ਜਾਦੂਗਰਨੀ ਨੂਰਸ਼ਾਹ ਦਾ ਨਿਸਤਾਰਾ – ਹਰੀ ਸਿੰਘ ਜਾਚਕ

ਸਤਿਨਾਮ ਦਾ ਚੱਕਰ ਚਲਾਉਂਦੇ। ਦੁਨੀਆਂ ਨੂੰ ‘ਇੱਕ’ ਦੇ ਲੜ ਲਾਉਂਦੇ।
ਨੂਰੀ ਨਾਨਕ ਵੰਡਦੇ ਨਾਮ। ਪਹੁੰਚ ਗਏ ਸਨ ਵਿੱਚ ਆਸਾਮ।
ਛੱਡ ਮੈਦਾਨ, ਪਹਾੜ ’ਚ ਬੈਠੇ। ਸ਼ਹਿਰੋਂ ਬਾਹਰ ਉਜਾੜ ’ਚ ਬੈਠੇ।
ਤਿੰਨ ਦਿਨਾਂ ਦੇ ਭੁੱਖਣ ਭਾਣੇ। ਉਹਦੀਆਂ ਰਮਜ਼ਾਂ ਉਹੋ ਜਾਣੇ।
ਮਰਦਾਨੇ ਨੂੰ ਲੱਗ ਗਈ ਭੁੱਖ। ਕਹਿੰਦਾ ਵੱਡਾ ਭੁੱਖ ਦਾ ਦੁੱਖ।
ਤੜਫ ਰਹੀ ਇਹ ਜਿੰਦ ਨਿਮਾਣੀ। ਨਾ ਰੋਟੀ, ਨਾ ਪੀਣ ਨੂੰ ਪਾਣੀ।

ਤੂੰ ਤੇ ਦਾਤਾ ਨੂਰ ਇਲਾਹੀ। ਕੌਣ ਜਾਣੇ ਤੇਰੀ ਬੇਪਰਵਾਹੀ।
ਸ਼ਹਿਰ ਮੈਂ ਚੱਲਿਆਂ ਅੰਤਰਜਾਮੀ। ਰੋਟੀ ਖਾ ਕੇ ਆ ਜਾਊਂ ਸ਼ਾਮੀ।
ਅੰਨ ਬਿਨਾਂ ਮੈਂ ਰਹਿ ਨਹੀਂ ਸਕਦਾ। ਬਹੁਤਾ ਕੁਝ ਹੁਣ ਕਹਿ ਨਹੀਂ ਸਕਦਾ।
ਮੁੱਖ ’ਚੋਂ ਕਿਹਾ, ਮਿਹਰਾਂ ਦੇ ਸਾਈਂ। ਡੋਲ ਰਹੇ ਮਰਦਾਨੇ ਤਾਈਂ।
ਮਰਦਾਨਿਆਂ, ਮਰ ਜਾਣਿਆਂ। ਤੂੰ ਆਪਾ ਨਹੀਂ ਪਹਿਚਾਣਿਆਂ।
ਵੇ ਸ਼ਬਦਾਂ ਦੇ ਵਣਜਾਰਿਆ। ਅੱਜ ਦਿਲ ਨੂੰ ਹੈ ਕਿਉਂ ਹਾਰਿਆ।

ਤੇਰੇ ਨਾਲ ਮੈਂ ਲਾਈ ਯਾਰੀ। ਰੋਂਦੀ ਵੇਖ ਕੇ ਦੁਨੀਆਂ ਸਾਰੀ।
ਛੱਡ ਕੇ ਤੂੰ ਨਾਨਕ ਨਿਰੰਕਾਰੀ। ਕਿਧਰ ਨੂੰ ਕਰ ਲਈ ਤਿਆਰੀ।
ਕਿਉਂ ਤੂੰ ਅੱਜ ਹੈ ਹਿੰਮਤ ਹਾਰੀ। ਜਾਏ ਨਾ ਤੈਥੋਂ ਭੁੱਖ ਸਹਾਰੀ।
ਸੁਣੀ ਨਾ ਉਹਨੇ ਕੋਈ ਵੀ ਗੱਲ। ਭੁਖ ਦਾ ਦੁੱਖ ਨਾ ਸਕਿਆ ਝੱਲ।
ਕਰਕੇ ਉਹ ਤਾਂ ਪੂਰਾ ਹੱਠ। ਸ਼ਹਿਰ ਵੱਲ ਨੂੰ ਪਿਆ ਸੀ ਨੱਠ।
ਡੋਲ ਦੇ ਵਾਗੂੰ ਰਿਹਾ ਸੀ ਡੋਲ। ਪਹੁੰਚ ਗਿਆ ਇਕ ਘਰ ਦੇ ਕੋਲ।

ਘਰ ਦੇ ਅੰਦਰ ਆ ਕੇ ਵੜਿਆ। ਜਾ ਕੇ ਵਿਹੜੇ ਦੇ ਵਿੱਚ ਖੜਿਆ।
ਤੱਕ ਕੇ ਓਥੇ ਅਜਬ ਨਜ਼ਾਰਾ। ਜਿਸਮ ਓਸਦਾ ਕੰਬਿਆ ਸਾਰਾ।
ਪਿੰਜਰ ਓਥੇ ਲਟਕ ਰਿਹਾ ਸੀ। ਖੂਨ ਓਸ ’ਚੋਂ ਟਪਕ ਰਿਹਾ ਸੀ।
ਇਧਰ ਸ਼ੇਰ ਪਿਆ ਲਲਕਾਰੇ। ਉਧਰ ਸੱਪ ਮਾਰੇ ਫੁੰਕਾਰੇ।
ਜਿਥੇ ਹੈਸੀ ਸੋਨ ਸਵੇਰਾ। ਹੋ ਗਿਆ ਓਥੇ ਘੁੱਪ ਹਨੇਰਾ।
ਵੇਖ ਕੇ ਡਾਢਾ ਉਹ ਘਬਰਾਇਆ। ਸਿਰ ਓਹਦੇ ਨੂੰ ਚੱਕਰ ਆਇਆ।

ਜਿਵੇਂ ਹੀ ਉਹਨੂੰ ਹੋਸ਼ ਸੀ ਆਈ। ਸਾਰਾ ਕੁਝ ਹੋ ਗਿਆ ਹਵਾਈ।
ਜਾਦੂ ਦਾ ਇਹ ਖੇਲ ਸੀ ਸਾਰਾ। ਅੱਜ ਫਸ ਗਿਆ ਭੌਰ ਵਿਚਾਰਾ।
ਜਾਦੂ ਦਾ ਸੀ ਇਹ ਤਾਂ ਮੰਦਰ। ਫਸਿਆ ਆਣ ਬਟੇਰਾ ਅੰਦਰ।
ਅਕਲ ਦੀ ਐਨਕ ਲਾ ਕੇ ਵੇਖੇ। ਘੋੜੇ ਬੜੇ ਦੁੜਾ ਕੇ ਵੇਖੇ।
ਵੇਖੀ ਜਾਂਦੈ ਸੱਜੇ ਖੱਬੇ। ਐਪਰ ਕੋਈ ਹੁਣ ਰਾਹ ਨਾ ਲੱਭੇ।
ਮਰਦਾਨਾ ਸੀ ਦਿਲ ਵਿੱਚ ਕਹਿੰਦਾ। ਕੀ ਹੁੰਦਾ ਜੇ ਭੁੱਖਾ ਈ ਰਹਿੰਦਾ।

ਬਾਬਾ ਨਾਨਕ ਰੋਕ ਰਹੇ ਸੀ। ਏਥੇ ਆਉਣੋਂ ਟੋਕ ਰਹੇ ਸੀ।
ਪਰ ਮੈਂ ਨਹੀਂ ਸਾਂ ਆਖੇ ਲੱਗਿਆ। ਏਸੇ ਲਈ ਮੈਂ ਗਿਆ ਹਾਂ ਠੱਗਿਆ।
ਗੁਰੂ ਸਾਹਿਬ ਦੀ ਕਦਰ ਨਾ ਪਾਈ। ਤਾਂਹੀਉਂ ਮੇਰੀ ਸ਼ਾਮਤ ਆਈ।
ਨਹੀਂ ਇਥੋਂ ਕੋਈ ਜਾਣੀ ਸੂੰਹ। ਪੈ ਗਿਆ ਮੈਂ ਤਾਂ ਮੌਤ ਦੇ ਮੂੰਹ।
ਏਨੇ ਨੂੰ ਇਕ ਸੁੰਦਰੀ ਆਈ। ਰੋਟੀ ਪਾਣੀ ਨਾਲ ਲਿਆਈ।
ਉਹਨੂੰ ਵੀ ਲੱਗੀ ਸੀ ਭੁੱਖ। ਭੋਜਨ ਵੇਖ ਕੇ ਭੁਲ ਗਿਆ ਦੁੱਖ।

ਖਾਣਾ ਉਹਨੇ ਰੱਜ ਕੇ ਖਾਧਾ। ਖਾ ਕੇ ਖਾਣਾ ਪ੍ਰਭੂ ਅਰਾਧਾ।
ਹੁਣ ਆਈ ਇਕ ਮੋਹਨੀ ਮੂਰਤ। ਮੋਹਨੀ ਮੂਰਤ, ਸੋਹਣੀ ਸੂਰਤ।
ਨੂਰਸ਼ਾਹ ਨਾਂ ਦੀ ਮੁਟਿਆਰ। ਜੀਕਣ ਹੁਸਨਾਂ ਦੀ ਸਰਕਾਰ।
ਵੱਡੀ ਸੀ ਇਹ ਜਾਦੂਗਰਨੀ। ਜਾਦੂਗਰਨੀ, ਮਨ ਨੂੰ ਹਰਨੀ।
ਲੱਗਦੀ ਸੀ ਕੋਈ ਚੰਨ ਦਾ ਨੂਰ। ਤੱਕ ਤੱਕ ਜਿਸਨੂੰ ਚੜ੍ਹੇ ਸਰੂਰ।
ਝਾਲ ਓਸਦੀ ਜਾਏ ਨਾ ਝੱਲੀ। ਦਿਲ ਡੁਲ੍ਹਦਾ ਸੀ ਮੱਲੋ ਮੱਲੀ।

ਗੱਲਾਂ ਹੀ ਗੱਲਾਂ ਦੇ ਨਾਲ। ਸੁੱਟ ਦੇਂਦੀ ਸੀ ਪ੍ਰੀਤ ਦਾ ਜਾਲ।
ਤਰ੍ਹਾਂ ਤਰ੍ਹਾਂ ਦੇ ਵਰਤ ਕੇ ਢੰਗ। ਮਾਰ ਦਿੰਦੀ ਸੀ ਪ੍ਰੀਤ ਦੇ ਡੰਗ।
ਜੋ ਵੀ ਆਉਂਦਾ ਭੁੱਲ ਕੇ ਰਾਹ। ਉਹਨੂੰ ਇਹ ਲੈਂਦੀ ਸੀ ਫਾਹ।
ਵਾਪਸ ਜਾਣ ਜੋਗਾ ਨਾ ਰਹਿੰਦਾ। ਜਿਵੇਂ ਉਹ ਕਹਿੰਦੀ ਤਿਵੇਂ ਉਹ ਕਹਿੰਦਾ।
ਮਰਦਾਨਾ ਅੱਜ ਗਿਆ ਸੀ ਫਸ। ਕਰ ਲਿਆ ਉਸਨੂੰ ਜਾਦੂ ਵੱਸ।
ਬੰਨੀ ਗਲ ਜਾਦੂਈ ਗਾਨੀ। ਭੁਲ ਗਿਆ ਉਹ ਦੁਨੀਆਂ ਫਾਨੀ।

ਚਾਲ ਚੱਲੀ ਸੀ ਐਸੀ ਕੋਝੀ। ਦੁਨੀਆਂ ਦੀ ਓਹਨੂੰ ਰਹੀ ਨਾ ਸੋਝੀ।
ਹੋ ਗਿਆ ਉਹ ਬੇਹੋਸ਼, ਬੇਸੁਧ। ਉਹ ਨੂੰ ਰਹੀ ਨਾ ਸੁੱਧ ਤੇ ਬੁੱਧ।
ਹੱਥ ਪੈਰ ਸਭ ਹੋ ਗਏ ਸੁੰਨ। ਭੁੱਲ ਗਿਆ ਉਹ ਨਾਮ ਦੀ ਧੁੰਨ।
ਬੈਠਾ ਸੀ ਉਹ ਚੁੱਪ ਚੁਪੀਤਾ। ਨਿਕਲ ਗਿਆ ਉਹਦਾ ਖਾਧਾ ਪੀਤਾ।
ਕਹਿਣ ਲੱਗੀ ਉਹ ਸਾਥਣਾਂ ਤਾਂਈਂ। ਆਖੇ ਲੱਗੂ ਇਹ ਚਾਂਈਂ ਚਾਂਈਂ।
ਸੁਰਤ ਇਹਦੀ ਨੂੰ ਵੱਸ ਮੈਂ ਕੀਤਾ। ਜਾਦੂ ਨਾਲ ਬੇ-ਵੱਸ ਮੈਂ ਕੀਤਾ।

ਜਿਧਰ ਜਾਵਾਂ ਉਧਰ ਜਾਂਦੈ। ਚੁੰਬਕ ਮਗਰ ਜਿਉਂ ਲੋਹਾ ਆਂਦੈ।
ਇਹ ਬੰਦਾ ਹੁਣ ਬਣ ਕੇ ਭੇਡੂ। ਭੇਡੂ ਵਾਂਗੂ, ਖੇਡਾਂ ਖੇਡੂ।
ਜਦ ਮਰਦਾਨਾ ਮੂੰਹ ਨੂੰ ਖੋਲੇ। ਭੇਡੂ ਵਾਂਗੂ, ਮੈਂ ਮੈਂ ਬੋਲੇ।
ਤੱਕੇ ਚਾਰ ਚੁਫੇਰੇ ਇੱਦਾਂ। ਫਸਿਆ ਜਾਲ ਬਟੇਰਾ ਜਿੱਦਾਂ।
ਮੁੜ ਨਾ ਜਦ ਮਰਦਾਨਾ ਆਇਆ। ਬਾਬੇ ਨਾਨਕ ਚੋਜ ਰਚਾਇਆ।
ਇਕਦਮ ਕਰਕੇ ਚਿੱਤ ਇਕਾਗਰ। ਚੱਲ ਪਏ ਮਿਹਰਾਂ ਦੇ ਸਾਗਰ।

ਸ਼ਹਿਰ ਵੱਲ ਨੂੰ ਉਠ ਕੇ ਤੁਰ ਪਏ। ਮਰਦਾਨੇ ’ਤੇ ਤੁੱਠ ਕੇ ਤੁਰ ਪਏ।
ਪਹੁੰਚ ਗਏ ਸੀ ਵਾਹੋਦਾਹੀ। ਗੁਰੂ ਨਾਨਕ ਜੀ ਨੂਰ ਇਲਾਹੀ।
ਕੁਫਰ ਗੜ੍ਹ ਨੂੰ ਤੋੜਨ ਖਾਤਰ। ਨਾਲ ਨਾਮ ਦੇ ਜੋੜਨ ਖਾਤਰ।
ਘਰ ਦੇ ਅੱਗੇ ਆ ਕੇ ਖੜ੍ਹ ਗਏ। ਪਲਕ ਝਪਕਦੇ ਅੰਦਰ ਵੜ ਗਏ।
ਵੜੇ ਜਦੋਂ ਤ੍ਰਿਪਤਾ ਦੇ ਚੰਦ। ਬੂਹਾ ਹੋ ਗਿਆ ਅੰਦਰੋਂ ਬੰਦ।
ਪਹੁੰਚ ਕੇ ਵਿਹੜੇ ਦੇ ਵਿਚਕਾਰ। ਮੁੱਖੋਂ ਬੋਲੇ ‘ਸਤਿ ਕਰਤਾਰ’।

ਨੂਰ ਸ਼ਾਹ ਨੇ ਨਜ਼ਰ ਜਾ ਚੁੱਕੀ। ਮਾਨੋ ਉਹਦੀ ਰੱਤ ਸੀ ਸੁੱਕੀ।
ਤੱਕਿਆ ਜਦੋਂ ਨੂਰਾਨੀ ਚਿਹਰਾ। ਅੱਖਾਂ ਅੱਗੇ ਆਇਆ ਹਨੇਰਾ।
ਜਿਵੇਂ ਹੀ ਉਸ ਨੇ ਨਜ਼ਰਾਂ ਗੱਡੀਆਂ। ਅੱਖਾਂ ਰਹਿ ਗਈਆਂ ਸੀ ਟੱਡੀਆਂ।
ਤੱਕ ਤੱਕ ਹੋ ਗਈ ਸੀ ਉਹ ਦੰਗ। ਪਲ ਪਲ ਪਿਛੋਂ ਬਦਲਣ ਰੰਗ।
ਇਕਦਮ ਸੀ ਤਰੇਲੀਆਂ ਆਈਆਂ। ਚਿਹਰੇ ਉਤੇ ਪਿਲੱਤਣਾਂ ਛਾਈਆਂ।
ਫੇਰ ਕੇ ਬੁਲ੍ਹਾਂ ਉਤੇ ਜੀਭ। ਕਹਿੰਦੀ ਸੜ ਗਏ ਹਾਏ ਨਸੀਬ।

ਖੋਹ ਪੈ ਰਹੀ ਏ ਅੰਦਰ ਖੋਹਣੀ। ਅੱਜ ਹੋਣੀ ਏ ਕੋਈ ਅਣਹੋਣੀ।
ਮਨ ਦੀ ’ਕੱਠੀ ਕਰਕੇ ਤਾਕਤ। ਵਿੱਚ ਜਾਦੂ ਦੀ ਭਰ ਕੇ ਤਾਕਤ।
ਮੰਤਰ ਉਹ ਚਲਾਵਣ ਲੱਗੀ। ਬਾਬੇ ਨੂੰ ਭਰਮਾਵਨ ਲੱਗੀ।
ਜਿਵੇਂ ਜਿਵੇਂ ਉਹ ਕਰਦੀ ਵਾਰ। ਬਾਬਾ ਕਹਿੰਦਾ ‘ਧੰਨ ਨਿਰੰਕਾਰ’।
ਲਾਇਆ ਜ਼ੋਰ ਪਰ ਇਕ ਨਾ ਚੱਲੀ। ਛੱਡ ਗਏ ਇਲਮ ਤੇ ਰਹਿ ਗਈ ’ਕੱਲੀ।
ਪਹੁੰਚੇ ਫਿਰ ਮਰਦਾਨੇ ਕੋਲ। ਬੋਲ ਨਾ ਸਕੇ ਜੋ ਕੋਈ ਬੋਲ।

ਖੋਲਿਆ ਜਦ ਜਾਦੂ ਦਾ ਜੰਦਾ। ਮਰਦਾਨਾ ਫਿਰ ਬਣ ਗਿਆ ਬੰਦਾ।
ਮਰਦਾਨੇ ਨੂੰ ਗਲ ਨਾਲ ਲਾ ਕੇ। ਕਹਿਣ ਲੱਗੇ ਉਹ ਫਿਰ ਮੁਸਕਾ ਕੇ।
ਸਾਡੇ ਨਾਲ ਤੂੰ ਕੀਤੇ ਵਾਧੇ। ਸਾਨੂੰ ਛੱਡ ਕੇ ਭੋਜਨ ਖਾਧੇ।
ਮਰਦਾਨਾ ਫਿਰ ਪੈ ਕੇ ਚਰਨੀਂ। ਕਹਿੰਦਾ ਬਾਬਾ, ਧੰਨ ਤੇਰੀ ਕਰਨੀ।
ਮੈਂ ਤਾਂ ਥੋਨੂੰ ਬਹੁਤ ਸਤਾਇਆ। ਤੁਸੀਂ ਮੈਨੂੰ ਪਰ ਗਲ ਨਾਲ ਲਾਇਆ।
ਸਤਿਗੁਰ ਨਾਨਕ ਹੱਸ ਪਏ ਸੀ। ਮਿਹਰਾਂ ਦੇ ਮੀਂਹ ਵੱਸ ਪਏ ਸੀ।

ਨੂਰਸ਼ਾਹ ਸੀ ਤੱਕਦੀ ਰਹਿ ਗਈ। ਤੱਕਦੀ ਉਹ ਚਰਨਾਂ ’ਤੇ ਢਹਿ ਗਈ।
ਹੋ ਗਿਆ ਰੰਗ ਸੀ ਨੀਲਾ ਪੀਲਾ। ਗੁਰ ਨਾਨਕ ਦੀ ਵੇਖ ਕੇ ਲੀਲਾ।
ਅੱਖਾਂ ਦੇ ਵਿੱਚ ਹੰਝੂ ਭਰ ਕੇ। ਚਰਨਾਂ ਉੱਤੇ ਮੱਥਾ ਧਰ ਕੇ।
ਕਹਿਣ ਲੱਗੀ ਉਹ ਬਾਬੇ ਤਾਂਈਂ। ਮਿਹਰ ਕਰੋ ਮਿਹਰਾਂ ਦੇ ਸਾਂਈਂ।
ਮੈਨੂੰ ਆਪਣੇ ਚਰਨੀਂ ਲਾਇਓ। ਅਧਵੱਟੇ ਹੁਣ ਛੱਡ ਨਾ ਜਾਇਓ।
ਕਰਦਿਆਂ ਮੈਨੂੰ ਧਾਗੇ ਤਵੀਤ। ਸਾਰੀ ਉਮਰ ਗਈ ਏ ਬੀਤ।

ਭੋਗ ਰਹੀ ਹਾਂ ਜੋ ਸੰਤਾਪ। ਲਾਹ ਦਿਉ ਮੇਰੇ ਤੀਨੇ ਤਾਪ।
ਰੱਖਿਆ ਸਿਰ ’ਤੇ ਮਿਹਰ ਦਾ ਹੱਥ। ਗਿਆ ਭੂਤ ਜਾਦੂ ਦਾ ਲੱਥ।
ਗੁਰ ਨਾਨਕ ਨੇ ਬਖਸ਼ਿਸ਼ ਕੀਤੀ। ਅਕਾਲ ਪੁਰਖ ਨਾਲ ਲਾਈ ਪ੍ਰੀਤੀ।
ਲੱਥੇ ਪਾਪ ਤੇ ਪੈ ਗਈ ਠੰਢ। ਪਈ ਨਾਮ ਨਾਲ ਸੱਚੀ ਗੰਢ।
ਜਾਦੂ ਦਾ ਉਸ ਮੰਦਰ ਢਾਇਆ। ਧਰਮਸਾਲ ਉਸ ਤਾਈਂ ਬਣਾਇਆ।
ਲੁਟੀ ਮਾਇਆ ਤਾਈਂ ਲੁਟਾਇਆ। ਹਰ ਇੱਕ ਦੇ ਲਈ ਲੰਗਰ ਲਾਇਆ।
ਖਬਰ ਫੈਲ ਗਈ ਸਾਰੇ ਜੱਗ। ਜਿਉਂ ਫੈਲੇ ਜੰਗਲ ਦੀ ਅੱਗ।

ਹੋ ਗਏ ਸਨ ਪ੍ਰਸੰਨ ਗੁਰ ਨਾਨਕ। ਸਾਰੇ ਬੋਲੋ, ਧੰਨ ਗੁਰ ਨਾਨਕ।
ਸਾਰੇ ਆਖੋ ਧੰਨ ਗੁਰ ਨਾਨਕ। ਸਾਰੇ ਬੋਲੋ ਧੰਨ ਗੁਰ ਨਾਨਕ।