// date/time stamp of post was here - reel ?>
ਤੁਸੀਂ ਲੋਹੇ ਦੀ ਕਾਰ ਝੂਟਦੇ ਹੋ ।
ਮੇਰੇ ਕੋਲ ਲੋਹੇ ਦੀ ਬੰਦੂਕ ਹੈ ।
ਮੈਂ ਲੋਹਾ ਖਾਧਾ ਹੈ ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ ।
ਲੋਹਾ ਪਿਘਲਦਾ ਹੈ ,
ਤਾਂ ਭਾਫ਼ ਨਹੀਂ ਨਿਕਲਦੀ ।
ਜਦ ਕੁਠਾਲੀ ਚੁੱਕਣ ਵਾਲਿਆਂ ਦੇ ਦਿਲਾਂ ‘ਚੋ
ਭਾਫ਼ ਨਿਕਲਦੀ ਹੈ
ਤਾਂ ਲੋਹਾ ਪਿਘਲ ਜਾਂਦਾ ਹੈ ।
ਪਿਘਲੇ ਹੋਏ ਲੋਹੇ ਨੂੰ ,
ਕਿਸੇ ਵੀ ਆਕਾਰ ਵਿਚ ,
ਢਾਲਿਆ ਜਾ ਸਕਦਾ ਹੈ ।
ਕੁਠਾਲੀ ਵਿਚ ਮੁਲਕ ਦੀ ਤਕਦੀਰ ਢਲੀ ਪਈ ਹੁੰਦੀ ਹੈ ,
ਮੇਰੀ ਬੰਦੂਕ ,
ਤੁਹਾਡੀਆਂ ਬੈਕਾਂ ਦੇ ਸੇਫ ,
ਪਹਾੜਾਂ ਨੂੰ ਉਲਟਾਣ ਵਾਲੀਆਂ ਮਸ਼ੀਨਾਂ ,
ਸਭ ਲੋਹੇ ਦੇ ਹਨ ।
ਸ਼ਹਿਰ ਤੋਂ ਉਜਾੜ ਤਕ ਹਰ ਫ਼ਰਕ ,
ਭੈਣ ਤੋਂ ਵੇਸਵਾ ਤਕ ਹਰ ਅਹਿਸਾਸ ,
ਮਾਲਕ ਤੋਂ ਮਾਤਹਿਤ ਤਕ ਹਰ ਰਿਸ਼ਤਾ ,
ਬਿੱਲ ਤੋਂ ਕਾਨੂੰਨ ਤਕ ਹਰ ਸਫ਼ਰ ,
ਲੋਟੂ ਨਿਜ਼ਾਮ ਤੋਂ ਇਨਕਲਾਬ ਤਕ ਹਰ ਇਤਿਹਾਸ ,
ਜੰਗਲ, ਭੋਰਿਆਂ ਤੇ ਝੁੱਗੀਆਂ ਤੋਂ ਇੰਟੈਰੋਗੇਸ਼ਨ ਤਕ ,
ਹਰ ਮੁਕਾਮ ,
ਸਭ ਲੋਹੇ ਦੇ ਹਨ ।
ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ
ਕਿ ਲੋਹੇ ‘ਤੇ ਨਿਰਭਰ ਲੋਕ
ਲੋਹੇ ਦੀਆਂ ਪੱਤੀਆਂ ਖਾ ਕੇ ,
ਖ਼ੁਦਕਸ਼ੀ ਕਰਨੋਂ ਹਟ ਜਾਣ ,
ਮਸ਼ੀਨਾਂ ਵਿੱਚ ਆ ਕੇ ਤੂੰਬਾ ਤੂੰਬਾ ਉੱਡਣ ਵਾਲੇ ,
ਲਾਵਾਰਸਾਂ ਦੀਆ ਤੀਵੀਆਂ
ਲੋਹੇ ਦੀਆਂ ਕੁਰਸੀਆਂ ‘ਤੇ ਬੈਠੇ ਵਾਰਸਾਂ ਕੋਲ ,
ਕੱਪੜੇ ਤਕ ਵੀ ਆਪ ਲਾਹੁਣ ਲਈ ਮਜਬੂਰ ਨਾ ਹੋਣ ।
ਆਖ਼ਰ ਲੋਹੇ ਨੂੰ
ਪਸਤੌਲਾਂ, ਬੰਦੂਕਾਂ ਤੇ ਬੰਬਾਂ ਦੀ
ਸ਼ਕਲ ਇਖ਼ਤਿਆਰ ਕਰਨੀ ਪਈ ਹੈ ।
ਤੁਸੀ ਲੋਹੇ ਦੀ ਚਮਕ ਚ ਚੁੰਧਿਆ ਕੇ
ਆਪਣੀ ਧੀ ਨੂੰ ਵਹੁਟੀ ਸਮਝ ਸਕਦੇ ਹੋ ,
(ਪਰ) ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ ਵੀ
ਪਹਿਚਾਣ ਸਕਦਾ ਹਾਂ |
ਕਿਉਂਕਿ
ਮੈਂ ਲੋਹਾ ਖਾਧਾ ਹੈ ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ ।