ਕਵਿਤਾਵਾਂ

ਘਾਹ – ਪਾਸ਼

ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ ’ਤੇ ਉਗ ਆਵਾਂਗਾ
ਬੰਬ ਸੁੱਟ ਦਿਉ ਭਾਵੇਂ ਵਿਸ਼ਵ ਵਿਦਿਆਲੇ ’ਤੇ
ਬਣਾ ਦਿਉ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ ’ਤੇ
ਮੈਨੂੰ ਕੀ ਕਰੋਗੇ ?
ਮੈਂ ਤਾਂ ਘਾਹ ਹਾਂ, ਹਰ ਚੀਜ਼ ਢਕ ਲਵਾਂਗਾ
ਹਰ ਢੇਰ ’ਤੇ ਉਗ ਆਵਾਂਗਾ

ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੁੜ ’ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ….
ਦੋ ਸਾਲ, ਦਸ ਸਾਲ ਬਾਦ
ਸਵਾਰੀਆਂ ਫਿਰ ਕਿਸੇ ਟਿਕਟ-ਕੱਟ ਤੋਂ ਪੁੱਛਣਗੀਆਂ
”ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ”

ਮੈਂ ਘਾਹ ਹਾਂ,
ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ ’ਤੇ ਉਗ ਆਵਾਂਗਾ

ਚਾਨਣ ਦੀ ਫੁਲਕਾਰੀ – ਅੰਮ੍ਰਿਤਾ ਪ੍ਰੀਤਮ

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ
ਅੰਬਰ ਦਾ ਇੱਕ ਆਲਾ
ਸੂਰਜ ਬਾਲ ਦਿਆਂ
ਮਨ ਦੀ ਉੱਚੀ ਮੰਮਟੀ ਦੀਵਾ ਕੌਣ ਧਰੇ
ਅੰਬਰ ਗੰਗਾ ਹੁੰਦੀ
ਗਾਗਰ ਭਰ ਦੇਂਦੀ
ਦਰਦਾਂ ਦਾ ਦਰਿਆਓ ਕਿਹੜਾ ਘੁੱਟ ਭਰੇ

ਇਹ ਜੁ ਸਾਨੂੰ ਅੱਗ
ਰਾਖਵੀਂ ਦੇ ਚਲਿਓਂ
ਦਿਲ ਦੇ ਬੁੱਕਲ ਬਲਦੀ ਚਿਣਗਾਂ ਕੌਣ ਜਰੇ

ਆਪਣੇ ਵੱਲੋਂ
ਸਾਰੀ ਬਾਤ ਮੁਕਾ ਬੈਠੇ
ਹਾਲੇ ਵੀ ਇੱਕ ਹੌਕਾ ਤੇਰੀ ਗੱਲ ਕਰੇ

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ

ਅੱਜ ਆਖਾਂ ਵਾਰਿਸ ਸ਼ਾਹ ਨੂੰ – ਅੰਮ੍ਰਿਤਾ ਪ੍ਰੀਤਮ

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਉਠ ਦਰਦਮੰਦਾਂ ਦਿਆ ਦਰਦਦੀਆ ! ਉਠ ਤੱਕ ਅਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ
ਗਿਠ ਗਿਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ
ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ
ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ
ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ ਮੁੰਹ ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ…
ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ
ਤ੍ਰਿੰਜਣੋ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ
ਸਣੇ ਸੇਜ਼ ੜੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ੍ਹ
ਜਿਥੇ ਵਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ…
ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ…
ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ…
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !

ਉਠ ਜਾਗ ਘੁਰਾੜੇ ਮਾਰ ਨਹੀਂ – ਬੁੱਲ੍ਹੇ ਸ਼ਾਹ

ਉਠ ਜਾਗ ਘੁਰਾੜੇ ਮਾਰ ਨਹੀਂ |
ਇਹ ਸੌਣ ਤੇਰੇ ਦਰਕਾਰ ਨਹੀਂ |

ਇਕ ਰੋਜ਼ ਜਹਾਨੋਂ ਜਾਣਾ ਏ , ਜਾ ਕਬਰ ਦੇ ਵਿਚ ਸਮਾਣਾਂ ਏ ,
ਤੇਰਾ ਗੋਸ਼ਤ ਕੀੜਿਆਂ ਖਾਣਾ ਏ , ਕਰ ਚੇਤਾ ਮਰਗ ਵਿਸਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਤੇਰਾ ਸਾਹਾ ਨੇੜੇ ਆਇਆ ਏ , ਕੁਝ ਚੋਲੀ ਦਾਜ ਰੰਗਾਇਆ ਏ ,
ਕਿਉਂ ਆਪਣਾਂ ਆਪ ਵੰਝਾਇਆ ਏ , ਐ ਗਾਫ਼ਲ ਤੈਨੂੰ ਸਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਤੂੰ ਸੁੱਤਿਆਂ ਉਮਰ ਵੰਝਾਈ ਏ , ਤੂੰ ਚਰਖੇ ਤੰਦ ਨਾ ਪਾਈ ਏ ,
ਕੀ ਕਰਸੇਂ ਦਾਜ ਤਿਆਰ ਨਹੀਂ ? ਉਠ ਜਾਗ ਘੁਰਾੜੇ ਮਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਤੁੰ ਜਿਸ ਦਿਨ ਜੋਬਨ ਮੱਤੀ ਸੈਂ, ਤੂੰ ਨਾਲ ਸਈਆਂ ਦੇ ਰੱਤੀ ਸੈਂ ,
ਹੈ ਗਾਫ਼ਲ ਗੱਲੀਂ ਵੱਤੀ ਸੈਂ, ਇਹ ਭੋਰਾ ਤੈਨੂੰ ਸਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਤੂੰ ਮੁਢੋਂ ਬਹੁਤ ਕੁਚੱਜੀ ਸੈਂ , ਨਿਰਲਜਿਆ ਦੀ ਨਿਰਲੱਜੀ ਸੈਂ ,
ਤੂੰ ਖਾ ਖਾ ਖਾਣੇ ਰੱਜੀ ਸੈਂ , ਹੁਣ ਤਾਈ ਤੇਰਾ ਬਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਅਜ ਕਲ ਤੇਰਾ ਮੁਕਲਾਵਾ ਏ,ਕਿਉਂ ਸੁੱਤੀ ਕਰ ਦਾਅਵਾ ਏ ,
ਅਣਡਿਠਿਆਂ ਨਾਲ ਮਿਲਾਵਾ ਏ , ਇਹ ਭਲਕੇ ਗਰਮ ਬਜ਼ਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਤੂੰ ਇਸ ਜਹਾਨੋਂ ਜਾਏਂਗੀ , ਫਿਰ ਕਦਮ ਨਾ ਏਥੇ ਪਾਏਂਗੀ ,
ਇਹ ਜੋਬਨ ਰੂਪ ਵੰਝਾਏਂਗੀ , ਤੈਂ ਰਹਿਣਾ ਵਿਚ ਸੰਸਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਮੰਜਿਲ ਤੇਰੀ ਦੂਰ-ਦੁਰਾਡੀ , ਤੂੰ ਪੌਣਾਂ ਵਿਚੋਂ ਜੰਗਲ ਵਾਦੀ ,
ਔਖਾ ਪਹੁੰਚਣ ਪੈਰ ਪਿਆਦੀ , ਦਿਸਦੀ ਤੂੰ ਅਸਵਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਇੱਕ ਇੱਕਲੀ ਤਨਹਾਂ ਚਲਸੇਂ , ਜੰਗਲ ਬਰਬਰ ਦੇ ਵਿਚ ਰੂਲਸੇਂ ,
ਲੈ ਲੈ ਤੋਸਾ ਇਥੋਂ ਘਲਸੇਂ , ਉਥੇ ਲੈਣ ਉਧਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਉਹ ਖ਼ਾਲੀ ਏ ਸੁੰਞ ਹਵੇਲੀ , ਤੂੰ ਵਿਚ ਰਹਿਸੇਂ ਇੱਕ ਇੱਕੇਲੀ ,
ਓਥੋਂ ਹੋਸੀਂ ਹੋਰ ਨਾ ਬੋਲੀ , ਸਾਥ ਕਿਸੇ ਦਾ ਬਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਜਿਹੜੇ ਸਨ ਦੇਸਾਂ ਦੇ ਰਾਜੇ , ਨਾਲ ਜਿਨਾ ਦੇ ਵਜਦੇ ਵਾਜੇ ,
ਹੋ ਕੇ ਗਏ ਬੇ-ਤਖ਼ਤੇ ਤਾਜੇ , ਕੋਈ ਦੁਨੀਆਂ ਦਾ ਇਤਬਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਕਿੱਥੇ ਹੈ ਸੁਲਤਾਨ ਸਿਕੰਦਰ , ਮੌਤ ਨਾ ਛੱਡੇ ਪੀਰ ਪੈਗ਼ੰਬਰ,
ਸਭੇ ਛੱਡ-ਛੱਡ ਗਏ ਅਡੰਬਰ , ਕੋਈ ਏਥੇ ਪਾਇਦਾਰ ਨਹੀਂ,
ਉਠ ਜਾਗ ਘੁਰਾੜੇ ਮਾਰ ਨਹੀਂ |

ਕਿੱਥੇ ਯੁਸਫ਼ ਮਾਹਿ-ਕਾਨਿਆਨੀ , ਲਈ ਜ਼ੁਲੇਖਾਂ ਫੇਰ ਜਵਾਨੀ ,
ਕੀਤੀ ਮੌਤ ਨੇ ਓੜਕ ਫ਼ਾਨੀ , ਫੇਰ ਓਹ ਹਾਰ ਸ਼ਿੰਗਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਕਿੱਥੇ ਤਖ਼ਤ ਸੁਲੇਮਾਨ ਵਾਲਾ , ਵਿੱਚ ਹਵਾ ਉਡਦਾ ਸੀ ਬਾਲਾ ,
ਉਹ ਵੀ ਕਾਦਰ ਆਪ ਸੰਭਾਲਾ , ਕੋਈ ਜ਼ਿੰਦਗੀ ਦਾ ਇਤਬਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਕਿੱਥੇ ਮੀਰ ਮਲਕ ਸੁਲਤਾਨਾਂ , ਸੱਭੇ ਛਡ ਗਏ ਟਿਕਾਣਾ ,
ਕੋਈ ਮਾਰ ਨਾ ਬੈਠੇ ਠਾਣਾ , ਲਸ਼ਕਰ ਦਾ ਜਿਨਾਂ ਸ਼ੁਮਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਫੁੱਲਾਂ ਫੁੱਲ ਚੰਬੇਲੀ ਲਾਲਾ, ਸੋਸਨ ਸਿੰਬਲ ਸਰੂ ਨਿਰਾਲਾ ,
ਬਾਦਿ-ਖਜ਼ਾਂ ਕੀਤਾ ਬੁਰ ਹਾਲਾ , ਨਰਗਸ ਨਿਤ ਖ਼ੁਮਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਜੋ ਕੁਝ ਕਰਸੇਂ ਸੋ ਕੁਝ ਪਾਸੇਂ , ਨਹੀਂ ਤੇ ਓੜਕ ਪਛਤਾਸੇਂ ,
ਸੰਞੀ ਕੁੰਜ ਵਾਂਗ ਕੁਰਲਾਸੈਂ , ਖੰਭਾਂ ਬਾਝ ਉਡਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ|

ਡੇਰਾ ਕਰਸੇਂ ਉਹਨੀਂ ਜਾਈਂ , ਜਿਥੇ ਸ਼ੇਰ ਪਲੰਗ ਬਲਾਈਂ ,
ਖਾ਼ਲੀ ਰਹਿਸਣ ਮਹਿਲ ਸਰਾਈਂ , ਫਿਰ ਤੂੰ ਵਿਰਸੇਦਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਅਸੀਂ ਆਜਜ਼ ਕੋਟ ਇਲਮ ਦੇ , ਓਸੇ ਆਂਦੇ ਵਿਚ ਕਲਮ ਦੇ ,
ਬਿਨ ਕਲਮੇ ਦੇ ਨਾਹੀਂ ਕੰਮ ਦੇ , ਬਾਝੋਂ ਕਲਮੇ ਪਾਰ ਨਹੀਂ,
ਉਠ ਜਾਗ ਘੁਰਾੜੇ ਮਾਰ ਨਹੀਂ |

ਬੁੱਲ੍ਹਾ ਸ਼ਹੁ ਬਿਨ ਕੋਈ ਨਾਹੀਂ , ਇਥੇ ਓਥੇ ਦੋਹੀ ਸਰਾਈਂ ,
ਸੰਭਲ ਸੰਭਲ ਕੇ ਕਦਮ ਟਿਕਾਈ , ਫੇਰ ਆਵਣ ਦੂਜੀ ਵਾਰ ਨਹੀਂ ,
ਉਠ ਜਾਗ ਘੁਰਾੜੇ ਮਾਰ ਨਹੀਂ |

ਸੁਪਨੇ ਵਿੱਚ ਇਕ – ਸੁਖਵਿੰਦਰ ਅੰਮ੍ਰਿਤ

ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ
ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ

ਕਿੰਜ ਸਹਿ ਲੈਂਦੇ ਉਹਦੇ ਮੁਖ ਤੇ ਪਲ ਪਲ ਢਲਦੀ ਸ਼ਾਮ ਅਸੀਂ
ਆਪਣੇ ਦਿਲ ਦਾ ਦਗ਼ਦਾ ਸੂਰਜ ਕਰ ‘ਤਾ ਉਹਦੇ ਨਾਮ ਅਸੀਂ

ਇਕ ਇਕ ਕਰਕੇ ਵਿਕ ਗਏ ਆਖ਼ਰ ਤਾਰੇ ਸਾਡੇ ਅੰਬਰ ਦੇ
ਹਾਏ, ਫਿਰ ਵੀ ਤਾਰ ਸਕੇ ਨਾ ਉਸ ਦੀਵੇ ਦੇ ਦਾਮ ਅਸੀਂ

ਇਕ ਮੁੱਦਤ ਤੋਂ ਤਰਸ ਰਹੇ ਨੇ ਖੰਭ ਸਾਡੇ ਪਰਵਾਜ਼ਾਂ ਦੇ
ਭੋਲੇਪਨ ਵਿਚ ਇਕ ਪਿੰਜਰੇ ਨੂੰ ਦਿੱਤਾ ਘਰ ਦਾ ਨਾਮ ਅਸੀਂ

ਪੱਤਾ ਪੱਤਾ ਹੋ ਕੇ ਸਾਡੇ ਵਿਹੜੇ ਦੇ ਵਿਚ ਆਣ ਕਿਰੇ
ਬਿਰਖਾਂ ਦੇ ਵੱਲ ਜਦ ਵੀ ਭੇਜੇ ਮੋਹ-ਭਿੱਜੇ ਪੈਗ਼ਾਮ ਅਸੀਂ

ਹਾਂ, ਉਹਨਾਂ ਦੀ ਲਾਈ ਅੱਗ ਵਿਚ ਸੁਲਗ ਰਹੇ ਹਾਂ ਰਾਤ ਦਿਨੇ
ਕਿੰਜ ਦੇਈਏ ਪਰ ਉਹਨਾਂ ਕੋਮਲ ਫੁੱਲਾਂ ਨੂੰ ਇਲਜ਼ਾਮ ਅਸੀਂ

ਓਧਰ ਸਾਡੇ ਚੰਦ ਨੂੰ ਖਾ ਗਏ ਟੁੱਕ ਸਮਝ ਕੇ ਭੁੱਖੇ ਲੋਕ
ਏਧਰ ਨ੍ਹੇਰੇ ਦੀ ਬੁੱਕਲ ਵਿਚ ਕਰਦੇ ਰਹੇ ਅਰਾਮ ਅਸੀਂ