ਨਾਨਕ ਰੂਪ ਦੇ ਵਿਚ ਨਿਰੰਕਾਰ ਆਇਆ – ਹਰੀ ਸਿੰਘ ਜਾਚਕ
ਭੀੜ ਬਣੀ ਸੀ ਜਦੋਂ ਮਨੁੱਖਤਾ ’ਤੇ, ’ਨੇਰੀ ਜ਼ੁਲਮ ਵਾਲੀ ਰਹੀ ਝੁੱਲ ਹੈਸੀ।
ਚਲਦੀ ਛੁਰੀ ਦਿਨ ਰਾਤ ਸੀ ਗਾਟਿਆਂ ’ਤੇ, ਐਪਰ ਕੁਸਕਣ ਦੀ ਰਤਾ ਨਾ ਖੁਲ੍ਹ ਹੈਸੀ।
ਲੁਕਿਆ ਧਰਮ ਤੇ ਬਦੀ ਦਾ ਹੋਇਆ ਪਹਿਰਾ, ਇੱਜਤ ਆਬਰੂ ਦਾ ਦੀਵਾ ਗੁੱਲ ਹੈਸੀ।
ਮਾਣਸ ਖਾਣੇ ਸਨ ਧਰਮ ਦੇ ਕੁਲ ਆਗੂ, ਸੱਚ ਧਰਮ ਦਾ ਕੋਈ ਨਾ ਮੁਲ ਹੈਸੀ।
ਪੂਜਾ ਪੁਰਖ ਅਕਾਲ ਦੀ ਛੱਡ ਕੇ ਤੇ, ਲੋਕ ਹਿੰਦ ਦੇ ਸਨ ਪੱਥਰ ਪੂਜ ਹੋ ਗਏ।
ਦੇਵੀ ਦੇਵਤੇ ਤੇਤੀ ਕਰੋੜ ਤੱਕ ਕੇ, ਪੂਜਨ ਵਾਲੇ ਵੀ ਪੂਰੇ ਕੰਨਫਿਊਜ਼ ਹੋ ਗਏ।
ਚੌਂਹ ਵਰਨਾਂ ’ਚ ਵੰਡੇ ਮਨੁੱਖ ਇਥੇ, ਫਾੜੀ ਫਾੜੀ ਸਨ ਵਾਂਗ ਤਰਬੂਜ਼ ਹੋ ਗਏ।
’ਨੇਰਾ ਕੂੜ ਅਗਿਆਨ ਦਾ ਫੈਲਿਆ ਸੀ, ਚਾਨਣ ਗਿਆਨ ਦੇ ਬਲਬ ਫਿਊਜ਼ ਹੋ ਗਏ।
ਧਰਤੀ ਦੱਬੀ ਸੀ ਪਾਪ ਦੇ ਭਾਰ ਹੇਠਾਂ, ਸੱਚ ਉਡਿਆ ਲਾ ਕੇ ਖੰਭ ਹੈਸੀ।
ਹਰ ਥਾਂ ਈਰਖਾ, ਝੂਠ ਤੇ ਖੁਦਗਰਜ਼ੀ, ਵਧਿਆ ਬੜਾ ਪਾਖੰਡ ਤੇ ਦੰਭ ਹੈਸੀ।
ਰਾਜੇ ਸ਼ੀਹ, ਮੁਕੱਦਮ ਸਨ ਬਣੇ ਕੁੱਤੇ, ਸੱਚ ਧਰਮ ਗਿਆ ਹਾਰ ਤੇ ਹੰਭ ਹੈਸੀ।
ਗੁਰੂ ਨਾਨਕ ਦੇ ਆਗਮਨ ਨਾਲ ਜੱਗ ਵਿੱਚ, ਨਵੇਂ ਯੁਗ ਦਾ ਹੋਇਆ ਅਰੰਭ ਹੈਸੀ।
ਗੁਰੂ ਨਾਨਕ ਦੇ ਪਾਵਨ ਪ੍ਰਕਾਸ਼ ਵੇਲੇ, ਆਪਾਂ ਮਾਰੀਏ ਜੇ ਪੰਛੀ ਝਾਤ ਕੋਈ।
ਘਟਾ ਜ਼ੁਲਮ ਦੀ ਚੜ੍ਹੀ ਸੀ ਚੌਹੀਂ ਪਾਸੀਂ, ਕਾਲੀ ਬੋਲੀ ਅੰਧੇਰੀ ਸੀ ਰਾਤ ਕੋਈ।
ਕਰਮਾਂ ਕਾਂਡਾਂ ਦੇ ਨਾਲ ਅਗਿਆਨਤਾ ਦੀ, ਹੋ ਰਹੀ ਸੀ ਹਰ ਥਾਂ ਬਾਤ ਕੋਈ।
ਪ੍ਰਗਟ ਹੋਏ ਗੁਰ ਨਾਨਕ ਜਦ ਵਾਂਗ ਸੂਰਜ, ਚੜ੍ਹੀ ਚਾਨਣੀ ਭਰੀ ਪ੍ਰਭਾਤ ਕੋਈ।
ਠੰਡ ਪਾਉਣ ਲਈ ਤਪਦੇ ਹਿਰਦਿਆਂ ’ਚ, ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ।
ਮੰਝਧਾਰ ਅੰਦਰ ਗੋਤੇ ਖਾਂਦਿਆਂ ਨੂੰ, ਤਾਰਨ ਲਈ ਹੈਸੀ ਤਾਰਨਹਾਰ ਆਇਆ।
ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈ ਕੇ ਤੇ, ਦਾਤਾਂ ਵੰਡਣ ਲਈ ਆਪ ਦਾਤਾਰ ਆਇਆ।
ਪੰਡਤ, ਮੁੱਲਾਂ ਤੇ ਪਾਂਧੇ ਸਭ ਕਹਿਣ ਲੱਗੇ, ਕਲਯੁੱਗ ਵਿੱਚ ਹੈ ਨਾਨਕ ਅਵਤਾਰ ਆਇਆ।
ਲੈ ਕੇ ਪੁਰਖ ਅਕਾਲ ਤੋਂ ਜੋਤ ਨੂਰੀ, ਦੁਨੀਆਂ ਵਿੱਚ ਹੈਸਨ ਰੱਬੀ ਨੂਰ ਆਏ।
ਸਾਰੀ ਉਮਰ ਹੀ ਕਰਨ ਲਈ ਖਰੇ ਸੌਦੇ, ਰੱਬੀ ਬਖਸ਼ਿਸ਼ਾਂ ਨਾਲ ਭਰਪੂਰ ਆਏ।
ਸਾਡੀ ਆਤਮਾਂ ਅੰਸ਼ ਪ੍ਰਮਾਤਮਾਂ ਦੀ, ਲੋਕਾਂ ਤਾਂਈਂ ਇਹ ਦੱਸਣ ਹਜ਼ੂਰ ਆਏ।
ਚੌਂਹ ਵਰਨਾਂ ’ਚ ਵੰਡੀ ਮਨੁੱਖਤਾ ’ਚੋਂ, ਕਰਨ ਦੂਈ ਦਵੈਤ ਨੂੰ ਦੂਰ ਆਏ।
ਭਾਂਵੇਂ ਹਿੰਦੂ ਤੇ ਭਾਂਵੇਂ ਸੀ ਕੋਈ ਮੁਸਲਮ, ਦਿੱਤਾ ਸਭ ਨੂੰ ਰੱਬੀ ਪੈਗਾਮ ਬਾਬੇ।
ਗਾਹੇ ਸਾਗਰ ਤੇ ਚੜ੍ਹੇ ਸੁਮੇਰ ਪਰਬਤ, ਘੜੀ ਪਲ ਨਾ ਕੀਤਾ ਅਰਾਮ ਬਾਬੇ।
ਕਰਨ ਲਈ ਸੁਧਾਰ ਮਨੁੱਖਤਾ ਦਾ, ਸੱਚੇ ਪ੍ਰਭੂ ਦਾ ਵੰਡਿਆ ਨਾਮ ਬਾਬੇ।
ਜਿਹੜੇ ਕਰਦੇ ਸਨ ਜ਼ੁਲਮ ਬੇਦੋਸ਼ਿਆਂ ’ਤੇ, ਪਾਈ ਉਨ੍ਹਾਂ ਦੇ ਤਾਂਈਂ ਲਗਾਮ ਬਾਬੇ।
ਮੋਨ ਧਾਰ ਕੇ ਕਦੇ ਨਾ ਬੈਠ ਸਕਿਆ, ਅੱਖੀਂ ਦੇਖ ਕੇ ਦੁਨੀਆਂ ਦੇ ਦੁੱਖ ਨਾਨਕ।
ਰੁਲ ਰਹੇ ਸਨ ਪੈਰਾਂ ਦੇ ਵਿੱਚ ਜਿਹੜੇ, ਸੀ ਬਣਾਏ ਉਹ ਪੂਰਨ ਮਨੁੱਖ ਨਾਨਕ।
ਭਰਮ ਭੇਖ ਤੇ ਭੈ ਦਾ ਨਾਸ਼ ਕਰਕੇ, ਬਦਲ ਦਿੱਤਾ ਸੀ ਸਮੇਂ ਦਾ ਰੁਖ ਨਾਨਕ।
ਕੀਤੇ ਦੁਨੀਆਂ ਦੇ ਦੁੱਖ ਸੀ ਦੂਰ ‘ਜਾਚਕ’, ਘਰ ਦੇ ਛੱਡ ਕੇ ਸਾਰੇ ਹੀ ਸੁੱਖ ਨਾਨਕ।