// date/time stamp of post was here - reel ?>
ਗੁੜ੍ਹਤੀ ਨਾਮ ਦੀ ਮਿਲੀ ਸੀ ਵਿੱਚ ਵਿਰਸੇ, ਧਿਆਨ ਭਗਤੀ ’ਚ ਲਾਉਂਦਾ ਸੀ ਭਾਈ ਲਹਿਣਾ।
ਮਾਤਾ ਪਿਤਾ ਜੀ ਦੇਵੀ ਦੇ ਭਗਤ ਹੈਸਨ, ਜੱਸ ਓਸੇ ਦਾ ਗਾਉਂਦਾ ਸੀ ਭਾਈ ਲਹਿਣਾ।
ਹਰ ਸਾਲ ਹੀ ਦੇਵੀ ਦੇ ਦਰਸ਼ਨਾਂ ਨੂੰ, ਪੈਦਲ ਚੱਲ ਕੇ ਆਉਂਦਾ ਸੀ ਭਾਈ ਲਹਿਣਾ।
ਉਹਨੂੰ ਮੁਖੀ ਬਣਾਇਆ ਸੀ ਸੰਗਤਾਂ ਨੇ, ਜੱਥੇਦਾਰ ਕਹਾਉਂਦਾ ਸੀ ਭਾਈ ਲਹਿਣਾ।
ਓਹਨਾਂ ਪਿੰਡ ਖਡੂਰ ’ਚ ਰਹਿੰਦਿਆਂ ਹੀ, ਭਾਈ ਜੋਧ ਕੋਲੋਂ ਬਾਣੀ ਸੁਣੀ ਹੈਸੀ ।
ਸੁਣਦੇ ਸਾਰ ਹੀ ਉਹਦੇ ਕਪਾਟ ਖੁਲ੍ਹ ਗਏ, ਵੱਜਣ ਲੱਗ ਪਈ ਨਾਮ ਦੀ ਧੁਣੀ ਹੈਸੀ ।
ਕਾਫੀ ਸਮੇਂ ਤੋਂ ਤੜਪ ਸੀ ਰਿਹਾ ਜਿਹੜਾ, ਪੀੜ ਓਸਦੇ ਦਿਲ ਦੀ ਚੁਣੀ ਹੈਸੀ ।
ਗੁਰੂ ਨਾਨਕ ਦੇ ਪਾਵਨ ਦਰਸ਼ਨਾਂ ਲਈ, ਛਿੜੀ ਉਸ ਅੰਦਰ ਝੁਣਝੁਣੀ ਹੈਸੀ ।
ਭਾਈ ਜੋਧ ਨੇ ਲਹਿਣੇ ਨੂੰ ਦੱਸਿਆ ਸੀ, ਨਿਰੇ ਰੱਬ ਦੇ ਨੂਰ ਨੇ ਗੁਰੂ ਨਾਨਕ।
ਏਸ ਧੁਰ ਕੀ ਬਾਣੀ ਦੇ ਰਚਨਹਾਰੇ, ਸਰਬ ਕਲਾ ਭਰਪੂਰ ਨੇ ਗੁਰੂ ਨਾਨਕ।
ਰਾਵੀ ਕੰਢੇ ਕਰਤਾਰਪੁਰ ਹੈ ਕਸਬਾ, ਉਥੇ ਹਾਜ਼ਰ ਹਜ਼ੂਰ ਨੇ ਗੁਰੂ ਨਾਨਕ।
ਵਹਿਮ, ਭਰਮ, ਪਾਖੰਡ ਸਭ ਤੋੜ ਕੇ ਤੇ, ਕਰਦੇ ਚਕਨਾਚੂਰ ਨੇ ਗੁਰੂ ਨਾਨਕ।
ਪਈ ਖਿੱਚ ਸੀ ਲਹਿਣੇ ਨੂੰ ਧੁਰ ਅੰਦਰੋਂ, ਸ਼ਰਧਾ ਵਿੱਚ ਹੈਸੀ ਸ਼ਰਧਾਵਾਨ ਆਇਆ।
ਬਹਿ ਕੇ ਘੋੜੇ ਤੇ ਚੱਲ ਸੀ ਪਿਆ ਰਾਹੀ, ਧਰ ਕੇ ਓਸੇ ਦਾ ਸੀ ਧਿਆਨ ਆਇਆ।
ਮੰਜ਼ਿਲ ਮਾਰ ਕੇ ਵਿੱਚ ਕਰਤਾਰਪੁਰ ਦੇ, ਗੁਰੂ ਦਰਸ਼ਨਾਂ ਦਾ ਚਾਹਵਾਨ ਆਇਆ।
ਇਧਰ ਦਿਲ ਦੀ ਦਿਲ ’ਚ ਤਾਰ ਖੜ੍ਹਕੀ, ਅੱਗੋਂ ਲੈਣ ਉਹਨੂੰ ਜਾਣੀ ਜਾਣ ਆਇਆ।
‘ਨਾਨਕ ਤਪੇ’ ਦਾ ਪੁਛਿਆ ਘਰ ਲਹਿਣੇ, ਅੱਖਾਂ ਸਾਹਵੇਂ ਜਦ ਇਕ ਇਨਸਾਨ ਆਇਆ।
ਅੱਗੋਂ ਕਿਹਾ ਉਸ, ਘਰ ਮੈਂ ਛੱਡ ਆਉਂਦਾ, ਲੱਗਦਾ ਤੂੰ ਤਾਂ ਕੋਈ ਮਹਿਮਾਨ ਆਇਆ।
ਲਹਿਣਾ ਘੋੜੇ ’ਤੇ, ਪੈਦਲ ਸਨ ਆਪ ਸਤਿਗੁਰ, ਚੋਜੀ ਚੋਜ ਸੀ ਕੋਈ ਵਰਤਾਨ ਆਇਆ।
ਆਖਰ ਚੱਲਦਾ ਚੱਲਦਾ ਜਾ ਰੁਕਿਆ, ਗੁਰੂ ਨਾਨਕ ਦਾ ਜਿਥੇ ਸਥਾਨ ਆਇਆ।
ਚੰਦ ਪਲਾਂ ’ਚ ਲਹਿਣੇ ਨੇ ਤੱਕਿਆ ਕੀ, ਸਾਹਵੇਂ ਤਖ਼ਤ ’ਤੇ ਉਹੀਉ ਇਨਸਾਨ ਆਇਆ।
ਇਹ ਤਾਂ ਆਪ ਪ੍ਰਤੱਖ ਸਨ ਗੁਰੂ ਨਾਨਕ, ਲੈਣ ਭਗਤ ਨੂੰ ਆਪ ਭਗਵਾਨ ਆਇਆ।
ਢਹਿ ਪਿਆ ਸੀ ਚਰਨਾਂ ’ਤੇ ਭਾਈ ਲਹਿਣਾ, ਹੋਈ ਗਲਤੀ ਦਾ ਜਦੋਂ ਧਿਆਨ ਆਇਆ।
ਗੁਰਾਂ ਚੁੱਕ ਕੇ ਸੀਨੇ ਦੇ ਨਾਲ ਲਾਇਆ, ਮਿਹਰਾਂ ਵਿੱਚ ਹੈਸੀ, ਮਿਹਰਵਾਨ ਆਇਆ।
ਗੁਰੂ ਨਾਨਕ ਨੇ ਮੁੱਖ ’ਚੋਂ ਬਚਨ ਕੀਤੇ, ਇਥੇ ਲੈਣ ਲਈ ਆਇਆ ਤੂੰ ਲਾਹ ਲਹਿਣੇ।
ਏਸ ਨਗਰ ’ਚ ਪਹੁੰਚ ਕੇ ਤੂੰ ਇਥੇ, ਪੂਰਾ ਕੀਤਾ ਏ ਪਹਿਲਾ ਪੜਾ ਲਹਿਣੇ।
ਜਿਵੇਂ ਘੋੜੀ ਦੇ ਗਲੇ ’ਚ ਟੱਲ ਖੜਕੇ, ਉਵੇਂ ਮਨ ਦਾ ਬੂਹਾ ਖੜਕਾ ਲਹਿਣੇ।
ਜਿਵੇਂ ਘੋੜੀ ਦੀਆਂ ਵਾਗਾਂ ਫੜਾ ਦਿਤੀਆਂ, ਉਵੇਂ ਮਨ ਦੀਆਂ ਵਾਗਾਂ ਫੜਾ ਲਹਿਣੇ।
ਸੱਧਰ ਦਿਲ ਅੰਦਰ, ਦਰਸ਼ਨ ਕਰਨ ਵਾਲੀ, ਪੂਰੀ ਹੋ ਗਈ ਪੁਰ ਕਰਤਾਰ ਅੰਦਰ।
ਹਿਰਦਾ ਖਿੜ ਗਿਆ ਵੇਖ ਕੇ ਮੁੱਖ ਨੂਰੀ, ਨੂਰ ਝਲਕਦਾ ਨੂਰੀ ਦਰਬਾਰ ਅੰਦਰ।
ਮਿਲ ਗਿਆ ਸੀ ਚਾਨਣ ਦਾ ਮਹਾਂ ਸੋਮਾਂ, ਸੀਸ ਝੁੱਕ ਗਿਆ ਉਹਦੇ ਸਤਿਕਾਰ ਅੰਦਰ।
ਨਿਰਮਲ ਹੋ ਗਿਆ ਤਨ ਤੇ ਮਨ ਉਹਦਾ, ਲਿਵ ਲੱਗ ਗਈ ਸਤਿ ਕਰਤਾਰ ਅੰਦਰ।
ਧੁਰ ਅੰਦਰੋਂ ਲਹਿਣਾ ਸੀ ਲੀਨ ਹੋਇਆ, ਫੁਟਿਆ ਨਾਮ ਦਾ ਸੋਮਾਂ ਸਾਕਾਰ ਅੰਦਰ।
ਹਾਲਤ ਹੋ ਗਈ ਚੰਨ ਚਕੋਰ ਵਾਂਗੂ, ਪੂਰਾ ਗੁਰੂ ਸੀ ਮਿਲਿਆ ਸੰਸਾਰ ਅੰਦਰ।
ਗੁਰੂ ਨਾਨਕ ਵੀ ਦਿਲ ’ਚ ਸੋਚਿਆ ਸੀ, ਲਹਿਣਾ ਲੈਣ ਲਈ ਆਇਐ ਦਰਬਾਰ ਅੰਦਰ।
ਸੇਵਾ ਏਥੇ ਹੀ ਕਰਨੀ ਏ ਉਮਰ ਸਾਰੀ, ਨਿਸਚਾ ਲਿਆ ਸੀ ਲਹਿਣੇ ਨੇ ਧਾਰ ਅੰਦਰ।
ਰੱਬੀ ਬਖਸ਼ਿਸ਼ਾਂ ਓਸ ’ਤੇ ਧੁਰੋਂ ਹੋਈਆਂ, ਸੇਵਾ ਕੀਤੀ ਉਸ ਸਿਦਕ ਦੇ ਨਾਲ ਹੈਸੀ।
ਕਿਸੇ ਹੁਕਮ ’ਤੇ ਕਿੰਤੂ ਨਾ ਕਦੇ ਕੀਤਾ, ਤਕੜੀ ਬੜੀ ਹੀ ਘਾਲੀ ਉਸ ਘਾਲ ਹੈਸੀ।
ਸੁਘੜ ਸਿਆਣੇ ਤੇ ਪੁੰਜ ਸੀ ਨਿਮਰਤਾ ਦੇ, ਕੀਤਾ ਕੰਮ ਹਰ ਬੇਮਿਸਾਲ ਹੈਸੀ।
ਪਰਚੇ ਔਖੇ ਤੋਂ ਔਖੇ ਸੀ ਪਏ ਭਾਵੇਂ, ਹੱਲ ਕੀਤਾ ਪਰ ਹਰ ਸੁਆਲ ਹੈਸੀ।
ਗਿੱਲੇ ਘਾਹ ਦੀ ਚੁੱਕੀ ਜਦ ਪੰਡ ਸਿਰ ’ਤੇ, ਗੰਦਾ ਹੋ ਗਿਆ ਜਾਮਾ ਬਹੁਮੁੱਲ, ਵੇਖੋ।
ਤੱਕ ਕੇ ਮਾਤ ਸੁਲੱਖਣੀ ਕਹਿਣ ਲੱਗੇ, ਹੋ ਗਈ ਸਾਂਈਂ ਜੀਉ, ਵੱਡੀ ਭੁੱਲ, ਵੇਖੋ।
ਅੱਗੋਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਛਿੱਟੇ ਚਿੱਕੜ ਦੇ ਕੇਸਰ ਦੇ ਤੁੱਲ, ਵੇਖੋ।
ਨਹੀਂ ਘਾਹ ਦੀ ਪੰਡ ਇਹ ਸਿਰ ਉੱਤੇ, ਦੀਨ ਦੁਨੀ ਦਾ ਛੱਤਰ ਰਿਹੈ ਝੁੱਲ, ਵੇਖੋ।
ਪੰਡਾਂ ਘਾਹ ਦੀਆਂ ਚੁੱਕੀਆਂ ਸਿਰ ਉੱਤੇ, ਕਦੇ ਮੱਥੇ ’ਤੇ ਪਾਇਆ ਨਾ ਵੱਟ ਲਹਿਣੇ।
ਡਿੱਗ ਪਿਆ ਕਟੋਰਾ ਜਦ ਟੋਏ ਅੰਦਰ, ਗੰਦੇ ਪਾਣੀ ’ਚੋਂ ਕੱਢਿਆ ਝੱਟ ਲਹਿਣੇ।
ਕੰਧ ਮੀਂਹ ਨਾਲ ਢੱਠੀ ਬਣਾ ਦਿੱਤੀ, ਸਾਰੀ ਰਾਤ ਹੀ ਠੰਢ ’ਚ ਕੱਟ ਲਹਿਣੇ।
ਮੁਰਦਾ ਖਾਣ ਦੇ ਹੁਕਮ ਨੂੰ ਮੰਨ ਕੇ ਤੇ, ਦੀਨ ਦੁਨੀ ਦੀ ਖੱਟੀ ਲਈ ਖੱਟ ਲਹਿਣੇ।
ਆਪਣੇ ਸੀਨੇ ਨਾਲ ਲਾ ਕੇ ਪਾਤਸ਼ਾਹ ਨੇ, ਲਹਿਣੇ ਤਾਂਈਂ ਫਿਰ ਮੁੱਖੋਂ ਸੀ ਕਿਹਾ ਅੰਗਦ।
ਭੱਠੀ ਵਿੱਚ ਪਾ ਕੇ ਕੁੰਦਨ ਵਾਂਗ ਕੀਤੈ, ਤੇਰੇ ਮੇਰੇ ’ਚ ਫਰਕ ਨਾ ਰਿਹਾ ਅੰਗਦ।
ਘੜਿਐ ਸੁਰਤ ਦੀ ਸੱਚੀ ਟਕਸਾਲ ਤੈਨੂੰ, ਹੋ ਗਿਆ ਤੂੰ ਮੇਰੇ ਹੀ ਜਿਹਾ ਅੰਗਦ।
ਤੈਨੂੰ ਜੋਤ ਮੈ ਆਪਣੀ ਸੋਂਪ ਰਿਹਾਂ, ਜਿਹੀ ਜੋਤ ਨਾਨਕ, ਚਾਨਣ ਤਿਹਾ ਅੰਗਦ।
ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ, ਦੂਜੇ ਪਾਤਸ਼ਾਹ ਅਮਰ ਬਹਾਰ ਕੀਤਾ।
ਚਲਦਾ ਗੁਰੂ ਕਾ ਲੰਗਰ ਸੀ ਹਰ ਵੇਲੇ, ਮਾਤਾ ਖੀਵੀ ਜੋ ਹੱਥੀਂ ਤਿਆਰ ਕੀਤਾ।
ਵਹਿਮ ਭਰਮ ਫੈਲਾਏ ਜੋ ਭੇਖੀਆਂ ਨੇ, ਉਹ ਸਭ ਮੰਨਣ ਤੋਂ ਗੁਰਾਂ ਇਨਕਾਰ ਕੀਤਾ।
ਊਚ ਨੀਚ ਦੇ ਭਰਮ ਭੁਲੇਖਿਆਂ ਤੋਂ, ਗੁਰੂ ਸੰਗਤਾਂ ਨੂੰ ਖਬਰਦਾਰ ਕੀਤਾ।
ਲੰਘਿਆ ਜਦੋਂ ਹਿਮਾਯੂ ਖਡੂਰ ਵਿੱਚੋਂ, ਸ਼ੇਰ ਸ਼ਾਹ ਕੋਲੋਂ ਹਾਰ ਖਾ ਕੇ ਤੇ।
ਹੁੰਦਾ ਵੇਖ ਨਾ ਕੋਈ ਸਤਿਕਾਰ ਏਥੇ, ਚੰਡੀ ਕੱਢੀ ਸੀ ਗੁੱਸੇ ਵਿੱਚ ਆ ਕੇ ਤੇ।
ਨਹੀਂ ਜਾਇਜ ਫ਼ਕੀਰਾਂ ’ਤੇ ਵਾਰ ਕਰਨਾ, ਮੁੱਖੋਂ ਸਤਿਗੁਰਾਂ ਕਿਹਾ ਮੁਸਕਾ ਕੇ ਤੇ।
ਰਾਜ ਭਾਗ ਤੂੰ ਆਪਣਾ ਲੈ ਵਾਪਸ, ਇਹਨੂੰ ਜੰਗ ਦੇ ਵਿੱਚ ਚਲਾ ਕੇ ਤੇ।
ਸਮੇਂ ਸਮੇਂ ’ਤੇ ਸਿੱਖਾਂ ਨੂੰ ਕਿਹਾ ਉਨ੍ਹਾਂ, ਸੱਚਾ ਸੁੱਚਾ ਹਮੇਸ਼ਾਂ ਵਿਵਹਾਰ ਕਰਨੈ।
ਧਰਤੀ ਵਾਂਗ ਹੀ ਸੀਤਲ ਸੁਭਾਅ ਰੱਖਣੈ, ਕਦੇ ਭੁੱਲ ਕੇ ਨਹੀਂ ਹੰਕਾਰ ਕਰਨੈ।
ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ, ਦਾਨ ਪੁੰਨ ਤੇ ਪਰਉਪਕਾਰ ਕਰਨੈ।
ਰਹਿਕੇ ਵਿੱਚ ਗ੍ਰਿਹਸਤ ਦੇ ਕਮਲ ਵਾਂਗ਼ੂੰ, ਹਰ ਇੱਕ ਦੇ ਨਾਲ ਪਿਆਰ ਕਰਨੈ।
ਮੱਲ ਅਖਾੜੇ ਸਜਾ ਕੇ ਪਾਤਸ਼ਾਹ ਨੇ, ਕਸਰਤ ਕਰਨ ਦੀ ਦਿੱਤੀ ਸਿਖਲਾਈ ਸੋਹਣੀ।
ਲਿੱਪੀ ਗੁਰਮੁਖੀ ਵੱਲ ਧਿਆਨ ਦੇ ਕੇ, ਬਾਲਾਂ ਤਾਈਂ ਪੰਜਾਬੀ ਪੜ੍ਹਾਈ ਸੋਹਣੀ।
ਬਾਬੇ ਨਾਨਕ ਦੇ ਜੀਵਨ ਬ੍ਰਿਤਾਂਤ ਵਾਲੀ, ਜਨਮ ਸਾਖੀ ਵੀ ਆਪ ਲਿਖਵਾਈ ਸੋਹਣੀ।
ਜ਼ਿੰਮੇਵਾਰੀ ਗੁਰਿਆਈ ਦੀ ਗੁਰੂ ਜੀ ਨੇ, ਕਈ ਸਾਲਾਂ ਤੱਕ ‘ਜਾਚਕ’ ਨਿਭਾਈ ਸੋਹਣੀ।