ਭਾਈ ਜੇਠੇ ਨੇ ਕੀਤੀ ਮਹਾਨ ਸੇਵਾ – ਹਰੀ ਸਿੰਘ ਜਾਚਕ

ਤੀਜੇ ਗੁਰਾਂ ਦੇ ਬਣੇ ਜੁਆਈ ਭਾਂਵੇਂ, (ਪਰ) ਭਾਈ ਜੇਠੇ ਨੇ ਕੀਤੀ ਮਹਾਨ ਸੇਵਾ।
ਖਿੜੇ ਮੱਥੇ ਸੀ ਟੋਕਰੀ ਢੋਈ ਸਿਰ ’ਤੇ, ਉਨ੍ਹਾਂ ਸਮਝੀ ਨਾ ਕਦੇ ਅਪਮਾਨ ਸੇਵਾ।
ਸਿਰ ’ਤੇ ਮਿੱਟੀ ਦੀ ਟੋਕਰੀ ਰਹੇ ਚੁੱਕਦੇ, ਸਦਾ ਸਮਝ ਕੇ ਸਿੱਖੀ ਦੀ ਸ਼ਾਨ ਸੇਵਾ।
ਆਏ ਕਦੇ ਨਾ ਹਊਮੈਂ ਹੰਕਾਰ ਅੰਦਰ, ਕੀਤੀ ਹੋ ਕੇ ਸਦਾ ਨਿਰਮਾਨ ਸੇਵਾ।

ਤੀਜੇ ਪਾਤਸ਼ਾਹ ਸੋਚ ਕੇ ਸੋਚ ਲੰਮੀ, ਦੋਏ ਪਰਾਹੁਣੇ ਬੁਲਾਉਣ ਲਈ, ਹੁਕਮ ਕੀਤਾ।
ਸਿੱਖੀ ਸਿਦਕ ਦੀ ਪ੍ਰੀਖਿਆ ਲੈਣ ਖਾਤਰ, ਇਕ ਥੜਾ ਬਣਾਉਣ ਲਈ, ਹੁਕਮ ਕੀਤਾ।
ਹੁੰਦਾ ਪਾਸ ਕਿਹੜਾ ਇਮਤਿਹਾਨ ਵਿੱਚੋਂ, ਗੁਰਾਂ ਇਹ ਅਜ਼ਮਾਉਣ ਲਈ, ਹੁਕਮ ਕੀਤਾ।
ਬਣੇ ਥੜੇ ਨੂੰ ਤੱਕ ਕੇ ਹਰ ਵਾਰੀ, ਗੁਰੂ ਸਾਹਿਬ ਨੇ ਢਾਉਣ ਲਈ, ਹੁਕਮ ਕੀਤਾ।

ਨਹੀਂ ਇਹ ਪਸੰਦ ਨਹੀਂ ਥੜਾ ਮੈਨੂੰ, ਢਾਅ ਕੇ ਫੇਰ ਬਣਾਉਣ ਲਈ, ਹੁਕਮ ਕੀਤਾ।
ਭਾਈ ਰਾਮਾ ਜੀ ਅੱਕ ਕੇ ਕਹਿਣ ਲੱਗੇ, ਤੁਸਾਂ ਸਾਨੂੰ ਖਿਝਾਉਣ ਲਈ, ਹੁਕਮ ਕੀਤਾ।
ਬਿਰਧ ਉਮਰ ਕਰਕੇ, ਤੁਸੀਂ ਭੁੱਲ ਜਾਂਦੇ, ਪਹਿਲਾਂ ਜਿੱਦਾਂ ਬਣਾਉਣ ਲਈ, ਹੁਕਮ ਕੀਤਾ।
ਹਰ ਵਾਰੀ ਬਣਾਵਾਂ ਮੈਂ ਥੜਾ ਓਦਾਂ, ਜਿਦਾਂ ਤੁਸੀਂ ਬਣਾਉਣ ਲਈ ਹੁਕਮ ਕੀਤਾ।

ਭਾਈ ਜੇਠੇ ਨੂੰ ਕਿਹਾ ਜਦ ਸਤਿਗੁਰਾਂ ਨੇ, ਕਹਿੰਦਾ ਬੜਾ ਮੈਂ ਤਾਂ ਭੁੱਲਣਹਾਰ ਦਾਤਾ।
ਹਰ ਵਾਰੀ ਹੋ ਤੁਸੀਂ ਤਾਂ ਠੀਕ ਦੱਸਦੇ, ਮੈਂ ਹੀ ਭੁਲ ਜਾਂਦਾ ਹਰ ਵਾਰ ਦਾਤਾ।
ਟੇਢਾ ਮੇਢਾ ਬਣ ਜਾਂਦਾ ਏ ਥੜਾ ਮੈਥੋਂ, ਢਾਹ ਕੇ ਦੇਂਦਾ ਹਾਂ ਫੇਰ ਉਸਾਰ ਦਾਤਾ।
ਵਾਰ ਵਾਰ ਮੈਂ ਗਲਤੀ ਤੇ ਕਰਾਂ ਗਲਤੀ, ਤੁਸੀਂ ਬਖ਼ਸ ਦੇਂਦੇ ਹਰ ਵਾਰ ਦਾਤਾ।

ਓਨੀ ਵਾਰ ਹੀ ਥੜਾ ਬਣਾਊਂ ਮੈਂ ਤਾਂ, ਹੁਕਮ ਕਰੋਗੇ ਜਿੰਨੀ ਵੀ ਵਾਰ ਦਾਤਾ।
ਤੁਸੀਂ ਦਿਆਲੂ ਕਿਰਪਾਲੂ ਹੋ ਪਾਤਸ਼ਾਹ ਜੀ, ਕੀਤੀ ਮੇਰੇ ’ਤੇ ਰਹਿਮਤ ਅਪਾਰ ਦਾਤਾ।
ਹੁਕਮ ਮੰਨ ਕੇ ਸੇਵਾ ਮੈਂ ਰਹਾਂ ਕਰਦਾ, ਸਾਰੀ ਉਮਰ ਕਰਾਈਂ ਇਹ ਕਾਰ ਦਾਤਾ।
(ਪਰ) ਥੜਾ ਬਣਨਾ ਏ ਵਧੀਆ ਤੇ ਸਾਫ ਸੁਥਰਾ, ਥੋਡੀ ਮਿਹਰ ਦੇ ਨਾਲ ਦਾਤਾਰ ਦਾਤਾ।

ਸੁਣ ਕੇ ਬਚਨ ਇਹ ਜੇਠੇ ਦੇ ਮੁੱਖ ਵਿੱਚੋਂ, ਸਤਿਗੁਰ ਆਖਿਆ ਵਜਦ ਵਿੱਚ ਆ ਕੇ ਤੇ।
ਸਿੱਖਾ, ਸੇਵਾ ਦੀ ਸਿੱਖੀ ਤੂੰ ਜਾਚ ਪੂਰੀ, ਵਾਰ ਵਾਰ ਇਹ ਥੜਾ ਬਣਾ ਕੇ ਤੇ।
ਥੜਾ ਨਹੀਂ, ਤੂੰ ਤਖ਼ਤ ਬਣਾ ਰਿਹਾ ਸੀ, ਸੇਵਾ, ਸਿਮਰਨ ਦੀ ਮਿਹਨਤ ਲਗਾ ਕੇ ਤੇ।
ਤੇਰੀ ਸੇਵਾ ਨੇ ਕੀਤਾ ਏ ਵੱਸ ਮੈਨੂੰ, ਗੁਰਾਂ ਆਖਿਆ ਸੀਨੇ ਲਗਾ ਕੇ ਤੇ।

ਇਹ ਹੈ ਗੁਰੂ ਦੀ ਗੱਦੀ ਦਾ ਅਸਲ ਵਾਰਸ, ਕਿਹਾ ਸੰਗਤ ਨੂੰ ਗੁਰਾਂ ਸੁਣਾ ਕੇ ਤੇ।
ਬਾਬੇ ਬੁੱਢੇ ਤੋਂ ਜੇਠੇ ਨੂੰ ਉਸੇ ਵੇਲੇ, ਗੁਰ ਗੱਦੀ ਦਾ ਤਿਲਕ ਲਗਵਾ ਕੇ ਤੇ।
ਪੰਜ ਪੈਸੇ ਤੇ ਨਾਰੀਅਲ ਰੱਖ ਅੱਗੇ, ਮੱਥਾ ਟੇਕਿਆ ਸੀਸ ਨਿਵਾ ਕੇ ਤੇ।
ਨਦਰੀ ਨਦਰਿ ਸੀ ਕੀਤਾ ਨਿਹਾਲ ‘ਜਾਚਕ’, ਭਾਈ ਜੇਠੇ ਨੂੰ ‘ਗੁਰੂ’ ਬਣਾ ਕੇ ਤੇ।