ਕਵਿਤਾਵਾਂ

ਸਦੀਆਂ ਤੋਂ ਮੁਹੱਬਤ – ਸੁਖਵਿੰਦਰ ਅੰਮ੍ਰਿਤ

ਸਦੀਆਂ ਤੋਂ  ਮੁਹੱਬਤ  ਦਾ ਏਹੀ ਅਫਸਾਨਾ  ਹੈ
ਹਰ ਹੱਥ ਵਿਚ ਪੱਥਰ ਹੈ  ਮਜਨੂੰ ‘ਤੇ ਨਿਸ਼ਾਨਾ ਹੈ

ਇਹ ਰਹਿਬਰ ਦੀ ਜਾਨਣ, ਦਾਨਸ਼ਵਰ ਕੀ ਸਮਝਣ
ਇਸ ਇਸ਼ਕ਼ ਦੀ ਮੰਜਿਲ ਤੇ ਪੁੱਜਦਾ ਦੀਵਾਨਾ ਹੈ

ਕੋਈ ਰਾਂਝਾ ਜਾਣ ਸਕੇ  ਫ਼ਰਿਆਦ ਹੀ ਸਮਝ ਸਕੇ
ਕਿਉਂ ਬਲਦੀਆਂ ਲਾਟਾਂ ‘ਤੇ ਸੜਦਾ ਪਰਵਾਨਾ ਹੈ

ਕਿਆ ਇਸ਼ਕ਼ ਦੀ ਸ਼ਾਨ ਅੱਲ੍ਹਾ, ਇਹ ਇਸ਼ਕ਼ ਸੁਬਹਾਂ ਅੱਲ੍ਹਾ !
ਇਸ ਇਸ਼ਕ਼ ਬਿਨਾਂ ਲੋਕੋ ਕਿਆ ਖਾਕ ਜ਼ਮਾਨਾ ਹੈ ?

ਇਸ ਇਸ਼ਕ਼ ਦੀ ਹੱਟੀ ‘ਤੇ ਕੋਈ ਹੋਰ  ਵਪਾਰ ਨਹੀਂ
ਬਸ ਦਿਲ ਦੇ ਸੌਦੇ ਨੇ ਤੇ ਸਿਰ ਨਜ਼ਰਾਨਾ ਹੈ

ਮੀਰੀ ਵੀ, ਪੀਰੀ ਵੀ, ਸ਼ਾਹੀ ਵੀ, ਫ਼ਕੀਰੀ ਵੀ
ਇਸ ਇਸ਼ਕ਼ ਦੇ ਦਾਮਨ ਵਿਚ ਹਰ ਇਕ ਹੀ ਖ਼ਜ਼ਾਨਾ ਹੈ

ਇਕ ਨੁਕਤਾ ਯਾਰ ਪੜ੍ਹਾਇਆ ਏ – ਬੁੱਲ੍ਹੇ ਸ਼ਾਹ

ਇਕ ਨੁਕਤਾ ਯਾਰ ਪੜ੍ਹਾਇਆ ਏ ।
ਇਕ ਨੁਕਤਾ ਯਾਰ ਪੜ੍ਹਾਇਆ ਏ ।

ਐਨ ਗ਼ੈਨ ਦੀ ਹਿੱਕਾ ਸੂਰਤ, ਇੱਕ ਨੁਕਤੇ ਸ਼ੋਰ ਮਚਾਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।

ਸੱਸੀ ਦਾ ਦਿਲ ਲੁੱਟਣ ਕਾਰਨ, ਹੋਤ ਪੁਨੂੰ ਬਣ ਆਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।

ਬੁੱਲ੍ਹਾ ਸ਼ਹੁ ਦੀ ਜ਼ਾਤ ਨਾ ਕਾਈ, ਮੈਂ ਸ਼ਹੁ ਅਨਾਇਤ ਪਾਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।

ਇਕ ਰਾਂਝਾ ਮੈਨੂੰ ਲੋੜੀਦਾ – ਬੁੱਲ੍ਹੇ ਸ਼ਾਹ

ਇਕ ਰਾਂਝਾ ਮੈਨੂੰ ਲੋੜੀਦਾ |
ਕੁਨ-ਫਅਕੂਨੋਂ ਅੱਗੇ ਦੀਆਂ ਲੱਗੀਆਂ,
ਨੇਹੁੰ ਨਾ ਲਗੜਾ ਚੋਰੀ ਦਾ |

ਆਪ ਛਿੜ ਜਾਂਦਾ ਨਾਲ ਮੱਝੀਂ ਦੇ,
ਸਾਨੂੰ ਕਿਉਂ ਬੇਲਿਉਂ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ,
ਮਿੰਨਤਾਂ ਕਰ ਕਰ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਮਾਨ ਵਾਲੀਆਂ ਦੇ ਨੈਣ ਸਲੋਨੇ,
ਸੂਹਾ ਦੁਪੱਟਾ ਗੋਰੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਅਹਿਦ ਅਹਿਮਦ ਵਿਚ ਫਰਕ ਨਾ ਬੁੱਲ੍ਹਿਆ,
ਇਕ ਰੱਤੀ ਭੇਤ ਮਰੋੜੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਹੰਝੂਆਂ ਦਾ ਭਾੜਾ – ਸ਼ਿਵ ਕੁਮਾਰ ਬਟਾਲਵੀ

ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਹੋ ਗਿਆ ਕੁਵੇਲਾ ਮੈਨੂੰ
ਢਲ ਗਈਆਂ ਛਾਵਾਂ ਨੀ
ਬੇਲਿਆਂ ‘ਚੋਂ ਮੁੜ ਗਈਆਂ
ਮੱਝੀਆਂ ਤੇ ਗਾਵਾਂ ਨੀ
ਪਾਇਆ ਚਿੜੀਆਂ ਨੇ ਚੀਕ-ਚਿਹਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਛੇਤੀ ਛੇਤੀ ਕਰੀਂ
ਮੈਂ ਤੇ ਜਾਣਾ ਬੜੀ ਦੂਰ ਨੀ
ਜਿਥੇ ਮੇਰੇ ਹਾਣੀਆਂ ਦਾ
ਟੁਰ ਗਿਆ ਪੂਰ ਨੀ
ਓਸ ਪਿੰਡ ਦਾ ਸੁਣੀਂਦੈ ਰਾਹ ਮਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਮੇਰੀ ਵਾਰੀ ਪੱਤਿਆਂ ਦੀ
ਪੰਡ ਸਿੱਲ੍ਹੀ ਹੋ ਗਈ
ਮਿੱਟੀ ਦੀ ਕੜਾਹੀ ਤੇਰੀ
ਕਾਹਨੂੰ ਪਿੱਲੀ ਹੋ ਗਈ
ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਲੱਪ ਕੁ ਏ ਚੁੰਗ ਮੇਰੀ
ਮੈਨੂੰ ਪਹਿਲਾਂ ਟੋਰ ਨੀ
ਕੱਚੇ ਕੱਚੇ ਰੱਖ ਨਾ ਨੀ
ਰਾੜ੍ਹ ਥੋੜ੍ਹੇ ਹੋਰ ਨੀ
ਕਰਾਂ ਮਿੰਨਤਾਂ ਮੁਕਾ ਦੇ ਨੀ ਪੁਆੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਸੌਂ ਗਈਆਂ ਹਵਾਵਾਂ ਰੋ ਰੋ
ਕਰ ਵਿਰਲਾਪ ਨੀ
ਤਾਰਿਆਂ ਨੂੰ ਚੜ੍ਹ ਗਿਆ
ਮੱਠਾ ਮੱਠਾ ਤਾਪ ਨੀ
ਜੰਞ ਸਾਹਵਾਂ ਦੀ ਦਾ ਰੁੱਸ ਗਿਆ ਲਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਕਰਤਾਰਪੁਰ ਵਿਚ – ਸ਼ਿਵ ਕੁਮਾਰ ਬਟਾਲਵੀ

ਘੁੰਮ ਚਾਰੇ ਚੱਕ ਜਹਾਨ ਦੇ
ਜਦ ਘਰ ਆਇਆ ਕਰਤਾਰ
ਕਰਤਾਰਪੁਰੇ ਦੀ ਨਗਰੀ
ਜਿਦ੍ਹੇ ਗਲ ਰਾਵੀ ਦਾ ਹਾਰ
ਜਿਦ੍ਹੇ ਝਮ ਝਮ ਪਾਣੀ ਲਿਸ਼ਕਦੇ
ਜਿਦ੍ਹੀ ਚਾਂਦੀ-ਵੰਨੀ ਧਾਰ
ਲਾਹ ਬਾਣਾ ਜੰਗ ਫ਼ਕੀਰ ਦਾ
ਮੁੜ ਮੱਲਿਆ ਆ ਸੰਸਾਰ
ਕਦੇ ਮੰਜੀ ਬਹਿ ਅਵਤਾਰੀਆਂ
ਕਦੇ ਦਸ ਨਹੁੰਆਂ ਦੀ ਕਾਰ
ਉਹਦੀ ਜੀਭ ਜਪੁਜੀ ਬੈਠਿਆ
ਤੇ ਅੱਖੀਂ ਨਾਮ-ਖੁਮਾਰ
ਸੁਣ ਸੋਹਬਾ ਰੱਬ ਦੇ ਜੀਵ ਦੀ
ਆ ਜੁੜਿਆ ਕੁੱਲ ਸੰਸਾਰ
ਤਦ ਕੁਲ ਜਗ ਚਾਨਣ ਹੋ ਗਿਆ
ਤੇ ਮਿਟੇ ਕੂੜ ਅੰਧਿਆਰ
ਚੌਂਹ ਕੂਟੀ ਸ਼ਬਦ ਇਹ ਗੂੰਜਿਆ
ਉਹ ਰੱਬ ਹੈ ਓਂਕਾਰ |