ਜਗਤ ਜੇਤੂ, ਸੁਧਾਰਕ ਤੇ ਜਗਤ ਤਾਰਕ – ਹਰੀ ਸਿੰਘ ਜਾਚਕ

ਕੂੜ ਮੱਸਿਆ ਦੀ ਕਾਲੀ ਰਾਤ ਕਾਰਣ, ਛਾਇਆ ਨ੍ਹੇਰ ਸੀ ਸਾਰੇ ਜਹਾਨ ਅੰਦਰ।
ਲੋਭੀ ਲਾਲਚੀ ਧਰਮ ਦੇ ਆਗੂਆਂ ਨੇ, ਵੰਡੀ ਪਾਈ ਇਨਸਾਨ ਇਨਸਾਨ ਅੰਦਰ।
ਕਰਮ ਕਾਂਡ ਨੂੰ ਹੀ ਧਰਮ ਸਮਝ ਕੇ ਤੇ, ਭਟਕ ਰਹੇ ਸਨ ਲੋਕ ਅਗਿਆਨ ਅੰਦਰ।
ਇਜ਼ਤ ਗਜ਼ਨੀ ’ਚ ਰਹੀ ਨਿਲਾਮ ਹੁੰਦੀ, ਸੁੱਤੀ ਰਹੀ ਤਲਵਾਰ ਮਿਆਨ ਅੰਦਰ।

ਕੁੰਭਕਰਨ ਦੀ ਨੀਂਦ ਸਨ ਸਭ ਸੁੱਤੇ, ਉਧਰ ਦੇਸ਼ ਦਾ ਸਤਿਆਨਾਸ ਹੋਇਆ।
ਖਾਂਦੀ ਵਾੜ ਹੀ ਖੇਤ ਨੂੰ ਤੱਕ ਕੇ ਤੇ, ਹੁਕਮ ਵਾਹਿਗੁਰੂ ਵਲੋਂ ਇਹ ਖਾਸ ਹੋਇਆ।
ਮਾਤਾ ਤ੍ਰਿਪਤਾ ਦੀ ਗੋਦ ਨੂੰ ਭਾਗ ਲੱਗੇ, ਨਾਨਕ ਨੂਰ ਦਾ ਤਦੋਂ ਪ੍ਰਕਾਸ਼ ਹੋਇਆ।
ਹਿਰਦੇ ਤਪਦੇ ਇਕਦੱਮ ਸ਼ਾਂਤ ਹੋ ਗਏ, ਬਿਹਬਲ ਦਿਲਾਂ ਨੂੰ ਬੜਾ ਧਰਵਾਸ ਹੋਇਆ।

ਭੈਣ ਨਾਨਕੀ, ਨਾਨਕ ਨੂੰ ਤੱਕ ਅੰਦਰੋਂ, ਕਹਿੰਦੀ ਕਲਯੁਗ ’ਚ ਵੀਰ ਅਵਤਾਰ ਆਇਆ।
ਨੂਰੀ ਮੁੱਖ ’ਤੇ ਛਾਂ ਦੀ ਆੜ ਹੇਠਾਂ, ਫਨੀਅਰ ਸੱਪ ਵੀ ਕਰਨ ਦੀਦਾਰ ਆਇਆ।
ਵੀਹ ਰੁਪਈਆਂ ਦਾ ਭੋਜਨ ਛਕਾਉਣ ਵਾਲਾ, ਭੁੱਖੇ ਭਾਣਿਆਂ ਦਾ ਮੱਦਦਗਾਰ ਆਇਆ।
ਤੇਰਾਂ ਤੇਰਾਂ ਹੀ ਮੁੱਖੋਂ ਉਚਾਰ ਕੇ ਤੇ, ਉਹ ਤਾਂ ‘ਤੇਰਾ’ ਸੀ ਕਰਨ ਪ੍ਰਚਾਰ ਆਇਆ।

ਲਾ ਕੇ ਜਲ ਸਮਾਧੀ ਫਿਰ ਵਿੱਚ ਵੇਂਈ, ਨਾਨਕ ਪਹੁੰਚੇ ਸਨ ਸੱਚੇ ਦਰਬਾਰ ਅੰਦਰ।
ਜਗਤ ਜਲੰਦੇ ’ਚ ਠੰਢ ਵਰਤਾਉਣ ਖਾਤਰ, ‘ਧੁਰ ਦੀ ਬਾਣੀ’ ਲਿਆਏ ਸੰਸਾਰ ਅੰਦਰ।
ਨਾ ਕੋ ਹਿੰਦੂ ਨਾ ਮੁਸਲਮਾਨ ਏਥੇ, ਰੱਬੀ ਜੋਤ ਏ ਹਰ ਨਰ ਨਾਰ ਅੰਦਰ।
ਅੰਦਰੋਂ ਉੱਠੀ ਜੋ ਹੂਕ ਉਹ ਕੂਕ ਬਣਕੇ, ਗੂੰਜ ਉਠੀ ਫਿਰ ਸਾਰੇ ਸੰਸਾਰ ਅੰਦਰ।

ਕਿਰਤ ਕਰਨੀ ਤੇ ਵੰਡ ਕੇ ਛੱਕ ਲੈਣੀ, ਹੱਥੀਂ ਸੇਵਾ ਨੂੰ ਦਿੱਤੀ ਵਡਿਆਈ ਉਹਨਾਂ।
ਦੁਨੀਆਂ ਭਰ ਦੇ ਦੁਖੀਆਂ ਤੇ ਰੋਗੀਆਂ ਨੂੰ, ਸੱਚੇ ਨਾਮ ਦੀ ਦਿੱਤੀ ਦਵਾਈ ਉਹਨਾਂ।
ਊਚ ਨੀਚ ਦੇ ਵਿਤਕਰੇ ਖਤਮ ਕਰਕੇ, ਸ਼ੁਭ ਅਮਲਾਂ ’ਤੇ ਗੱਲ ਮੁਕਾਈ ਉਹਨਾਂ।
ਰੱਬੀ ਬਾਣੀ ਦਾ ਨੂਰੀ ਪ੍ਰਕਾਸ਼ ਦੇ ਕੇ, ਜੀਵਨ ਜਾਚ ਸੀ ਸਾਨੂੰ ਸਿਖਾਈ ਉਹਨਾਂ।

ਇੱਕੋ ਪਿਤਾ ਤੇ ਉਸਦੇ ਅਸੀਂ ਪੁੱਤਰ, ਸਾਂਝੇ ਗੁਰੂ ਨੇ ਸਾਂਝਾ ਉਪਦੇਸ਼ ਦਿੱਤਾ।
ਲਾ ਕੇ ਨਾਹਰਾ ਸਰਬੱਤ ਦੇ ਭਲੇ ਵਾਲਾ, ਦੁੱਖੀ ਦੁਨੀਆਂ ਦਾ ਕੱਟ ਕਲੇਸ਼ ਦਿੱਤਾ।
ਜਗਤ ਜਨਨੀ ਨੂੰ ਉਨ੍ਹਾਂ ਨੇ ਧੰਨ ਕਹਿ ਕੇ, ਔਰਤ ਜਾਤ ਨੂੰ ਦਰਜਾ ਵਿਸ਼ੇਸ਼ ਦਿੱਤਾ।
ਸਿੱਖੀ ਕਾਫਲੇ ਦੇ ਪਹਿਲੇ ਬਣੇ ਰਹਿਬਰ, ਦੁਨੀਆਂ ਤਾਂਈਂ ਸੀ ਰੱਬੀ ਸੰਦੇਸ਼ ਦਿੱਤਾ।

ਥਾਂ ਥਾਂ ਸੱਪਾਂ ਦੀਆਂ ਸਿਰੀਆਂ ਸਨ ਰਹੇ ਮਿੱਧਦੇ, ਰੇਤ, ਅੱਕ ਦਾ ਕੀਤਾ ਆਹਾਰ ਬਾਬੇ।
ਸੱਚੇ ਮਾਰਗ ਤੋਂ ਭਟਕੀ ਮਨੁੱਖਤਾ ਦਾ, ਥਾਂ ਥਾਂ ਜਾ ਕੇ ਕੀਤਾ ਸੁਧਾਰ ਬਾਬੇ।
ਸਿੱਧੇ ਰਾਹ ’ਤੇ ਸਿੱਧ ਸੀ ਲੈ ਆਂਦੇ, ਸਿੱਧਾ ਸਾਧਾ ਜਿਹਾ ਕਰ ਵਿਵਹਾਰ ਬਾਬੇ।
ਚੱਪੂ ਨਾਮ ਦੇ ਲਾ ਕੇ ਥਾਂ ਥਾਂ ’ਤੇ, ਬੇੜੇ ਡੁੱਬਦੇ ਲਾਏ ਸਨ ਪਾਰ ਬਾਬੇ।

ਛੱਲਣੀ ਛੱਲਣੀ ਹੋਈ ਮਨੁੱਖਤਾ ਦੀ, ਬਦਲਣ ਆਏ ਸਨ ਆਪ ਤਕਦੀਰ ਸਤਿਗੁਰ।
ਮਾਨਵ ਏਕਤਾ, ਪ੍ਰੇਮ ਪਿਆਰ ਵਾਲੀ, ਜਿਉਂਦੀ ਜਾਗਦੀ ਸਨ ਤਸਵੀਰ ਸਤਿਗੁਰ ।
ਸਹਿਜ ਸੁਭਾਇ ਹੀ ਪਤੇ ਦੀ ਗੱਲ ਕਰਦੇ, ‘ਜਾਚਕ’ ਰਹਿ ਕੇ ਗਹਿਰ ਗੰਭੀਰ ਸਤਿਗੁਰ।
ਜਗਤ ਜੇਤੂ, ਸੁਧਾਰਕ, ਤੇ ਜਗਤ ਤਾਰਕ, ਜਗਤ ਗੁਰੂ ਤੇ ਜਾਹਰਾ ਸਨ ਪੀਰ ਸਤਿਗੁਰ।