ਗੁਰੂ ਰਾਮ ਦਾਸ ਜੀ – ਹਰੀ ਸਿੰਘ ਜਾਚਕ

ਮਾਂ ਬਾਪ ਦਾ ਸਾਇਆ ਸੀ ਉਠ ਗਿਆ, ਛੋਟੀ ਉਮਰ ’ਚ ਜੇਠੇ ਦੇ ਸਿਰ ਉਤੋਂ।
ਇੰਜ ਲੱਗਿਆ ਜਿਵੇਂ ਇਸ ਬਾਲਕੇ ’ਤੇ, ਬਿਜਲੀ ਕੋਈ ਅਸਮਾਨੀ ਪਈ ਗਿਰ ਉਤੋਂ।
ਛੋਟੇ ਭੈਣ ਭਰਾ ਨੂੰ ਪਾਲਣੇ ਲਈ, ਜਿੰਮੇਵਾਰੀ ਵੀ ਪਈ ਸੀ ਫਿਰ ਉਤੋਂ।
ਐਪਰ ਜਦੋਂ ਯਤੀਮ ਦੇ ਭਾਗ ਜਾਗੇ, ਰੱਖਿਆ ਹੱਥ ‘ਨਿਧਿਰਿਆਂ ਦੀ ਧਿਰ’ ਉਤੋਂ।

ਸੁਘੜ ਸਿਆਣਾ ਤੇ ਪੁੰਜ ਸੀ ਨਿਮਰਤਾ ਦਾ, ਸੇਵਾ ਕਰਦਾ ਸੀ ਸਿਦਕ ਦੇ ਨਾਲ ਜੇਠਾ।
ਕਿਸੇ ਹੁਕਮ ’ਤੇ ਕਿੰਤੂ ਨਾ ਕਦੇ ਕੀਤਾ, ਬੜੀ ਰਿਹਾ ਸੀ ਘਾਲਣਾ ਘਾਲ ਜੇਠਾ।
ਬਣਨ ਪਿਛੋਂ ਦਾਮਾਦ ਵੀ ਖਿੜ੍ਹੇ ਮੱਥੇ, ਕਰਦਾ ਰਿਹਾ ਸੇਵਾ ਬੇਮਿਸਾਲ ਜੇਠਾ।
ਤਾਹੀਉਂ ਸਤਿਗੁਰਾਂ ਸੇਵਾ ਤੋਂ ਖੁਸ਼ ਹੋ ਕੇ, ਗੁਰਗੱਦੀ ’ਤੇ ਦਿੱਤਾ ਬਿਠਾਲ ਜੇਠਾ।

ਹੁਕਮ ਮੰਨ ਕੇ ਤੀਸਰੇ ਪਾਤਸ਼ਾਹ ਦਾ, ਅੰਮ੍ਰਿਤਸਰ ਵਸਾਇਆ ਸੀ ਆਪ ਆ ਕੇ।
ਦੁੱਖ ਭੰਜਨੀ ਬੇਰੀ ਦੇ ਨਾਲ ਕਰਕੇ, ਸੋਹਣਾ ਤਾਲ ਖੁਦਵਾਇਆ ਸੀ ਆਪ ਆ ਕੇ।
ਸ਼ਾਹਾਂ, ਕਿਰਤੀਆਂ ਅਤੇ ਵਪਾਰੀਆਂ ਨੂੰ, ਦੂਰੋਂ ਦੂਰੋਂ ਮੰਗਵਾਇਆ ਸੀ ਆਪ ਆ ਕੇ।
ਗੁਰੂ ਬਨਣ ਤੋਂ ਬਾਅਦ ਫਿਰ ਪਾਤਸ਼ਾਹ ਨੇ, ਡੇਰਾ ਏਥੇ ਹੀ ਲਾਇਆ ਸੀ ਆਪ ਆ ਕੇ।

ਪਾਵਨ ਅੰਮ੍ਰਿਤ ਸਰੋਵਰ ਤਿਆਰ ਕਰ ਕੇ, ਕੀਤੀ ਕਿਰਪਾ ਸੀ ਕਿਰਪਾ ਨਿਧਾਨ ਏਥੇ।
ਏਸ ਥਾਂ ਤੇ ਪਿੰਗਲੇ ਬਣੇ ਕੁੰਦਨ, ਸੇਵਾ ਰਜਨੀ ਦੀ ਹੋਈ ਪਰਵਾਨ ਏਥੇ।
ਲਹਿੰਦੀ ਮੈਲ ਹੈ ਜਨਮ ਜਨਮਾਂਤਰਾਂ ਦੀ, ਪਾਵਨ ਅੰਮ੍ਰਿਤ ਦਾ ਸੋਮਾ ਮਹਾਨ ਏਥੇ।
ਸਾਰੀ ਦੁਨੀਆਂ ਤੋਂ ਚੱਲ ਕੇ ਲੋਕ ਸਾਰੇ, ਕਰਨ ਆਉਂਦੇ ਨੇ ਦਰਸ਼ਨ ਇਸ਼ਨਾਨ ਏਥੇ।

ਏਸ ਅੰਮ੍ਰਿਤ ਸਰੋਵਰ ’ਚੋਂ ਬੂੰਦ ਪੀ ਕੇ, ਸਿੰਘਾਂ ਮੌਤ ਦੇ ਮੂੰਹ ਸੀ ਮੋੜ ਦਿੱਤੇ।
ਸਮੇਂ ਸਮੇਂ ਤੇ ਕਰਨ ਜੋ ਜੁਲਮ ਆਏ, ਜ਼ਾਲਮ ਜ਼ੁਲਮ ਦੇ ਹੜ੍ਹਾਂ ’ਚ ਰੋੜ੍ਹ ਦਿੱਤੇ।
ਜੀਹਨੇ ਜੀਹਨੇ ਵੀ ਵੇਖਿਆ ਅੱਖ ਕੈਰੀ,ਓਹ ਸਭ ਨਿਬੂਆਂ ਵਾਂਗ ਨਿਚੋੜ ਦਿੱਤੇ।
ਜਿਹੜੇ ਕਹਿੰਦੇ ਕਿ ਸਿੰਘਾਂ ਦੇ ਲੱਕ ਟੁੱਟੇ, ਸਿੰਘਾਂ ਉਨ੍ਹਾਂ ਦੇ ਲੱਕ ਹੀ ਤੋੜ ਦਿੱਤੇ।

ਏਸ ਪਾਵਨ ਅਸਥਾਨ ਤੋਂ ਪਾਤਸ਼ਾਹ ਨੇ, ਚਹੁੰ ਚੱਕਾਂ ਦੇ ਵਿੱਚ ਫੈਲਾਈ ਸਿੱਖੀ।
ਬਾਲ ਉਮਰ ’ਚੋਂ ਨਿਕਲ ਕੇ ਉਸ ਵੇਲੇ, ਭਰ ਜਵਾਨੀ ਦੇ ਵਿੱਚ ਸੀ ਆਈ ਸਿੱਖੀ।
ਵਾਸਾ ਕੀਤਾ ਸੀ ਉਨ੍ਹਾਂ ਦੇ ਹਿਰਦਿਆਂ ਵਿੱਚ, ਪੂਰੀ ਤਰ੍ਹਾਂ ਸੀ ਜਿੰਨ੍ਹਾਂ ਅਪਣਾਈ ਸਿੱਖੀ।
ਜਾਤਾਂ ਪਾਤਾਂ ਦੇ ਵਿਤਕਰੇ ਖਤਮ ਕਰਕੇ, ਊਚ ਨੀਚ ਦੀ ਵਿੱਥ ਮਿਟਾਈ ਸਿੱਖੀ।

ਅਕਬਰ ਬਾਦਸ਼ਾਹ ਜਦੋਂ ਦੀਦਾਰ ਕੀਤੇ, ਲੱਗੀ ਪਾਵਨ ਸ਼ਖ਼ਸੀਅਤ ਦੀ ਛਾਪ ਉਸ ’ਤੇ।
ਭਟਕੀ ਰੂਹ ਜੋ ਚਰਨਾਂ ’ਤੇ ਆਣ ਡਿੱਗੀ, ਉਨ੍ਹਾਂ ਛਿੜਕਿਆ ਨਾਮ ਦਾ ਜਾਪ ਉਸ ’ਤੇ।
ਛੱਟੇ ਮਾਰ ਗੁਰਬਾਣੀ ਦੇ ਲਾਹ ਦਿੱਤੇ, ਚੜ੍ਹੇ ਹੋਏ ਸਨ ਜਿਹੜੇ ਵੀ ਪਾਪ ਉਸ ’ਤੇ।
ਦੂਰੋਂ ਨੇੜਿਓ ਜਿਹੜਾ ਵੀ ਸ਼ਰਨ ਆਇਆ, ਕੀਤੀ ਮਿਹਰ ਸੀ ਗੁਰਾਂ ਨੇ ਆਪ ਉਸ ’ਤੇ।

ਪ੍ਰਿਥੀ ਚੰਦ ਜਦ ਸਾਜ਼ਸ਼ੀ ਹੋ ਗਿਆ ਸੀ, ਦਿੱਤਾ ਓਸ ਨੂੰ ਦਿਲੋਂ ਵਿਸਾਰ ਉਹਨਾਂ।
ਦੁਸ਼ਟਾਂ ਦੋਖੀਆਂ, ਨਿੰਦਕਾਂ, ਭੇਖੀਆਂ ਨੂੰ, ਮਾਰੀ ਬੜੀ ਹੀ ਕਰੜੀ ਸੀ ਮਾਰ ਉਹਨਾਂ।
ਪੂਰਨ ਪੁਰਖ ਸਮਦ੍ਰਿਸ਼ਟੀ ਦੇ ਸਨ ਮਾਲਕ, ਲਈ ਦੁਖੀਆਂ ਗਰੀਬਾਂ ਦੀ ਸਾਰ ਉਹਨਾਂ।
ਮਹਿਮਾਂ ਪਾਵਨ ਗੁਰਬਾਣੀ ਦੀ ਕਾਇਮ ਰੱਖੀ, ਕਈ ਤਰ੍ਹਾਂ ਦੇ ਜੋਖ਼ਮ ਸਹਾਰ ਉਹਨਾਂ।

ਸੁਣਿਆ ਗੁਰਾਂ ਜਦ ਸ੍ਰੀ ਚੰਦ ਆ ਰਹੇ ਨੇ, ਪਹੁੰਚ ਗਏ ਸੀ ਕਰਨ ਦਿਦਾਰ ਅੱਗੋਂ।
ਲੱਤਾਂ ਘੁੱਟੀਆਂ, ਚਰਨ ਦਬਾਏ ਸੋਹਣੇ, ਹੱਦਾਂ ਟੱਪ ਕੇ ਕੀਤਾ ਸਤਿਕਾਰ ਅੱਗੋਂ।
ਦਾਹੜੀ ਲੰਮੀ ਕਿਉਂ ਏਨੀ ਵਧਾਈ ਹੋਈ ਏ, ਬਾਬੇ ਪੁਛਿਆ ਨਾਲ ਪਿਆਰ ਅੱਗੋਂ।
ਮਹਾਂ ਪੁਰਖਾਂ ਦੇ ਚਰਨਾਂ ਨੂੰ ਝਾੜਨੇ ਲਈ, ਮੁੱਖੋਂ ਕਿਹਾ ਸੀ ਨੂਰੀ ਨੁਹਾਰ ਅੱਗੋਂ।

ਲੈ ਕੇ ਧੁਰੋਂ ਉਹ ਨਾਮ ਦਾ ਧਨ ਸੱਚਾ, ਵੰਡਣ ਆਏ ਸਨ ਪੂਰੇ ਸੰਸਾਰ ਅੰਦਰ।
ਤੀਹ ਰਾਗਾਂ ’ਚ ਬਾਣੀ ਸੀ ਰਚੀ ‘ਜਾਚਕ’, ਰੰਗੇ ਹੋਇਆਂ ਨੇ ਰੱਬੀ ਪਿਆਰ ਅੰਦਰ।
ਦੀਨ ਦੁਨੀਆਂ ਦਾ ਉਨ੍ਹਾਂ ਨੂੰ ਥੰਮ ਕਿਹੈ, ਭਾਈ ਗੁਰਦਾਸ ਨੇ ਆਪਣੀ ਵਾਰ ਅੰਦਰ।
ਇਕ ਸੌ ਤੇਈ ਸਵੱਯੀਆਂ ’ਚੋਂ ਵਿੱਚ ਸੱਠਾਂ, ਮਹਿਮਾ ਕੀਤੀ ਏ ਭੱਟਾਂ ਸਤਿਕਾਰ ਅੰਦਰ।

ਪਾਵਨ ਅੰਮ੍ਰਿਤ ਸਰੋਵਰ ਖੁਦਵਾਉਣ ਦੇ ਲਈ, ਆਪਣੇ ਹੱਥੀਂ ਲਗਾਇਆ ਟੱਕ ਹੈਸੀ।
ਸੇਵਾ ਕੀਤੀ ਸੀ ਸੰਗਤਾਂ ਨਾਲ ਉਨ੍ਹਾਂ, ਸਿੱਖੀ ਸਿਦਕ ’ਚ ਰਹਿ ਪ੍ਰਪੱਕ ਹੈਸੀ।
ਮਨ ਬਾਂਛਤ ਫਲ ਪਾਉਗੇ ਤੁਸੀਂ ਏਥੋਂ, ਕਿਹਾ ਹਰ ਇਕ ਸਿੱਖ ਵੱਲ ਤੱਕ ਹੈਸੀ।
ਅੰਮ੍ਰਿਤਸਰ ਹਾਂ ਜੇਸਨੂੰ ਅੱਜ ਕਹਿੰਦੇ, ਇਹਨੂੰ ਆਖਦੇ ‘ਗੁਰੂ ਕਾ ਚੱਕ’ ਹੈਸੀ।