pash

ਹਰ ਬੋਲ ਤੇ ਮਰਦਾ ਰਹੀਂ – ਪਾਸ਼

ਜਦੋਂ ਮੈਂ ਜਨਮਿਆ
ਤਾਂ ਜਿਉਣ ਦੀ ਸਹੁੰ ਖਾ ਕੇ ਜੰਮਿਆ
ਤੇ ਹਰ ਵਾਰ ਜਦੋਂ ਮੈਂ ਤਿਲਕ ਕੇ ਡਿੱਗਿਆ ,
ਮੇਰੀ ਮਾਂ ਲਾਹਨਤਾਂ ਪਾਉਂਦੀ ਰਹੀ |
ਕੋਈ ਸਾਹਿਬਾਂ ਮੇਰੇ ਕਾਇਦੇ ਤੇ ਗਲਤ ਪੜ੍ਹਦੀ ਰਹੀ
ਅੱਖਰਾਂ ਤੇ ਡੋਲ੍ਹ ਕੇ ਸਿਆਹੀ
ਤਖਤੀ ਮਿਟਾਉਂਦੀ ਰਹੀ |
ਹਰ ਜਸ਼ਨ ‘ਤੇ
ਹਾਰ ਮੇਰੀ ਕਾਮਯਾਬੀ ਦੇ
ਉਸ ਨੂੰ ਪਹਿਨਾਏ ਗਏ
ਮੇਰੀ ਗਲੀ ਦੇ ਮੋੜ ਤਕ
ਆ ਕੇ ਉਹ ਮੁੜ ਜਾਂਦੀ ਰਹੀ |
ਮੇਰੀ ਮਾਂ ਦਾ ਵਚਨ ਹੈ
ਹਰ ਬੋਲ ਤੇ ਮਰਦਾ ਰਹੀਂ ,
ਤੇਰੇ ਜ਼ਖਮੀ ਜਿਸਮ ਨੂੰ
ਬੱਕੀ ਬਚਾਉਂਦੀ ਰਹੇਗੀ ,
ਜਦ ਵੀ ਮੇਰੇ ਸਿਰ ‘ਤੇ
ਕੋਈ ਤਲਵਾਰ ਲਿਸ਼ਕੀ ਹੈ ,
ਮੈਂ ਕੇਵਲ ਮੁਸਕੁਰਾਇਆ ਹਾਂ
ਤੇ ਮੈਨੂੰ ਨੀਂਦ ਆ ਜਾਂਦੀ ਰਹੀ ਹੈ |
ਜਦ ਮੇਰੀ ਬੱਕੀ ਨੂੰ ,
ਮੇਰੀ ਲਾਸ਼ ਦੇ ਟੁਕੜੇ ,
ਉਠਾ ਸਕਣ ਦੀ ਸੋਝੀ ਆ ਗਈ ,
ਓਦੋਂ ਮੈਂ ਮਿਰਜ਼ਾ ਨਹੀਂ ਰਹਾਂਗਾ |

ਮੇਰੀ ਮਾਂ ਦੀਆਂ ਅੱਖਾਂ – ਪਾਸ਼

ਜਦ ਇਕ ਕੁੜੀ ਨੇ ਮੈਨੂੰ ਕਿਹਾ,
ਮੈਂ ਬਹੁਤ ਸੋਹਣਾ ਹਾਂ।
ਤਾਂ ਮੈਨੂੰ ਉਸ ਦੀਆਂ ਅੱਖਾਂ ਵਿਚ ਨੁਕਸ ਜਾਪਿਆ ਸੀ,
ਮੇਰੇ ਭਾਣੇ ਤਾਂ ਓਹ ਬਹੁਤ ਸੋਹਣੇ ਸਨ
ਮੇਰੇ ਪਿੰਡ ਵਿਚ ਜੋ ਵੋਟ ਫੇਰੀ ‘ਤੇ,
ਜਾਂ ਉਦਘਾਟਨ ਦੀ ਰਸਮ ਵਾਸਤੇ ਆਉਂਦੇ ਹਨ।
ਇਕ ਦਿਨ
ਜੱਟੂ ਦੀ ਹੱਟੀ ਤੋਂ ਮੈਨੂੰ ਕਣਸੋਅ ਮਿਲੀ
ਕਿ ਉਨ੍ਹਾਂ ਦੇ ਸਿਰ ਦਾ ਸੁਨਿਹਰੀ ਤਾਜ ਚੋਰੀ ਦਾ ਹੈ….
ਮੈਂ ਉਸ ਦਿਨ ਪਿੰਡ ਛੱਡ ਦਿੱਤਾ,
ਮੇਰਾ ਵਿਸ਼ਵਾਸ਼ ਸੀ ਤੇ ਤਾਜਾਂ ਵਾਲੇ ਚੋਰ ਹਨ
ਤਾਂ ਫਿਰ ਸੋਹਣੇ ਹੋਰ ਹਨ….
ਸ਼ਹਿਰਾਂ ਵਿਚ ਮੈਂ ਥਾਂ ਥਾਂ ਕੋਝ ਦੇਖਿਆ ,
ਪ੍ਰਕਾਸ਼ਨਾਂ ਵਿੱਚ , ਕੈਫਿਆਂ ਵਿੱਚ।
ਦਫ਼ਤਰਾਂ ਤੇ ਥਾਣਿਆਂ ਵਿੱਚ….
ਅਤੇ ਮੈਂ ਦੇਖਿਆ, ਇਹ ਕੋਝ ਦੀ ਨਦੀ ਹੈ
ਦਿੱਲੀ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ |
ਅਤੇ ਉਸ ਗੋਲ ਪਰਬਤ ਵਿਚ ਸੁਰਾਖ ਕਰਨ ਲਈ ,
ਮੈਂ ਕੋਝ ਵਿਚ ਵੜਿਆ ,
ਕੋਝ ਸੰਗ ਲੜਿਆ ,
ਤੇ ਕਈ ਲਹੂ-ਲੁਹਾਨ ਵਰ੍ਹਿਆਂ ਕੋਲੋਂ ਲੰਘਿਆ ।
ਤੇ ਹੁਣ ਮੈਂ ਚਿਹਰੇ ਉੱਤੇ ਯੁੱਧ ਦੇ ਨਿਸ਼ਾਨ ਲੈ ਕੇ ,
ਦੋ ਘੜੀ ਲਈ ਪਿੰਡ ਆਇਆ ਹਾਂ ।
ਤੇ ਉਹੀਉ ਚਾਲ੍ਹੀਆਂ ਵਰ੍ਹਿਆਂ ਦੀ ਕੁੜੀ ,
ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਹੈ |
ਤੇ ਮੈਨੂੰ ਫੇਰ ਉਸ ਦੀਆਂ ਅੱਖਾਂ ‘ਚ ਨੁਕਸ ਲੱਗਦਾ ਹੈ ।

ਦੋ ਤੇ ਦੋ ਤਿੰਨ – ਪਾਸ਼

ਮੈਂ ਸਿੱਧ ਕਰ ਸਕਦਾ ਹਾਂ-
ਕਿ ਦੋ ਤੇ ਦੋ ਤਿੰਨ ਹੁੰਦੇ ਹਨ,
ਵਰਤਮਾਨ ਮਿਥਿਹਾਸ ਹੁੰਦਾ ਹੈ
ਮਨੁੱਖੀ ਸ਼ਕਲ ਚਮਚੇ ਵਰਗੀ ਹੁੰਦੀ ਹੈ |
ਤੁਸੀਂ ਜਾਣਦੇ ਹੋ-
ਕਚਿਹਰੀਆਂ,ਬੱਸ ਅੱਡਿਆਂ ਤੇ ਪਾਰਕਾਂ ‘ਚ
ਸੌ ਸੌ ਦੇ ਨੋਟ ਤੁਰੇ ਫਿਰਦੇ ਹਨ |
ਡਾਇਰੀਆਂ ਲਿਖਦੇ , ਤਸਵੀਰਾਂ ਲੈਂਦੇ
ਤੇ ਰਿਪੋਰਟਾਂ ਭਰਦੇ ਹਨ,
ਕਨੂੰਨ ਰੱਖਿਆ ਕੇਂਦਰਾਂ ਵਿੱਚ
ਪੁੱਤਰ ਨੂੰ ਮਾਂ ਤੇ ਚੜਾਇਆ ਜਾਂਦਾ ਹੈ |
ਖੇਤਾਂ ਵਿੱਚ ‘ਡਾਕੂ’ ਦਿਹਾੜੀਆਂ ਤੇ ਕੰਮ ਕਰਦੇ ਹਨ |
ਮੰਗਾਂ ਮੰਨੀਆਂ ਜਾਣ ਦਾ ਐਲਾਨ ,
ਬੰਬਾਂ ਨਾਲ ਕੀਤਾ ਜਾਂਦਾ ਹੈ |
ਆਪਣੇ ਲੋਕਾਂ ਦੇ ਪਿਆਰ ਦਾ ਅਰਥ
‘ਦੁਸ਼ਮਣ ਦੇਸ਼’ ਦੀ ਏਜੰਟੀ ਹੁੰਦਾ ਹੈ |
ਅਤੇ ਵੱਧ ਤੋਂ ਵੱਧ ਗੱਦਾਰੀ ਦਾ ਤਗਮਾ
ਵੱਡੇ ਤੋਂ ਵੁਡਾ ਰੁਤਬਾ ਹੋ ਸਕਦਾ ਹੈ |
ਤਾਂ –
ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ |
ਵਰਤਮਾਨ ਮਿਥਿਹਾਸ ਵੀ ਹੋ ਸਕਦਾ ਹੈ
ਮਨੁੱਖੀ ਸ਼ਕਲ ਚਮਚੇ ਵਰਗੀ ਹੋ ਸਕਦੀ ਹੈ |

ਸੱਚ – ਪਾਸ਼

ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ ,
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ |
ਇਨ੍ਹਾਂ ਦੁਖਦੇ ਅੰਗਾਂ ਤੇ ਸੱਚ ਨੇ ਇਕ ਜੂਨ ਭੋਗੀ ਹੈ |
ਤੇ ਹਰ ਸੱਚ ਜੂਨ ਭੋਗਣ ਤੋਂ ਬਾਅਦ ,
ਯੁੱਗ ਵਿਚ ਬਦਲ ਜਾਂਦਾ ਹੈ ,
ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ ,
ਫੌਜਾਂ ਦੀਆਂ ਕਤਾਰਾਂ ਵਿੱਚ ਵਿਚਰ ਰਿਹਾ ਹੈ |
ਕੱਲ੍ਹ ਜਦ ਇਹ ਯੁੱਗ ,
ਲਾਲ ਕਿਲ੍ਹੇ ਉਪਰ ਸਿੱਟਿਆਂ ਦਾ ਤਾਜ ਪਹਿਨੀਂ ,
ਸਮੇਂ ਦੀ ਸਲਾਮੀ ਲਏਗਾ ,
ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ |
ਹੁਣ ਸਾਡੀ ਉੱਪਦਰੀ ਜ਼ਾਤ ਨੂੰ ,
ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ;
ਇਹ ਕਹਿ ਛੱਡਣਾ ,
ਕਿ ਝੁੱਗੀਆਂ ’ਚ ਪਸਰਿਆ ਸੱਚ ,
ਕੋਈ ਸ਼ੈਅ ਨਹੀਂ |
ਕੇਡਾ ਕੁ ਸੱਚ ਹੈ ?
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿੱਚ ,
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ |

ਲੋਹਾ – ਪਾਸ਼

ਤੁਸੀਂ ਲੋਹੇ ਦੀ ਕਾਰ ਝੂਟਦੇ ਹੋ ।
ਮੇਰੇ ਕੋਲ ਲੋਹੇ ਦੀ ਬੰਦੂਕ ਹੈ ।
ਮੈਂ ਲੋਹਾ ਖਾਧਾ ਹੈ ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ ।
ਲੋਹਾ ਪਿਘਲਦਾ ਹੈ ,
ਤਾਂ ਭਾਫ਼ ਨਹੀਂ ਨਿਕਲਦੀ ।
ਜਦ ਕੁਠਾਲੀ ਚੁੱਕਣ ਵਾਲਿਆਂ ਦੇ ਦਿਲਾਂ ‘ਚੋ
ਭਾਫ਼ ਨਿਕਲਦੀ ਹੈ
ਤਾਂ ਲੋਹਾ ਪਿਘਲ ਜਾਂਦਾ ਹੈ ।
ਪਿਘਲੇ ਹੋਏ ਲੋਹੇ ਨੂੰ ,
ਕਿਸੇ ਵੀ ਆਕਾਰ ਵਿਚ ,
ਢਾਲਿਆ ਜਾ ਸਕਦਾ ਹੈ ।
ਕੁਠਾਲੀ ਵਿਚ ਮੁਲਕ ਦੀ ਤਕਦੀਰ ਢਲੀ ਪਈ ਹੁੰਦੀ ਹੈ ,
ਮੇਰੀ ਬੰਦੂਕ ,
ਤੁਹਾਡੀਆਂ ਬੈਕਾਂ ਦੇ ਸੇਫ ,
ਪਹਾੜਾਂ ਨੂੰ ਉਲਟਾਣ ਵਾਲੀਆਂ ਮਸ਼ੀਨਾਂ ,
ਸਭ ਲੋਹੇ ਦੇ ਹਨ ।
ਸ਼ਹਿਰ ਤੋਂ ਉਜਾੜ ਤਕ ਹਰ ਫ਼ਰਕ ,
ਭੈਣ ਤੋਂ ਵੇਸਵਾ ਤਕ ਹਰ ਅਹਿਸਾਸ ,
ਮਾਲਕ ਤੋਂ ਮਾਤਹਿਤ ਤਕ ਹਰ ਰਿਸ਼ਤਾ ,
ਬਿੱਲ ਤੋਂ ਕਾਨੂੰਨ ਤਕ ਹਰ ਸਫ਼ਰ ,
ਲੋਟੂ ਨਿਜ਼ਾਮ ਤੋਂ ਇਨਕਲਾਬ ਤਕ ਹਰ ਇਤਿਹਾਸ ,
ਜੰਗਲ, ਭੋਰਿਆਂ ਤੇ ਝੁੱਗੀਆਂ ਤੋਂ ਇੰਟੈਰੋਗੇਸ਼ਨ ਤਕ ,
ਹਰ ਮੁਕਾਮ ,
ਸਭ ਲੋਹੇ ਦੇ ਹਨ ।
ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ
ਕਿ ਲੋਹੇ ‘ਤੇ ਨਿਰਭਰ ਲੋਕ
ਲੋਹੇ ਦੀਆਂ ਪੱਤੀਆਂ ਖਾ ਕੇ ,
ਖ਼ੁਦਕਸ਼ੀ ਕਰਨੋਂ ਹਟ ਜਾਣ ,
ਮਸ਼ੀਨਾਂ ਵਿੱਚ ਆ ਕੇ ਤੂੰਬਾ ਤੂੰਬਾ ਉੱਡਣ ਵਾਲੇ ,
ਲਾਵਾਰਸਾਂ ਦੀਆ ਤੀਵੀਆਂ
ਲੋਹੇ ਦੀਆਂ ਕੁਰਸੀਆਂ ‘ਤੇ ਬੈਠੇ ਵਾਰਸਾਂ ਕੋਲ ,
ਕੱਪੜੇ ਤਕ ਵੀ ਆਪ ਲਾਹੁਣ ਲਈ ਮਜਬੂਰ ਨਾ ਹੋਣ ।
ਆਖ਼ਰ ਲੋਹੇ ਨੂੰ
ਪਸਤੌਲਾਂ, ਬੰਦੂਕਾਂ ਤੇ ਬੰਬਾਂ ਦੀ
ਸ਼ਕਲ ਇਖ਼ਤਿਆਰ ਕਰਨੀ ਪਈ ਹੈ ।
ਤੁਸੀ ਲੋਹੇ ਦੀ ਚਮਕ ਚ ਚੁੰਧਿਆ ਕੇ
ਆਪਣੀ ਧੀ ਨੂੰ ਵਹੁਟੀ ਸਮਝ ਸਕਦੇ ਹੋ ,
(ਪਰ) ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ ਵੀ
ਪਹਿਚਾਣ ਸਕਦਾ ਹਾਂ |
ਕਿਉਂਕਿ
ਮੈਂ ਲੋਹਾ ਖਾਧਾ ਹੈ ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ ।