ਗੁਰੂ ਨਾਨਕ ਦੇਵ ਜੀ ਤੇ ਵਲੀ ਕੰਧਾਰੀ – ਹਰੀ ਸਿੰਘ ਜਾਚਕ
ਦੁਨੀਆਂ ਤਾਰਦੇ ਤਾਰਦੇ ਗੁਰੂ ਨਾਨਕ , ਪਹੁੰਚ ਗਏ ਸਨ ਹਸਨ ਅਬਦਾਲ ਅੰਦਰ ।
ਦਰਸ਼ਨ ਕਰਨ ਲਈ ਲੋਕ ਸਨ ਆਉਣ ਲੱਗੇ , ਤਰ੍ਹਾਂ ਤਰ੍ਹਾਂ ਦੇ ਲੈ ਸੁਆਲ ਅੰਦਰ ।
ਬਚਨ ਸੁਣ ਕੇ ਤਨ,ਮਨ ਸ਼ਾਂਤ ਹੋਏ, ਠੀਕ ਹੋ ਗਿਆ ਸੁਰ ਤੇ ਤਾਲ ਅੰਦਰ।
ਦੀਵੇ ਬੁਝੇ ਹੋਏ ਜਨਮ ਜਨਮਾਂਤਰਾਂ ਦੇ, ਨਾਮ ਬਾਣੀ ਨਾਲ ਦਿੱਤੇ ਸਨ ਬਾਲ ਅੰਦਰ।
ਏਸ ਪਿੰਡ ਦੇ ਨੇੜੇ ਪਹਾੜ ਉਤੇ, ਰਹਿ ਰਿਹਾ ‘ਕੰਧਾਰੀ’ ਫਕੀਰ ਹੈਸੀ।
ਮਹਿਮਾਂ ਸੁਣ ਕੇ ਲੋਕਾਂ ਤੋਂ ਸਤਿਗੁਰਾਂ ਦੀ, ਦਿਲੋਂ ਹੋ ਗਿਆ ਬੜਾ ਦਿਲਗੀਰ ਹੈਸੀ।
ਗੁੱਸੇ ਵਿੱਚ ਕਚੀਚੀਆਂ ਖਾ ਰਿਹਾ ਸੀ, ਉਸ ਦੀ ਹਊਮੈ ਦੀ ਇਹ ਅਖੀਰ ਹੈਸੀ।
ਮੇਰੀ ਥਾਂ ਤੇ ਮੇਰੇ ਇਸ ਪਿੰਡ ਅੰਦਰ, ਕਿਥੋਂ ਆ ਗਿਆ ਨਵਾਂ ਇਹ ਪੀਰ ਹੈਸੀ।
ਨੱਕੋ ਨੱਕ ਸੀ ਹਉਮੈਂ ਦੇ ਨਾਲ ਭਰਿਆ, ਵਲੀਪੁਣੇ ਨੇ ਚੰਨ ਚੜ੍ਹਾ ਦਿੱਤਾ।
ਜਾਣੀ ਜਾਣ ਨੇ ਜਾਣ ਕੇ ਉਸੇ ਵੇਲੇ, ਕੌਤਕ ਨਵਾਂ ਸੀ ਓਥੇ ਰਚਾ ਦਿੱਤਾ।
ਲੱਗੀ ਭਾਈ ਮਰਦਾਨੇ ਨੂੰ ਤੇਹ ਡਾਢੀ, ਓਹਨੂੰ ਪਿਆਸ ਨੇ ਡਾਢਾ ਤੜਫਾ ਦਿੱਤਾ।
ਚਸ਼ਮਾ ਪਾਣੀ ਦਾ ਵਲੀ ਦੇ ਪਾਸ ਹੈਸੀ, ਗੁਰਾਂ ਵਲੀ ਦੇ ਵੱਲ ਭਿਜਵਾ ਦਿੱਤਾ।
ਪਾਣੀ ਦੇਣ ਤੋਂ ਕੀਤਾ ਇਨਕਾਰ ਉਸ ਨੇ, ਤੇ ਮਰਦਾਨੇ ਨੂੰ ਬਚਨ ਸੁਣਾ ਦਿੱਤਾ।
ਮੁਸਲਮ ਹੋ ਕੇ ਕਾਫਰ ਦੇ ਨਾਲ ਫਿਰਦੈਂ, ਕਾਫਰ ਹੋ ਕੇ ਦੀਨ ਗਵਾ ਦਿੱਤਾ।
ਤਿੰਨ ਵਾਰ ਸੀ ਓਸ ਇਨਕਾਰ ਕੀਤਾ, ਘੁੱਟ ਪਾਣੀ ਦੇ ਲਈ ਤਰਸਾ ਦਿੱਤਾ।
ਚੌਥੀ ਵਾਰ ਹੰਕਾਰ ਦੇ ਵਿੱਚ ਆ ਕੇ, ਝਿੜਕਾਂ ਮਾਰ ਕੇ ਓਹਨੂੰ ਭਜਾ ਦਿੱਤਾ।
ਆ ਕੇ ਡਿਗਿਆ ਚਰਨਾਂ ਤੇ ਪਾਤਸ਼ਾਹ ਦੇ , ਕਹਿੰਦਾ ਬਖਸ਼ ਦਿਓ ਹੁਣ ਹਜ਼ੂਰ ਮੈਨੂੰ ।
ਪਾਣੀ ਮੰਗਣ ਨਹੀਂ ਜਾਵਾਂਗਾ ਪਾਸ ਉਸ ਦੇ, ਬਿਨਾਂ ਪਾਣੀ ਤੋਂ ਮਰਨਾ ਮਨਜ਼ੂਰ ਮੈਨੂੰ।
ਚੋਜੀ ਹੱਸੇ ਤੇ ਹੱਸ ਕੇ ਕਹਿਣ ਲੱਗੇ, ਲੱਭਣਾ ਪੈਣਾ ਏ ਹੱਲ ਜਰੂਰ ਮੈਨੂੰ।
ਸਿਰ ਚੜ੍ਹ ਕੇ ਵਲੀ ਦੇ ਬੋਲਿਆ ਜੋ, ਕਰਨਾ ਪੈਣੈ ਹੰਕਾਰ ਓਹ ਦੂਰ ਮੈਨੂੰ।
ਏਨ੍ਹਾਂ ਕਹਿੰਦਿਆਂ ਕਹਿੰਦਿਆਂ ਪਾਤਸ਼ਾਹ ਦੀ, ਨਾਮ ਸਿਮਰਨ ’ਚ ਬਿਰਤੀ ਲੱਗ ਗਈ ਸੀ।
ਸਤਿਨਾਮ ਕਹਿ ਕੇ, ਪੁੱਟਿਆ ਇਕ ਪੱਥਰ, ਠੰਢੇ ਪਾਣੀ ਦੀ ਧਾਰਾ ਤਦ ਵਗ ਗਈ ਸੀ।
ਗੁਰਾਂ ਕਿਹਾ, ਮਰਦਾਨਿਆਂ ਜਲ ਛਕ ਲੈ, ਨੂਰੀ ਚਿਹਰੇ ਤੇ ਜੋਤ ਕੋਈ ਜਗ ਗਈ ਸੀ।
ਪਾਣੀ ਪੀਤਾ ਮਰਦਾਨੇ, ਪਰ ਵਲੀ ਤਾਈਂ, ਸੱਤੀਂ ਕਪੜੀਂ ਹੀ ਅੱਗ ਲੱਗ ਗਈ ਸੀ ।
ਆ ਕੇ ਗੁੱਸੇ ’ਚ ਵਲੀ ਨੇ ਉਸੇ ਵੇਲੇ, ਪੱਥਰ ਗੁਰੂ ਜੀ ਵੱਲ ਖਿਸਕਾ ਦਿੱਤਾ।
ਸਤਿਗੁਰ ਨਾਨਕ ਨੇ ਸਤਿ ਕਰਤਾਰ ਕਹਿ ਕੇ, ਪੰਜਾ ਲਾ ਕੇ ਪੱਥਰ ਅਟਕਾ ਦਿੱਤਾ।
ਟੁੱਟ ਗਿਆ ਸੀ ਕਿਲਾ ਹੰਕਾਰ ਵਾਲਾ, ਆ ਕੇ ਵਲੀ ਨੇ ਸੀਸ ਝੁਕਾ ਦਿੱਤਾ।
ਗੁਰੂ ਨਾਨਕ ਨੇ ਸੀਨੇ ਦੇ ਨਾਲ ਲਾ ਕੇ, ਕਿਲਾ ਕਿਬਰ ਦਾ ‘ਜਾਚਕ’ ਸੀ ਢਾਹ ਦਿੱਤਾ।