ਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ – ਹਰੀ ਸਿੰਘ ਜਾਚਕ
ਸਿਹਾਰੀ ਮੱਲ ਨੇ ਬੇਨਤੀ ਆਣ ਕੀਤੀ, ਮੇਰੇ ਪੁੱਤਰ ਦਾ ਹੈ ਵਿਆਹ ਸਤਿਗੁਰ।
ਸ਼ਾਮਲ ਹੋਣਾ ਏ ਤੁਸਾਂ ਨੇ ਪਾਤਸ਼ਾਹ ਜੀ, ਮੇਰੇ ਮਨ ਦੀ ਇਹੋ ਹੈ ਚਾਹ ਸਤਿਗੁਰ।
ਚਰਨ ਪਾਉ ਹੁਣ ਤੁਸੀਂ ਲਾਹੌਰ ਅੰਦਰ, ਚਲੂ ਬਾਣੀ ਦਾ ਨਾਲੇ ਪ੍ਰਵਾਹ ਸਤਿਗੁਰ।
ਏਧਰ ਖੇਚਲ ਤੋਂ ਉਹਨੂੰ ਬਚਾਉਣ ਦੇ ਲਈ, ਲਭ ਰਹੇ ਸਨ ਢੁਕਵਾਂ ਰਾਹ ਸਤਿਗੁਰ।
ਕਾਫ਼ੀ ਸੋਚ ਵਿਚਾਰ ਕੇ ਕਿਹਾ ਦਾਤੇ, ਤਿੰਨਾਂ ਵਿੱਚੋਂ ਲਾਹੌਰ ਕੋਈ ਜਾਊ ਪੁੱਤਰ।
ਸ਼ਾਮਲ ਹੋਏਗਾ ਏਸ ਵਿਆਹ ਅੰਦਰ, ਸਾਕ ਸਬੰਧੀਆਂ ਨੂੰ ਮਿਲ ਆਊ ਪੁੱਤਰ।
ਪ੍ਰਿਥੀ ਚੰਦ ਨੇ ਸਾਫ ਸੀ ਨਾਂਹ ਕੀਤੀ, ਮਹਾਂਦੇਵ ਸੀ ਕੰਮ ਚਲਾਊ ਪੁੱਤਰ।
ਆਖਰ ਗੁਰਾਂ ਨੇ ਕਿਹਾ ਲਾਹੌਰ ਜਾਊ, ਅਰਜਨ ਮੱਲ ਜੋ ਮੇਰਾ ਏ ਸਾਊ ਪੁੱਤਰ।
ਭਾਵੇਂ ਉਮਰ ’ਚ ਛੋਟੇ ਸਨ ਸਾਰਿਆਂ ਤੋਂ, ਐਪਰ ਗੁਣਾਂ ਦੇ ਸੀ ਭੰਡਾਰ ਅਰਜਨ।
ਹੁਕਮ ਮੰਨਿਆ ਗੁਰਾਂ ਦਾ ਖਿੜੇ ਮੱਥੇ, ਕਿਉਂਕਿ ਸ਼ੁਰੂ ਤੋਂ ਸੀ ਆਗਿਆਕਾਰ ਅਰਜਨ।
ਮਾਤਾ ਭਾਨੀ ਨੇ ਪਾਵਨ ਅਸੀਸ ਦਿੱਤੀ, ਵੱਧ ਫੁਲ ਤੂੰ ਵਿੱਚ ਸੰਸਾਰ ਅਰਜਨ।
ਗੁਰੂ ਪਿਤਾ ਜੋ ਦਿੱਤਾ ਆਦੇਸ਼ ਤੈਨੂੰ, ਜਾ ਕੇ ਕਰੀਂ ਤੂੰ ਧਰਮ ਪ੍ਰਚਾਰ ਅਰਜਨ।
ਕਿਹਾ ਪੁੱਤ ਨੇ ਸੀਸ ਝੁਕਾ ਕੇ ਤੇ, ਮੈਂ ਲਾਹੌਰ ਹੁਣ ਜਾਊਂਗਾ, ਪਿਤਾ ਜੀਓ।
ਮੈਨੂੰ ਤੁਸਾਂ ਨੇ ਕੀਤੈ ਜੋ ਹੁਕਮ ਪਾਵਨ, ਉਸ ’ਤੇ ਫੁੱਲ ਚੜਾਊਂਗਾ, ਪਿਤਾ ਜੀਓ।
ਓਥੇ ਰਹਿੰਦੀਆਂ ਗੁਰੂ ਕੀਆਂ ਸੰਗਤਾਂ ਦਾ, ਦੁਖ ਦਰਦ ਵੰਡਾਊਂਗਾ, ਪਿਤਾ ਜੀਓ।
ਹੁਕਮ ਕਰੋਗੇ ਜਦੋਂ ਵੀ ਆਉਣ ਬਾਰੇ, ਵਾਪਸ ਓਦੋਂ ਹੀ ਆਊਂਗਾ, ਪਿਤਾ ਜੀਓ।
ਜਿਉਂਦਾ ਰਹਿ ਬੇਟਾ, ਸੀਨੇ ਠੰਢ ਪਾਈ, ਮੁੱਖ ਵਿੱਚੋਂ ਫੁਰਮਾਇਆ ਸੀ ਪਾਤਸ਼ਾਹ ਨੇ।
ਵਰ੍ਹਦੇ ਰਹਿਣ ਬੱਦਲ ਸਦਾ ਰਹਿਮਤਾਂ ਦੇ, ਏਦਾਂ ਆਖ ਸੁਣਾਇਆ ਸੀ ਪਾਤਸ਼ਾਹ ਨੇ।
ਹੁਕਮ ਮੰਨਣਾ, ਭਾਣੇ ਦੇ ਵਿੱਚ ਰਹਿਣਾ, ਇਹ ਵੀ ਮੁੱਖੋਂ ਅਲਾਇਆ ਸੀ ਪਾਤਸ਼ਾਹ ਨੇ।
ਆਉਣ ਵਾਲੜੇ ਕੱਲ੍ਹ ਦਾ ਆਖ ਸੂਰਜ, ਸੀਨੇ ਨਾਲ ਲਗਾਇਆ ਸੀ ਪਾਤਸ਼ਾਹ ਨੇ।
ਖਿੜ੍ਹੇ ਮੱਥੇ ਵਿਆਹ ਵਿਚ ਹੋਏ ਸ਼ਾਮਲ, ਤੱਕ ਤੱਕ ਜਾ ਰਹੇ ਸਨ ਬਲਿਹਾਰ ਸਾਰੇ।
ਬੜੇ ਪਿਆਰ ਸਤਿਕਾਰ ਨਾਲ ਮਿਲੇ ਸਭ ਨੂੰ, ਆਏ ਜੋ ਹੈਸਨ ਰਿਸ਼ਤੇਦਾਰ ਸਾਰੇ।
ਗੁਰੂ ਘਰ ਨਾਲ ਜੀਹਨਾਂ ਦਾ ਮੋਹ ਹੈਸੀ, ਉਹ ਵੀ ਮਿਲੇ ਸਨ ਓਥੇ ਪਰਵਾਰ ਸਾਰੇ।
ਮੋਹ ਭਿੱਜੇ ਹੋਏ ਬੋਲ ਕੇ ਬੋਲ ਸੋਹਣੇ, ਦੇ ਰਹੇ ਸਨ ਪਿਆਰ ਸਤਿਕਾਰ ਸਾਰੇ।
ਸੋਨੇ ਉਤੇ ਸੁਹਾਗੇ ਦਾ ਕੰਮ ਹੋਇਆ, ਆਏ ਜਦੋਂ ਅਰਜਨ ਧਰਮਸਾਲ ਅੰਦਰ।
ਲੱਗਣ ਲੱਗ ਪਏ ਪਾਵਨ ਦੀਵਾਨ ਸੋਹਣੇ, ਕੀਰਤਨ ਕਰਨ ਲੱਗੇ ਸੁਰ ਤਾਲ ਅੰਦਰ।
ਕਈ ਮਹੀਨੇ ਜਦ ਬੀਤ ਗਏ ਵਿਛੜਿਆਂ ਨੂੰ, ਉੱਠਣ ਲੱਗ ਪਏ ਕਈ ਭੁਚਾਲ ਅੰਦਰ।
ਆਖਰ ਹੋ ਕੇ ਬ੍ਰਿਹੋਂ ਦੇ ਵਿੱਚ ਬਿਹਬਲ, ਚਿੱਠੀ ਪਾਈ ਲਿਖ ਕੇ ਸਾਰਾ ਹਾਲ ਅੰਦਰ।
ਮੋਹ ਭਿੱਜੇ ਸਨ ਏਦਾਂ ਕੁਝ ਲਿਖੇ ਅੱਖਰ, ਸਹਿ ਨਹੀਂ ਹੁੰਦਾ ਵਿੱਛੋੜੇ ਦਾ ਦੁੱਖ ਦਾਤਾ।
ਮਨ ਲੋਚਦਾ ਆਪ ਦੇ ਦਰਸ਼ਨਾਂ ਨੂੰ, ਚਾਹਵਾਂ ਵੇਖਣਾ ਆਪ ਦਾ ਮੁੱਖ ਦਾਤਾ।
ਰੋਮ ਰੋਮ ਅੰਦਰ ਕਾਫੀ ਸਮੇਂ ਤੋਂ ਹੀ, ਅੱਗ ਬਿਰਹੋਂ ਦੀ ਰਹੀ ਏ ਧੁੱਖ ਦਾਤਾ।
ਤੜਪ ਰਿਹਾ ਹਾਂ ਚਾਤ੍ਰਿਕ ਵਾਂਗ ਹਰਦਮ, ਭੇਜੋ ਹੁਕਮ ਤਾਂ ਹੋਵਾਂ ਸਨਮੁੱਖ ਦਾਤਾ।
ਚਿੱਠੀ ਲੈ ਕੇ ਗੁਰਾਂ ਦਾ ਇਕ ਸੇਵਕ, ਅੰਮ੍ਰਿਤਸਰ ਦੇ ਵੱਲ ਰਵਾਨ ਹੋਇਆ।
ਪਹੁੰਚ ਗਿਆ ਉਹ ਮੰਜ਼ਲਾਂ ਮਾਰ ਕੇ ਤੇ, ਸਾਰੇ ਰਾਹ ਹੀ ਅੰਤਰ ਧਿਆਨ ਹੋਇਆ।
ਸਜੇ ਹੋਏ ਸਨ ਆਸਨ ’ਤੇ ਪਾਤਸ਼ਾਹ ਜੀ, ਸੋਹਣਾ ਲੱਗਾ ਸੀ ਪਾਵਨ ਦੀਵਾਨ ਹੋਇਆ।
ਪ੍ਰਿਥੀ ਚੰਦ ਨੂੰ ਚਿੱਠੀ ਉਹ ਦੇ ਕੇ ਤੇ, ਵਾਪਸ ਮੁੜ ਪਿਆ ਬੇਧਿਆਨ ਹੋਇਆ।
ਕਾਫੀ ਸਮਾਂ ਨਾ ਜਦੋਂ ਜੁਆਬ ਆਇਆ, ਗੁਰੂ ਪਿਤਾ ਵੱਲ ਦੂਸਰੀ ਪਾਈ ਚਿੱਠੀ।
ਦਰਸ਼ਨ ਕੀਤਿਆਂ ਨੂੰ ਕਾਫੀ ਸਮਾਂ ਹੋਇਆ, ਨਾ ਕੋਈ ਸੱਦਾ ਨਾ ਆਪ ਤੋਂ ਆਈ ਚਿੱਠੀ।
ਗੁਰੂ ਪਿਤਾ ਨੂੰ, ਦਿਲ ਦਾ ਦਰਦ ਲਿਖ ਕੇ, ਸੇਵਾਦਾਰ ਨੂੰ ਆਖਰ ਫੜਾਈ ਚਿੱਠੀ।
ਪ੍ਰਿਥੀ ਚੰਦ ਨੇ ਚੱਲ ਕੇ ਚਾਲ ਕੋਝੀ, ਬ੍ਰਿਹੋਂ ਭਰੀ ਇਹ ਫੇਰ ਲੁਕਾਈ ਚਿੱਠੀ।
ਘਰ ਦਾ ਬੰਦਾ ਜੇ ਘਰ ਨੂੰ ਸੰਨ੍ਹ ਲਾਵੇ, ਕਿਸ ਦੇ ਨਾਂ ਤੇ ਚੋਰੀ ਇਹ ਮੜ੍ਹੀ ਜਾਵੇ।
ਪ੍ਰਿਥੀ ਚੰਦ ਵੀ ਏਦਾਂ ਹੀ ਘਰ ਅੰਦਰ, ਚੋਰ ਵਾਂਗਰਾਂ ਚਿੱਠੀਆਂ ਫੜੀ ਜਾਵੇ।
ਫੋਕੇ ਹਉਮੈਂ ਹੰਕਾਰ ਦੇ ਛੱਡ ਗੋਲੇ, ਅੱਗ ਈਰਖਾ ਦੀ ਅੰਦਰ ਸੜੀ ਜਾਵੇ।
ਕਿਤੇ ਅਰਜਨ ਨੂੰ ਗੱਦੀ ਨਾ ਮਿਲ ਜਾਵੇ, ਦਿਨੇ ਰਾਤ ਉਹ ਸਾਜਿਸ਼ਾਂ ਘੜੀ ਜਾਵੇ।
ਹੁੰਦੀ ਵੱਡੀ ਏ ਸਜਾ ਉਡੀਕ ਵਾਲੀ, ਸਮਾਂ ਬੀਤਿਆ ਬੇਹਿਸਾਬ ਹੈਸੀ।
ਤੀਜਾ ਪੱਤਰ ਫਿਰ ਲਿਖਦਿਆਂ ਗੁਰਾਂ ਵੱਲੇ, ਵੱਗਿਆ ਨੈਣਾਂ ’ਚੋਂ ਰਾਵੀ ਚਨਾਬ ਹੈਸੀ।
ਹੁਣ ਤਾਂ ਰਾਤ ਨੂੰ ਕਦੇ ਨਾ ਨੀਂਦ ਆਵੇ, ਨਾ ਕੋਈ ਸੱਦ ਨਾ ਆਇਆ ਜਵਾਬ ਹੈਸੀ।
ਕਹਿਣਾ ਗੁਰਾਂ ਨੂੰ ਗੁਰਮੁਖਾ ਦੇ ਚਿੱਠੀ, ਅਰਜਨ ਮਿਲਣ ਲਈ ਬੜਾ ਬੇਤਾਬ ਹੈਸੀ।
ਬਿਨਾਂ ਜਲ ਤੋਂ ਮੱਛੀ ਜਿਉਂ ਤੜਪਦੀ ਏ, ਏਦਾਂ ਤੜਪਦੇ ਰਹੇ ਲਾਹੌਰ ਅੰਦਰ।
ਚੜ੍ਹਦੀ ਕਲਾ ਦਾ ਪੱਲਾ ਪਰ ਨਹੀਂ ਛੱਡਿਆ, ਓਨ੍ਹਾਂ ਮੁਸ਼ਕਲਾਂ ਭਰੇ ਇਸ ਦੌਰ ਅੰਦਰ।
ਗੁਰੂ ਪਿਤਾ ਲਈ ਧੁਰੋਂ ਸੀ ਖਿੱਚ ਏਦਾਂ, ਖਿੱਚ ਫੁੱਲ ਦੀ ਜਿਸ ਤਰ੍ਹਾਂ ਭੌਰ ਅੰਦਰ।
ਅੱਗ ਬਿਰਹੋਂ ਵਿਛੋੜੇ ਦੀ ਧੁਖ ਰਹੀ ਸੀ, ਧੁਰ ਕੀ ਬਾਣੀ ਦੇ ਕਵੀ ਸਿਰਮੌਰ ਅੰਦਰ।
ਜਾਂਦੇ ਸਾਰ ਉਸ ਗੁਰਾਂ ਨੂੰ ਟੇਕ ਮੱਥਾ, ਕਰ ਕਮਲਾਂ ਦੇ ਵਿੱਚ ਫੜ੍ਹਾਈ ਚਿੱਠੀ।
ਮੋਹ ਭਿੱਜੇ ਇਸ ਚਿੱਠੀ ਦੇ ਪੜ੍ਹ ਅੱਖਰ, ਗੁਰਾਂ ਚੁੰਮ ਕੇ ਸੀਨੇ ਨਾਲ ਲਾਈ ਚਿੱਠੀ।
ਪ੍ਰਿਥੀ ਚੰਦ ਨੂੰ ਪੁਛਿਆ ਸਤਿਗੁਰਾਂ ਨੇ, ਪਹਿਲੀ ਦੂਜੀ ਤੂੰ ਕਿਥੇ ਛੁਪਾਈ ਚਿੱਠੀ।
ਖੁਲ੍ਹ ਗਿਆ ਸੀ ਢੋਲ ਦਾ ਪੋਲ ਸਾਰਾ, ਗੁਰਾਂ ਜੇਬ ’ਚੋਂ ਜਦੋਂ ਕਢਵਾਈ ਚਿੱਠੀ।
ਉਸੇ ਵੇਲੇ ਹੀ ਗੁਰਾਂ ਲਾਹੌਰ ਵੱਲੇ, ਬਾਬੇ ਬੁੱਢੇ ਤੇ ਸਿੱਖਾਂ ਨੂੰ ਘੱਲਿਆ ਸੀ।
ਗੁਰੂ ਪਿਤਾ ਦਾ ਜਿਵੇਂ ਹੀ ਹੁਕਮ ਮਿਲਿਆ, ਅਰਜਨ ਮੱਲ ਲਾਹੌਰ ਤੋਂ ਚੱਲਿਆ ਸੀ।
ਵੱਡੇ ਭਾਗਾਂ ਨਾਲ ਗੁਰੂ ਮਿਲਾਪ ਹੋਇਆ, ਬੜਾ ਦੁੱਖ ਵਿਛੋੜੇ ਦਾ ਝੱਲਿਆ ਸੀ।
ਵਗਿਆ ਨੈਣੋਂ ਦਰਿਆ ਸੀ ਹੰਝੂਆਂ ਦਾ, ਠੱਲਣ ਨਾਲ ਵੀ ਜਾਂਦਾ ਨਾ ਠੱਲਿਆ ਸੀ।
ਪਾਸ ਹੋ ਗਿਆ ਸੀ ਇਮਤਿਹਾਨ ਵਿੱਚੋਂ, ਜੀਹਨੇ ਬਿਰਹੋਂ ਦਾ ਸੱਲ੍ਹ ਸਹਾਰਿਆ ਸੀ।
ਅਰਜਨ ਦੇਵ ਗੁਰਗੱਦੀ ਦਾ ਬਣੂ ਵਾਰਿਸ, ਦਿਲ ਹੀ ਦਿਲ ’ਚ ਗੁਰਾਂ ਵਿਚਾਰਿਆ ਸੀ।
ਏਸ ਸ਼ਬਦ ਨੂੰ ਕਰੋ ਹੁਣ ਤੁਸੀਂ ਪੂਰਾ, ਕਹਿ ਕੇ ਗੁਰਾਂ ਨੇ ਬੜਾ ਸਤਿਕਾਰਿਆ ਸੀ।
ਅਰਜਨ ਮੱਲ ਫਿਰ ਆਖਰੀ ਭਾਗ ਇਹਦਾ, ਪਾਵਨ ਮੁੱਖ ਦੇ ਵਿੱਚੋਂ ਉਚਾਰਿਆ ਸੀ।
ਦੈਵੀ ਗਿਆਨ ਦਾ ਤੱਕ ਭੰਡਾਰ ਅਰਜਨ, ਸੀਨੇ ਨਾਲ ਲਗਾਇਆ ਸੀ ਪਾਤਸ਼ਾਹ ਨੇ।
ਦੇਣ ਲਈ ਗੁਰਿਆਈ ਫਿਰ ਉਸੇ ਵੇਲੇ , ਆਪਣਾ ਮਨ ਬਣਾਇਆ ਸੀ ਪਾਤਸ਼ਾਹ ਨੇ।
ਬੂਟਾ ਚੰਦਨ ਦਾ ਘਰ ’ਚ ਤੱਕ ਕੇ ਤੇ,ਹਰ ਇਕ ਮਨ ਮਹਿਕਾਇਆ ਸੀ ਪਾਤਸ਼ਾਹ ਨੇ।
ਆਪਣੇ ਪੁੱਤਰ ਦੇ ਅੱਗੇ ਫਿਰ ਟੇਕ ਮੱਥਾ,‘ਜਾਚਕ’ ਗੁਰੂ ਬਣਾਇਆ ਸੀ ਪਾਤਸ਼ਾਹ ਨੇ।