All

ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ – ਯਸ਼ੂ ਜਾਨ

ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਜਿਸ ਵੇਲੇ ਕੋਈ ਜ਼ਹਿਰ ਨੂੰ ਵੰਡੇ,
ਤੇ ਨਾਲ਼ ਵਿਛਾਵੇ ਰਾਹ ਵਿੱਚ ਕੰਡੇ,
ਉਸ ਵੇਲ਼ੇ ਇਹ ਵੱਧ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਆਪਣਾ ਘਰ ਹੀ ਘਰ ਚੋਂ ਕੱਢੇ,
ਜਦ ਜੀਭ ਅਸਾਡੀ ਸਾਨੂੰ ਵੱਢੇ,
ਐਸੀ ਖ਼ੁਮਾਰੀ ਤਦ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਦਰਜ਼ੀ ਕਰਦਾ ਆਪਣੀ ਮਰਜ਼ੀ,
ਤੇ ਕੱਪੜਾ ਕੱਟੇ ਨਾਪ ਲੈ ਫ਼ਰਜ਼ੀ,
ਤੇ ਧੌਣ ਧਾਗੇ ਨਾਲ਼ ਵੱਢ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਜੇ ਯਮ ਨਾ ਕੱਢੇ ਕਿਸੇ ਪ੍ਰਾਣ ਨੂੰ,
ਤੇ ਕਲਮ ਸਤਾਵੇ ਯਸ਼ੂ ਜਾਨ ਨੂੰ,
ਨਾਂ ਹੱਥਾਂ ਵਿੱਚੋਂ ਛੱਡ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਪੁਲਵਾਮਾ ਹਮਲਾ – ਯਸ਼ੂ ਜਾਨ

ਕਿਸੇ ਨੇ ਕੀਤਾ ਸੌਦਾ ਦੇਸ਼-ਜਵਾਨਾਂ ਦਾ,
ਕੀ ਮੁਕ਼ਾਬਲਾ ਦੱਸੋ ਭੇਡਾਂ-ਸਾਂਨ੍ਹਾਂ ਦਾ,
ਹੋਇਆ ਫਿਰਦਾ ਸਾਰਾ ਪਾਕਿਸਤਾਨ ਕਮਲ਼ਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਰੰਜਿਸ਼ ਯਾਦ ਕਰਾਤੀ ਕਾਹਤੋਂ ਪਿਛਲੀ-ਅਗਲੀ,
ਪਰਦੇ ਕਰਨੇ ਫ਼ਾਸ਼ ਤੁਹਾਡੇ ਅਸਲੀ-ਨਕਲੀ,
ਹੁਣ ਸਾਡੇ ਹੱਥ ਤੁਹਾਡੀ ਕਿਸਮਤ ਵਾਲ਼ੀ ਚਾਬੀ,
ਡੁੱਲ੍ਹ-ਡੁੱਲ੍ਹ ਹੋਇਆ ਸਾਡੇ ਖ਼ੂਨ ਦਾ ਰੰਗ ਗ਼ੁਲਾਬੀ,
ਕਿਸੇ ਦੀ ਜਾਨ ਤੋਂ ਵੱਡਾ ਨਹੀਂ ਕਸ਼ਮੀਰੀ ਮਸਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਤੁਸੀਂ ਤਾਂ ਤਾਕਤ ਸਾਡੀ ਦੇਖੀ ਨਹੀਂ ਹਾਲੇ,
ਹੁਣ ਦੇਖਿਓ ਕਿੱਦਾਂ ਤੋਰਨਾਂ ਪੈਰੀਂ ਪਾ ਛਾਲੇ,
ਮਦਦ ਤੇ ਸਹਿਯੋਗ ਦੀ ਕੋਈ ਭੱਲ ਪਚੀ ਨਾਂ,
ਇੱਜ਼ਤ ਤੇ ਭਾਈਆਂ ਵਾਲ਼ੀ ਵੀ ਗੱਲ ਬਚੀ ਨਾਂ,
ਬੱਚਾ-ਬੱਚਾ ਖੜ੍ਹਾ ਹੋ ਜਾਊ ਚੁੱਕ ਕੇ ਅਸਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਨਹੀਓਂ ਦੇਣਾ ਹੋਣ ਤਿਰੰਗਾ ਝੰਡਾ ਨੀਲਾ,
ਯਸ਼ੂ ਜਾਨ ਕਰਨਾ ਪੈਣਾ ਕੋਈ ਪੱਕਾ ਹੀਲਾ,
ਹੱਥਾਂ ਉੱਤੇ ਧਰਕੇ ਹੱਥ ਨਹੀਂ ਬਹਿਣਾ ਵਿਹਲੇ,
ਨਹੀਓਂ ਲੱਗਣ ਦੇਣੇ ਹੁਣ ਸ਼ਮਸ਼ਾਨੀਂ ਮੇਲੇ,
ਭੁਲਣੀਆਂ ਨਹੀਂ ਸਾਨੂੰ ਉਹ ਰੂਹਾਨੀਂ ਸ਼ਕਲਾਂ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਬੱਬਰ ਸ਼ੇਰ – ਯਸ਼ੂ ਜਾਨ

ਸਾਡੀ ਅਣਖ਼ ਹਾਲੇ ਤੱਕ ਜਿਊਂਦੀ ਏ,
ਮਾਂ ਬੱਬਰ ਸ਼ੇਰ ਬਣਾਉਂਦੀ ਏ,
ਤਾਹੀਓਂ ਡਰਕੇ ਗਿੱਦੜਾਂ ਵਾਲੀ,
ਹਾਮੀ ਭਰਦੇ ਨਾਂ,
ਅਸੀਂ ਭੀਮ ਰਾਓ ਦੇ ਸ਼ੇਰ,
ਕਿਸੇ ਤੋਂ ਡਰਦੇ ਨਾਂ,
ਅਸੀਂ ਭੀਮ ਦੇ ਬੱਬਰ ਸ਼ੇਰ,
ਗ਼ੁਲ਼ਾਮੀ ਕਰਦੇ ਨਾਂ

ਭਰਮਾਂ ਤੋਂ ਪਰਦਾ ਹੈ ਚੱਕਿਆ,
ਸਾਡੇ ਸਿਰ ਤੇ ਵੀ ਹੱਥ ਰੱਖਿਆ,
ਜੋ ਸਾਨੂੰ ਸਿੱਖਿਆ ਦਿੱਤੀ ਹੈ,
ਨਾ ਸਾਥੋਂ ਖੋਹ ਕੋਈ ਸਕਿਆ,
ਕੁੱਝ ਜਾਣਾ ਕਰਕੇ ਵੀਰੋ,
ਐਵੇਂ ਮਰਦੇ ਨਾਂ,
ਅਸੀਂ ਭੀਮ ਰਾਓ ਦੇ ਸ਼ੇਰ,
ਕਿਸੇ ਤੋਂ ਡਰਦੇ ਨਾਂ,
ਅਸੀਂ ਭੀਮ ਦੇ ਬੱਬਰ ਸ਼ੇਰ,
ਗ਼ੁਲ਼ਾਮੀ ਕਰਦੇ ਨਾਂ

ਬੈਠੇ ਜੋ ਰਿਸ਼ਵਤਖੋਰ ਬੜੇ,
ਹਨ ਲੀਡਰ ਘੱਟ ਤੇ ਚੋਰ ਬੜੇ,
ਸਭਨਾਂ ਦਾ ਖ਼ਾਤਮਾ ਕਰਨਾ ਹੈ,
ਇਹਨਾਂ ਪਿੱਛੇ ਨੇ ਹੋਰ ਬੜੇ,
ਕੰਮ ਬਣਨਾ ਨਹੀਂ ਯਸ਼ੂ ਜਦ ਤੱਕ,
ਆਪਾਂ ਅੜਦੇ ਨਾਂ,
ਅਸੀਂ ਭੀਮ ਰਾਓ ਦੇ ਸ਼ੇਰ,
ਕਿਸੇ ਤੋਂ ਡਰਦੇ ਨਾਂ,
ਅਸੀਂ ਭੀਮ ਦੇ ਬੱਬਰ ਸ਼ੇਰ,
ਗ਼ੁਲ਼ਾਮੀ ਕਰਦੇ ਨਾਂ

ਮੈਨੂੰ ਡਰ ਮੌਤ ਦਾ ਨਹੀਂ – ਯਸ਼ੂ ਜਾਨ

ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ,
ਮੌਤ ਦੀ ਮਰਜ਼ੀ ਆਵੇ-ਜਾਵੇ,
ਤੇ ਜਿੱਥੇ ਮਰਜ਼ੀ ਧੱਕੇ ਖ਼ਾਵੇ,
ਪਰ ਮੈਨੂੰ ਹੱਥ ਨਾਂ ਲਾਵੇ,
ਕੰਮ ਛੱਡੇ ਮੌਤਾਂ ਕਰਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ |

ਤੂੰ ਥਾਂ-ਥਾਂ ਘੁੰਮਦੀ ਫਿਰਦੀ ਏਂ,
ਕੋਈ ਲੱਭ ਲੈ ਘਰ ਕਿਰਾਏ ਤੇ,
ਤੈਨੂੰ ਕੋਈ ਆਪ ਬੁਲਾਉਂਦਾ ਨਹੀਂ,
ਕਿਉਂ ਆਵੇਂ ਬਿਨ ਬੁਲਾਏ ਤੇ,
ਤੂੰ ਲੱਭਿਆਂ ਕਿਸੇ ਨੂੰ ਲੱਭਦੀ ਨਹੀਂ,
ਤੇ ਬੰਦੇ ਖ਼ਾ-ਖ਼ਾ ਰੱਜਦੀ ਨਹੀਂ,
ਸਾਥੋਂ ਨਾ ਜਿਗਰਾ ਜਰਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ |

ਤੈਨੂੰ ਦੇਖ਼ ਕੇ ਵੀ ਚੁੱਪ ਬੈਠੀਦਾ,
ਕਰ-ਕਰ ਕੇ ਵੱਡਾ ਜੇਰਾ ਹੀ,
ਤੂੰ ਮਾਰਕੇ ਬੰਦਾ ਖੜ੍ਹੀ ਰਹੇਂ,
ਕੀ ਪੁਲ਼ਸ ਵਿਗਾੜੂ ਤੇਰਾ ਹੀ,
ਕੀ ਅਸਰ ਲਾਹਨਤਾਂ ਪਾਈਆਂ ਤੇ,
ਸਭ ਸੰਗਾਂ-ਸ਼ਰਮਾਂ ਲਾਹੀਆਂ ਤੇ,
ਕੀ ਲਾਭ ਖਾਲੀ ਥਾਂ ਭਰਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ |

ਉਹ ਵਕ਼ਤ ਕਦੋਂ ਦੱਸ ਆਏਗਾ,
ਜਦ ਮੈਨੂੰ ਮਾਰੇਂਗੀ ਤੂੰ,
ਬੂਹੇ ਨਾ ਆਂਵੀਂ ਸਾਡੇ ਨੀਂ,
ਖੁਦ ਮਾਰੀ ਜਾਵੇਂਗੀ ਤੂੰ,
ਤੂੰ ਬੋਲਣ ਆਂਵੀਂ ਧਾਵਾ ਨੀਂ,
ਤੈਨੂੰ ਮੈਂ ਪਿਲਾਊਂ ਕਾਹਵਾ ਨੀਂ,
ਯਸ਼ੂ ਜਾਨ ਤੋਂ ਹਰਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ,
ਮੈਨੂੰ ਬਿਨਾਂ ਗੱਲ ਤੋਂ ਸ਼ੌਕ ਨਹੀਂ,
ਲੋਕਾਂ ਨਾਲ਼ ਲੜਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ |

ਮਕਸਦ – ਯਸ਼ੂ ਜਾਨ

ਮਿਲ ਗਿਆ ਹੈ ਮਕਸਦ ਮੈਨੂੰ ਜ਼ਿੰਦਗ਼ੀ ਜਿਓਣ ਦਾ ,
ਨਹੀਂ ਤਾਂ ਕੀ ਫ਼ਾਇਦਾ ਸੀ ਜ਼ਿੰਦਗ਼ੀ ਤੇ ਆਉਣ ਦਾ |

ਤਾਹੀਓਂ ਮੈਨੂੰ ਮਿਹਨਤਾਂ ਦਾ ਮੁੱਲ ਹੀ ਨਹੀਂ ਸੀ ਪਤਾ,
ਮੈਂ ਲ਼ੁਤਫ਼ ਉਠਾਉਂਦਾ ਰਿਹਾ ਸਾਰੀ ਰਾਤ ਸੌਣ ਦਾ |

ਦੇਖ ਲਏ ਮੈਂ ਜਾਨਵਰ ਕਿਉਂ ਸਾਰੀ ਰਾਤ ਜਾਗਦੇ,
ਹੋਇਆ ਅਫ਼ਸੋਸ ਬੜਾ ਸਮੇਂ ਨੂੰ ਗਵਾਉਣ ਦਾ |

ਨਾ ਮਨ ਮੇਰਾ ਕਿਸੇ ਪੱਖੋਂ ਪਾਕ ਅਤੇ ਸਾਫ ਸੀ,
ਮੈਂ ਸੁਪਨਾ ਤੇ ਪਾਲਿਆ ਸੀ ਮੌਤ ਨੂੰ ਵਿਆਹੁਣ ਦਾ |

ਤੂੰ ‘ਯਸ਼ੂ ਜਾਨ’ ਫ਼ਸ ਗਿਓਂ ਫੜ੍ਹਾਂ ਮਾਰ-ਮਾਰ ਕੇ,
ਬੜਾ ਸਿਗ੍ਹਾ ਸ਼ੌਕ ਤੈਨੂੰ ਖਿੱਲੀਆਂ ਉਡਾਉਣ ਦਾ |