ਮੀਰੀ ਪੀਰੀ ਦੇ ਮਾਲਕ – ਹਰੀ ਸਿੰਘ ਜਾਚਕ
ਸੂਰਜ ਵਾਂਗ ਸੀ ਚਿਹਰੇ ’ਤੇ ਤੇਜ ਜਿਸਦੇ, ਸੋਹਣੇ ਸੁੰਦਰ ਉਸ ਬਾਲਕ ਦਾ ਜਨਮ ਹੋਇਆ।
ਰੱਖਿਆ ਖਲਕਤ ਦੀ ਕਰਨ ਲਈ ਨਾਲ ਸ਼ਕਤੀ, ਪੰਚਮ ਪਿਤਾ ਘਰ ਖਾਲਕ ਦਾ ਜਨਮ ਹੋਇਆ।
ਸੋਲਾਂ ਕਲਾਂ ਸੰਪੂਰਨ ਸੀ ਸਾਹਿਬਜ਼ਾਦਾ, ਸਚਮੁੱਚ ਸਰਬ ਪ੍ਰਿਤਪਾਲਕ ਦਾ ਜਨਮ ਹੋਇਆ।
ਮੁਰਦਾ ਅਣਖ ’ਚ ਜ਼ਿੰਦਗੀ ਪਾਉਣ ਖਾਤਰ, ਮੀਰੀ ਪੀਰੀ ਦੇ ਮਾਲਕ ਦਾ ਜਨਮ ਹੋਇਆ।
ਓਧਰ ਪ੍ਰਿਥੀਏ ਦੇ ਸਿਰ ਸੀ ਖੂਨ ਚੜ੍ਹਿਆ, ਲੱਗੀਆਂ ਰੌਣਕਾਂ ਕਿਵੇਂ ਸੀ ਜਰ ਸਕਦਾ।
ਦਿਨੇਂ ਰਾਤ ਉਹ ਸਾਜਿਸ਼ਾਂ ਘੜਨ ਲੱਗਾ, ਇਹਨੂੰ ਕਿਵੇਂ ਕੋਈ ਖ਼ਤਮ ਹੈ ਕਰ ਸਕਦਾ।
ਦੋਖੀ ਸੋਚਾਂ ਦੇ ਘੋੜੇ ਦੁੜਾ ਰਿਹਾ ਸੀ, ਸਾਹਿਬਜ਼ਾਦਾ ਹੈ ਕਿਸ ਤਰ੍ਹਾਂ ਮਰ ਸਕਦਾ।
ਪਰ ਜੀਹਦਾ ਰਾਖਾ ਉਹ ਆਪ ਅਕਾਲ ਹੋਵੇ, ਉਹਦਾ ਵਾਲ ਨਹੀਂ ਵਿੰਗਾ ਕੋਈ ਕਰ ਸਕਦਾ।
ਸੋਭੀ ਦਾਈ ਨੇ ਥਣਾਂ ਨੂੰ ਜ਼ਹਿਰ ਲਾ ਕੇ, ਉਹਨੂੰ ਦੁੱਧ ਪਿਲਾਉਣ ਦਾ ਯਤਨ ਕੀਤਾ।
ਇੱਕ ਸਪੇਰੇ ਤੋਂ ਪ੍ਰਿਥੀਏ ਨੇ ਸੱਪ ਰਾਹੀਂ, ਜ਼ਹਿਰੀ ਡੰਗ ਮਰਵਾਉਣ ਦਾ ਯਤਨ ਕੀਤਾ।
ਪਾ ਪਾ ਕੇ ਦਹੀਂ ’ਚ ਸੰਖੀਆ ਵੀ, ਬਾਲਕ ਤਾਂਈਂ ਖੁਵਾਉਣ ਦਾ ਯਤਨ ਕੀਤਾ।
ਕਰਨੀ ਕੁਦਰਤ ਦੀ ਉਹ ਸਭ ਆਪ ਮਰ ਗਏ, ਜਿਨ੍ਹਾਂ ਮਾਰ ਮੁਕਾਉਣ ਦਾ ਯਤਨ ਕੀਤਾ।
ਬਹਿ ਕੇ ਗੁਰਗੱਦੀ, ਛੇਵੇਂ ਪਾਤਸ਼ਾਹ ਜੀ, ਪਾਵਨ ਗੁਰਮਤਿ ਦਾ ਕਰਨ ਪ੍ਰਚਾਰ ਲੱਗੇ।
ਉਚੇ ਕੱਦ ਵਾਲੇ ਸੁੰਦਰ ਗੱਭਰੂ ਉਹ, ਮੀਰੀ ਪੀਰੀ ਦੀ ਪਹਿਨਣ ਤਲਵਾਰ ਲੱਗੇ।
ਕਰਕੇ ਕਮਰਕਸੇ, ਹੱਥ ਵਿੱਚ ਤੀਰ ਫੜ੍ਹਕੇ, ਸੀਸ ਉਤੇ ਸਜਾਉਣ ਦਸਤਾਰ ਲੱਗੇ।
ਸਸ਼ਤਰ ਬਸਤਰ ਸਜਾ ਕੇ ਸਤਿਗੁਰੂ ਜੀ, ਸੋਹਣੇ ਘੋੜੇ ’ਤੇ ਹੋਣ ਸਵਾਰ ਲੱਗੇ।
ਯੋਧੇ ਬੀਰ ਬਲਕਾਰਾਂ ਨੂੰ ਕਰ ਭਰਤੀ, ਸਿੱਖ ਫੌਜਾਂ ਸਨ ਕਰਨ ਤਿਆਰ ਲੱਗੇ।
ਫਰਕਣ ਲੱਗ ਪਏ ਡੌਲੇ ਬਹਾਦਰਾਂ ਦੇ, ਜਦੋਂ ਹੱਥਾਂ ’ਚ ਫੜਨ ਹਥਿਆਰ ਲੱਗੇ।
ਭਗਤੀ ਨਾਲ ਹੀ ਗੁਰੂ ਦੀਆਂ ਸੰਗਤਾਂ ’ਚ, ਉਹ ਤਾਂ ਸ਼ਕਤੀ ਦਾ ਕਰਨ ਸੰਚਾਰ ਲੱਗੇ।
ਨਾਲ ਸਿੱਖਾਂ ਦੇ ਜੰਗਲਾਂ ਵਿੱਚ ਜਾ ਕੇ, ਉਹ ਤਾਂ ਸ਼ੇਰਾਂ ਦਾ ਕਰਨ ਸ਼ਿਕਾਰ ਲੱਗੇ।
ਦਿਲਾਂ ਵਿੱਚ ਸੀ ਜੋਸ਼ ਦਾ ਹੜ੍ਹ ਆਇਆ,ਉਹ ਤਾਂ ਹੋਣ ਸੀ ਤਿਆਰ ਬਰ ਤਿਆਰ ਲੱਗੇ।
ਦੁਸ਼ਟ ਰੂਹਾਂ ਨੂੰ ਮਾਰ ਮੁਕਾਉਣ ਦੇ ਲਈ, ਸਿੱਖ ਕਰਨ ਓਦੋਂ ਮਾਰੋ ਮਾਰ ਲੱਗੇ।
ਦੂਰ ਕਰਨ ਲਈ ਦੁਖ ਫਰਿਆਦੀਆਂ ਦੇ, ਕਰਨ ਫੈਸਲੇ ਆਪ ਦਾਤਾਰ ਲੱਗੇ।
ਨਾਮ ਦਾਨ ਦੇ ਕੇ ਆਈਆਂ ਸੰਗਤਾਂ ਨੂੰ, ਭਵਸਾਗਰ ਤੋਂ ਕਰਨ ਉਹ ਪਾਰ ਲੱਗੇ।
ਉਨ੍ਹਾਂ ਕਿਹਾ ਕਿ ਲੱਕੜ ਦੀ ਇੱਕ ਤੀਲੀ, ਸਾਰੇ ਜੰਗਲ ਨੂੰ ਅੱਗ ਹੈ ਲਾ ਸਕਦੀ।
’ਕੱਠੇ ਹੋਵੋਗੇ ਬੱਦਲਾਂ ਵਾਂਗ ਜੇਕਰ, ਘਟਾ ਕਾਲੀ ਘਨਘੋਰ ਹੈ ਛਾ ਸਕਦੀ।
ਥੋਡੇ ਦਿਲਾਂ ’ਚੋਂ ਬੀਰਤਾ ਬਣ ਬਿਜਲੀ, ਵਖਤ ਤਖ਼ਤਾਂ ਦੇ ਤਾਂਈਂ ਹੈ ਪਾ ਸਕਦੀ।
ਜਦੋਂ ਵਰ੍ਹੋਗੇ ਤਾਂ ਇਹ ਹੜ੍ਹ ਬਣਕੇ, ਜ਼ਾਲਮ ਦੁਸ਼ਟਾਂ ਨੂੰ ਰੋਹੜ ਲਿਜਾ ਸਕਦੀ।
ਢਾਡੀ ਕਵੀਆਂ ਨੂੰ ਗੁਰਾਂ ਫੁਰਮਾਨ ਕੀਤਾ, ਕੱਢੋ ਕੌਮ ਨੂੰ ਟੋਇਆਂ ’ਚੋਂ ਬਾਹਰ ਹੁਣ ਤਾਂ।
ਠੰਡਾ ਕੌਮ ਦਾ ਖੂਨ ਗਰਮਾਉਣ ਖ਼ਾਤਰ, ਥੋਡੇ ਸਾਜਾਂ ’ਚੋਂ ਨਿਕਲੇ ਲਲਕਾਰ ਹੁਣ ਤਾਂ।
ਕਰਨ ਲਈ ਕੁਰਬਾਨੀ ਦਾ ਚਾਅ ਪੈਦਾ, ਸੂਰਬੀਰਾਂ ਦੀ ਛੇੜੋ ਕੋਈ ਵਾਰ ਹੁਣ ਤਾਂ।
ਕੁੱਦਣ ਸ਼ਮਾਂ ਤੇ ਵਾਂਗ ਪ੍ਰਵਾਨਿਆਂ ਦੇ, ਸਿੱਖ ਤੁਰਨ ਇਹ ਖੰਡੇ ਦੀ ਧਾਰ ਹੁਣ ਤਾਂ।
ਬਿਧੀ ਚੰਦ ਨੂੰ ਸਤਿਗੁਰਾਂ ਬਚਨ ਕੀਤੇ, ਕਿ ਉਹਨਾਂ ਲੋਕਾਂ ’ਤੇ ਕਦੇ ਨਾ ਵਾਰ ਹੋਵੇ।
ਜੋ ਅਣਭੋਲ ਜ਼ਮੀਨ ਤੇ ਹੋਣ ਲੇਟੇ, ਜਾਂ ਕੋਈ ਰੋਗ ਦੇ ਨਾਲ ਬਿਮਾਰ ਹੋਵੇ।
ਚੁੱਕਣਾ ਹੱਥ ਨਹੀਂ ਇਸਤਰੀ, ਬੱਚਿਆਂ ’ਤੇ, ਨਾ ਹੀ ਬੁੱਢੇ ਤੇ ਜੋ ਲਾਚਾਰ ਹੋਵੇ।
ਬਖ਼ਸ਼ ਦੇਣਾ ਜੋ ਆਵੇ ਪਨਾਹ ਅੰਦਰ, ਛੱਡ ਦੇਣਾ ਜੋ ਬੇ-ਹਥਿਆਰ ਹੋਵੇ।
ਦੁਸ਼ਮਣ ਦਲਾਂ ਦੇ ਕਰਨ ਲਈ ਦੰਦ ਖੱਟੇ, ਲੋਹਗੜ੍ਹ ਦਾ ਕਿਲ੍ਹਾ ਉਸਾਰਿਆ ਸੀ।
ਹੱਥੀਂ ਆਪਣੀ ਕਰਕੇ ਫੌਜ ਭਰਤੀ, ਮੀਰੀ ਪੀਰੀ ਸਿਧਾਂਤ ਉਭਾਰਿਆ ਸੀ।
ਸੱਚ ਧਰਮ ਦੀ ਰੱਖਿਆ ਲਈ ‘ਜਾਚਕ’, ਦੁਸ਼ਟਾਂ ਦੋਖੀਆਂ ਤਾਈਂ ਵੰਗਾਰਿਆ ਸੀ।
ਜੰਗਾਂ ਚਾਰ ਜੋ ਲੜੀਆਂ ਸੀ ਪਾਤਸ਼ਾਹ ਨੇ, ਸੱਚ ਜਿੱਤਿਆ ਤੇ ਝੂਠ ਹਾਰਿਆ ਸੀ।