// date/time stamp of post was here - reel ?>
ਸੱਚ ਉਡਿਆ ਖੰਬ ਸੀ ਲਾ ਕੇ, ਹਰ ਥਾਂ ਕੂੜ ਹਨੇਰੀ ਛਾਈ।
ਰਾਜੇ ਸ਼ੀਂਹ ਮੁਕੱਦਮ ਕੁੱਤੇ, ਦੋਹਾਂ ਨੇ ਸੀ ਅੱਤ ਮਚਾਈ।
ਵਹਿਮ, ਭਰਮ, ਪਖੰਡ ਨੇ ਹਰ ਥਾਂ, ਲੋਕਾਂ ਦੀ ਸੀ ਜਾਨ ਸੁਕਾਈ।
ਐਹੋ ਜਹੇ ਮਾਹੌਲ ਦੇ ਅੰਦਰ, ਰੱਬੀ ਜੋਤ ਜਗਤ ਵਿਚ ਆਈ।
ਤਲਵੰਡੀ ਵਿਚ ਚਾਨਣ ਹੋਇਆ, ਚੌਂਹ ਕੁੰਟੀਂ ਫੈਲੀ ਰੁਸ਼ਨਾਈ।
ਸੁਰ ਨਰ ਮੁਨ ਜਨ ਆਖਣ ਲੱਗੇ, ਧੰਨ ਨਾਨਕ ਤੇਰੀ ਵੱਡੀ ਕਮਾਈ।
ਦਾਈ ਦੋਲਤਾਂ ਤੱਕ ਕੇ ਕਹਿੰਦੀ, ਘਰ ਵਿੱਚ ਬਾਲ ਅਨੋਖਾ ਆਇਆ।
ਭੈਣ ਨਾਨਕੀ ਤੱਕਦੀ ਰਹਿ ਗਈ, ਚਿਹਰੇ ਉੱਤੇ ਨੂਰ ਸਵਾਇਆ।
ਪੰਡਤ ਨੇ ਜਦ ਦਰਸ਼ਨ ਕੀਤੇ, ਤੱਕ ਕੇ ਚਰਨੀਂ ਸੀ ਹੱਥ ਲਾਇਆ।
ਪਾਂਧਾ ਜਦੋਂ ਪੜ੍ਹਾਵਣ ਲੱਗਾ, ਉਸ ਨੂੰ ਉਲਟਾ ਗੁਰਾਂ ਪੜ੍ਹਾਇਆ।
ਮੁੱਲਾਂ ਕਹਿਣ ਇਹ ਮਉਲਾ ਆਇਆ, ਜਾਂਦੇ ਸਨ ਸਭ ਸੀਸ ਝੁਕਾਈ।
ਤੱਕ ਤੱਕ ਸਾਰੇ ਈ ਏਹੋ ਆਖਣ, ਧੰਨ ਨਾਨਕ ਤੇਰੀ ਵੱਡੀ ਕਮਾਈ।
ਪਿਤਾ ਦੇ ਹੁਕਮ ਨੂੰ ਮੰਨ ਕੇ ਸਤਿਗੁਰ, ਮੱਝਾਂ ਚਾਰਣ ਚੱਲ ਪਏ ਨੇ।
ਮੱਝਾਂ ਚਾਰਣ ਵਾਲੇ ਵਾਗੀ, ਰੱਬ ਨਾਲ ਕਰਦੇ ਗੱਲ ਪਏ ਨੇ।
ਓਧਰ ਮੱਝਾਂ ਖੇਤ ਸੀ ਚਰਿਆ, ਜੱਟ ਦੇ ਸੀਨੇ ਸੱਲ੍ਹ ਪਏ ਨੇ।
ਨਾਨਕ ਦੀ ਥਾਂ ਆਪ ਰੱਬ ਜੀ, ਮਸਲੇ ਕਰਦੇ ਹੱਲ ਪਏ ਨੇ।
ਜਿਹੜਾ ਖੇਤ ਉਜੜਿਆ ਦਿਸਿਆ, ਖੇਤੀ ਦਿਸ ਪਈ ਦੂਣ ਸਵਾਈ।
ਜੱਟ ਵੇਖ ਕੇ ਦੰਗ ਹੋ ਕਹਿੰਦਾ, ਧੰਨ ਨਾਨਕ ਤੇਰੀ ਵੱਡੀ ਕਮਾਈ।
ਇਕ ਦਿਨ ਮੱਝਾਂ ਚਾਰਦੇ ਸਤਿਗੁਰ, ਰੁੱਖ ਦੇ ਥੱਲੇ ਜਾ ਕੇ ਸੁੱਤੇ।
ਰੱਬ ਨਾਲ ਸੀ ਸੁਰਤੀ ਜੁੜ ਗਈ, ਧੁੱਪ ਆ ਗਈ ਮੁੱਖੜੇ ਉੱਤੇ।
ਫਨੀਅਰ ਨਾਗ ਨੂੰ ਮੌਕਾ ਮਿਲਿਆ, ਜਾਗੇ ਉਸ ਦੇ ਭਾਗ ਸੀ ਸੁੱਤੇ।
ਪੂਰਾ ਫੰਨ ਖਿਲਾਰ ਕੇ ਬਹਿ ਗਿਆ, ਕਰਤੀ ਛਾਂ ਸੀ ਮੁੱਖੜੇ ਉੱਤੇ।
ਰਾਏ ਬੁਲਾਰ ਦੇ ਹੋਸ਼ ਉਡ ਗਏ, ਚਿਹਰੇ ਤੋਂ ਉੱਡ ਗਈ ਹਵਾਈ।
ਐਪਰ ਜਿਉਂਦੇ ਤੱਕ ਕੇ ਕਹਿੰਦਾ, ਧੰਨ ਨਾਨਕ ਤੇਰੀ ਵੱਡੀ ਕਮਾਈ।
ਪਿਤਾ ਦੇ ਹੁਕਮ ਨੂੰ ਮੰਨ ਕੇ ਸਤਿਗੁਰ, ਸੱਚ ਦਾ ਕਰਨ ਵਪਾਰ ਨੇ ਚੱਲੇ।
ਸੌਦਾ ਲੈ ਕੇ ਚੂਹੜਕਾਣੇ ਤੋਂ, ਵੱਧ ਰਹੇ ਵਾਪਸ ਮੰਜ਼ਿਲ ਵੱਲੇ।
ਅੱਗੋਂ ਭੁੱਖੇ ਸਾਧੂ ਮਿਲ ਪਏ, ਜਾਗ ਪਏ ਸੀ ਭਾਗ ਸਵੱਲੇ।
ਬਾਬੇ ਨਾਨਕ ਲੰਗਰ ਲਾਇਆ, ਹੋ ਗਈ ਓਨ੍ਹਾਂ ਦੀ ਬੱਲੇ ਬੱਲੇ।
ਸੱਚਾ ਸੌਦਾ ਕਰਕੇ ਬਾਬੇ, ਭੁੱਖਿਆਂ ਦੀ ਸੀ ਭੁੱਖ ਮਿਟਾਈ।
ਲੰਗਰ ਛਕ ਕੇ ਸਾਰੇ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ।
ਦੋਲਤ ਖਾਂ ਦੇ ਬਣ ਕੇ ਮੋਦੀ, ਬਹਿ ਗਏ ਸੋਹਣਾ ਹੱਟ ਚਲਾ ਕੇ।
ਜਿਹੜਾ ਆਵੇ ਰਾਜੀ ਜਾਵੇ, ਲੈ ਜਾਏ ਸੌਦਾ ਸਾਰਾ ਆ ਕੇ।
ਤੇਰਾ ਤੇਰਾ ਕਹਿਣ ਲੱਗੇ ਸੀ, ਨਾਲ ਅਕਾਲ ਦੇ ਬਿਰਤੀ ਲਾ ਕੇ।
ਲੋਕਾਂ ਜਦੋਂ ਸ਼ਿਕਾਇਤ ਸੀ ਕੀਤੀ, ਵੇਖਿਆ ਸਭ ਕੁਝ ਤੋਲ ਤੁਲਾ ਕੇ।
ਸਭ ਕੁਝ ਪੂਰਾ ਸੂਰਾ ਮਿਲਿਆ, ਜਰਾ ਜਿੰਨੀ ਵੀ ਘਾਟ ਨਾ ਆਈ।
ਹੋ ਕੇ ਸਭ ਹੈਰਾਨ ਸੀ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ।
ਅੱਜ ਵੀ ਵਿਚ ਅਚੰਭੇ ਪਾਉਂਦੀ, ਵੇਈਂ ਨਦੀ ਵਿੱਚ ਚੁੱਭੀ ਲਾਈ।
ਤਿੰਨ ਦਿਨ ਜਲ ਸਮਾਧੀ ਲਾ ਕੇ, ਰੱਬੀ ਰੰਗ ਦੀ ਮੌਜ ਵਿਖਾਈ।
ਸਿਮਰਨ ਕਰਦਿਆਂ ਦਿਨ ਤੇ ਰਾਤੀਂ, ਬਿਰਤੀ ਨਾਲ ਅਕਾਲ ਦੇ ਲਾਈ।
ਤੀਜੇ ਦਿਨ ਜਦ ਪਰਗਟ ਹੋਏ, ਖੁਸ਼ੀ ਹੋਈ ਸੀ ਦੂਣ ਸਵਾਈ।
ਨਾ ਕੋ ਹਿੰਦੂ, ਮੁਸਲਮ ਕਹਿ ਕੇ, ਸ਼ੁਭ ਅਮਲਾਂ ਤੇ ਗੱਲ ਮੁਕਾਈ।
ਚਰਨੀਂ ਡਿੱਗ ਕੇ ਸਾਰੇ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ।
ਮਰਦਾਨੇ ਨੂੰ ਪਿਆਸ ਸੀ ਲੱਗੀ, ਵਲੀ ਵੱਲ ਗਿਆ ਲੈਣ ਸੀ ਪਾਣੀ।
ਅੱਗੋਂ ਉਸ ਹੰਕਾਰ ’ਚ ਆ ਕੇ, ਪਾਣੀ ਵਿੱਚ ਪਾ ਦਿੱਤੀ ਮਧਾਣੀ।
ਉਤੋਂ ਉਸ ਨੇ ਰੇੜ੍ਹ ਤਾ ਪੱਥਰ, ਚਾਹੁੰਦਾ ਸੀ ਓਹ ਗੱਲ ਮੁਕਾਣੀ।
ਬਾਬਾ ਜੀ ਨੇ ਪੰਜਾ ਲਾ ਕੇ, ਕੀਤੀ ਉਸ ਦੀ ਖ਼ਤਮ ਕਹਾਣੀ।
ਬਾਬੇ ਨੇ ਇਕ ਪੱਥਰ ਪੁੱਟ ਕੇ, ਪਾਣੀ ਦੀ ਸੀ ਧਾਰ ਵਗਾਈ।
ਸਾਰੇ ਤੱਕ ਕੇ ਆਖਣ ਲੱਗੇ, ਧੰਨ ਨਾਨਕ ਤੇਰੀ ਵੱਡੀ ਕਮਾਈ।
ਮਲਕ ਭਾਗੋ ਦੀ ਨਜ਼ਰ ਸੀ ਝੁਕ ਗਈ, ਖੂਨ ਵੇਖ ਕੇ ਲਾਲੋ ਲਾਲ।
ਸੱਜਣ ਠੱਗ ਬਣਾਇਆ ਸੱਜਣ, ਰੱਖ ਕੇ ਹਿਰਦਾ ਬੜਾ ਵਿਸ਼ਾਲ।
ਕੌਡਾ ਰਾਖਸ਼ ਬਣ ਗਿਆ ਬੰਦਾ, ਤੱਕਦੇ ਸਾਰ ਹੀ ਸਾਹਿਬੇ ਕਮਾਲ।
ਸਿੱਧਾਂ ਨੂੰ ਸਿੱਧੇ ਰਾਹ ਪਾਇਆ, ਕਰਕੇ ਬਹਿਸ ਸੀ ਬੇਮਿਸਾਲ।
ਜਾਦੂਗਰਾਂ ਦੇ ਉੱਡ ਗਏ ਜਾਦੂ, ਜਾਹਰੀ ਕਲਾ ਸੀ ਜਦੋਂ ਵਿਖਾਈ।
ਢਹਿ ਕੇ ਚਰਨਾਂ ਤੇ ਸੀ ਕਹਿ ਰਹੇ, ਧੰਨ ਨਾਨਕ ਤੇਰੀ ਵੱਡੀ ਕਮਾਈ।
ਦੁਨੀਆਂ ਤਾਰਣ ਦੇ ਲਈ ਆਏ, ਲੈ ਕੇ ਹੁਕਮ ਧੁਰੋਂ ਦਰਗਾਹੀ।
ਪਹੁੰਚ ਓਨ੍ਹਾਂ ਦੀ ਸੀ ਵਿਗਿਆਨਕ, ਦੇਂਦੇ ਸੀ ਓਹ ਠੋਸ ਗਵਾਹੀ।
ਨਵੀਆਂ ਲੀਹਾਂ ਪਾਉਣ ਜੋ ਆਏ, ਨਵੇਂ ਰਾਹਾਂ ਦੇ ਸੀ ਓਹ ਰਾਹੀ।
ਬਾਬਰ ਤਾਈਂ ਕਿਹਾ ਸੀ ਜਾਬਰ, ਸਚਮੁੱਚ ਸੀ ਓਹ ਸੰਤ ਸਿਪਾਹੀ।
ਅੱਜ ਵੀ ਦੁਨੀਆਂ ਯਾਦ ਹੈ ਕਰਦੀ, ਬਾਬਰ ਨੂੰ ਇਹ ਜੁਰਅੱਤ ਵਿਖਾਈ।
ਕਲਮ ‘ਜਾਚਕ’ ਦੀ ਹਰਦਮ ਲਿਖਦੀ, ਧੰਨ ਨਾਨਕ ਤੇਰੀ ਵੱਡੀ ਕਮਾਈ।
ਪੰਜ ਸੌ ਪੰਜਾਹ ਵਰ੍ਹੇ ਹੋਏ ਪੂਰੇ, ਦੁਨੀਆਂ ਵਿਚ ਜਦ ਦਰਸ ਦਿਖਾਇਆ।
ਪਾਵਨ ਪੁਰਬ ਮਨਾਵਣ ਦੇ ਲਈ, ਸੰਗਤਾਂ ਦਾ ਅੱਜ ਹੜ੍ਹ ਹੈ ਆਇਆ।
ਚਾਰੇ ਪਾਸੇ ਦਿਸਦੈ ‘ਜਾਚਕ’, ਗੁਰੂ ਨਾਨਕ ਦਾ ਹਰ ਇਕ ਜਾਇਆ।
ਕਵੀਆਂ ਨੇ ਕਵਿਤਾਵਾਂ ਰਾਹੀਂ, ਉਸਤਤਿ ਵਿੱਚ ਹਰ ਅੱਖਰ ਗਾਇਆ।
ਚਿਹਰਿਆਂ ਉੱਤੇ ਖੁਸ਼ੀਆਂ ਖੇੜੇ, ਸਭ ਨੇ ਆ ਕੇ ਰੌਣਕ ਲਾਈ।
ਸਾਰੇ ਸੰਗਤੀ ਰੂਪ ’ਚ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ।