ਸਰਬੰਸਦਾਨੀ

ਕਵੀਆਂ ਦੇ ਸਿਰਤਾਜ – ਹਰੀ ਸਿੰਘ ਜਾਚਕ

ਕੇਵਲ ਕਲਮ ਦੇ ਧਨੀ ਹੀ ਨਹੀਂ ਸਨ ਉਹ, ਕਲਮਾਂ ਵਾਲਿਆਂ ਦੇ ਕਦਰਦਾਨ ਵੀ ਸਨ।
ਕਵੀਆਂ ਕੋਲੋਂ ਕਵਿਤਾਵਾਂ ਸਨ ਆਪ ਸੁਣਦੇ, ਨਾਲੇ ਬਖ਼ਸ਼ਦੇ ਮਾਣ ਸਨਮਾਨ ਵੀ ਸਨ।
ਭਰ ਭਰ ਕੇ ਢਾਲਾਂ ਇਨਾਮ ਦੇਂਦੇ, ਏਨੇ ਉਨ੍ਹਾਂ ਉੱਤੇ ਮਿਹਰਬਾਨ ਵੀ ਸਨ।
ਸਚਮੁੱਚ ਕਵੀਆਂ ਦੇ ਸਨ ਸਿਰਤਾਜ ਉਹ ਤਾਂ, ਦਾਤਾ ਕਵੀ ਦਰਬਾਰਾਂ ਦੀ ਸ਼ਾਨ ਵੀ ਸਨ।

ਸਰਬੰਸਦਾਨੀ ਤਾਂ ਸਾਰਾ ਸੰਸਾਰ ਕਹਿੰਦੈ – ਹਰੀ ਸਿੰਘ ਜਾਚਕ

ਕੋਈ ਮਰਦ ਅਗੰਮੜਾ ਕਹੇ ਓਹਨੂੰ, ਚੜ੍ਹਦੀ ਕਲਾ ਦਾ ਕੋਈ ਅਵਤਾਰ ਕਹਿੰਦੈ।
ਬਾਜਾਂ ਵਾਲੜਾ ਕੋਈ ਪੁਕਾਰਦਾ ਏ, ਕੋਈ ਨੀਲੇ ਦਾ ਸ਼ਾਹ ਅਸਵਾਰ ਕਹਿੰਦੈ।
ਕੋਈ ਆਖਦਾ ‘ਤੇਗ ਦਾ ਧਨੀ’ ਸੀ ਉਹ, ਦੁਸ਼ਟ ਦਮਨ ਕੋਈ ਸਿਪਾਹ ਸਲਾਰ ਕਹਿੰਦੈ।
ਦਾਤਾ ਅੰਮ੍ਰਿਤ ਦਾ ‘ਜਾਚਕਾ’ ਕਹੇ ਕੋਈ, ਸਰਬੰਸਦਾਨੀ ਤਾਂ ਸਾਰਾ ਸੰਸਾਰ ਕਹਿੰਦੈ।

ਸਰਬੰਸਦਾਨੀ – ਹਰੀ ਸਿੰਘ ਜਾਚਕ

ਵੇਖੇ ਸਮੇਂ ਅਣਗਿਣਤ ਇਨਸਾਨ ਏਥੇ, ਜ਼ਿਕਰ ਕਈਆਂ ਦਾ ਵਿੱਚ ਇਤਿਹਾਸ ਹੋਇਆ।
ਅੱਖਾਂ ਗਈਆਂ ਚੁੰਧਿਆ ਸੰਸਾਰ ਦੀਆਂ, ਪਟਨੇ ਵਿੱਚ ਜਦ ਨੂਰੀ ਪ੍ਰਕਾਸ਼ ਹੋਇਆ।
ਆਇਆ ਅੱਲਾ ਦਾ ਰੂਪ ਏ ਜੱਗ ਅੰਦਰ, ਭੀਖਣ ਸ਼ਾਹ ਨੂੰ ਓਦੋਂ ਵਿਸ਼ਵਾਸ ਹੋਇਆ।
ਏਸ ਜਗਤ ਤਮਾਸ਼ੇ ਨੂੰ ਦੇਖਣੇ ਲਈ, ਪ੍ਰਗਟ ਮਰਦ ਅਗੰਮੜਾ ਖਾਸ ਹੋਇਆ।

ਪੋਹ ਸੁਦੀ ਸਤਵੀਂ, ਐਤਵਾਰ ਦੇ ਦਿਨ, ਪ੍ਰਗਟ ਹੋਇਆ ਸੀ ਪੁਰਖ ਭਗਵੰਤ ਪਟਨੇ।
ਚਾਨਣ ਚਾਨਣ ਸੀ ਹੋ ਗਿਆ ਚਹੁੰ ਪਾਸੀਂ, ਅੰਧਕਾਰ ਦਾ ਹੋ ਗਿਆ ਅੰਤ ਪਟਨੇ।
ਭਗਤੀ ਸ਼ਕਤੀ ਨੂੰ ਆਪਣੇ ਨਾਲ ਲੈ ਕੇ, ਪਰਗਟ ਹੋਇਆ ਸਿਪਾਹੀ ਤੇ ਸੰਤ ਪਟਨੇ।
ਚਹਿਕ ਮਹਿਕ ਤੇ ਟਹਿਕ ਸੀ ਹਰ ਪਾਸੇ, ਮਾਨੋਂ ਖਿੜ ਗਈ ਰੁੱਤ ਬਸੰਤ ਪਟਨੇ।

ਪਟਨੇ ਸ਼ਹਿਰ ਦੀ ਪਾਵਨ ਧਰਤ ਉਤੇ, ਪੰਥ ਖਾਲਸੇ ਦਾ ਸਾਜਣਹਾਰ ਆਇਆ।
ਢਹਿੰਦੀ ਕਲਾ ਦੀ ਖੱਡ ’ਚੋਂ ਕੱਢਣੇ ਲਈ, ਚੜ੍ਹਦੀ ਕਲਾ ਦਾ ਸੀ ਅਵਤਾਰ ਆਇਆ।
ਸਮਝੇ ਜਾਂਦੇ ਸੀ ਨੀਵੇਂ ਅਛੂਤ ਜਿਹੜੇ, ਉਨ੍ਹਾਂ ਤਾਂਈਂ ਬਣਾਉਣ ਸਰਦਾਰ ਆਇਆ।
ਮੁਰਦਾ ਦਿਲਾਂ ਅੰਦਰ ਜਾਨ ਪਾਉਣ ਖਾਤਰ, ਕਲਗੀਧਰ ਸੀ ਵਿੱਚ ਸੰਸਾਰ ਆਇਆ।

ਸ਼ਿਵ ਦਤ ਪੰਡਤ, ਦਰਸ਼ਨ ਜਦੋਂ ਕੀਤੇ, ਅੱਖਾਂ ਸਾਹਮਣੇ ਕ੍ਰਿਸ਼ਨ ਤੇ ਰਾਮ ਡਿੱਠਾ।
ਰਹੀਮ ਬਖ਼ਸ ਨਵਾਬ ਵੀ ਵਿੱਚ ਪਟਨੇ, ਝੁੱਕ ਝੁੱਕ ਕੇ ਕਰਦਾ ਸਲਾਮ ਡਿੱਠਾ।
ਕਿਹਾ ਦਿਲ ਦਾ ਟੁੱਕੜਾ ਸੀ ਉਸ ਤਾਂਈਂ, ਰਾਣੀ ਮੈਣੀ ਨੇ ਜਦੋਂ ਵਰਿਆਮ ਡਿੱਠਾ।
ਓਹਦੀ ਮਾਂ ਦੀ ਮਮਤਾ ਸੀ ਹੋਈ ਪੂਰੀ, ਗੋਦੀ ਵਿੱਚ ਜਦ ਬੈਠਾ ਬਲਰਾਮ ਡਿੱਠਾ।

ਸਮੇਂ ਸਮੇਂ ’ਤੇ ਬਿਜਲੀਆਂ ਕੜਕ ਪਈਆਂ, ਛੋਟੀ ਉਮਰ ਤੋਂ ਹੀ ਹੋਣਹਾਰ ਉੱਤੇ।
ਨੌਂ ਸਾਲ ’ਚ ਪਿਤਾ ਜੀ ਵਾਰ ਦਿੱਤੇ, ਸਾਇਆ ਰਿਹਾ ਨਹੀਂ ਸੀ ਬਰਖੁਰਦਾਰ ਉੱਤੇ।
ਅੱਖਾਂ ਸਾਹਵੇਂ ਨਜ਼ਾਰੇ ਨੂੰ ਤੱਕ ਰਹੇ ਸੀ, ਹੋਣੀ ਟੁੱਟਣੀ ਸਾਰੇ ਪ੍ਰਵਾਰ ਉੱਤੇ।
ਅਣਖੀ ਕੌਮ ਦੀ ਸਾਜਨਾ ਕਰਨ ਦੇ ਲਈ, ਕੀਤੀ ਪਰਖ ਤਲਵਾਰ ਦੀ ਧਾਰ ਉੱਤੇ।

ਪਾਵਨ ਪੁਰੀ ਅਨੰਦ ਦੀ ਧਰਤ ਉੱਤੇ, ਚੌਹਾਂ ਵਰਨਾਂ ਨੂੰ ਦਿੱਤਾ ਸੀ ਮੇਲ ਸਤਿਗੁਰ।
ਸੀਸ ਮੰਗ ਕੇ ਪੰਜਾਂ ਪਿਆਰਿਆਂ ਦੇ, ਕੀਤਾ ਕੋਈ ਅਨੋਖਾ ਸੀ ਖੇਲ ਸਤਿਗੁਰ।
ਕੱਠੇ ਕਰਕੇ ਸ਼ਸਤਰ ਅਤੇ ਸਾਸ਼ਤਰ, ਭਗਤੀ ਸ਼ਕਤੀ ਦਾ ਕੀਤਾ ਸੁਮੇਲ ਸਤਿਗੁਰ।
ਚੱਪੂ ਅੰਮ੍ਰਿਤ ਦੇ ਲਾ ਕੇ ਕੌਮ ਤਾਂਈਂ, ਦਿੱਤਾ ਵਿਸ਼ਵ ਸਮੁੰਦਰ ’ਚ ਠੇਲ ਸਤਿਗੁਰ।

ਕੇਸਗੜ੍ਹ ’ਤੇ ਬਖ਼ਸ ਕੇ ਦਾਤ ਅੰਮ੍ਰਿਤ, ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ।
ਦਾਤ ਅੰਮ੍ਰਿਤ ਦੀ ਮੰਗ ਫਿਰ ਚੇਲਿਆਂ ਤੋਂ,ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ।
ਆਪਣੇ ਪੁੱਤਰਾਂ ਤੋਂ ਪਿਆਰੇ ਖਾਲਸੇ ਤੋਂ, ਖਾਨਦਾਨ ਲੁਟਾਇਆ ਸੀ ਪਾਤਸ਼ਾਹ ਨੇ।
ਜੋ ਕੁਝ ਕੋਈ ਨਹੀਂ ਦੁਨੀਆਂ ’ਚ ਕਰ ਸਕਿਆ, ਉਹ ਕਰ ਵਿਖਾਇਆ ਸੀ ਪਾਤਸ਼ਾਹ ਨੇ।

ਸੁਤੀਆਂ ਸ਼ਕਤੀਆਂ ਤਾਂਈਂ ਜਗਾ ਕੇ ਤੇ, ਗੁਰਾਂ ਕੀਤਾ ਸੀ ਆਤਮ ਵਿਸ਼ਵਾਸ਼ ਪੈਦਾ।
ਗੱਲ ਕਰਕੇ ਡੰਕੇ ਦੀ ਚੋਟ ਉੱਤੇ, ਜੀਵਨ ਜਿਉੂਣ ਲਈ ਕੀਤਾ ਹੁਲਾਸ ਪੈਦਾ।
ਸਰਬ ਕਲਾ ਸੰਪੂਰਨ ਦਸਮੇਸ਼ ਜੀ ਨੇ, ਟੁੱਟੇ ਦਿਲਾਂ ’ਚ ਕੀਤਾ ਧਰਵਾਸ ਪੈਦਾ।
ਢਹਿੰਦੀ ਕਲਾ ਨੂੰ ਕੱਢ ਕੇ ਦਿਲਾਂ ਵਿੱਚੋਂ, ਚੜ੍ਹਦੀ ਕਲਾ ਦਾ ਕੀਤਾ ਅਹਿਸਾਸ ਪੈਦਾ।

ਅਜ ਪੁਰੀ ਅਨੰਦ ਨੂੰ ਛੱਡ ਕੇ ਤੇ, ਕਲਗੀ ਵਾਲੜਾ ਚਲਿਆ ਖਿੜੇ ਮੱਥੇ।
ਘੱਲਿਆ ਜੰਗ ਦੇ ਵਿੱਚ ਅਜੀਤ ਯੋਧਾ, ਫਿਰ ਜੁਝਾਰ ਵੀ ਘੱਲਿਆ ਖਿੜੇ ਮੱਥੇ।
ਵਗਿਆ ਨੈਣੋਂ ਦਰਿਆ ਨਾ ਹੰਝੂਆਂ ਦਾ, ਸੀਨੇ ਵਿੱਚ ਹੀ ਠੱਲਿਆ ਖਿੜੇ ਮੱਥੇ।
ਜਿਹੜਾ ਦੁੱਖ ਨਹੀਂ ਕੋਈ ਵੀ ਝੱਲ ਸਕਦਾ, ਉਹ ਦਸਮੇਸ਼ ਨੇ ਝੱਲਿਆ ਖਿੜੇ ਮੱਥੇ।

ਖੂਨੀ ਗੜੀ ਚਮਕੌਰ ਦੀ ਜੰਗ ਅੰਦਰ, ਨਾਲ ਬਰਛਿਆਂ ਦੇ ਬਰਛੇ ਠਹਿਕਦੇ ਸੀ।
ਵਾਛੜ ਤੀਰਾਂ ਦੀ ਜਦੋਂ ਦਸਮੇਸ਼ ਕਰਦੇ, ਦੁਸ਼ਮਣ ਤੜਪਦੇ ਸੀ ਨਾਲੇ ਸਹਿਕਦੇ ਸੀ।
ਚਾਲੀ ਸੂਰਮੇ ਤੇ ਵੱਡੇ ਲਾਲ ਦੋਵੇਂ, ਦਸਮ ਪਿਤਾ ਦੀ ਮਹਿਕ ਨਾਲ ਮਹਿਕਦੇ ਸੀ।
ਵਾਰੋ ਵਾਰੀ ਫਿਰ ਟੁੱਟ ਗਏ ਫੁੱਲ ਦੋਵੇਂ, ਜਿਹੜੇ ਸਿੱਖੀ ਦੇ ਬਾਗ ਵਿੱਚ ਟਹਿਕਦੇ ਸੀ।

ਹੁਕਮ ਖਾਲਸਾ ਪੰਥ ਦਾ ਮੰਨ ਕੇ ਤੇ, ਤਾੜੀ ਮਾਰ ਕੇ ਜਾਂਦਾ ਦਾਤਾਰ ਤੱਕੋ।
ਨਾ ਬਾਜ ਨਾ ਤਾਜ ਨਾ ਲਾਉ ਲਸ਼ਕਰ, ਪੈਦਲ ਜਾ ਰਿਹਾ ਸ਼ਾਹ ਸਵਾਰ ਤੱਕੋ।
ਸੇਜ ਕੰਡਿਆਂ ਦੀ, ਤਕੀਆ ਟਿੰਡ ਦਾ ਏ, ਗਗਨ ਰੂਪੀ ਰਜਾਈ ਵਿਚਕਾਰ ਤੱਕੋ।
ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤਾ, ਬਾਰੰਬਾਰ ਤੱਕੋ, ਬਾਰ ਬਾਰ ਤੱਕੋ।

ਦੱਸਿਆ ਮਾਹੀ ਜਦ ਕਲਗੀਆਂ ਵਾਲੜੇ ਨੂੰ, ਫੁੱਲ ਟਹਿਣੀਉਂ ਡਿੱਗੇ ਨੇ ਟੁੱਟ ਕੇ ਤੇ।
ਮਾਤਾ ਗੁਜਰੀ ਵੀ ਆਖਰ ਫਿਰ ਪਾਏ ਚਾਲੇ, ਜੀਹਨਾਂ ਲਾਏ ਛਾਤੀ ਘੁੱਟ ਘੁੱਟ ਕੇ ਤੇ।
ਚਿਣੀਆਂ ਨੀਹਾਂ ’ਚ ਸੁਣ ਮਾਸੂਮ ਜਿੰਦਾਂ, ਸੰਗਤ ਰੋਈ ਓਦੋਂ ਫੁੱਟ ਫੁੱਟ ਕੇ ਤੇ।
ਜੜ੍ਹ ਜ਼ੁਲਮ ਦੀ ਕਿਹਾ ਹੁਣ ਗਈ ਪੁੱਟੀ, ਦਸਮ ਪਿਤਾ ਨੇ ਕਾਹੀ ਨੂੰ ਪੁੱਟ ਕੇ ਤੇ।

ਦਸਮ ਪਿਤਾ ਦੇ ਗੁਣ ਨਹੀਂ ਗਿਣੇ ਜਾਂਦੇ, ਸੰਤ ਸਿਪਾਹੀ ਸੀ ਤੇ ਨੀਤੀਵਾਨ ਵੀ ਸੀ।
ਯੋਧੇ, ਸੂਰਮੇ ਬੀਰ ਜਰਨੈਲ ਭਾਰੀ, ਕੋਮਲ ਚਿਤ ਤੇ ਬੜੇ ਨਿਰਮਾਨ ਵੀ ਸੀ।
ਸ਼ਾਇਰ ਸਨ ਕਮਾਲ ਦੇ ਪਾਤਸ਼ਾਹ ਜੀ, ਕਰਦੇ ਕਵੀਆਂ ਦਾ ‘ਜਾਚਕ’ ਸਨਮਾਨ ਵੀ ਸੀ।
ਪਤਝੜ ਵਿੱਚ ਬਸੰਤ ਲਿਆਉਣ ਵਾਲੇ, ਮਹਾਂ ਦਾਨੀ ਮਹਾਨ ਇਨਸਾਨ ਵੀ ਸੀ।