ ਤੇ, ਭਾਈਚਾਰੇ ਦਾ ਦਿੱਤਾ ਸੰਦੇਸ਼ ਸਤਿਗੁਰ।
ਇੱਕ ਪਿਤਾ ਤੇ ਓਸਦੇ ਅਸੀਂ ਬਾਰਕ, ਦਿੱਤਾ ਜਗਤ ਦੇ ਤਾਂਈਂ ਉਪਦੇਸ਼ ਸਤਿਗੁਰ।
ਲੜ ਲਾਉਣ ਲਈ ਇੱਕ ਪ੍ਰਮਾਤਮਾ ਦੇ, ਪਹੁੰਚੇ ਥਾਂ ਥਾਂ ਦੇਸ਼ ਵਿਦੇਸ਼ ਸਤਿਗੁਰ।

ਜਿੱਥੇ ਜਿੱਥੇ ਵੀ ਬਾਬਾ ਸੀ ਪੈਰ ਧਰਦਾ, ਸਾਏ ਵਾਂਗ ਮਰਦਾਨਾ ਸੀ ਨਾਲ ਹੁੰਦਾ।
ਲਾ ਕੇ ਹਿਕ ਦੇ ਨਾਲ ਰਬਾਬ ਰੱਖਦਾ, ਕੁੱਛੜ ਚੁੱਕਿਆ ਜਿਸ ਤਰ੍ਹਾਂ ਬਾਲ ਹੁੰਦਾ।
‘ਧੁਰ ਕੀ ਬਾਣੀ’ ਜਦ ਬਾਬੇ ਨੂੰ ਆਂਵਦੀ ਸੀ, ਤਾਰਾਂ ਛੇੜ ਮਰਦਾਨਾ ਨਿਹਾਲ ਹੁੰਦਾ।
ਸੁਰਤਿ ਸ਼ਬਦ ਦਾ ਜਦੋਂ ਮਿਲਾਪ ਹੋਵੇ, ਨੂਰੀ ਚਿਹਰੇ ’ਤੇ ਰੱਬੀ ਜਲਾਲ ਹੁੰਦਾ।

ਕਮਲ ਫੁੱਲ ਦੇ ਵਾਂਗ ਨਿਰਲੇਪ ਸੀ ਜੋ, ਹੈਸੀ ਵਿੱਚ ਗ਼੍ਰਹਿਸਤ ਦੇ ਸੰਤ ਨਾਨਕ।
ਉਹ ਤੇ ਰਹਿਬਰ ਸੀ ਸੱਚ ਦੇ ਪਾਂਧੀਆਂ ਦਾ, ਬਹੁ ਬਿਧਿ ਰੰਗਲਾ ਬੜਾ ਬਿਅੰਤ ਨਾਨਕ।
ਭਲਾ ਸਦਾ ਸਰਬੱਤ ਦਾ ਚਾਹੁਣ ਵਾਲਾ, ਆਇਆ ਜੱਗ ਵਿੱਚ ਪੁਰਖ ਭਗਵੰਤ ਨਾਨਕ।
ਫੁੱਲਾਂ ਵਾਂਗ ਮੁਰਝਾਈ ਮਨੁੱਖਤਾ ’ਤੇ, ਪਤਝੜ ਬਾਅਦ ਲਿਆਏ ਬਸੰਤ ਨਾਨਕ।

ਕਈਆਂ ਕਿਹਾ ਬੇਤਾਲਾ ਤੇ ਭੂਤਨਾ ਸੀ, ਨਹੀਂ ਕਿਸੇ ਦੀ ਕੀਤੀ ਪ੍ਰਵਾਹ ਬਾਬੇ।
ਤਪਦੇ ਹੋਏ ਕੜਾਹੇ ਵੀ ਸ਼ਾਂਤ ਹੋ ਗਏ, ਕੀਤੀ ਮਿਹਰ ਦੀ ਜਦੋਂ ਨਿਗਾਹ ਬਾਬੇ।
ਸੱਜਣ ਠੱਗ ਤੇ ਭੂਮੀਏ ਚੋਰ ਤਾਰੇ, ਡੁੱਬਦੇ ਬੇੜਿਆਂ ਦਾ ਬਣ ਮਲਾਹ ਬਾਬੇ।
ਜਿਹੜੇ ਜਿਹੜੇ ਵੀ ਰਸਤੇ ਨੂੰ ਭੁੱਲ ਗਏ ਸੀ, ਪਾਇਆ ਸੱਚ ਦੇ ਉਨ੍ਹਾਂ ਨੂੰ ਰਾਹ ਬਾਬੇ।

ਜਿਹੜੇ ਬਹਿਸਾਂ ’ਚ ਵਾਲ ਦੀ ਖੱਲ ਲਾਹੁੰਦੇ, ਦਿੱਤਾ ਉਨ੍ਹਾਂ ਦਾ ਤੋੜ ਹੰਕਾਰ ਬਾਬੇ।
ਸਿੱਧਾਂ ਜੋਗੀਆਂ ਪੰਡਤਾਂ ਨਾਲ ਬਹਿ ਕੇ, ਹਰ ਇਕ ਪਹਿਲੂ ’ਤੇ ਕੀਤੀ ਵਿਚਾਰ ਬਾਬੇ।
ਨਾਮ ਬਾਣੀ ਦੇ ਛੱਡ ਕੇ ਬਾਣ ਹਰ ਥਾਂ, ਦਿੱਤਾ ਦੂਈ ਦਵੈਤ ਨੂੰ ਮਾਰ ਬਾਬੇ।
ਲਾ ਕੇ ਚਾਰ ਉਦਾਸੀਆਂ ਦਿਸ਼ਾ ਚਾਰੇ, ਦਿੱਤਾ ਜਗਤ ਜਲੰਦੇ ਨੂੰ ਠਾਰ ਬਾਬੇ।

ਜੀਵਨ ਜਾਚ ਸਮਝਾਉਣ ਲਈ ਅਸਾਂ ਤਾਂਈਂ, ਗਿਆ ਬਾਣੀ ’ਚ ਥਾਂ ਥਾਂ ਲਿਖ ਬਾਬਾ।
ਜਿਹੜੇ ਜਿਹੜੇ ਵੀ ਕੰਮਾਂ ਤੋਂ ਰੋਕਿਆ ਸੀ, ਕਰਨ ਲੱਗ ਪਏ ਨੇ ਓਹੀ ਸਿੱਖ ਬਾਬਾ।
ਮਨਮੱਤ ਨੇ ਮਾਰੀ ਏ ਮੱਤ ਸਾਡੀ, ਮਿੱਠੀ ਸਮਝ ਕੇ ਪੀ ਰਹੇ ਬਿੱਖ ਬਾਬਾ।
ਅੱਜ ਸਾਡੇ ਹੰਕਾਰ ਤੇ ਚੌਧਰਾਂ ਨੇ, ਕੀਤਾ ਧੁੰਧਲਾ ਸਾਡਾ ਭਵਿੱਖ ਬਾਬਾ।

ਜਿਹੜਾ ਬੀਜ ਗੁਰੂ ਨਾਨਕ ਨੇ ਬੀਜਿਆ ਸੀ, ਵਧਿਆ ਫੁੱਲਿਆ ਵਿੱਚ ਸੰਸਾਰ ਹੈਸੀ।
ਕਿਤੇ ਬੂਟਾ ਨਾ ਸਿੱਖੀ ਦਾ ਸੁਕ ਜਾਵੇ, ਪਾਇਆ ਖ਼ੂਨ ਸ਼ਹੀਦਾਂ ਕਈ ਵਾਰ ਹੈਸੀ।
ਪਤਝੜਾਂ, ਤੂਫ਼ਾਨਾਂ ਤੇ ਸੋਕਿਆਂ ਦਾ, ‘ਜਾਚਕ’ ਸ਼੍ਵੁਰੂ ਤੋਂ ਰਿਹਾ ਸ਼ਿਕਾਰ ਹੈਸੀ।
ਕੋਈ ਤਾਕਤ ਨਹੀਂ ਇਹਨੂੰ ਉਖਾੜ ਸਕਦੀ, ਲਾਇਆ ਆਪ ਇਹ ਨਾਨਕ ਨਿਰੰਕਾਰ ਹੈਸੀ।