ਪਾਪੀ ਚੰਦੂ ਤੇ ਗੁਰੂ ਜੀ – ਹਰੀ ਸਿੰਘ ਜਾਚਕ

ਜਹਾਂਗੀਰ ਦੇ ਰਾਜ ਦਰਬਾਰ ਅੰਦਰ, ਦਿੱਲੀ ਵਿੱਚ ਸੀ ਵੱਡਾ ਦੀਵਾਨ ਚੰਦੂ।
ਉੱਚੀ ਕੁੱਲ ਦਾ ਸੀ ਅਮੀਰ ਖੱਤਰੀ, ਸਦਾ ਰਹਿੰਦਾ ਸੀ ਵਿੱਚ ਗੁਮਾਨ ਚੰਦੂ।
ਹੋਈ ਵਿਆਹ ਦੇ ਲਾਇਕ ਜਦ ਧੀ ਉਸਦੀ, ਚੰਗੇ ਵਰ ਦਾ ਸੀ ਚਾਹਵਾਨ ਚੰਦੂ।
ਕਹਿਣ ਲੱਗਾ ਪ੍ਰੋਹਿਤ ਜੀ ਵਰ ਲੱਭੋ, ਆਪਣੇ ਜਿਹਾ ਚਾਹੁੰਦਾ ਖਾਨਦਾਨ ਚੰਦੂ।

ਗੁਰਾਂ ਪਾਸ ਪ੍ਰੋਹਿਤ ਨੇ ਆਣ ਕਿਹਾ, ਲੜਕਾ ਤੁਸਾਂ ਦਾ ਭਰ ਜੁਆਨ ਹੋਇਆ।
ਚੰਦੂ ਸ਼ਾਹ ਦੀ ਧੀ ਦਾ ਲੈ ਰਿਸ਼ਤਾ, ਮੈਂ ਤਾਂ ਹਾਜ਼ਰ ਹਾਂ ਵਿੱਚ ਦੀਵਾਨ ਹੋਇਆ।
ਮੋਹਰਾਂ ਪੰਜ ਸੌ ਗੁਰਾਂ ਦੇ ਰੱਖ ਅੱਗੇ, ਕਹਿੰਦਾ ਸਮਝੋ ਇਹ ਰਿਸ਼ਤਾ ਪ੍ਰਵਾਨ ਹੋਇਆ।
ਭੇਜ ਦਿਆਂਗੇ ਦਿੱਲੀ ਤੋਂ ਸ਼ਗਨ ਛੇਤੀ, ਸਾਹਿਬਜ਼ਾਦਾ ਹੁਣ ਸਾਡਾ ਮਹਿਮਾਨ ਹੋਇਆ।

ਖੁਸ਼ੀ ਖੁਸ਼ੀ ਜਾ ਚੰਦੂ ਨੂੰ ਕਹਿਣ ਲੱਗਾ, ਵਰ ਟੋਲਿਆ ਕੁੜੀ ਦੇ ਹਾਣ ਦਾ ਏ।
ਗੁਰੂ ਅਰਜਨ ਦਾ ਲਾਡਲਾ ਹੈ ਪੁੱਤਰ, ਇਕੋ ਇਕ ਜੁਆਨੀਆਂ ਮਾਣਦਾ ਏ।
ਪੂਜੇ ਜਾਂਦੇ ਉਹ ਸਾਰੇ ਸੰਸਾਰ ਅੰਦਰ, ਹਰ ਕੋਈ ਹੀ ਉਨ੍ਹਾਂ ਨੂੰ ਜਾਣਦਾ ਏ।
ਪੱਕਾ ਰਿਸ਼ਤਾ ਮੈਂ ਏਸੇ ਲਈ ਕਰ ਆਇਆਂ,(ਕਿਉਂਕਿ) ਉੱਚੇ ਸੁੱਚੇ ਉਹ ਖਾਨਦਾਨ ਏ।

ਸੁਣਦੇ ਸਾਰ ਹੰਕਾਰ ਵਿੱਚ ਕਿਹਾ ਚੰਦੂ, ਤੂੰ ਤਾਂ ਪੰਡਤਾ, ਧੋਖਾ ਕੋਈ ਖਾ ਆਇਐਂ।
ਉਹ ਫਕੀਰ ਤੇ ਅਸੀਂ ਦੀਵਾਨ ਸ਼ਾਹੀ, ਇੱਟ ਚੁਬਾਰੇ ਦੀ ਮੋਰੀ ਨੂੰ ਲਾ ਆਇਐਂ।
ਨਾ ਹੀ ਸੋਚਿਆ, ਨਾ ਵੀਚਾਰਿਆ ਤੂੰ, ਮੇਰੀ ਧੀ ਦੀ ਬਲੀ ਚੜ੍ਹਾ ਆਇਐਂ।
ਕੀ ਕਰਾਂ ਤੇ ਕੀ ਨਾ ਕਰਾ ਹੁਣ ਮੈਂ, ਮੈਨੂੰ ਦੁਬਿਧਾ ਦੇ ਵਿੱਚ ਫਸਾ ਆਇਐਂ।

ਤੈਨੂੰ ਪਤੈ ਸਰਕਾਰੀ ਦੀਵਾਨ ਹਾਂ ਮੈਂ, ਨਾਤੇ ਤੋੜ ਸਕਦਾ, ਨਾਤੇ ਜੋੜ ਸਕਦਾ।
ਪਰ ਹੁਣ ਸ਼ਗਨ ਤਾਂ ਭੇਜਣਾ ਹੀ ਪੈਣੈ, ਨਹੀਂ ਤੇਰਾ ਹੁਣ ਕਿਹਾ ਮੈਂ ਮੋੜ ਸਕਦਾ।
ਕਿਸਮਤ ਵਿੱਚ ਬਸ ਏਹੋ ਹੀ ਲਿਖਿਆ ਸੀ, ਰਿਸ਼ਤਾ ਨਹੀਂ ਹੁਣ ਇਹ ਮੈਂ ਤੋੜ ਸਕਦਾ।
ਲਾਉਣਾ ਪੈਣਾ ਹੁਣ ਬੇੜੀ ਨੂੰ ਕਿਸੇ ਕੰਢੇ, ਮੰਝਧਾਰ ਦੇ ਵਿੱਚ ਨਹੀਂ ਛੋੜ ਸਕਦਾ।

ਓਧਰ ਚੰਦੂ ਦੀ ਗੱਲ ਨੇ ਵਿੱਚ ਦਿੱਲੀ, ਹੈਸੀ ਖੂਨ ਉਬਾਲਿਆ, ਸੰਗਤਾਂ ਦਾ।
ਏਸ ਰਿਸ਼ਤੇ ਵਿਰੁੱਧ ਫਿਰ ਰੋਹ ਭਾਰੀ, ਉਪਰ ਤੱਕ ਉਛਾਲਿਆ, ਸੰਗਤਾਂ ਦਾ।
ਨਹੀਂ ਨਹੀਂ ਇਹ ਰਿਸ਼ਤਾ ਹੁਣ ਨਹੀਂ ਹੋਣਾ, ਗੁਰਾਂ ਬਚਨ ਸੀ ਪਾਲਿਆ, ਸੰਗਤਾਂ ਦਾ।
ਏਸ ਰਿਸ਼ਤੇ ਨੂੰ ਗੁਰਾਂ ਨੇ ਟਾਲ ਦਿੱਤਾ, ਐਪਰ ਹੁਕਮ ਨਾ ਟਾਲਿਆ, ਸੰਗਤਾਂ ਦਾ।

ਮੋੜ ਦਿੱਤਾ ਜਦ ਗੁਰਾਂ ਨੇ ਸ਼ਗਨ ਹੈਸੀ, ਸੜ ਬਲ ਕੇ ਕੋਲੇ ਹੋ ਗਿਆ ਚੰਦੂ।
ਨਿਕਲੇ ਅੱਖਾਂ ਦੇ ਵਿੱਚੋਂ ਅੰਗਿਆਰ ਉਸਦੇ, ਆਪਣੇ ਦਿਲ ਨੂੰ ਲਾ ਸੀ ਲਿਆ ਚੰਦੂ।
ਮੇਰੀ ਪੱਤ ਅੱਜ ਗਲੀਆਂ ਦੇ ਵਿੱਚ ਰੁਲ ਗਈ, ਸੋਚ ਸੋਚ ਕੇ ਮੰਜੇ ’ਤੇ ਪਿਆ ਚੰਦੂ।
ਏਸ ਹੇਠੀ ਦਾ ਬਦਲਾ ਜ਼ਰੂਰ ਲੈਣੈ, ਰਿਹਾ ਸੋਚਾਂ ਦੇ ਘੋੜੇ ਦੁੜਾਅ ਚੰਦੂ।

ਉਧਰ ਹੋਣੀ ਨੇ ਬਣਤ ਬਣਾਈ ਐਸੀ, ਘਟਾ ਕਾਲੀ ਕੋਈ ਜ਼ੁਲਮ ਦੀ ਚੜ੍ਹੀ ਹੈਸੀ।
ਸਿੱਖ ਧਰਮ ਨੂੰ ਸਿਖਰਾਂ ’ਤੇ ਤੱਕ ਕੇ ਤੇ, ਆ ਗਈ ਅਣਹੋਣੀ ਕੋਈ ਘੜੀ ਹੈਸੀ।
ਖਿਚ ਰਹੇ ਤਨਾਵਾਂ ਸਨ ਮਾਰ ਤੁਣਕੇ, ਕੱਟੜਵਾਦ ਵਾਲੀ ਗੁੱਡੀ ਚੜ੍ਹੀ ਹੈਸੀ।
ਪੰਚਮ ਪਿਤਾ ਦੇ ਬਣੇ ਸਨ ਲੱਖ ਵੈਰੀ, ਆਈ ਆਖਰ ਸ਼ਹਾਦਤ ਦੀ ਘੜੀ ਹੈਸੀ।

ਦਿਨ ਦੀਵੀਂ ਫਿਰ ਭਾਨੀ ਦੇ ਚੰਨ ਉੱਤੇ, ਚੰਦੂ ਚੰਦਰੇ ਕਹਿਰ ਗੁਜਾਰਿਆ ਸੀ।
ਸੂਰਜ ਨਾਲੋਂ ਵੀ ਗੁੱਸੇ ’ਚ ਲਾਲ ਹੋ ਕੇ, ਬਦਲਾ ਲੈਣ ਲਈ ਦਿਲ ਵਿੱਚ ਧਾਰਿਆ ਸੀ।
ਓਹਦੀ ਨੂੰਹ ਨੇ ਆਣ ਕੇ ਉਸੇ ਵੇਲੇ, ਜ਼ਾਲਮ ਸਹੁਰੇ ਦੇ ਤਾਂਈਂ ਫਿਟਕਾਰਿਆ ਸੀ।
ਇਸ ਸਬਰ ਤੇ ਜਬਰ ਦੀ ਜੰਗ ਅੰਦਰ, ਸਬਰ ਜਿੱਤਿਆ ਤੇ ਜਬਰ ਹਾਰਿਆ ਸੀ।

ਪਾਪੀ ਮਾਰਨੇ ਲਈ ਪਾਪ ਬਲੀ ਹੁੰਦੈ, ਓਹਨੂੰ ਪਾਪਾਂ ਨੇ ਘੇਰਾ ਫਿਰ ਪਾ ਦਿੱਤਾ।
ਜਹਾਂਗੀਰ ਨੇ ਦੇਣ ਲਈ ਸਜਾ ਇਸ ਨੂੰ, ਛੇਵੇਂ ਪਾਤਸ਼ਾਹ ਹੱਥ ਫੜਾ ਦਿੱਤਾ।
ਪਾ ਕੇ ਨੱਕ ਦੇ ਵਿਚ ਨਕੇਲ ਸਿੱਖਾਂ, ਇਹਨੂੰ ਚੱਕਰੀ ਵਾਂਗ ਘੁਮਾ ਦਿੱਤਾ।
ਆਖਰ ਰੋਹ ’ਚ ਸਿੱਖਾਂ ਨੇ ਆ ‘ਜਾਚਕ’, ਪਾਪੀ ਨਰਕਾਂ ਦੇ ਵਿੱਚ ਪਹੁੰਚਾ ਦਿੱਤਾ।