ਗੁਰੂ ਨਾਨਕ ਦੇਵ ਜੀ – ਹਰੀ ਸਿੰਘ ਜਾਚਕ
ਸਿੱਖ ਧਰਮ ਦੀ ਰੱਖੀ ਸੀ ਨੀਂਹ ਜੀਹਨਾਂ, ਗੁਰੂ ਨਾਨਕ ਮਹਾਰਾਜ ਦੀ ਗੱਲ ਕਰੀਏ।
ਨੂਰੋ ਨੂਰ ਸੀ ਜੇਸ ਨਾਲ ਜੱਗ ਹੋਇਆ, ਓਸ ਨੂਰੀ ਪਰਵਾਜ਼ ਦੀ ਗੱਲ ਕਰੀਏ।
ਨਾ ਕੋ ਹਿੰਦੂ ਨਾ ਮੁਸਲਮਾਨ ਕੋਈ, ਧੁਰੋਂ ਆਈ ਆਵਾਜ਼ ਦੀ ਗੱਲ ਕਰੀਏ।
ਜਿਸ ਤੇ ਚੜ੍ਹ ਕੇ ਭਵਜਲੋਂ ਪਾਰ ਹੋਈਏ, ਨਾਨਕ ਨਾਮ ਜਹਾਜ਼ ਦੀ ਗੱਲ ਕਰੀਏ।
ਤੇਰੇ ਦਰ ਤੇ ਆਣ ਕੇ ਪਾਤਸ਼ਾਹ ਜੀ, ਸਾਰੀ ਦੁਨੀਆਂ ਦਾ ਸੀਸ ਹੀ ਝੁਕ ਜਾਵੇ।
ਤੇਰੇ ਪੰਜੇ ਦੀ ਛੋਹ ਨੂੰ ਛੋਂਹਦਿਆਂ ਹੀ, ਪਰਬਤ ਡਿੱਗਦਾ ਡਿੱਗਦਾ ਰੁਕ ਜਾਵੇ।
ਤਿਖਾ ਮਾਰਿਆ ਬਾਣੀ ਦਾ ਬਾਣ ਤੇਰਾ, ਕੀ ਮਜ਼ਾਲ ਨਿਸ਼ਾਨਿਉਂ ਉਕ ਜਾਵੇ।
ਜੇਹੜਾ ਤੇਰੇ ਨਿਸ਼ਾਨੇ ਤੇ ਦਿਲ ਰੱਖੇ, ਓਹਦਾ ਗੇੜ ਚੁਰਾਸੀ ਦਾ ਮੁੱਕ ਜਾਵੇ।
ਪਰਗਟ ਹੋ ਕੇ ਏਸ ਸੰਸਾਰ ਅੰਦਰ, ਪਰਦਾ ਦੂਈ ਦਵੈਤ ਦਾ ਦੂਰ ਕੀਤਾ।
ਜਿਉਂਦੇ ਜੀਅ ਜੋ ਲੋਕਾਂ ਦੀ ਜਾਨ ਕੱਢਦੇ, ਵਹਿਮਾਂ ਭਰਮਾਂ ਨੂੰ ਚਕਨਾਚੂਰ ਕੀਤਾ।
ਭਾਈ ਲਾਲੋ ਦੀ ਰੋਟੀ ’ਚੋਂ ਦੁੱਧ ਕੱਢ ਕੇ, ਮਲਕ ਭਾਗੋ ਦਾ ਖ਼ਤਮ ਗ਼ਰੂਰ ਕੀਤਾ।
ਰੱਬੀ ਨਾਮ ਦੀ ਚੱਕੀ ਚਲਾ ਕੇ ਤੇ, ਸਿਜਦਾ ਕਰਨ ਲਈ ਬਾਬਰ ਮਜਬੂਰ ਕੀਤਾ।